ਅਨੋਖੀ ਅਧਿਆਪਨ ਪ੍ਰਤਿਭਾ ਦੀ ਮਾਲਕ ਸੀ ''ਸਿਸਟਰ ਨਿਵੇਦਿਤਾ''

Thursday, Nov 30, 2017 - 07:48 AM (IST)

ਅਨੋਖੀ ਅਧਿਆਪਨ ਪ੍ਰਤਿਭਾ ਦੀ ਮਾਲਕ ਸੀ ''ਸਿਸਟਰ ਨਿਵੇਦਿਤਾ''

ਸਵਾਮੀ ਵਿਵੇਕਾਨੰਦ ਦੇ ਸੰਪਰਕ 'ਚ ਮਾਰਗ੍ਰੇਟ ਐਲਿਜ਼ਾਬੇਥ ਨੋਬਲ ਪਹਿਲੀ ਵਾਰ ਨਵੰਬਰ 1895 'ਚ ਆਈ ਸੀ, ਜਦੋਂ ਸਵਾਮੀ ਜੀ ਲੰਡਨ 'ਚ ਉਨ੍ਹਾਂ ਦੇ ਇਕ ਮਿੱਤਰ ਦੇ ਘਰ ਪਧਾਰੇ ਹੋਏ ਸਨ। ਉਦੋਂ ਵਿਵੇਕਾਨੰਦ ਜੀ ਆਪਣੇ ਗੁਰੂ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਜੀ ਦੀ ਪਤਨੀ ਸ਼ਾਰਦਾ ਦੇਵੀ ਦੀ ਇੱਛਾ ਦੀ ਪਾਲਣਾ ਕਰਦਿਆਂ ਰਾਮਕ੍ਰਿਸ਼ਨ ਮਿਸ਼ਨ ਦਾ ਮੁੱਖ ਦਫਤਰ ਸਥਾਪਿਤ ਕਰਨ ਲਈ ਨੈਤਿਕ ਤੇ ਵਿੱਤੀ ਸਮਰਥਨ ਜੁਟਾਉਣ ਵਾਸਤੇ ਦੁਨੀਆ ਦੇ ਦੌਰੇ 'ਤੇ ਨਿਕਲੇ ਹੋਏ ਸਨ। ਸਤੰਬਰ 1893 'ਚ ਸ਼ਿਕਾਗੋ ਵਿਖੇ ਆਯੋਜਿਤ ਵਿਸ਼ਵ ਸਰਬ ਧਰਮ ਸੰਸਦ 'ਚ ਆਪਣੇ ਪ੍ਰਸਿੱਧ ਭਾਸ਼ਣ ਤੋਂ ਬਾਅਦ ਸਵਾਮੀ ਜੀ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ 'ਚ ਇਕ ਮੰਨੀ-ਪ੍ਰਮੰਨੀ ਹਸਤੀ ਬਣ ਚੁੱਕੇ ਸਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਮਕ੍ਰਿਸ਼ਨ ਮਿਸ਼ਨ ਹਿੰਦੂ ਧਰਮ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਮਨੁੱਖਤਾ ਦੀ ਸੇਵਾ 'ਚ ਜੁਟਿਆ ਬਹੁਤ ਸ਼ਰਧਾਵਾਨ, ਧਾਰਮਿਕ ਅਤੇ ਸਮਾਜਿਕ ਸੰਗਠਨ ਸੀ। ਨਿੱਜੀ ਤੌਰ 'ਤੇ ਵੀ ਸਵਾਮੀ ਵਿਵੇਕਾਨੰਦ ਜੀ ਦਾ ਮੰਨਣਾ ਸੀ ਕਿ ਇਕ ਮਜ਼੍ਹਬ ਦੇ ਰੂਪ 'ਚ ਹਿੰਦੂ ਧਰਮ ਦੁਨੀਆ ਭਰ ਦੇ ਹੋਰਨਾਂ ਸਾਰੇ ਮਜ਼੍ਹਬਾਂ ਨਾਲੋਂ ਬਹੁਤ ਅੱਗੇ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 18ਵੀਂ ਤੇ 19ਵੀਂ ਸਦੀ 'ਚ ਬੰਗਾਲ ਵਿਚ ਖਾਸ ਤੌਰ 'ਤੇ ਅਤੇ ਬਾਕੀ ਭਾਰਤ 'ਚ ਮੋਟੇ ਤੌਰ 'ਤੇ ਹਿੰਦੂ ਧਰਮ ਨੂੰ ਬ੍ਰਾਹਮਣਵਾਦੀ ਕਰਮਕਾਂਡ ਦੀ ਜ਼ੋਰਦਾਰ ਚੋਟ ਸਹਿਣ ਕਰਨੀ ਪੈ ਰਹੀ ਸੀ। ਸਵਾਮੀ ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਜੀ ਇਹ ਦੇਖ ਕੇ ਬਹੁਤ ਦੁਖੀ ਸਨ ਕਿ ਕਿਸ ਤਰ੍ਹਾਂ ਹਿੰਦੂਆਂ 'ਚੋਂ ਕਾਫੀ ਗਿਣਤੀ 'ਚ ਲੋਕ ਪਹਿਲਾਂ ਇਸਲਾਮ ਤੇ ਫਿਰ ਈਸਾਈਅਤ ਵੱਲ ਪਲਾਇਨ ਕਰ ਰਹੇ ਹਨ। ਰਾਮਕ੍ਰਿਸ਼ਨ ਮਿਸ਼ਨ ਦੇ ਅੰਦੋਲਨ ਨੇ ਇਸ ਮਿਆਦ ਦੌਰਾਨ ਹਿੰਦੂ ਧਰਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਬੇਚੈਨੀਆਂ ਦੂਰ ਕਰਨ ਲਈ ਇਕ ਵਿਆਪਕ ਸਮਾਜ ਸੁਧਾਰ ਮਿਸ਼ਨ ਦਾ ਰੂਪ ਅਖਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੀ ਜਾਦੂਮਈ ਪ੍ਰੇਰਨਾ ਅਤੇ ਬਿਲਕੁਲ ਆਮ ਲੋਕਾਂ ਦੀ ਭਾਸ਼ਾ 'ਚ ਪ੍ਰਚਾਰਿਤ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਵਿਵੇਕਾਨੰਦ ਜੀ ਦੇ ਬਿਹਤਰੀਨ ਸੰਗਠਨ ਹੁਨਰ ਕਾਰਨ ਰਾਮਕ੍ਰਿਸ਼ਨ ਮਿਸ਼ਨ ਦੁਨੀਆ ਭਰ 'ਚ ਤੇਜ਼ੀ ਨਾਲ ਫੈਲਣ ਲੱਗਾ। 
ਇਸ ਸੰਗਠਨ ਦੀ ਸਥਾਪਨਾ 1 ਮਈ 1897 ਨੂੰ ਹੋਈ ਸੀ ਅਤੇ ਅਧਿਆਤਮਵਾਦ ਦੀ ਮਾਣਮੱਤੀ ਭੂਮਿਕਾ ਦਾ ਪ੍ਰਚਾਰ-ਪ੍ਰਸਾਰ ਕਰਨ ਤੋਂ ਇਲਾਵਾ ਇਸ ਨੇ ਗਰੀਬ ਦਿਹਾਤੀਆਂ ਅਤੇ ਦਲਿਤ ਭਾਈਚਾਰਿਆਂ ਦੇ ਮੈਂਬਰਾਂ ਲਈ ਜਿਸ ਤਰ੍ਹਾਂ ਸਿੱਖਿਆ, ਸਿਹਤ ਸੇਵਾਵਾਂ, ਸਮਾਜ ਭਲਾਈ ਦੇ ਕੰਮਾਂ ਨੂੰ ਅੰਜਾਮ ਦਿੱਤਾ, ਉਹ ਯਕੀਨੀ ਤੌਰ 'ਤੇ ਸ਼ਲਾਘਾਯੋਗ ਹੈ। ਸਿੱਖਿਆ ਦਾ ਪਸਾਰ ਤਾਂ ਰਾਮਕ੍ਰਿਸ਼ਨ ਮਿਸ਼ਨ ਦੀਆਂ ਪ੍ਰਮੁੱਖ ਭੂਮਿਕਾਵਾਂ 'ਚੋਂ ਇਕ ਸੀ ਤੇ ਸਵਾਮੀ ਵਿਵੇਕਾਨੰਦ ਵਾਰ-ਵਾਰ ਇਹੋ ਕਹਿੰਦੇ ਸਨ ''ਸਿੱਖਿਆ ਦੇ ਜ਼ਰੀਏ ਸ਼ਖਸੀਅਤ ਦਾ ਨਿਰਮਾਣ ਕਰਨਾ ਹੀ ਮੇਰਾ ਉਦੇਸ਼ ਹੈ।''
ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਦੀ ਧਰਮ ਸੰਸਦ ਦੇ ਵਿਸ਼ਾਲ ਸਮਾਗਮ 'ਚ ਆਪਣੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਸੀ ਕਿ ''ਮੈਂ ਭਾਰਤ ਤੋਂ ਆਇਆ ਇਕ ਹਿੰਦੂ ਸੰਨਿਆਸੀ ਹਾਂ।'' ਫਿਰ ਵੀ ਇਹ ਯਾਦ ਕਰਨ ਦੀ ਲੋੜ ਹੈ ਕਿ ਭਾਰਤ 'ਚ ਹਿੰਦੂ ਧਰਮ ਦੇ ਨਾਂ 'ਤੇ ਜੋ ਕੁਝ ਮਾੜਾ ਹੋ ਰਿਹਾ ਸੀ, ਉਸ 'ਤੇ ਉਨ੍ਹਾਂ ਨੂੰ ਬਹੁਤ ਇਤਰਾਜ਼ ਸੀ। 
ਉਹ ਹਿੰਦੂ ਧਰਮ ਦੀਆਂ ਬੁਰਾਈਆਂ ਤੋਂ ਇੰਨੇ ਦੁਖੀ ਹੋ ਗਏ ਸਨ ਕਿ ਉਨ੍ਹਆਂ ਨੇ ਬ੍ਰਹਮ ਸਮਾਜ ਦਾ ਮੈਂਬਰ ਬਣਨ ਦਾ ਰਾਹ ਚੁਣਿਆ, ਜੋ ਰਾਜਾ ਰਾਮਮੋਹਨ ਰਾਏ, ਮਹਾਰਿਸ਼ੀ ਦੇਬੇਂਦਰਨਾਥ ਟੈਗੋਰ, ਕੇਸ਼ਵ ਚੰਦਰ ਸੇਨ ਅਤੇ ਹੋਰ ਉੱਚ-ਕੋਟੀ ਦੇ ਮਾਨਵਵਾਦੀਆਂ, ਮਹਾਨ ਸਮਾਜਿਕ ਦਾਰਸ਼ਨਿਕਾਂ ਦੀ ਅਗਵਾਈ ਹੇਠ ਹਿੰਦੂ ਧਰਮ ਵਿਰੁੱਧ ਸਮਾਜ ਸੁਧਾਰ ਅੰਦੋਲਨ ਦੇ ਰੂਪ 'ਚ ਉੱਭਰਿਆ ਸੀ। 
ਜਦ ਵਿਵੇਕਾਨੰਦ ਰਾਮਕ੍ਰਿਸ਼ਨ ਮਿਸ਼ਨ ਦਾ ਨਿਰਮਾਣ ਕਰਨ ਲਈ ਵਿਆਪਕ ਸਮਰਥਨ ਜੁਟਾਉਣ ਵਾਸਤੇ ਦੁਨੀਆ ਦੇ ਦੌਰੇ 'ਤੇ ਨਿਕਲੇ ਤਾਂ ਉਨ੍ਹਾਂ ਦੇ ਮਨ 'ਚ ਮਾਤ੍ਰ-ਭੂਮੀ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੀ ਤੀਬਰ ਇੱਛਾ ਉਬਾਲੇ ਮਾਰ ਰਹੀ ਸੀ। ਵੇਦਾਂਤ ਦਰਸ਼ਨ ਅਤੇ ਰਾਮਕ੍ਰਿਸ਼ਨ ਪਰਮਹੰਸ ਦੀਆਂ ਸਿੱਖਿਆਵਾਂ ਹੀ ਉਨ੍ਹਾਂ ਦੇ ਦਿਲੋ-ਦਿਮਾਗ 'ਚ ਵਸੀਆਂ ਹੋਈਆਂ ਸਨ ਅਤੇ ਬੰਗਾਲ ਦੇ ਹਾਵੜਾ ਜ਼ਿਲੇ 'ਚ ਹੁਗਲੀ ਨਦੀ ਦੇ ਪੱਛਮੀ ਕਿਨਾਰੇ 'ਤੇ ਬੇਲੂਰ ਨਾਮੀ ਜਗ੍ਹਾ 'ਤੇ ਰਾਮਕ੍ਰਿਸ਼ਨ ਮਿਸ਼ਨ ਸਥਾਪਿਤ ਕਰਨ ਦਾ ਉਨ੍ਹਾਂ ਦਾ ਜਨੂੰਨ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਉਦੇਸ਼ ਬਣ ਗਿਆ ਸੀ ਪਰ ਇਸ ਦੇ ਨਾਲ-ਨਾਲ ਉਨ੍ਹਾਂ ਦੇ ਦਿਲ 'ਚ ਮਾਤ੍ਰ-ਭੂਮੀ ਦੀ ਆਜ਼ਾਦੀ ਦਾ ਜਨੂੰਨ ਵੀ ਹਿਲੋਰੇ ਖਾ ਰਿਹਾ ਸੀ। 
ਇਥੋਂ ਤਕ ਕਿ ਉਹ ਮਾਤ੍ਰ-ਭੂਮੀ ਦੀ ਆਜ਼ਾਦੀ ਲਈ ਹਿੰਸਕ ਰਾਹ ਅਖਤਿਆਰ ਕਰਨ ਦੇ ਪੱਖ 'ਚ ਵੀ ਸਨ। ਜਦੋਂ ਉਹ ਮਾਰਗ੍ਰੇਟ ਨੂੰ ਪਹਿਲੀ ਵਾਰ ਮਿਲੇ ਤਾਂ ਉਨ੍ਹਾਂ ਨੇ ਵੇਦਾਂਤ ਦੇ ਮੂਲ ਸਿਧਾਂਤਾਂ ਅਤੇ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਦੀਆਂ ਗੂੜ੍ਹ ਸਿੱਖਿਆਵਾਂ ਅਤੇ ਬੇਲੂਰ 'ਚ ਰਾਮਕ੍ਰਿਸ਼ਨ ਮਿਸ਼ਨ (ਜੋ ਬਾਅਦ 'ਚ ਬੇਲੂਰ ਮੱਠ ਦੇ ਨਾਂ ਨਾਲ ਪ੍ਰਸਿੱਧ ਹੋਇਆ) ਕੌਮਾਂਤਰੀ ਕੇਂਦਰ ਸਥਾਪਿਤ ਕਰਨ ਬਾਰੇ ਬਹੁਤ ਹੀ ਭਾਵੁਕ ਅਤੇ ਮੰਤਰ-ਮੁਗਧ ਕਰ ਦੇਣ ਵਾਲੇ ਵਚਨ ਬੋਲੇ ਸਨ ਪਰ ਨਾਲ ਹੀ ਇਹ ਵੀ ਕਿਹਾ ਸੀ ਕਿ ਹੋਰ ਕਿਸੇ ਵੀ ਕੰਮ ਤੋਂ ਵਧ ਕੇ ਉਹ ਆਪਣੀ ਮਾਤ੍ਰ-ਭੂਮੀ ਦੀ ਆਜ਼ਾਦੀ ਨੂੰ ਤਰਜੀਹ ਦੇਣਗੇ। ਬਸ ਇਸੇ ਤੋਂ ਪ੍ਰਭਾਵਿਤ ਹੋ ਕੇ ਮਾਰਗ੍ਰੇਟ ਉਨ੍ਹਾਂ ਦੀ ਸ਼ਰਧਾਲੂ ਬਣ ਗਈ ਅਤੇ 'ਸਿਸਟਰ ਨਿਵੇਦਿਤਾ' ਬਣ ਕੇ ਪੂਰਾ ਜੀਵਨ ਰਾਮਕ੍ਰਿਸ਼ਨ ਮਿਸ਼ਨ ਨੂੰ ਅਰਪਿਤ ਕਰ ਦਿੱਤਾ।
ਸਵਾਮੀ ਵਿਵੇਕਾਨੰਦ ਦਾ ਮੰਨਣਾ ਸੀ ਕਿ ਧਰਮ ਨੂੰ ਚਾਹੀਦਾ ਹੈ ਕਿ ਉਹ ਮਨੁੱਖਤਾ ਨੂੰ ਲਗਾਤਾਰ ਸੇਵਾ ਮੁਹੱਈਆ ਕਰਵਾਏ ਤੇ ਰਾਮਕ੍ਰਿਸ਼ਨ ਮਿਸ਼ਨ ਨੂੰ ਆਪਣੇ ਇਸ ਉਦੇਸ਼ ਤੋਂ ਭਟਕਣਾ ਨਹੀਂ ਚਾਹੀਦਾ। ਅਜਿਹੀ ਸਥਿਤੀ 'ਚ ਵਿਵੇਕਾਨੰਦ ਜੀ ਨੂੰ ਇਕ ਔਸਤ ਹਿੰਦੂ ਸੰਨਿਆਸੀ ਮੰਨਣਾ ਬਹੁਤ ਹੀ ਗਲਤ ਹੋਵੇਗਾ। 
ਮਨੁੱਖਤਾ ਪ੍ਰਤੀ ਉਨ੍ਹਾਂ ਦਾ ਸਮਰਪਣ ਹਮੇਸ਼ਾ ਲਾਮਿਸਾਲ ਸੀ ਅਤੇ ਭਾਰਤੀ ਜਨ-ਸਮੂਹ, ਖਾਸ ਤੌਰ 'ਤੇ ਔਰਤਾਂ ਨੂੰ ਸਿੱਖਿਅਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਸੱਚਮੁੱਚ ਵਿਲੱਖਣ ਸੀ। ਨਿਵੇਦਿਤਾ (ਮਾਰਗ੍ਰੇਟ) ਵੀ ਸਿੱਖਿਆ ਦੇ ਪਸਾਰ, ਖਾਸ ਤੌਰ 'ਤੇ ਬਾਲ ਸਿੱਖਿਆ ਦੇ ਪਸਾਰ ਲਈ ਉਨ੍ਹਾਂ ਵਾਂਗ ਹੀ ਵਚਨਬੱਧ ਸੀ। ਸ਼ਾਇਦ ਦੋਹਾਂ ਦਰਮਿਆਨ ਸਨੇਹ ਦੇ ਗੂੜ੍ਹੇ ਬੰਧਨ ਦੀ ਇਹੋ ਵਜ੍ਹਾ ਸੀ। ਮਾਰਗ੍ਰੇਟ ਨੇ ਲੰਡਨ ਤੋਂ ਲੱਗਭਗ 40 ਕਿਲੋਮੀਟਰ ਦੂਰ ਵਿੰਬਲਡਨ 'ਚ ਇਕ ਪ੍ਰਾਇਮਰੀ ਸਿੱਖਿਆ ਕੇਂਦਰ ਸਥਾਪਿਤ ਕੀਤਾ ਤੇ ਬਹੁਤ ਅਨੋਖੀਆਂ ਵਿੱਦਿਅਕ ਤਕਨੀਕਾਂ ਵਿਕਸਿਤ ਕੀਤੀਆਂ। 
ਉਹ ਛੋਟੇ-ਛੋਟੇ ਬੱਚਿਆਂ ਦੀਆਂ ਸਰਗਰਮੀਆਂ 'ਤੇ ਤਿੱਖੀ ਨਜ਼ਰ ਰੱਖਦੀ ਸੀ ਪਰ ਬੱਚਿਆਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੰਦੀ ਸੀ ਕਿ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਬੱਚਿਆਂ ਦੀ ਜਨਮਜਾਤ ਪ੍ਰਤਿਭਾ ਦਾ ਭਲੀਭਾਂਤ ਜਾਇਜ਼ਾ ਲਿਆ ਜਾ ਸਕੇ। ਉਹ ਸਿੱਖਿਆ ਦੇ ਇਸ ਕੰਮ 'ਚ ਮਾਰੀਆ ਮੋਂਟੈਸਰੀ ਅਤੇ ਫ੍ਰੋਏਬਲ ਵਲੋਂ ਅਪਣਾਏ ਵਿੱਦਿਅਕ ਤਰੀਕਿਆਂ 'ਤੇ ਚੱਲਦੀ ਸੀ।
ਬ੍ਰਿਟਿਸ਼ ਸਰਕਾਰ ਨੇ ਹੁਣੇ ਜਿਹੇ ਮਾਰਗ੍ਰੇਟ ਐਲਿਜ਼ਾਬੇਥ ਨੋਬਲ (ਸਿਸਟਰ ਨਿਵੇਦਿਤਾ) ਦੀ 150ਵੀਂ ਜਯੰਤੀ (ਜਨਮ ਦਿਨ) ਮਨਾਉਣ ਦਾ ਐਲਾਨ ਕੀਤਾ ਹੈ। ਇਹ ਨਾਂ ਉਨ੍ਹਾਂ ਨੂੰ ਸਵਾਮੀ ਵਿਵੇਕਾਨੰਦ ਜੀ ਨੇ 25 ਮਾਰਚ 1898 ਨੂੰ ਕਲਕੱਤਾ 'ਚ ਦਿੱਤਾ ਸੀ। ਬ੍ਰਿਟਿਸ਼ ਸਰਕਾਰ ਨੇ ਉਸ ਸਕੂਲ ਨੂੰ ਵੀ ਨਵਾਂ ਰੰਗ-ਰੂਪ ਦੇਣ ਅਤੇ ਉਸ ਦੀ ਸਜਾਵਟ ਕਰਨ ਦਾ ਫੈਸਲਾ ਲਿਆ ਹੈ, ਜਿਥੇ ਨਿਵੇਦਿਤਾ ਆਪਣੇ ਅਨੋਖੇ ਤਰੀਕਿਆਂ ਨਾਲ ਬੱਚਿਆਂ ਨੂੰ ਪੜ੍ਹਾਉਂਦੀ ਹੁੰਦੀ ਸੀ। 
ਬਾਅਦ 'ਚ ਉਨ੍ਹਾਂ ਵਲੋਂ ਅਪਣਾਏ ਤਰੀਕਿਆਂ ਨੂੰ ਮੋਂਟੈਸਰੀ ਸਿੱਖਿਆ ਪ੍ਰਣਾਲੀ 'ਚ ਸ਼ਾਮਿਲ ਕੀਤਾ ਗਿਆ। ਉਨ੍ਹਾਂ ਦੀ ਅਨੋਖੀ ਅਧਿਆਪਨ ਪ੍ਰਤਿਭਾ ਦਾ ਜਿਵੇਂ ਹੀ ਵਿਵੇਕਾਨੰਦ ਜੀ ਨੂੰ ਅਹਿਸਾਸ ਹੋਇਆ, ਉਨ੍ਹਾਂ ਦੇ ਮਨ 'ਚ ਨਿਵੇਦਿਤਾ ਪ੍ਰਤੀ ਸਨੇਹ ਹੋਰ ਵੀ ਵਧ ਗਿਆ। 
ਇਸ 'ਚ ਉਦੋਂ ਹੋਰ ਵਾਧਾ ਹੋ ਗਿਆ, ਜਦੋਂ ਸਵਾਮੀ ਜੀ ਨੂੰ ਇਹ ਵੀ ਪਤਾ ਲੱਗਾ ਕਿ ਨਿਵੇਦਿਤਾ ਆਇਰਿਸ਼ ਕ੍ਰਾਂਤੀਕਾਰੀਆਂ ਦੀਆਂ ਸਰਗਰਮੀਆਂ ਨਾਲ ਬਹੁਤ ਡੂੰਘੀ ਜੁੜੀ ਹੋਈ ਹੈ। ਇਹ ਕ੍ਰਾਂਤੀਕਾਰੀ ਵੀ ਭਾਰਤੀ ਕ੍ਰਾਂਤੀਕਾਰੀਆਂ ਵਾਂਗ ਹੀ ਬ੍ਰਿਟਿਸ਼ ਹਾਕਮਾਂ ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜ ਰਹੇ ਸਨ।
ਸਿਸਟਰ ਨਿਵੇਦਿਤਾ ਬ੍ਰਿਟਿਸ਼ ਲੇਬਰ ਪਾਰਟੀ ਦੀ ਵੀ ਕੱਟੜ ਮੈਂਬਰ ਸੀ। ਇਸ ਮੁੱਦੇ ਨੂੰ ਲੈ ਕੇ ਸੱਚਮੁੱਚ ਬਹੁਤ ਜ਼ੋਰਦਾਰ ਬਹਿਸ ਜਾਰੀ ਹੈ ਕਿ ਮਾਰਗ੍ਰੇਟ ਸਵਾਮੀ ਜੀ ਦੇ ਵਾਰ-ਵਾਰ ਕਹਿਣ 'ਤੇ ਭਾਰਤ ਆਈ ਸੀ ਜਾਂ ਫਿਰ ਵਿਸ਼ਾਲ ਭਾਰਤੀ ਜਨ-ਸਮੂਹ 'ਚ ਫੈਲੇ ਲੋਕ-ਰੋਹ ਨੂੰ ਸੰਗਠਿਤ ਕਰਨ ਲਈ? ਜ਼ਿਕਰਯੋਗ ਹੈ ਕਿ ਉਦੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਪੂੰਜੀਵਾਦ ਵਿਰੁੱਧ ਨਾਰਾਜ਼ਗੀ ਵਧਦੀ ਜਾ ਰਹੀ ਸੀ ਤੇ ਇਸ ਸੰਕਟ ਦਾ ਸਿੱਟਾ 1914 'ਚ ਪਹਿਲੀ ਸੰਸਾਰ ਜੰਗ ਦੇ ਰੂਪ 'ਚ ਸਾਹਮਣੇ ਆਇਆ ਸੀ। 
ਇਸ ਗੱਲ ਨੂੰ ਲੈ ਕੇ ਵੀ ਬਹੁਤ ਬਹਿਸ ਚੱਲ ਰਹੀ ਹੈ ਕਿ ਵਿਵੇਕਾਨੰਦ ਜੀ ਦਾ ਮਾਰਗ੍ਰੇਟ ਤੋਂ ਭਾਰਤ 'ਚ ਨਾਰੀ ਸਿੱਖਿਆ ਦੇ ਪਸਾਰ 'ਚ ਯੋਗਦਾਨ ਪੁਆਉਣ ਦਾ ਰੋਲ ਹੀ ਸੱਚਮੁੱਚ ਬ੍ਰਿਟਿਸ਼ ਪੁਲਸ ਅਤੇ ਬਸਤੀਵਾਦੀ ਸ਼ਾਸਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਸੀ? ਆਖਿਰ ਉਹ ਦੋਵੇਂ ਹੀ ਬ੍ਰਿਟਿਸ਼ ਸਰਕਾਰ ਵਿਰੁੱਧ ਇਕ ਵੱਡੀ ਬਗਾਵਤ ਖ਼ੜ੍ਹੀ ਕਰਨ ਲਈ ਮਿਲ ਕੇ ਕੰਮ ਕਰ ਰਹੇ ਸਨ।                     (ਮੰਦਿਰਾ ਪਬਲੀਕੇਸ਼ਨਜ਼)


Related News