ਮਜ਼ਬੂਤ ਅਤੇ ਫੈਸਲਾਕੁੰਨ ਇਮਰਾਨ ਸਾਡੀ ਅਤੇ ਉਪ-ਮਹਾਦੀਪ ਦੀ ਲੋੜ

Monday, Dec 03, 2018 - 07:07 AM (IST)

ਮਜ਼ਬੂਤ ਅਤੇ ਫੈਸਲਾਕੁੰਨ ਇਮਰਾਨ ਸਾਡੀ ਅਤੇ ਉਪ-ਮਹਾਦੀਪ ਦੀ ਲੋੜ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਅੰਦਾਜ਼ਾ ਨਹੀਂ ਹੋਵੇਗਾ ਕਿ ਉਹ ਜਿਸ ਕਰਤਾਰਪੁਰ ਗਲਿਆਰੇ ਨੂੰ ਬਣਾਉਣ ਅਤੇ ਖੋਲ੍ਹਣ ਦੀ ਸ਼ੁਰੂਆਤ ਕਰ ਰਹੇ ਹਨ, ਉਸ ਨਾਲ ਭਾਰਤੀ ਸਿਆਸਤ ਦੇ ਗਲਿਆਰਿਅਾਂ ’ਚ ਇੰਝ ਧਮਾਕੇ ਹੋਣ ਲੱਗਣਗੇ। ਕ੍ਰਿਕਟ ਦੀ ਭਾਸ਼ਾ ’ਚ ਕਹਾਂ ਤਾਂ ਇਹ ਇਮਰਾਨ ਦਾ ਉਹ ਬਾਊਂਸਰ ਹੈ, ਜਿਸ ਨੂੰ ‘ਡਕ’ ਕਰਨ ਲਈ ਭਾਰਤੀ ਸਿਆਸਤ ਮਜਬੂਰ ਹੋ ਗਈ ਹੈ। ਇਹ ਬਹੁਤ ਹਾਸੋਹੀਣਾ ਅਤੇ ਬਚਕਾਨਾ ਹੈ। ਇਹ ਸੋਚ ਵੀ ਹੈਰਾਨ ਕਰਨ ਵਾਲੀ ਹੈ ਕਿ ਅਸੀਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਹੀ ਪਾਕਿਸਤਾਨ ਨਾਲ ਸਿਆਸੀ ਪਹਿਲ ਦੀ ਸਾਰੀ ਵਾਗਡੋਰ ਨਵਜੋਤ ਸਿੰਘ ਸਿੱਧੂ ਦੇ ਹੱਥਾਂ ’ਚ ਸੌਂਪ ਦਿੱਤੀ ਹੈ। ਸਿੱਧੂ ਨੇ ਸਿਆਸਤ ਦੀ ਪਿੱਚ ’ਤੇ ਕਦੇ ਗੰਭੀਰ ਬੱਲੇਬਾਜ਼ੀ ਨਹੀਂ ਕੀਤੀ ਹੈ। ਉਨ੍ਹਾਂ ਦੀ ਸਿਆਸੀ ਸਮਝ ਕਪਿਲ ਸ਼ਰਮਾ ਦੇ ਸ਼ੋਅ ’ਚ ਬਣੀ ਅਤੇ ਪ੍ਰਵਾਨ ਚੜ੍ਹੀ ਹੈ। ਉਹ ਪਾਰਟੀਅਾਂ ਦੀ ਦਲਦਲ ’ਚ ਉਤਰ ਕੇ ਕੁਰਸੀ ਫੜਨ ਵਾਲੇ ਸਿਆਸਤਦਾਨ ਹਨ। ਉਨ੍ਹਾਂ ਨੂੰ ਪਾਰਟੀ ਅਤੇ ਆਕਾ ਬਦਲਦਿਅਾਂ ਦੇਰ ਨਹੀਂ ਲੱਗਦੀ। ਅੱਜ ਉਹ ਰਾਹੁਲ ਗਾਂਧੀ ਦੀ ਕਾਂਗਰਸ ’ਚ ਹਨ ਅਤੇ ਪੰਜਾਬ ਦੇ ਸਭ ਤੋਂ ਨਵੇਂ ਸਿਖਾਂਦਰੂ ਮੰਤਰੀ ਹਨ। ਉਹ ਪਾਕਿਸਤਾਨ ਨਾਲ ਸਾਡੀ ਸਿਆਸਤ ਦੀ ਡੋਰ ਸੰਭਾਲਣ ਅਤੇ ਕੇਂਦਰ ਸਰਕਾਰ ਆਪਣੇ ਬਚਾਅ ’ਚ ਬਿਆਨ ਜਾਰੀ ਕਰੇ, ਉਨ੍ਹਾਂ ਦੇ ਚੈਨਲ ਇਮਰਾਨ ਖਾਨ ਨੂੰ ਲਾਹਨਤਾਂ ਪਾਉਣ, ਸਿੱਧੂ ਦੀ ਦੇਸ਼ਭਗਤੀ ’ਤੇ ਸਵਾਲ ਖੜ੍ਹੇ ਕਰਨ, ਕੀ ਇਹ ਵੀ ਕਪਿਲ ਸ਼ਰਮਾ ਸ਼ੋਅ ਦਾ ਹੀ ਹਿੱਸਾ ਨਹੀਂ ਲੱਗਦਾ?
ਇਹ ਗੱਲ ਇਥੋਂ ਤਕ ਪਹੁੰਚ ਗਈ ਹੈ, ਕੇਂਦਰ ਸਰਕਾਰ ਦੇ 2 ਮੰਤਰੀ ਵੀ ਗਲਿਆਰਾ ਪ੍ਰੋਗਰਾਮ ’ਚ ਹਾਜ਼ਰ ਸਨ ਪਰ ਉਹ ਬੇਜ਼ੁਬਾਨ ਬਲੀ ਦੇ ਬੱਕਰੇ ਤੋਂ ਜ਼ਿਆਦਾ ਕੁਝ ਨਹੀਂ ਸਨ। ਇਧਰ ਸਿੱਧੂ ਸਨ ਤਾਂ ਉਧਰ ਇਮਰਾਨ! ਇਹ ਰੰਗ ਇਥੋਂ ਤਕ ਜੰਮਿਆ ਕਿ ਇਮਰਾਨ ਨੇ ਇਹ ਕਹਿ ਕੇ ਕੂਟਨੀਤਕ ਛੱਕਾ ਹੀ ਮਾਰ ਦਿੱਤਾ ਕਿ ਭਾਰਤ-ਪਾਕਿ ਦੋਸਤੀ ਸਿੱਧੂ ਦੇ ਪ੍ਰਧਾਨ ਮੰਤਰੀ ਬਣਨ ’ਤੇ ਹੀ ਹੋ ਸਕੇਗੀ, ਅਜਿਹੇ ਹਾਲਾਤ ਅਸੀਂ ਨਾ ਬਣਾਈਏ।
ਗੱਲ ਬਹੁਤ ਦੂਰ ਤਕ ਜਾ ਸਕਦੀ ਹੈ
ਪਰ ਇਮਰਾਨ ਖਾਨ ਨੇ ਗਲਿਆਰਾ ਦਿਵਸ ਮੌਕੇ ਅਤੇ ਅਗਲੇ ਦਿਨ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਜੋ ਕੁਝ ਕਿਹਾ, ਉਹ ਵਿਅੰਗ ਕੱਸਣ ਜਾਂ ਮਜ਼ਾਕ ਉਡਾਉਣ ਵਰਗੀ ਗੱਲ ਨਹੀਂ ਹੈ। ਇਹ ਗੱਲ ਬਹੁਤ ਦੂਰ ਤਕ ਜਾ ਸਕਦੀ ਹੈ, ਜੇ ਸਰਹੱਦ ਦੇ ਦੋਵੇਂ ਪਾਸੇ ਵਾਲੀਅਾਂ ਸਰਕਾਰਾਂ ਮਜ਼ਬੂਤ ਮਨ ਨਾਲ ਚੱਲਣ।
ਇਧਰ ਹਾਲ ਹੀ ਦੇ ਦਿਨਾਂ ’ਚ ਕਿਸੇ ਹੋਰ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇੰਨੀਅਾਂ ਸਾਫ ਗੱਲਾਂ ਨਹੀਂ ਕੀਤੀਅਾਂ ਹਨ। ਇਹੋ ਮੌਕਾ ਹੈ ਕਿ ਅਸੀਂ ਪਾਕਿਸਤਾਨ ਨੂੰ ਜਾਂਚਣ ਦੀ ਤਿਆਰੀ ਕਰੀਏ ਤੇ ਇਹ ਨਾ ਭੁੱਲੀਏ ਕਿ ਅੱਜ ਇਮਰਾਨ ਖਾਨ ਵੀ ਉਸੇ ਤਰ੍ਹਾਂ ਗੈਰ-ਤਜਰਬੇਕਾਰ ਹਨ, ਜਿਸ ਤਰ੍ਹਾਂ 2014 ’ਚ ਦਿੱਲੀ ਪਹੁੰਚੇ ਨਰਿੰਦਰ ਮੋਦੀ ਸਨ। ਕੌਮਾਂਤਰੀ ਕੂਟਨੀਤੀ ’ਚ ਉਨ੍ਹਾਂ ਦੀ ਸਰਕਾਰ ਨੇ ਕਿੰਨੀਅਾਂ ਹੀ ਬਚਕਾਨੀਅਾਂ ਹਰਕਤਾਂ ਕੀਤੀਅਾਂ ਸਨ। ਮੋਦੀ ਨੂੰ ਲੱਗਦਾ ਸੀ ਕਿ ਗਲੇ ਲਾਉਣ, ਝੂਲਾ ਝੂਲਣ, ਡਰੰਮ ਵਜਾਉਣ, ਹਰ ਵਿਦੇਸ਼ੀ ਦੌਰੇ ’ਚ ਪ੍ਰਾਯੋਜਿਤ ਭੀੜ ਇਕੱਠੀ ਕਰ ਕੇ ਆਪਣੀ ਹਰਮਨਪਿਆਰਤਾ ਦਾ ਦਾਅਵਾ ਕਰਨ ਤੋਂ ਲੈ ਕੇ ਵਿਦੇਸ਼ੀ ਰਾਸ਼ਟਰ ਮੁਖੀਅਾਂ ਨੂੰ ਉਨ੍ਹਾਂ ਦੇ ਪਹਿਲੇ ਨਾਂ ਨਾਲ ਬੁਲਾਉਣ ’ਤੇ ਸਿਆਸਤ ਵੱਖਰੇ ਧਰਾਤਲ ’ਤੇ ਲਿਜਾਈ ਜਾ ਸਕਦੀ ਹੈ। ਹੌਲੀ-ਹੌਲੀ ਇਹ ਸਭ ਅਰਥਹੀਣ ਹੁੰਦਾ ਗਿਆ ਅਤੇ ਸਾਰੀ ਚਮਕ ਫਿੱਕੀ ਪੈਣ ਲੱਗੀ। ਹੁਣ ਨਾ ਚਮਕ ਬਚੀ ਹੈ ਅਤੇ ਨਾ ਹੀ ਉਨ੍ਹਾਂ ਦਾ ਭਰਮ।
ਇਮਰਾਨ ਖਾਨ ਨਾਲ ਵੀ ਅਜਿਹਾ ਹੋ ਸਕਦਾ ਹੈ। ਪਾਕਿਸਤਾਨ ਦੀ ਸਿਆਸਤ ਦੀ ਰੀੜ੍ਹ ਦੀ ਹੱਡੀ ਕਦੇ ਬਣੀ ਹੀ ਨਹੀਂ। ਇਹ ਕਦੇ ਕਿਸੇ ਤਾਂ ਕਦੇ ਕਿਸੇ ਦੇ ਮੋਢੇ ’ਤੇ ਸਵਾਰ ਹੋ ਕੇ ਹੀ ਚੱਲਦੀ ਆਈ ਹੈ। ਇਸ ਲਈ ਪੂਰੀ ਸੰਭਾਵਨਾ ਹੈ ਕਿ ਇਮਰਾਨ ਛੇਤੀ ਹੀ ਕਿਸੇ ਦਾ ਮੋਢਾ ਫੜ ਲੈਣਗੇ। ਇਸ ਲਈ ਸਾਡੀ ਕੂਟਨੀਤਕ ਸਿਆਣਪ ਇਸੇ ’ਚ ਹੈ ਕਿ ਇਮਰਾਨ ਖਾਨ ਉਥੇ ਕਮਜ਼ੋਰ ਹੋਣ, ਉਸ ਤੋਂ ਪਹਿਲਾਂ ਹੀ ਅਸੀਂ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦੀ ਪਹਿਲ ਕਰੀਏ। ਮਜ਼ਬੂਤ ਅਤੇ ਫੈਸਲਾਕੁੰਨ ਇਮਰਾਨ ਖਾਨ ਸਾਡੀ ਵੀ ਲੋੜ ਹੈ ਤੇ ਇਸ ਉਪ-ਮਹਾਦੀਪ ਦੀ ਵੀ।
ਦੂਜੇ ਪਾਸੇ ਇਮਰਾਨ ਖਾਨ ਦੀ ਆਪਣੀ ਹੋਂਦ ਲਈ ਇਸ ਉਪ-ਮਹਾਦੀਪ ’ਚ ਭਾਰਤ ਦੀ ਅਸਰਦਾਰ ਮੌਜੂਦਗੀ ਜ਼ਰੂਰੀ ਹੈ। 
ਮੌਕਾ ਦੇਣਾ ਚਾਹੀਦਾ ਹੈ
ਫਿਰ ਹੋਰ ਕਿਹੋ ਜਿਹੀ ਪਹਿਲ ਹੋਣੀ ਚਾਹੀਦੀ ਹੈ? ਪਹਿਲੀ ਪਹਿਲ ਤਾਂ ਇਹੋ ਹੋਣੀ ਚਾਹੀਦੀ ਹੈ ਕਿ ਸਾਡੀ ਸਰਕਾਰ ਉਲਟੇ-ਸਿੱਧੇ ਲੋਕਾਂ ਤੋਂ ਪੁੱਠੀ-ਸਿੱਧੀ ਬਿਆਨਬਾਜ਼ੀ ਨਾ ਕਰਵਾਏ। ਇਮਰਾਨ ਖਾਨ ਨੂੰ ਉਨ੍ਹਾਂ ਸਾਰੀਅਾਂ ਗੱਲਾਂ ਦੇ ਬੋਝ ਹੇਠਾਂ ਨਾ ਦਬਾਇਆ ਜਾਵੇ, ਜੋ ਉਨ੍ਹਾਂ ਤੋਂ ਪਹਿਲਾਂ ਵਾਲੇ ਪ੍ਰਧਾਨ ਮੰਤਰੀਅਾਂ ਨਾਲ ਹੋਇਆ ਹੈ। ਉਨ੍ਹਾਂ ਤੋਂ ਉਹ ਸਵਾਲ ਵੀ ਨਾ ਪੁੱਛੇ ਜਾਣ, ਜਿਨ੍ਹਾਂ ਦਾ ਜਵਾਬ ਜਿਨ੍ਹਾਂ ਨੂੰ ਦੇਣਾ ਚਾਹੀਦਾ ਸੀ, ਉਹ ਹੁਣ ਪਾਕਿਸਤਾਨ ਤੋਂ ਕਿਤੇ ਦੂਰ ਆਪਣੀ ਬੇਈਮਾਨੀ ਦੀ ਕਮਾਈ ਨਾਲ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜੀਅ ਰਹੇ ਹਨ। ਅਸੀਂ ਪਾਕਿਸਤਾਨ ਨਾਲ ਅੱਜ ਦੀ ਤੇ ਹੁਣ ਦੀ ਗੱਲ ਕਰੀਏ।
ਜੇ ਇਮਰਾਨ ਖਾਨ ਕਹਿੰਦੇ ਹਨ ਕਿ ਉਹ, ਉਨ੍ਹਾਂ ਦੀ ਸਰਕਾਰ, ਉਥੋਂ ਦੀ ਫੌਜ ਤੇ ਉਨ੍ਹਾਂ ਦਾ ਦੇਸ਼ ਭਾਰਤ ਨਾਲ ਰਿਸ਼ਤੇ ਸੁਧਾਰਨ ਦੇ ਮਾਮਲੇ ’ਚ ਇਕ-ਰਾਏ ਹੈ ਤਾਂ ਸਾਨੂੰ ਉਨ੍ਹਾਂ ਨੂੰ ਇਸ ਰਾਏ ਦਾ ਖੁਲਾਸਾ ਕਰਨ ਦਾ ਮੌਕਾ ਦੇ ਦੇਣਾ ਚਾਹੀਦਾ ਹੈ।
ਕਸ਼ਮੀਰ ਮੁੱਦੇ ਨੂੰ ਇਮਰਾਨ ਖਾਨ ਦੋਹਾਂ ਦੇਸ਼ਾਂ ਵਿਚਾਲੇ ਇਕ ਜ਼ਿੰਦਾ ਸਵਾਲ ਮੰਨਦੇ ਹਨ। ਅਜਿਹਾ ਹੈ ਵੀ ਤੇ ਅਸੀਂ ਵੀ ਮੰਨਦੇ ਹਾਂ ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਕਸ਼ਮੀਰ ਨੂੰ ਵਿਚ ਰੱਖ ਕੇ ਪਾਕਿਸਤਾਨ ਨੇ ਹੁਣ ਤਕ ਬਹੁਤ ਖੇਡਾਂ ਖੇਡੀਅਾਂ ਹਨ। ਇਮਰਾਨ ਖਾਨ ਨੇ ਵੀ ਉਸ ਦਿਨ ਮੰਨਿਆ ਕਿ ਗਲਤੀਅਾਂ ਦੋਹਾਂ ਧਿਰਾਂ ਵਲੋਂ ਹੋਈਅਾਂ ਹਨ। ਫਿਰ ਅਸੀਂ ਉਨ੍ਹਾਂ ਨੂੂੰ ਤੁਰੰਤ ਮੌਕਾ ਦੇਈਏ ਕਿ ਉਹ ਸਾਡੀਅਾਂ ਗਲਤੀਅਾਂ ਦੱਸਣ ਤੇ ਆਪਣੀਅਾਂ ਕਬੂਲਣ।
ਇਮਰਾਨ ਨੂੰ ਕਈ ਪ੍ਰਮਾਣ ਦੇਣੇ ਹੋਣਗੇ ਪਾਕਿਸਤਾਨ ਨਾਲ ਸਾਡੇ ਤਜਰਬੇ ਇੰਨੇ ਬੁੁਰੇ ਰਹੇ ਹਨ ਕਿ ਉਧਰੋਂ ਵਗਣ ਵਾਲੀ ਹਰੇਕ ਹਵਾ ’ਤੇ ਦਿੱਲੀ ਦੀ ਪ੍ਰਤੀਕਿਰਿਆ ਹੌਲੀ-ਹੌਲੀ ਤੇ ਸਾਵਧਾਨੀ ਨਾਲ ਹੀ ਉੱਠੇਗੀ। ਇਹ ਗੱਲ ਪਾਕਿਸਤਾਨ ਨੂੰ ਸਮਝਣੀ ਚਾਹੀਦੀ ਹੈ। ਇਸ ਲਈ ਇਮਰਾਨ ਖਾਨ ਨੂੰ ਸਾਫਗੋਈ ਦੇ ਇਕ ਨਹੀਂ, ਕਈ ਸਬੂਤ ਦੇਣੇ ਪੈਣਗੇ, ਦਿੰਦੇ ਰਹਿਣਾ ਪਵੇਗਾ। ਅਸੀਂ ਅਜਿਹੇ ਕਦਮ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ, ਭਰੋਸੇ ਨਾਲ ਦੇਖੀਏ ਤੇ ਇਹ ਵੀ ਦੇਖੀਏ ਕਿ ਪਾਕਿਸਤਾਨ ਗਲਿਆਰੇ ਦਾ ਕੰਮ ਤੇਜ਼ੀ ਨਾਲ ਅਤੇ ਸਹੀ ਢੰਗ ਨਾਲ ਪੂਰਾ ਹੋਵੇ।
ਜਿਸ ਹਾਫਿਜ਼ ਸਈਦ ਦੇ ਅਪਰਾਧ ਦੀ ਗੱਲ ਇਮਰਾਨ ਖਾਨ ਨੇ ਕਬੂਲੀ ਹੈ, ਪਾਕਿਸਤਾਨ ’ਚ ਉਸ ਦੀ ਆਜ਼ਾਦੀ ’ਤੇ ਤੁਰੰਤ ਪਾਬੰਦੀ ਲਾਈ ਜਾਵੇ। ਇਮਰਾਨ ਖਾਨ ਇਹ ਵੀ ਕਬੂਲਣ ਕਿ ਦਾਊਦ ਇਬਰਾਹੀਮ ਪਾਕਿਸਤਾਨ ’ਚ ਹੈ ਤੇ ਪਹਿਲੇ ਕਦਮ ਵਜੋਂ ਉਸ ਵਿਰੁੱਧ ਪਾਕਿ ਸਰਕਾਰ ਮੁਕੱਦਮਾ ਦਾਇਰ ਕਰੇ, ਸਰਹੱਦ ’ਤੇ ਹੋ ਰਹੀ ਅੱਤਵਾਦੀਅਾਂ ਦੀ ਘੁਸਪੈਠ ਅਤੇ ਪਾਕਿ ਫੌਜ ਦੀਅਾਂ ਬੇਵਜ੍ਹਾ ਹਰਕਤਾਂ ’ਤੇ ਰੋਕ ਲਗਾਵੇ। 
ਇਮਰਾਨ ਖਾਨ ਦਾ ਪਾਕਿਸਤਾਨ ਇਸ ਨੂੰ ਸਮਝੇ ਤੇ ਮੋਦੀ ਦਾ ਭਾਰਤ ਹਾਂ-ਪੱਖੀ ਰਵੱਈਆ ਰੱਖੇ ਤਾਂ ਕਰਤਾਰਪੁਰ ਸਾਹਿਬ ਗਲਿਆਰਾ ਸਾਡੀ ਦੋਸਤੀ ਦਾ ਰਾਜਮਾਰਗ ਬਣ ਸਕਦਾ ਹੈ।
 


Related News