ਸ਼੍ਰੀਲੰਕਾ ਦੇ ਹਮਲੇ ਅਤੇ ਵੱਡੀਆਂ ਤਾਕਤਾਂ ਦੇ ਰਣਨੀਤਕ ਹਿੱਤ

Tuesday, Apr 30, 2019 - 06:52 AM (IST)

ਸਈਦ ਨਕਵੀ
ਗੱਲ ਬਹੁਤੀ ਪੁਰਾਣੀ ਨਹੀਂ ਹੈ, ਜਦੋਂ ਓਸਾਮਾ-ਬਿਨ-ਲਾਦੇਨ, 9/11 ਦੇ ਅਗਵਾਕਾਰ, ਵਹਾਬੀ, ਸਲਾਫੀ, ਜਬਹਤ-ਅਲ-ਨੁਸਰਾ ਤੇ ਉਨ੍ਹਾਂ ਦੇ ਵੱਖ-ਵੱਖ ਰੂਪਾਂ ਦੀਆਂ ਜੜ੍ਹਾਂ ਸਾਊਦੀ ਅਰਬ ’ਚ ਮਿਲੀਆਂ ਸਨ। ਅੱਜ ਇਹ ਸਾਰੀਆਂ ਘਟਨਾਵਾਂ ਭੁਲਾ ਦਿੱਤੀਆਂ ਗਈਆਂ ਹਨ। ਇਸ ਦੀ ਬਜਾਏ ਅਮਰੀਕਾ, ਇਸਰਾਈਲ ਤੇ ਕੁਝ ਯੂਰਪੀ ਦੇਸ਼ ਅੱਜ ਈਰਾਨ ਦੇ ਪਿੱਛੇ ਪਏ ਹੋਏ ਹਨ। ਦੁਨੀਆ ਭਰ ’ਚ ਚੱਲ ਰਹੀਆਂ ਸਰਗਰਮੀਆਂ ਦੌਰਾਨ ਇਹ ਪਤਾ ਲਾਉਣਾ ਮੁਸ਼ਕਿਲ ਹੈ ਕਿ ਸ਼੍ਰੀਲੰਕਾ ਦੇ ਹਮਲਿਆਂ ਪਿੱਛੇ ਕਿਹੜੇ ਅੱਤਵਾਦੀ ਸਮੂਹਾਂ ਦਾ ਹੱਥ ਸੀ। ਕਿਹੜੀ ਖੁਫੀਆ ਏਜੰਸੀ ਨੂੰ ਇਹ ਪਤਾ ਲਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ? ਮੌਜੂਦਾ ਅੱਤਵਾਦ ਲਈ 1980 ਦੇ ਦਹਾਕੇ ’ਚ ਜ਼ਮੀਨ ਤਿਆਰ ਕੀਤੀ ਗਈ, ਜਦੋਂ ਸਲਾਫੀ ਢੰਗ ਨਾਲ ਸਾਊਦੀ ਅਰਬ ਦੇ ਪੈਸੇ ਦਾ ਇਸਤੇਮਾਲ ਕਰਦਿਆਂ ਅਤੇ ਅਮਰੀਕਾ ਦੇ ਯੰਤਰਾਂ ਤੇ ਸਿਖਲਾਈ ਦੀ ਸਹਾਇਤਾ ਨਾਲ ਪਾਕਿ-ਅਫਗਾਨ ਸਰਹੱਦ ’ਤੇ ਪਾਕਿਸਤਾਨ ਵਲੋਂ ਬਣਾਏ ਗਏ ਮਦਰੱਸਿਆਂ ’ਚ ਮੁਜਾਹਿਦੀਨ ਨੂੰ ਤਿਆਰ ਕੀਤਾ ਗਿਆ। ਇਨ੍ਹਾਂ ਨੂੰ ਤਿਆਰ ਕਰਨ ਦਾ ਮੁੱਖ ਮਕਸਦ ਅਫਗਾਨਿਸਤਾਨ ’ਚੋਂ ਸੋਵੀਅਤ ਸੰਘ ਨੂੰ ਖਦੇੜਨਾ ਸੀ। ਜਦੋਂ 1989 ’ਚ ਇਹ ਮਿਸ਼ਨ ਪੂਰਾ ਹੋ ਗਿਆ ਤਾਂ ਅਮਰੀਕੀ ਆਪਣੇ ਘਰ ਮੁੜ ਗਏ ਤੇ ਹਾਈ ਵੋਲਟੇਜ ਇਸਲਾਮ ਨੂੰ ਕੰਮ ਦੀ ਭਾਲ ’ਚ ਛੱਡ ਆਏ। ਇਸ ਨੇ ਕੰਮ ਲੱਭਿਆ ਕਸ਼ਮੀਰ, ਮਿਸਰ ਅਤੇ ਅਲਜੀਰੀਆ ’ਚ ਬਦਲੇ ਨਾਲ। ਇਸ ਤਰ੍ਹਾਂ ਅੱਤਵਾਦ ਦੇ ਤੱਤ 1991 ’ਚ ਸੋਵੀਅਤ ਸੰਘ ਦੇ ਟੁੱਟਣ ਦੇ ਸਮੇਂ ਤੋਂ ਹੀ ਮੁਹੱਈਆ ਸਨ। ਸੱਦਾਮ ਹੁਸੈਨ ਦੇ ਕੁਵੈਤ ’ਚ ਦਾਖਲ ਹੋਣ ’ਤੇ ਉਸ ਨੂੰ ਸਬਕ ਸਿਖਾਉਣ ਲਈ ਫਰਵਰੀ 1992 ’ਚ ਆਪ੍ਰੇਸ਼ਨ ਡੈਜ਼ਰਟ ਸਟਾਰਮ ਸ਼ੁਰੂ ਕੀਤਾ ਗਿਆ, ਜੋ ਇਕ ਇਤਿਹਾਸਿਕ ਘਟਨਾ ਸੀ। ਇਸ ਆਪ੍ਰੇਸ਼ਨ ਨੂੰ ਕਵਰ ਕਰਨ ਲਈ ਵਰਲਡ ਮੀਡੀਆ ਪੈਦਾ ਹੋਇਆ ਤੇ ਇਤਿਹਾਸ ’ਚ ਪਹਿਲੀ ਵਾਰ ਲੋਕਾਂ ਦੇ ਘਰਾਂ ਤਕ ਜੰਗ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਪੱਛਮ ਲਈ ਇਹ ਇਕ ਹੋਰ ਸਿਸਟਮ ’ਤੇ ਜਿੱਤ ਦਾ ਉਤਸਵ ਸੀ। ਇਰਾਕ ਅਤੇ ਮੁਸਲਿਮ ਦੁਨੀਆ ਲਈ ਇਹ ਇਕ ਹੋਰ ਹਾਰ, ਅਪਮਾਨ ਤੇ ਮਜਬੂਰੀ ਸੀ। ਵਿਸ਼ਵ ਟੀ. ਵੀ. ’ਤੇ ਇਸ ਘਟਨਾ ਨੂੰ ਦਿਖਾਏ ਜਾਣ ਨਾਲ ਦੁਨੀਆ ਦੋ ਵਿਰੋਧੀ ਧੜਿਆਂ ’ਚ ਵੰਡੀ ਗਈ–ਇਕ ਜੇਤੂ ਪੱਛਮ ਅਤੇ ਇਕ ਹਾਰੀ ਹੋਈ ਇਸਲਾਮਿਕ ਦੁਨੀਆ। ਸਮਾਂ ਬੀਤਣ ਦੇ ਨਾਲ-ਨਾਲ ਇਹ ਪਾੜਾ ਸੌ ਗੁਣਾ ਵਧ ਗਿਆ। ਚਾਰ ਸਾਲ ਲੰਮੀ ਬੋਸਨਿਆਈ ਜੰਗ, 9/11 ਦੇ ਹਵਾਈ ਹਮਲੇ ਅਤੇ ਅਫਗਾਨਿਸਤਾਨ ’ਤੇ ਕਬਜ਼ਾ, ਮਾਰੂ ਹਥਿਆਰਾਂ ਦੀ ਝੂਠੀ ਭਾਲ ਦੇ ਸਿੱਟੇ ਵਜੋਂ ਇਰਾਕ ’ਤੇ ਕਬਜ਼ਾ, ਮੈਸੋਪੋਟਾਮੀਆ ਦੀ ਤਬਾਹੀ ਵਗੈਰਾ-ਵਗੈਰਾ। ਇਸ ਦੀ ਪ੍ਰਤੀਕਿਰਿਆ ਵਜੋਂ ਜੇਹਾਦੀ ਅੱਤਵਾਦੀ ਦੀ ਸ਼ੁਰੂਆਤ ਹੋਈ, ਜਿਸ ਦੇ ਵਿਰੁੱਧ ਵੱਖ-ਵੱਖ ਦੇਸ਼ ਗੱਠਜੋੜ ਕਰ ਸਕਦੇ ਸਨ। ਇਸ ਤੋਂ ਬਾਅਦ ਅੱਤਵਾਦੀ ਸਮੂਹਾਂ ਨੂੰ ਅਜਿਹੇ ਹਥਿਆਰ ਵਜੋਂ ਦੇਖਿਆ ਜਾਣ ਲੱਗਾ, ਜਿਨ੍ਹਾਂ ਦੀ ਵਰਤੋਂ ਦੁਸ਼ਮਣਾਂ ਦੇ ਵਿਰੁੱਧ ਕੀਤੀ ਜਾ ਸਕਦੀ ਸੀ। ਸੀਰੀਆਈ ਸੰਘਰਸ਼ ਦੌਰਾਨ ਇਹ ਖੇਡ ਬਿਲਕੁਲ ਸਪੱਸ਼ਟ ਹੋ ਗਈ। ਸਾਊਦੀ ਅਰਬ ਵਰਗੇ ਦੇਸ਼ਾਂ ਨੇ ਖਤਰਨਾਕ ਕਿਸਮ ਦੇ ਜੇਹਾਦੀਆਂ ਨੂੰ ਤਿਆਰ ਕਰਨ ਤੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਉਣ ’ਚ ਮੁੱਖ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ‘ਨਿਰਦਈ ਸ਼ੀਆ’ ਕਹਿ ਕੇ ਸੱਤਾ ਤੋਂ ਹਟਾਇਆ ਜਾ ਸਕੇ। ਇਸ ਮੁਹਿੰਮ ’ਚ ਅਮਰੀਕਾ, ਇਸਰਾਈਲ, ਕਤਰ ਤੇ ਤੁਰਕੀ ਵੀ ਸ਼ਾਮਿਲ ਹੋ ਗਏ। ਅਮਰੀਕਾ ਨੇ ਵੀ ਅੱਤਵਾਦੀ ਸਮੂਹਾਂ ਨੂੰ ਸਿਖਲਾਈ ਤੇ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਰੱਖਿਆ ਸਕੱਤਰ ਐਸ਼ਟਨ ਕਾਰਟਰ ਉਦੋਂ ਨਾਰਾਜ਼ ਹੋ ਗਏ ਸਨ, ਜਦੋਂ ਅਮਰੀਕੀ ਕਾਂਗਰਸ ਤੇ ਮੀਡੀਆ ਨੇ ਉਨ੍ਹਾਂ ਨੂੰ ਇਥੇ ਸਵਾਲ ਪੁੱਛੇ ਸਨ। ਇਕ ਮਾਮਲੇ ’ਚ ਕਾਰਟਰ ਨੂੰ 500 ਮਿਲੀਅਨ ਡਾਲਰ ਦੇ ਲਾਈਵ ਟੀ. ਵੀ. ਪ੍ਰਾਜੈਕਟ ਨੂੰ ਇਸ ਲਈ ਬੰਦ ਕਰਨਾ ਪਿਆ ਸੀ ਕਿਉਂਕਿ ਅਮਰੀਕਾ ਵਲੋਂ ਟ੍ਰੇਂਡ ਕੀਤੇ ਜੇਹਾਦੀ ਆਪਣੇ ਹਥਿਆਰਾਂ ਸਮੇਤ ਕਿਸੇ ਹੋਰ ਸਮੂਹ ’ਚ ਸ਼ਾਮਿਲ ਹੋ ਗਏ ਸਨ।

ਆਈ. ਐੱਸ. ਦੀ ਸ਼ੁਰੂਆਤ ਦਾ ਰਹੱਸ

ਮੋਸੁਲ ’ਚ ਇਸਲਾਮ ਸਟੇਟ (ਆਈ. ਐੱਸ.) ਦੀ ਸਥਾਪਨਾ ਅੱਜ ਵੀ ਇਕ ਰਹੱਸ ਹੈ। ਜਦੋਂ ਆਈ. ਐੱਸ. ਦੇ ਲੜਾਕੇ ਫੌਜੀ ਗੱਡੀਆਂ ’ਤੇ ਲੱਦੇ ਆਧੁਨਿਕ ਹਥਿਆਰਾਂ ਨਾਲ ਬਗਦਾਦ ਵੱਲ ਵਧ ਰਹੇ ਸਨ ਤਾਂ ਨਜ਼ਫ ’ਚ ਮੇਰੇ ਸੂਤਰ ਇਸ ਗੱਲ ਨੂੰ ਲੈ ਕੇ ਆਸਵੰਦ ਸਨ ਕਿ ਉਨ੍ਹਾਂ ਨੂੰ ਅਮਰੀਕਾ ਵਲੋਂ ਪ੍ਰਾਯੋਜਿਤ ਕੀਤਾ ਜਾ ਰਿਹਾ ਹੈ। ਨਵੀਂ ਦਿੱਲੀ ’ਚ ਹਰੇਕ ਅਰਬ ਰਾਜਦੂਤ ਇਹ ਗੱਲ ਜਾਣਦਾ ਸੀ ਕਿ ਇਹ ਇਕ ਅਮਰੀਕੀ ਪ੍ਰਾਜੈਕਟ ਸੀ। ਉਨ੍ਹਾਂ ਦੀ ਗੱਲ ਇਸ ਲਈ ਵੀ ਸਹੀ ਲੱਗ ਰਹੀ ਸੀ ਕਿ ਉਮੀਦਵਾਰ ਵਜੋਂ ਟਰੰਪ ਨੇ ਖ਼ੁਦ ਸੀ. ਐੱਨ. ਐੱਨ. ਦੇ ਜੈਕ ਟੈਪਰ ਨੂੰ ਕਿਹਾ ਸੀ ਕਿ ਓਬਾਮਾ-ਹਿਲੇਰੀ ਕਲਿੰਟਨ ਦੀ ਟੀਮ ਨੇ ਸੀਰੀਆ ’ਚ ਅੱਤਵਾਦੀ ਸਮੂਹਾਂ ਨੂੰ ਤਿਆਰ ਕਰਨ ’ਤੇ ਲੱਖਾਂ ਰੁਪਏ ਖਰਚ ਕੀਤੇ ਹਨ। ‘ਨਿਊਯਾਰਕ ਟਾਈਜ਼’ ਦੇ ਪੱਤਰਕਾਰ ਥਾਮਸ ਫ੍ਰੀਡਮੈਨ ਨੂੰ 2015 ’ਚ ਦਿੱਤੀ ਇਕ ਇੰਟਰਵਿਊ ’ਚ ਓਬਾਮਾ ਨੇ ਆਈ. ਐੱਸ. ਆਈ. ਐੱਸ. ਦੇ ਇਸਤੇਮਾਲ ਦੀ ਗੱਲ ਕਬੂਲੀ ਸੀ। ਇਹ ਪੁੱਛੇ ਜਾਣ ’ਤੇ ਕਿ ਆਈ. ਐੱਸ. ਨੂੰ ਉਦੋਂ ਕਿਉਂ ਨਹੀਂ ਕੁਚਲਿਆ ਗਿਆ, ਜਦੋਂ ਇਸ ਨੇ ਪਹਿਲੀ ਵਾਰ ਸਿਰ ਚੁੱਕਿਆ ਸੀ, ਤਾਂ ਓਬਾਮਾ ਨੇ ਕਿਹਾ ਸੀ, ‘‘ਅਸੀਂ ਪੂਰੇ ਇਰਾਕ ’ਚ ਇਕੱਠੇ ਹਵਾਈ ਹਮਲੇ ਇਸ ਲਈ ਨਹੀਂ ਕੀਤੇ ਕਿਉਂਕਿ ਅਜਿਹਾ ਕਰਨ ਨਾਲ ਇਰਾਕ ਦੇ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਉਤੋਂ ਦਬਾਅ ਹਟ ਜਾਂਦਾ।’’ ਦੂਜੇ ਸ਼ਬਦਾਂ ’ਚ ਉਦੋਂ ਆਈ. ਐੱਸ. ਅਮਰੀਕਾ ਦਾ ਹਥਿਆਰ ਸੀ। ਮਲਿਕੀ ਨੇ ਅਮਰੀਕਾ ਨਾਲ ਇਕ ਸਮਝੌਤੇ ’ਤੇ ਦਸਤਖਤ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਹ ਦਬਾਅ ਕੰਮ ਆਇਆ ਤੇ ਮਲਿਕੀ ਨੂੰ ਹਟਾ ਦਿੱਤਾ ਗਿਆ। ਬਾਅਦ ’ਚ ਫ੍ਰੀਡਮੈਨ ਨੇ ਰਾਸ਼ਟਰਪਤੀ ਟਰੰਪ ਨੂੰ ਇਕ ਲੇਖ ਦੇ ਜ਼ਰੀਏ ਸਲਾਹ ਦਿੱਤੀ ਸੀ ਕਿ ਉਹ ਆਈ. ਐੱਸ. ਨਾਲ ਲੜਨ ’ਚ ਆਪਣਾ ਸਮਾਂ ਬਰਬਾਦ ਨਾ ਕਰਨ। ਫ੍ਰੀਡਮੈਨ ਨੇ ਲਿਖਿਆ ਕਿ ‘‘ਟਰੰਪ ਨੂੰ ਚਾਹੀਦਾ ਹੈ ਕਿ ਆਈ. ਐੱਸ. ਨੂੰ ਅਸਦ, ਈਰਾਨ, ਹਿਜ਼ਬੁਲਾ ਤੇ ਰੂਸ ਲਈ ਸਿਰਦਰਦੀ ਬਣਿਆ ਰਹਿਣ ਦੇਣ।’’ ਦੂਜੇ ਪਾਸੇ ਪੱਛਮੀ ਏਸ਼ੀਆ ਦੇ ਇਤਿਹਾਸਕਾਰ ਰਾਬਰਟ ਫਿਸਕ ਲਿਖਦੇ ਹਨ ਕਿ ਟਰੰਪ ਇਹ ਗੱਲ ਨਹੀਂ ਸਮਝਦੇ ਕਿ ਇਸਰਾਈਲ ਸਿਰਫ ਸੀਰੀਆ ਦੀ ਫੌਜ ’ਤੇ ਬੰਬ ਸੁੱਟਦਾ ਹੈ, ਆਈ. ਐੱਸ. ਉੱਤੇ ਨਹੀਂ। ਅਸਲ ’ਚ ਇਸਰਾਈਲੀਆਂ ਨੇ ਜਬਹਤ ਅਲ ਨੁਸਰਾ ਤੋਂ ਲੜਾਕਿਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਹੈ, ਜੋ ਅਲਕਾਇਦਾ ਦਾ ਹਿੱਸਾ ਹੈ ਅਤੇ ਜਿਸ ਨੇ ਅਮਰੀਕਾ ’ਤੇ 9/11 ਦਾ ਹਮਲਾ ਕੀਤਾ ਸੀ। ਫਿਸਕ ਅਨੁਸਾਰ ਆਈ. ਐੱਸ. ਇਸਰਾਈਲ ਦਾ ਵੀ ਹਥਿਆਰ ਹੈ। ਨਵੀਂ ਦਿੱਲੀ ’ਚ ਖੇਤਰੀ ਮਸਲਿਆਂ ’ਤੇ ਹੋਏ ਸੰਮੇਲਨ ’ਚ ਰੂਸ ਦੇ ਉਪ-ਵਿਦੇਸ਼ ਮੰਤਰੀ ਮੋਰਗੁਲੋਵ ਵਲਾਦੀਮੀਰੋਵਿਚ ਨੇ ਇਥੇ ਮੌਜੂਦ ਸਾਰੇ ਲੋਕਾਂ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਸੀਰੀਆ ’ਚ ਜੰਗ ਖਤਮ ਹੋਣ ਕਰ ਕੇ ਆਈ. ਐੱਸ. ਉਸੇ ਤਰ੍ਹਾਂ ਬੇਕਾਰ ਹੋ ਗਿਆ ਹੈ, ਜਿਸ ਤਰ੍ਹਾਂ 1989 ’ਚ ਅਫਗਾਨ ਮੁਜਾਹਿਦੀਨ ਬੇਕਾਰ ਹੋ ਗਏ ਸਨ। ਮੋਰਗੁਲੋਵ ਦੀ ਇਸ ਗੱਲ ’ਤੇ ਸਾਰੇ ਲੋਕ ਹੈਰਾਨ ਹੋਏ ਸਨ। 30 ਜਨਵਰੀ 2018 ਨੂੰ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖੁਮੈਨੀ ਵਲੋਂ ਲਾਇਆ ਗਿਆ ਦੋਸ਼ ਵੀ ਕਾਫੀ ਅਹਿਮ ਹੈ। ਉਨ੍ਹਾਂ ਕਿਹਾ ਕਿ ‘‘ਅਮਰੀਕਾ ਅਫਗਾਨਿਸਤਾਨ ’ਚ ਅੱਤਵਾਦੀਆਂ ਨੂੰ ਭੇਜ ਕੇ ਇਲਾਕੇ ’ਚ ਆਪਣੀ ਮੌਜੂਦਗੀ ਨੂੰ ਸਹੀ ਠਹਿਰਾਉਣਾ ਚਾਹੁੰਦਾ ਹੈ।’’ ਅਜਿਹੀ ਸਥਿਤੀ ’ਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੁਝ ਤਾਕਤਾਂ ਆਈ. ਐੱਸ. ਨੂੰ ਹਥਿਆਰ ਵਜੋਂ ਦੇਖਦੀਆਂ ਹਨ।
 


Bharat Thapa

Content Editor

Related News