ਕੁਝ ਲੋਕ ਰਾਸ਼ਟਰੀ ਹਿੱਤ ’ਚ ਮਰਦੇ ਤਾਂ ਕੁਝ ਲੋਕ ਪੈਸਾ ਕਮਾਉਂਦੇ ਹਨ

07/31/2022 3:32:57 PM

ਯੂਕ੍ਰੇਨ-ਰੂਸ ਜੰਗ ਨੂੰ 21 ਹਫਤਿਆਂ ਤੋਂ ਵੱਧ ਦਾ ਸਮਾਂ ਹੋਣ ਲੱਗਾ ਹੈ। ਇਸ ਜੰਗ ਨੇ ਪੂਰੇ ਵਿਸ਼ਵ ਭਰ ਦੀਆਂ ਅਖਬਾਰਾਂ ’ਚ ਥਾਂ ਬਣਾਈ ਹੋਈ ਹੈ ਅਤੇ ਇਹ ਘੱਟ ਨਹੀਂ ਹੋ ਰਹੀ। ਬਾਵਜੂਦ ਇਸ ਦੇ ਕਿ ਲੱਖਾਂ ਯੂਕ੍ਰੇਨੀਅਨ ਬੇਘਰ ਹੋ ਚੁੱਕੇ ਹਨ ਅਤੇ ਅਣਗਿਣਤ ਇਸ ਦੇ ਨਾਗਰਿਕ ਰੂਸ ਦੇ ਜ਼ੁਲਮ ਝੱਲ ਰਹੇ ਹਨ। ਜੰਗ ਪ੍ਰਤੀ ਰੂਸੀਆਂ ਦੀ ਵੀ ਆਪਣੀ ਵੱਖਰੀ ਕਹਾਣੀ ਹੈ। ‘ਰਸ਼ੀਆ ਟੀ. ਵੀ.’ ਵਰਗੇ ਰੂਸ ਸਮਰਥਿਤ ਟੀ. ਵੀ. ਚੈਨਲਾਂ ਵੱਲ ਦੇਖੀਏ ਤਾਂ ਸਾਨੂੰ ਸਾਰਾ ਬਿਰਤਾਂਤ ਪਤਾ ਲੱਗਦਾ ਹੈ।
ਇਸ ਹੱਥੋਪਾਈ ਦਰਮਿਆਨ ਵਣਜ ਇਕ ਵੱਖਰਾ ਮੁੱਦਾ ਹੈ। ਹਾਲ ਹੀ ’ਚ ਰੂਸ ਅਤੇ ਯੂਕ੍ਰੇਨ ਨੇ ਸੰਯੁਕਤ ਰਾਸ਼ਟਰ ਅਤੇ ਤੁਰਕੀ ਦੇ ਵਿਚ-ਬਚਾਅ ਦੇ ਬਾਅਦ ਇਕ ਡੀਲ ’ਤੇ ਦਸਤਖਤ ਕੀਤੇ ਜਿਸ ਤਹਿਤ ਯੂਕ੍ਰੇਨ ਦੀ ਕਣਕ, ਤੇਲ ਦੇ ਬੀਜ ਅਤੇ ਹੋਰ ਖੇਤੀ ਉਤਪਾਦਾਂ ਨੂੰ ਬਲੈਕ ਸੀ ਬੰਦਰਗਾਹ ਤੋਂ ਬਰਾਮਦ ਕੀਤਾ ਜਾਵੇ ਜਿਸ ਨੂੰ ਅਜੇ ਤੱਕ ਰੂਸੀ ਸਮੁੰਦਰੀ ਫੌਜ ਨੇ ਬਲਾਕ ਕਰਕੇ ਰੱਖਿਆ ਹੈ। ਬਲੈਕ ਸੀ ’ਚ ਯੂਕ੍ਰੇਨ ਨੇ ਵੀ ਆਪਣਾ ਗਲਬਾ ਕਾਇਮ ਰੱਖਿਆ ਹੋਇਆ ਹੈ।
ਉਸ ਨੇ ਰੂਸ ਨੂੰ ਹੋਰ ਵੱਧ ਬੰਦਰਗਾਹਾਂ ’ਤੇ ਕਬਜ਼ਾ ਕਰਨ ਤੋਂ ਰੋਕਿਆ ਹੋਇਆ ਹੈ। ਇਸ ਡੀਲ ਦੇ ਬਦਲੇ ’ਚ ਰੂਸ ਕੋਲ ਖਾਦਾਂ ਅਤੇ ਆਪਣੀ ਕਣਕ ਨੂੰ ਕੌਮਾਂਤਰੀ ਬਾਜ਼ਾਰ ’ਚ ਬਰਾਮਦ ਕਰਨ ਦਾ ਅਧਿਕਾਰ ਹੋਵੇਗਾ। ਇਸਤਾਂਬੁਲ ’ਚ ਲਿਖੀ ਗਈ ਇਸ ਡੀਲ ਦਾ ਕਾਰਨ ਇਹ ਹੈ ਕਿ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਿਊ. ਐੱਫ. ਪੀ.) ਨੇ ਅੰਦਾਜ਼ਾ ਲਾਇਆ ਕਿ ਵਿਸ਼ਵ ਭਰ ’ਚ 47 ਮਿਲੀਅਨ ਲੋਕ ਪਹਿਲਾਂ ਤੋਂ ਹੀ ਭੁਖਮਰੀ ਦੇ ਕੰਢੇ ’ਤੇ ਹਨ ਜੋ ਕਿ ਯੂਕ੍ਰੇਨ ’ਚ ਰੂਸੀ ਕਬਜ਼ੇ ਦਾ ਨਤੀਜਾ ਹੈ।
ਯੂਕ੍ਰੇਨ ਗ੍ਰੇਨ ਸੰਗਠਨ ਦੇ ਮੁਖੀ ਮਾਇਕੋਲਾ ਹੋਰਬਾਚੋਵ ਅਨੁਸਾਰ ਇਕ ਵਿਸ਼ਵ ਪੱਧਰੀ ਖੁਰਾਕ ਸੰਕਟ ਨੂੰ ਰੋਕਣ ਲਈ ਇਕੋ-ਇਕ ਉਪਾਅ ਯੂਕ੍ਰੇਨ ਬੰਦਰਗਾਹਾਂ ਦਾ ਆਜ਼ਾਦ ਹੋਣਾ ਹੈ। ਇਹ ਬੰਦਰਗਾਹਾਂ ਯੂਕ੍ਰੇਨੀ ਕਿਸਾਨਾਂ ਨੂੰ ਵੀ ਬਚਾਉਣ ਦਾ ਉਪਾਅ ਹੈ। ਮਾਇਕੋਲਾ ਨੇ ਦੋਸ਼ ਲਾਇਆ ਕਿ ਰੂਸੀਆਂ ਨੇ ਕਬਜ਼ੇ ਵਾਲੇ ਇਲਾਕਿਆਂ ’ਚੋਂ 5 ਲੱਖ ਟਨ ਦਾ ਅਨਾਜ ਚੋਰੀ ਕੀਤਾ ਹੈ ਅਤੇ ਲਗਭਗ 1 ਮਿਲੀਅਨ ਟਨ ਅਨਾਜ ਦੀਆਂ ਵਸਤੂਆਂ ਰੂਸੀ ਬਲਾਂ ਦੇ ਕਬਜ਼ੇ ’ਚ ਹਨ। ਇਕ ਅੰਦਾਜ਼ੇ ਅਨੁਸਾਰ 2021 ’ਚ ਵਿਸ਼ਵ ਦੀ 10 ਫੀਸਦੀ ਕਣਕ ਬਰਾਮਦ ਲਈ ਯੂਕ੍ਰੇਨ ਜ਼ਿੰਮੇਵਾਰ ਹੈ ਜਦਕਿ ਰਸ਼ੀਆ ਵਿਸ਼ਵ ਦੀ 17 ਫੀਸਦੀ ਕਣਕ ਆਪਣੇ ਇੱਥੇ ਉਗਾਉਂਦਾ ਹੈ।
ਇਸ ਤੋਂ ਪਹਿਲਾਂ ਕਿ ਇਸਤਾਂਬੁਲ ’ਚ ਲਿਖੇ ਗਏ ਸਮਝੌਤੇ ਦੀ ਸਿਆਹੀ ਸੁੱਕ ਜਾਂਦੀ ਰੂਸੀ ਕਰੂਜ਼ ਮਿਜ਼ਾਈਲਾਂ ਨੇ ਯੂਕ੍ਰੇਨ ਦੀ ਮਹੱਤਵਪੂਰਨ ਬੰਦਰਗਾਹ ਓਡੇਸਾ ’ਤੇ ਹਮਲਾ ਕਰ ਿਦੱਤਾ। ਰੂਸ ਨੇ ਪਹਿਲਾਂ ਤੋਂ ਹੀ ਮੈਰਿਊ ਪੋਲ, ਬਰਦੀਨਸਕ ਅਤੇ ਸਕਾਦੋਵਸਕ ਦੀਆਂ ਸਮੁੰਦਰੀ ਬੰਦਰਗਾਹਾਂ ਦੇ ਨਾਲ-ਨਾਲ ਕਾਲੇ ਸਾਗਰ ਦੀ ਖੇਰ ਸੋਨ ਬੰਦਰਗਾਹ ’ਤੇ ਕਬਜ਼ਾ ਕੀਤਾ ਹੋਇਆ ਹੈ। ਹੁਣ ਇਸ ਦੇ ਕਬਜ਼ੇ ’ਚ ਓਡੇਸਾ ਵੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਇਹ ਸਮਝੌਤਾ ਕਿੰਨੀ ਦੂਰ ਤੱਕ ਅਤੇ ਕਿੰਨੇ ਸਮੇਂ ਤੱਕ ਚੱਲਦਾ ਹੈ।
ਇਸ ਸਾਰੇ ਸਮੀਕਰਨ ’ਚ ਇਕ ਹੋਰ ਗੂੜ੍ਹਾ ਨੈਤਿਕ ਸਵਾਲ ਵੀ ਖੜ੍ਹਾ ਹੁੰਦਾ ਹੈ। ਰੂਸ ਅਤੇ ਯੂਕ੍ਰੇਨ ਇਸ ਸਮਝੌਤੇ ਦੇ ਬਾਅਦ ਧਰਾਤਲ ’ਤੇ ਕਿੰਨੇ ਨੇਕ ਦਿਖਾਈ ਦਿੰਦੇ ਹਨ। ਕੋਈ ਦੇਸ਼ ਇਸ ਲੋੜਵੰਦ ਅਤੇ ਭੁੱਖੇ ਮੁਲਕ ਦੀ ਮਦਦ ਕਰਨ ਲਈ ਅੱਗੇ ਨਹੀਂ ਆ ਰਿਹਾ ਜੋ ਕਿ ਖੁਰਾਕੀ ਪਦਾਰਥਾਂ ਦੀ ਘਾਟ ਨਾਲ ਜੂਝ ਰਿਹਾ ਹੈ। ਇਸ ਬਰਾਮਦ ਤੋਂ ਰੂਸ ਅਤੇ ਯੂਕ੍ਰੇਨ ਜੋ ਪੈਸਾ ਕਮਾਉਣਗੇ ਉਸ ਦਾ ਕੀ ਹੋਵੇਗਾ, ਇਸ ਦੇ ਬਾਰੇ ’ਚ ਕੁਝ ਨਹੀਂ ਪਤਾ।
ਸਵਾਲ ਇਹ ਉੱਠਦਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਅਤੇ ਤੁਰਕੀ ਇਸ ਵਿਸ਼ੇਸ਼ ਵਿਵਸਥਾ ਲਈ ਜ਼ਿੰਮੇਵਾਰ ਹੋ ਸਕਦੇ ਹਨ ਤਾਂ ਦੋਵਾਂ ਧਿਰਾਂ ਦਰਮਿਆਨ ਪੈਦਾ ਹੋਈ ਦੁਸ਼ਮਣੀ ਨੂੰ ਘਟਾਉਣ ਲਈ ਇਨ੍ਹਾਂ ਨੂੰ ਕਿਸ ਨੇ ਰੋਕਿਆ ਹੋਇਆ ਹੈ?
ਦੋਵਾਂ ਦੇਸ਼ਾਂ ਦੇ ਇਸ ਸੰਘਰਸ਼ ’ਚ ਕਣਕ ਅਤੇ ਖਾਦ ਪ੍ਰਮੁੱਖ ਵਸਤੂਆਂ ਨਹੀਂ ਹਨ। ਇਸ ਦੇ ਇਲਾਵਾ ਛੋਟੇ ਮਿਲਣ ਵਾਲੇ ਹੋਰ ਉਤਪਾਦ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਵਿਸ਼ਵ ਆਪਣੇ ਵੱਲ ਖਿੱਚ ਰਿਹਾ ਹੈ। ਮਿਸਾਲ ਦੇ ਤੌਰ ’ਤੇ ਭਾਰਤ ਦੀ ਰੂਸ ਤੋਂ ਤੇਲ ਦਰਾਮਦ ਜੂਨ 2022 ’ਚ 9,50,000 ਬੈਰਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਭਾਰਤ ਦੀ ਪੂਰੀ ਦਰਾਮਦ ’ਚ ਇਹ ਗਿਣਤੀ 5ਵੇਂ ਸਥਾਨ ’ਤੇ ਆਉਂਦੀ ਹੈ। ਕਾਰਨ ਸਪੱਸ਼ਟ ਹੈ ਕਿ ਰੂਸੀ ਤੇਲ ਛੋਟ ’ਤੇ ਮਿਲ ਰਿਹਾ ਹੈ।
ਇਸ ਯਤਨ ’ਚ ਭਾਰਤ ਹੀ ਇਕੱਲਾ ਅਜਿਹਾ ਦੇਸ਼ ਨਹੀਂ ਹੈ। ਫਰਾਂਸ, ਚੀਨ, ਯੂ. ਏ. ਈ. ਅਤੇ ਸਾਊਦੀ ਅਰਬ ਨੇ ਵੀ ਆਪਣੀ ਤੇਲ ਦਰਾਮਦ ਵਧਾਈ ਹੈ। ਤ੍ਰਾਸਦੀ ਦੇਖੋ ਕਿ ਯੂਰਪੀਅਨ ਸੰਘ ਜੋ ਕਿ ਯੂਕ੍ਰੇਨ ’ਚ ਰੂਸੀ ਹਮਲੇ ਦਾ ਕੱਟੜ ਵਿਰੋਧੀ ਰਿਹਾ ਹੈ, ਉਹ ਵੀ ਜੰਗ ਦੇ ਪਹਿਲੇ 100 ਦਿਨਾਂ ਦੌਰਾਨ 60 ਬਿਲੀਅਨ ਅਮਰੀਕੀ ਡਾਲਰ ਦਾ ਤੇਲ ਖਰੀਦ ਚੁੱਕਾ ਹੈ। ਜੰਗ ਦੇ ਸ਼ੁਰੂ ਹੋਣ ਦੇ ਪਹਿਲੇ 15 ਹਫਤਿਆਂ ’ਚ ਰੂਸ ਨੇ 98 ਬਿਲੀਅਨ ਡਾਲਰ ਦਾ ਤੇਲ ਵੇਚਿਆ ਹੈ।
ਸੰਸਦ ’ਚ ਇਕ ਜਵਾਬ ਦੌਰਾਨ ਸਰਕਾਰ ਨੇ ਸੂਚਿਤ ਕੀਤਾ ਕਿ ਇਸ ਸਾਲ ਅਪ੍ਰੈਲ ਅਤੇ ਜੂਨ ਦੇ ਮੱਧ ’ਚ ਰੂਸ ਖਾਦ ਦੇ ਮਾਮਲੇ ’ਚ ਵੀ ਭਾਰਤ ਲਈ ਮੋਹਰੀ ਰਿਹਾ। ਭਾਰਤ ਨੇ 7.74 ਲੱਖ ਮੀਟ੍ਰਿਕ ਟਨ ਖਾਦ ਰੂਸ ਤੋਂ ਪਹਿਲੀ ਤਿਮਾਹੀ ’ਚ ਖਰੀਦੀ ਸੀ। ਕਾਰਨ ਸਪੱਸ਼ਟ ਹੈ ਕਿ ਰੂਸੀ ਖਾਦ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਛੋਟ ’ਤੇ ਵੇਚੀ ਜਾ ਰਹੀ ਹੈ ਕਿਉਂਕਿ ਰੂਸ ਨੂੰ ਜੰਗੀ ਮਸ਼ੀਨਰੀ ਲਈ ਪੈਸੇ ਦੀ ਸਖਤ ਲੋੜ ਹੈ।
ਇਸ ਮਾਮਲੇ ’ਚ ਵੀ ਭਾਰਤ ਇਕੱਲਾ ਦੇਸ਼ ਨਹੀਂ ਹੈ। ਪਾਬੰਦੀਆਂ ਦੇ ਬਾਵਜੂਦ ਹੋਰ ਦੇਸ਼ ਵੀ ਸਸਤੇ ਰੇਟਾਂ ’ਤੇ ਰੂਸ ਤੋਂ ਵਸਤੂਆਂ ਖਰੀਦ ਰਹੇ ਹਨ। ਦਿਲਚਸਪ ਗੱਲ ਹੈ ਕਿ ਰੂਸੀ ਕਰੰਸੀ ਰੂਬਲ ਇਸ ਦੌਰਾਨ ਚੰਗੀ ਕਾਰਗੁਜ਼ਾਰੀ ਕਰ ਰਹੀ ਹੈ।
ਇਸ ਸਾਲ ਮਈ ’ਚ ਹੀ ਭਾਰਤ ਨੇ ਚੀਨ ਨੂੰ 1.6 ਬਿਲੀਅਨ ਅਮਰੀਕੀ ਡਾਲਰ ਦੀਆਂ ਵਸਤੂਆਂ ਬਰਾਮਦ ਕੀਤੀਆਂ। ਅਪ੍ਰੈਲ ਅਤੇ ਮਈ ’ਚ ਸਾਂਝੇ ਤੌਰ ’ਤੇ ਭਾਰਤ ਦੀ ਬਰਾਮਦ 31 ਫੀਸਦੀ ਦੇ ਲਗਭਗ ਡਿੱਗੀ। ਚੀਨ ਤੋਂ ਦਰਾਮਦ ਮਈ 2022 ’ਚ ਪਿਛਲੇ ਸਾਲ ਇਸ ਅਰਸੇ ਦੀ ਤੁਲਨਾ ’ਚ 5.47 ਫੀਸਦੀ ਵਧੀ।
ਇਸ ਲਈ ਅਸਲੀ ਸਿਆਸਤ ਦੇ ਨਾਂ ’ਤੇ ਿਜੱਥੇ ਕੁਝ ਲੋਕਾਂ ਨੂੰ ਰਾਸ਼ਟਰੀ ਹਿੱਤ ’ਚ ਮਰਨਾ ਪੈਂਦਾ ਹੈ ਉੱਥੇ ਹੀ ਕੁਝ ਲੋਕਾਂ ਨੂੰ ਰਾਸ਼ਟਰ ਹਿੱਤ ’ਚ ਫਿਰ ਤੋਂ ਪੈਸਾ ਕਮਾਉਣਾ ਪੈਂਦਾ ਹੈ। ਲੋਕਾਂ ਤੇ ਰਾਸ਼ਟਰਾਂ ਦੇ ਮਾਮਲੇ ’ਚ ਨੈਤਿਕ ਘੇਰੇ ਦੀ ਭਾਵੁਕਤਾ ਦੇ ਰੂਪ ’ਚ ਕੁਝ ਮੰਨਿਆ ਜਾਂਦਾ ਹੈ।

ਲੇਖਕ-ਮਨੀਸ਼ ਤਿਵਾੜੀ


Aarti dhillon

Content Editor

Related News