ਸਿੱਧੂ ਤੇ ਖਹਿਰਾ ਪੰਜਾਬੀਅਾਂ ਨੂੰ ਹਨੇਰੇ ’ਚ ਨਾ ਰੱਖਣ

Friday, Sep 21, 2018 - 06:35 AM (IST)

ਇਕ ਵੇਲਾ ਸੀ, ਜਦੋਂ ‘ਹਮਨੇ ਦੇਖਾ ਹੈ, ਹਮ ਦੇਖਤੇ ਹੈਂ, ਹਮ ਦੇਖੇਂਗੇ’ ਫਿਰਕਾ ਭਾਰਤੀ ਸਿਆਸੀ ਸਕ੍ਰੀਨ ’ਤੇ ਵਾਰ-ਵਾਰ ਰਿਪੀਟ ਹੁੰਦਾ ਦਿਖਾਈ ਦਿੰਦਾ ਸੀ। ਸਿਆਸੀ ਵਿਸ਼ਲੇਸ਼ਕ ਕਰਤਿਅਾਂ ਨੇ ਇਸ ਦਾ ਨੋਟਿਸ ਲਿਆ ਤੇ ਰਿੜਕਿਆ। ਇਉਂ ਸਿਆਸਤ ’ਚ ਕਈ ਵਾਰ ਉਹ ਲੋਕ ਧਿਆਨ-ਕੇਂਦ੍ਰਿਤ ਕਰਨ ਬਹਾਨੇ ਆਪਣੇ ਹਲਕੇ ਹੋਣ ਦੇ ਨਿਸ਼ਾਨ ਛੱਡ ਜਾਂਦੇ ਨੇ, ਜਿਹੜੇ ਫਿਰਕਿਅਾਂ ਦਾ ਸਹਾਰਾ ਲੈਂਦੇ ਹਨ ਜਾਂ ਫਿਰ ਏਨਾ ਬੋਲਦੇ ਹਨ ਕਿ ਉਨ੍ਹਾਂ ਦੀ ਗੱਲ ਦਾ ਵਜ਼ਨ ਹੀ ਨਹੀਂ ਰਹਿ ਜਾਂਦਾ।
ਪੰਜਾਬ ਵਿਚ ਇਸ ਵੇਲੇ ਦੋ ਨਾਂ ਸਿਆਸੀ ਮੁਹਾਜ਼ ’ਤੇ–ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੇ ਬੋਲ-ਬੋਲ ਕੇ ਲੋਕਾਂ ਦੇ ਕੰਨ ਪਕਾ ਦਿੱਤੇ ਨੇ। ਉਨ੍ਹਾਂ ਨੂੰ ਬੋਲਣ ਦਾ ਹੱਕ ਹੈ ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਬੋਲਣਾ ਪੰਜਾਬ ਦੇ ਭਲੇ ’ਚ ਜਾਂਦਾ ਹੈ ਜਾਂ ਵਿਰੋਧ ’ਚ। 
ਹੁਣ ਜੇਕਰ ਅਸੀਂ ਨਵਜੋਤ ਸਿੰਘ ਸਿੱਧੂ ਦਾ ਬੋਲਣਾ ਹੀ ਲੈਂਦੇ ਹਾਂ ਜਾਂ ਕਹੋ ਤਾਜ਼ਾ-ਤਾਜ਼ਾ ਬੋਲਣਾ ਹੀ ਤਾਂ ਉਹ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਲਾਂਘੇ ਬਾਰੇ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਮਿਲੇ ਸੱਦੇ ਦੌਰਾਨ ਜੋ ਕੁਝ ਹੋਇਆ-ਵਾਪਰਿਆ ਸੀ, ਵਿਰੋਧੀਅਾਂ ਨੇ ਤਾਂ ਉਭਾਰਨਾ ਹੀ ਸੀ, ਇਹ ਵੀ ਖਾਮੋਸ਼ ਰਹਿੰਦੇ ਪਰ ਜਿਉਂ-ਜਿਉਂ ਬੋਲਦੇ ਗਏ, ਫਸਦੇ ਗਏ ਤੇ ਮਸਲਾ ‘ਡੀਰੇਲ’ ਹੁੰਦਾ ਗਿਆ। ਇਹ ਲੋਕਾਂ ਦੀਅਾਂ ਭਾਵਨਾਵਾਂ ਨਾਲ ਜੁੜੇ ਸਵਾਲ ਹਨ। ਤੁਸੀਂ ਉਨ੍ਹਾਂ ਨੂੰ ਭਾਵਨਾਤਮਕ ਤੌਰ ’ਤੇ ਤਿਆਰ ਕਰੀ ਜਾ ਰਹੇ ਹੋ, ਰਾਹ ਕੋਈ ਲੱਭਦਾ ਨਜ਼ਰ ਨਹੀਂ ਆ ਰਿਹਾ। ਲੋਕਾਂ ਨੂੰ ਉਸ ਫਲਸਫੇ ਨਾਲ, ਜਿਹੜਾ ਮਨੁੱਖਤਾ ਦੀ ਹਾਮੀ ਭਰਨ ਵਾਲਾ ਹੈ, ਜੋੜਨ ਦੀ ਥਾਂ ਉਨ੍ਹਾਂ ਨੂੰ ਸਿਰਫ ਬਾਹਰੀ ਸੁਪਨਿਅਾਂ ’ਚ ਧੱਕੀ ਤੁਰੇ ਜਾ ਰਹੇ ਹੋ। ਇਸ ਨਾਲ ਤੁਹਾਨੂੰ ਸਿਆਸੀ ਲਾਭ ਵੀ ਕੋਈ ਨਹੀਂ ਮਿਲਣਾ।
ਅਸੀਂ ਭਾਰਤ-ਪਾਕਿ ਸਬੰਧਾਂ ਦੇ ਹਾਮੀ ਹਾਂ। ਪੰਜਾਬ ਤੋਂ ਵੱਧ ਕਿਹੜਾ ਹਾਮੀ ਹੋ ਸਕਦਾ ਹੈ ਪਰ ਹਕੀਕਤ ਕੀ ਹੈ, ਇਹ ਵੀ ਜਾਣੋ। ਪੰਜਾਬ ਇਸ ਵਕਤ ਕਿਸ ਮੁਹਾਣ ’ਤੇ ਹੈ, ਨਵਜੋਤ ਸਿੰਘ ਸਿੱਧੂ ਇਸ ਬਾਰੇ ਸੋਚਣ ਤੋਂ  ਹੀ ਇਨਕਾਰੀ ਹੈ। ਤੁਸੀਂ ਪੰਜਾਬ ਨੂੰ ਜੇਕਰ ਏਨਾ ਹੀ ਪਿਆਰ ਕਰਦੇ ਹੋ ਤਾਂ ਇਹਦੇ ਇਖਲਾਕੀ ਉਭਾਰ ਵਾਸਤੇ ਜੋ ਤੁਸੀਂ ਸੱਭਿਆਚਾਰਕ ਨੀਤੀ ਤਿਆਰ ਕਰਵਾਈ ਸੀ, ਉਹਦੇ ’ਤੇ ਹੀ  ਕੰਮ ਕਰ ਲਓ। ਹੋਰ ਨਹੀਂ ਤਾਂ ਜਿਵੇਂ ਪੰਜਾਬ ਦਾ ਪਾੜ੍ਹਾ ਵਿਦੇਸ਼ ਤੁਰਿਆ ਜਾ ਰਿਹਾ ਹੈ, ਲੱਖਾਂ ਦੀ ਗਿਣਤੀ ’ਚ ਤੇ ਉਨ੍ਹਾਂ ਦੇ ਨਾਲ ਹੀ ਪੰਜਾਬ ਦਾ 27,000 ਕਰੋੜ ਰੁਪਿਆ ਸਾਲਾਨਾ ਤੁਰਿਆ ਜਾ ਰਿਹੈ ਬਾਹਰ, ਉਸ ਬਾਰੇ ਹੀ ਵਿਚਾਰ ਕਰ ਲਓ ਪਰ ਕਾਹਨੂੰ? 
ਓਧਰ ਸੁਖਪਾਲ ਖਹਿਰਾ ਨੂੰ ਤਾਂ ਜਿਵੇਂ ਮੀਡੀਆ ਫੋਬੀਆ ਹੀ ਹੋਇਆ ਪਿਆ ਹੈ। ਉਹ ਆਏ ਦਿਨ ਜੇਕਰ ਪ੍ਰੈੱਸ ਕਾਨਫਰੰਸ ਨਾ ਕਰ ਲੈਣ, ਚੈਨ ਨਹੀਂ ਪੈਂਦਾ। ਫਿਰ ਉਸ ਕਾਨਫਰੰਸ ਦਾ ਕੋਈ ਮਹੱਤਵ ਵੀ ਹੈ ਜਾਂ ਨਹੀਂ, ਇਹਦਾ ਵੀ ਖਿਆਲ ਨਹੀਂ ਰੱਖਿਆ ਜਾਂਦਾ। ਕੌਣ ਨਹੀਂ ਜਾਣਦਾ ਕਿ ‘ਆਮ ਆਦਮੀ ਪਾਰਟੀ’ ਦੇ ਪਿੱਛੇ ਕਿਹੜੀਅਾਂ ਤਾਕਤਾਂ ਸਨ, ਜੋ ਆਪਣੇ ਆਈਡੀਏ ਇਨ੍ਹਾਂ ਰਾਹੀਂ ਪੰਜਾਬ ’ਚ ਅਮਲ ਕਰਵਾਉਣਾ ਚਾਹੁੰਦੀਅਾਂ ਸਨ। ਉਨ੍ਹਾਂ ਨੇ ਕਿਵੇਂ ਵ੍ਹਟਸਐਪ  ਰਾਹੀਂ ਆਪਣੇ ਮਾਪਿਅਾਂ ਨੂੰ ਭਾਵਨਾਤਮਕ ਤੌਰ ’ਤੇ  ਬਲੈਕਮੇਲ ਕਰਨ ਵਾਲੀਅਾਂ ਆਵਾਜ਼ਾਂ ਭੇਜੀਅਾਂ ਕਿ ਜੇਕਰ ਤੁਸੀਂ ‘ਆਮ ਆਦਮੀ ਪਾਰਟੀ’ ਨੂੰ ਵੋਟ ਨਹੀਂ ਦਿਓਗੇ ਤਾਂ ਸਾਡੇ ਮਰੇ ਹੋਇਅਾਂ ਦੇ ਮੂੰਹ ਦੇਖੋਗੇ। ਕਿਉਂ ਐੱਸ. ਐੱਸ. ਫੂਲਕਾ ਨੂੰ ਪਾਰਟੀ ’ਚ ਲਿਅਾਂਦਾ ਗਿਆ ਤੇ ਟਿਕਟ ਦਿੱਤੀ? ਫਿਰ ਸਭ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਵਜੋਂ  ਵੀ ਪਹਿਲ ਫੂਲਕਾ ਨੂੰ ਹੀ ਦਿੱਤੀ ਗਈ।
ਚੋਣਾਂ ਵੇਲੇ ਕੇਜਰੀਵਾਲ ਦੀ ਮੋਗਾ ਗੇੜੀ ਨੇ ਕੀ ਨਹੀਂ ਦਰਸਾ ਦਿੱਤਾ ਸੀ। ਹੁਣ ਵੀ ਖਹਿਰਾ ਨੇ ਜਿਵੇਂ ਰਿਫਰੈਂਡਮ-2020’ ਉਤੇ ਜੋ ਬਿਆਨ ਦਿੱਤੇ, ਕਿਹੜਾ ਨਹੀਂ ਸਮਝਦਾ ਕਿ ਉਨ੍ਹਾਂ ਦੀ ਪਾਰਟੀ ਤੋਂ ਅਲਹਿਦਗੀ ਕਿਸ ਪਾਸੇ ਵੱਲ ਝੁਕ ਰਹੀ ਹੈ। ਉਹ ਉਨ੍ਹਾਂ ਸਾਰੇ ਆਕਾਵਾਂ ਤੋਂ ਕਿਨਾਰਾ ਕਰ ਵੀ ਕਿਵੇਂ ਸਕਦੇ ਹਨ। ਸਾਡੇ ਅਕਾਲੀ-ਭਾਜਪਾ ਵਾਲੇ ਤੁਰ ਪਏ ਮਾਣਯੋਗ ਰਾਜਪਾਲ ਸਾਹਿਬ ਕੋਲ ਇਹ ਮੰਗ ਲੈ ਕੇ ਕਿ ਕਾਂਗਰਸ ਖਾਲਿਸਤਾਨੀਅਾਂ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਖਹਿਰਾ ਜਾਂ ‘ਆਮ ਆਦਮੀ ਪਾਰਟੀ’ ਦੀ ਪਹੁੰਚ ਉੱਤੇ ਮੰਗ ਕੀਤੀ ਨਹੀਂ। ਸੋ ਭਾਈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਦੁਹਾਈ ਦੇ ਕੇ ਪੰਜਾਬੀਅਾਂ ਨੂੰ ਹਨੇਰੇ ’ਚ ਨਾ ਰੱਖੋ। ਇਹ ਵੀ ਨਾ ਭੁੱਲਿਓ ਕਿ ਪੰਜਾਬੀ ਨੌਜਵਾਨ ਹੁਣ ਸਾਰੇ  ਪਰਦਿਅਾਂ ਦੇ ਪਾਰ ਝਾਕਣ ਦੇ ਕਾਬਿਲ ਹੈ। ਉਸਨੇ ਸਵਾਲ ਦਾਗਣੇ ਹਨ ਤੇ ਤੁਹਾਨੂੰ ਮੁੜ ਜਵਾਬ ਨਹੀਂ ਸੁੱਝਣਾ।
ਵਿਦਿਆਰਥੀ ਜਥੇਬੰਦੀਅਾਂ ’ਚ ਖੱਬੇ-ਪੱਖੀ ਉਭਾਰ ਦੇ ਕੀ ਸੰਕੇਤ! : ਪਿਛਲੇ ਦਿਨੀਂ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ’ਚ ਵਿਦਿਆਰਥੀ ਜਥੇਬੰਦੀਅਾਂ ਦੇ ਚੋਣ ਨਤੀਜੇ ਭਾਰਤ ਤੇ  ਪੰਜਾਬ ਦੀ ਸਿਆਸੀ ਤਸਵੀਰ ਦੀ ਭਵਿੱਖੀ ਸੂਹ ਦੇ ਰਹੇ ਹਨ। ਪੰਜਾਬ ’ਚ ਅੱਤਵਾਦ ਦੇ ਦੌਰ ਤੋਂ ਲੈ ਕੇ ਅੱਜ ਤਕ ਵਿਦਿਆਰਥੀ ਜਥੇਬੰਦੀਅਾਂ ਦੀਅਾਂ ਚੋਣਾਂ ’ਤੇ ਪਾਬੰਦੀ ਹੀ ਚੱਲੀ ਆ ਰਹੀ ਹੈ। ਜਿਵੇਂ ਪੰਜਾਬ ਉਸ ਕਾਲੇ ਦੌਰ  ’ਚੋਂ  ਅੱਜ  ਤਕ  ਉਭਰਨ  ਲੱਗਾ  ਹੋਇਆ  ਹੈ,ਉਵੇਂ  ਬਾਅਦ ’ਚ ਇਨ੍ਹਾਂ  ਵਿਦਿਆਰਥੀ ਜਥੇਬੰਦੀਆਂ ਦੀਆਂ ਚੋਣਾਂ ਉਪਰ ਪਾਬੰਦੀ ਨੇ ਪੰਜਾਬ ਦੇ ਨੌਜਵਾਨ ਨੂੰ ਸਿਆਸੀ ਹੋਣ ਹੀ ਨਹੀਂ ਦਿੱਤਾ। ਇਹ ਦੋ ਦਹਾਕਿਅਾਂ ਤੋਂ ਵੱਧ ਦਾ ਸਮਾਂ ਗੈਰ-ਸਿਆਸੀਕਰਨ ਦੀ ਸਾਜ਼ਿਸ਼ ਦਾ ਸਮਾਂ ਹੈ ਕਿ ਵਿਦਆਰਥੀਅਾਂ ਦੀ ਸਿਆਸੀ ਸਮਝ ਹੀ ਨਾ ਬਣਨ ਦਿਓ। ਇਤਿਹਾਸ ਗਵਾਹ ਹੈ ਕਿ ਵਿਦਿਆਰਥੀ ਜਥੇਬੰਦੀਅਾਂ ’ਚੋਂ ਪੈਦਾ ਹੋਏ ਲੀਡਰ ਦੂਜਿਅਾਂ ਪਿਤਾ-ਪੁਰਖੀ ਲੀਡਰਾਂ ਤੋਂ ਕਿਤੇ ਜ਼ਿਆਦਾ ਅਗਾਂਹਵਧੂ ਤੇ ਸਿਆਣੇ ਹੁੰਦੇ ਹਨ। ਉਂਝ ਵੀ ਵਿਦਿਆਰਥੀ ਜਥੇਬੰਦੀਅਾਂ ਦੀ ਅਣਹੋਂਦ ਕਾਰਨ ਅਸੀਂ ਦੇਖਿਆ ਹੈ ਕਿ ਫੀਸਾਂ ਜਾਂ ਹੋਰ ਕਈ ਤਰ੍ਹਾਂ ਦੀਅਾਂ ਵਸੂਲੀਅਾਂ ਦੇ ਨਾਂ ’ਤੇ ਵਿਦਿਆਰਥੀਅਾਂ ਦੀ ਅੰਨ੍ਹੀ ਲੁੱਟ ਹੋਈ ਤੇ ਬੋਲਣ ਵਾਲਾ ਕੋਈ ਨਹੀਂ ਸੀ। ਇਹ ਕਿਸੇ ਵੀ ਸੂਬੇ ਦਾ ਦੁਖਾਂਤਕ ਪਹਿਲੂ ਹੀ ਹੁੰਦਾ ਹੈ ਕਿ ਉਹਦੇ ਵਾਸੀ ਸਿਆਸੀ ਨਾ ਹੋਣ।
ਵਿਅਕਤੀ ਦਾ ਸਿਆਸੀ ਹੋਣਾ ਲਾਜ਼ਮੀ ਹੈ, ਤਦੇ ਉਹ ਦੇਸ਼ ਦੇ ਬੁਰੇ-ਭਲੇ ਬਾਰੇ ਸੋਚ ਸਕਦਾ ਹੈ। ਹੁਣ ਜਿਸ ਵਿਚਾਰਧਾਰਕ ਦੌਰ ’ਚੋਂ ਭਾਰਤ ਗੁਜ਼ਰ ਰਿਹਾ ਹੈ, ਉਸਦੇ ਸਨਮੁੱਖ ਜੇ. ਐੱਨ. ਯੂ. ਵਿਚ ਖੱਬੇਪੱਖੀ ਵਿਦਿਆਰਥੀ  ਜਥੇਬੰਦੀਆਂ ਦੀ ਚੜ੍ਹਤ ਬਹੁਤ ਮਹੱਤਤਾ ਰੱਖਦੀ ਹੈ। ਇਨ੍ਹਾਂ ਚੋਣਾਂ ’ਚ ਖੱਬੇਪੱਖੀ ਉਮੀਦਵਾਰ ਐੱਨ. ਸਾਈ ਬਾਲਾਜੀ ਨੇ ਏ. ਬੀ. ਵੀ. ਪੀ. ਦੇ ਲਲਿਤ ਪਾਂਡੇ ਨੂੰ 1179 ਵੋਟਾਂ ਦੇ ਫਰਕ ਨਾਲ ਹਰਾਇਆ। ਕੁਲ 5185 ਵੋਟਾਂ ’ਚੋਂ ਬਾਲਾਜੀ ਨੂੰ 2161 ਵੋਟਾਂ ਅਤੇ ਪਾਂਡੇ ਨੂੰ 982 ਵੋਟਾਂ ਮਿਲੀਅਾਂ। ਕਾਂਗਰਸ ਦੇ ਵਿਦਆਰਥੀ ਵਿੰਗ ਐੱਨ. ਐੱਸ. ਯੂ. ਆਈ. ਦਾ ਉਮੀਦਵਾਰ 402 ਵੋਟਾਂ ਹੀ ਲੈ ਸਕਿਆ। ਮੀਤ ਪ੍ਰਧਾਨਗੀ ਦੇ ਅਹੁਦੇ ’ਤੇ ਡੈਮੋਕ੍ਰੇਟਿਕ ਸਟੂਡੈਂਟਸ ਫੈੱਡਰੇਸ਼ਨ ਦੀ ਸਾਰਿਕਾ ਚੌਧਰੀ ਨੇ (2692 ਵੋਟਾਂ) ਏ. ਬੀ. ਵੀ. ਪੀ. ਦੀ ਗੀਤਾ ਸ਼੍ਰੀ (1013 ਵੋਟਾਂ) ਨੂੰ ਹਰਾਇਆ। 
ਜਨਰਲ ਸਕੱਤਰ ਵਜੋਂ ਚੁਣੇ ਗਏ ਐੱਸ. ਐੱਫ. ਆਈ. ਦੇ ਅਜ਼ੀਜ਼ ਅਹਿਮਦ ਨੂੰ 2426 ਵੋਟਾਂ ਮਿਲੀਅਾਂ, ਜਦਕਿ ਏ. ਬੀ. ਵੀ.  ਪੀ. ਦੇ ਗਣੇਸ਼ ਗੁੱਜਰ ਨੂੰ 1235 ਵੋਟਾਂ ਮਿਲੀਅਾਂ। ਸੰਯੁਕਤ ਸਕੱਤਰ ਦੇ ਅਹੁਦੇ ਲਈ ਏ. ਐੱਸ. ਐੱਫ. ਆਈ. ਦੇ ਅਮੁਥ ਜੈਦੀਪ ਨੇ 2047 ਵੋਟਾਂ ਲੈ ਕੇ ਏ. ਬੀ. ਵੀ. ਪੀ. ਦੇ ਵੈਂਕਟ ਚੌਬੇ (1290 ਵੋਟਾਂ) ਨੂੰ ਹਰਾਇਆ। ਇਹ ਹਾਰ ਵਿਰੋਧੀਅਾਂ ਨੂੰ ਹਜ਼ਮ ਨਹੀਂ ਹੋਈ ਤੇ ਉਥੇ ਹੰਗਾਮਾ ਵੀ ਹੋਇਆ। 
ਕੁਝ ਵੀ ਕਹੋ, ਇਹ ਨਤੀਜੇ ਭਾਰਤ ’ਚ ਇਕ ਉਸ ਰੋਹ ’ਤੇ ਵਿਚਾਰਧਾਰਕ ਉਭਾਰ ਵੱਲ ਹੀ ਅਹੁਲਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ‘ਅਰਬਨ ਨਕਸਲ’ ਕਹਿ ਕੇ ਦਬਾਉਣ/ਧਮਕਾਉਣ ਦੀਅਾਂ ਕੋਸ਼ਿਸ਼ਾਂ ਕੀਤੀਅਾਂ ਜਾ ਰਹੀਅਾਂ ਹਨ। ਪੰਜਾਬ ਯੂਨੀਵਰਸਿਟੀ ਦੇ ਚੋਣ ਨਤੀਜੇ ਵੀ ਇਹੋ ਦਰਸਾ ਰਹੇ ਨੇ। ਇਥੇ ਵੀ ਖੱਬੇਪੱਖੀ ਜਥੇਬੰਦੀ ਸਟੂਡੈਂਟਸ ਫਾਰ ਸੋਸਾਇਟੀ ਦੀ ਚੜ੍ਹਤ ਹੀ ਰਹੀ ਹੈ। ਸੋ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਦਆਰਥੀ ਅੱਜ ਜੋ ਹੈ, ਉਹ ਕਾਫੀ ਲੰਮੇ ਸਮੇਂ ਬਾਅਦ ਜਾਗਿਆ ਹੈ, ਸਿਆਸੀ ਹੋਇਆ ਹੈ। ਇਸ ਸਿਆਸੀ ਵਿਦਿਆਰਥੀ ਨੂੰ ਸਾਨੂੰ ਵਿਸ਼ੇਸ਼ ਤਵੱਕੋਂ ਤੇ ਤਵੱਜੋਂ ਦੇਣੀ ਚਾਹੀਦੀ ਹੈ। ਇਹ ਭਵਿੱਖੀ ਭਾਰਤ ਦੀ ਸਾਰਥਕ ਤਸਵੀਰ ਦਾ ਵਾਹਕ ਹੈ। 
 


Related News