ਸਾਊਦੀ ਅਰਬ ਕੀ ਪੱਤਰਕਾਰ ਜਮਾਲ ਖਾਸ਼ੋਗੀ ਦੀ ਲੇਖਣੀ ਤੋਂ ਡਰ ਗਿਆ ਸੀ

Wednesday, Oct 24, 2018 - 06:49 AM (IST)

ਅਮਰੀਕਾ ਦੇ ਦੋ ਅਕਸ ਹਨ, ਜੋ ਪੂਰੀ ਦੁਨੀਆ ਨੂੰ ਦੁਖੀ ਵੀ ਕਰਦੇ ਹਨ ਤੇ ਖੁਸ਼ ਵੀ, ਅਣਮਨੁੱਖੀ ਨੀਤੀਆਂ ਤੋਂ ਬਚਾਉਂਦੇ ਹਨ, ਲੋਕਤੰਤਰ-ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਦੇ ਹਨ, ਅੰਦੋਲਨਾਂ ਤੇ ਮੁਹਿੰਮਾਂ ਨੂੰ ਰਫਤਾਰ ਵੀ ਦਿੰਦੇ ਹਨ। 
ਅਮਰੀਕਾ ਦਾ ਇਕ ਅਕਸ ਉਸ ਦੀ ਚੌਧਰਾਹਟ ਵਾਲਾ ਹੈ। ਦੁਨੀਆ ਦੇ ਸੋਮਿਆਂ ’ਤੇ ਉਸ ਦੀ ਬੁਰੀ ਨਜ਼ਰ ਰਹਿੰਦੀ ਹੈ ਪਰ ਦੂਜੇ ਅਕਸ ’ਚ ਉਹ ਪਾਲਣਹਾਰ ਵੀ ਹੈ, ਸ਼ਾਂਤੀ ਅਤੇ ਸਹਾਇਤਾ ਦਾ ਨਾਇਕ ਵੀ ਹੈ, ਲੋਕਤੰਤਰਿਕ ਦੁਨੀਆ ਦਾ ਰੱਖਿਅਕ ਵੀ ਹੈ ਪਰ ਚਰਚਾ ਅਕਸਰ ਉਸ ਦੇ ਪਹਿਲੇ ਅਕਸ ਦੀ ਹੁੰਦੀ ਹੈ ਤੇ ਉਸ ਨੂੰ ਖਲਨਾਇਕ ਦਾ ਨਾਂ ਦਿੱਤਾ ਜਾਂਦਾ ਹੈ। ਫਿਰ ਵੀ ਸਾਨੂੰ ਇਹ ਤੱਥ ਨਹੀਂ ਭੁੱਲਣਾ ਚਾਹੀਦਾ ਕਿ ਜਿਥੇ ਪੂਰੀ ਦੁਨੀਆ ਚੁੱਪ ਹੋ ਕੇ ਬੈਠ ਜਾਂਦੀ ਹੈ, ਆਪਣੇ ਕੰਨ ਬੰਦ ਕਰ ਲੈਂਦੀ ਹੈ, ਉਥੇ ਆਵਾਜ਼ ਉਠਾਉਣ ਲਈ ਅਮਰੀਕਾ ਹੀ ਖੜ੍ਹਾ ਹੁੰਦਾ ਹੈ।
ਹੁਣੇ ਜਿਹੇ ਜਮਾਲ ਖਾਸ਼ੋਗੀ ਦੀ ਹੱਤਿਆ ਦਾ ਮਾਮਲਾ ਦੇਖ ਲਓ। ਉਨ੍ਹਾਂ ਦੀ ਹੱਤਿਆ ’ਤੇ ਜਿਥੇ ਪੂਰੀ ਦੁਨੀਆ ਚੁੱਪ ਹੈ, ਉਥੇ ਹੀ ਅਮਰੀਕਾ ਇਕੋ-ਇਕ ਅਜਿਹਾ ਦੇਸ਼ ਹੈ, ਜੋ ਇਹ ਕਹਿਣ ਤੋਂ ਵੀ ਨਹੀਂ ਖੁੰਝਦਾ  ਕਿ  ਖਾਸ਼ੋਗੀ ਦੀ ਹੱਤਿਆ ਦੇ ਕਾਤਿਲਾਂ ਨੂੰ ਬੁਰੇ ਨਤੀਜੇ ਝੱਲਣੇ ਪੈਣਗੇ ਤੇ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ। 
ਜਮਾਲ ਖਾਸ਼ੋਗੀ ਦੀ ਹੱਤਿਆ ਨੂੰ ਲੈ ਕੇ ਅਮਰੀਕਾ ਦੀ ਨਾਰਾਜ਼ਗੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਹਾੜ ਨੇ ਨਾ ਸਿਰਫ ਕਾਤਿਲ  ਸਾਊਦੀ ਅਰਬ ਦੇ ਰਾਜਸ਼ਾਹੀ ਸਰਗਣੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀਆਂ ਹੱਡੀਆਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਸਗੋਂ ਤੁਰਕੀ ਨੂੰ ਵੀ ਚਿੰਤਾ ’ਚ ਪਾ ਦਿੱਤਾ ਹੈ। 
ਇਸ ਦਾ ਨਤੀਜਾ ਇਹ ਨਿਕਲਿਆ ਕਿ ਸਾਊਦੀ ਅਰਬ ਦੀ ਰਾਜਸ਼ਾਹੀ ਨੂੰ ਖਾਸ਼ੋਗੀ ਦੀ ਹੱਤਿਆ ’ਚ ਸ਼ਮੂਲੀਅਤ ਦੀ ਗੱਲ ਕਬੂਲਣੀ ਪਈ ਤੇ ਆਪਣੀ ਖੁਫੀਆ ਸੇਵਾ ਦੇ ਮੁਖੀ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਅਹੁਦੇ ਤੋਂ ਬਰਖਾਸਤ ਤਕ ਕਰਨਾ ਪਿਆ।
ਹੁਣ ਇਥੇ ਇਕ ਨਹੀਂ ਸਗੋਂ ਕਈ ਸਵਾਲ ਉੱਠਦੇ ਹਨ, ਜਿਨ੍ਹਾਂ ਦੇ ਜਵਾਬਾਂ ਦੀ ਲੋੜ ਹੈ। ਸਵਾਲ ਇਹ ਹੈ ਕਿ ਪੱਤਰਕਾਰ ਜਮਾਲ ਖਾਸ਼ੋਗੀ ਕੌਣ ਸਨ ਤੇ ਪ੍ਰਸਿੱਧ ਕਿਉਂ ਹੋਏ? ਕੀ ਉਹ ਸੱਚਮੁੱਚ ਲੋਕਤੰਤਰ ਦੇ ਨਾਇਕ ਸਨ? ਪ੍ਰਗਟਾਵੇ ਦੀ ਆਜ਼ਾਦੀ ਦੇ ਪ੍ਰਤੀਕ ਸਨ? ਸਾਊਦੀ ਅਰਬ ਨੇ ਪੱਤਰਕਾਰ ਖਾਸ਼ੋਗੀ ਦੀ ਹੱਤਿਆ ਕਿਉਂ ਕਰਵਾਈ? ਕੀ ਉਹ ਇਕ ਪੱਤਰਕਾਰ ਦੀ ਲੇਖਣੀ ਨੂੰ ਆਪਣੇ ਲਈ ਖਤਰਨਾਕ ਸਮਝਦਾ ਸੀ?
ਹੁਣ ਸਾਊਦੀ ਅਰਬ ਤੇ ਅਮਰੀਕਾ ਦੇ ਸਬੰਧ ਕਿਸ ਹੱਦ ਤਕ ਵਿਗੜਨਗੇ? ਅਮਰੀਕਾ ਦੀ ਸਹਾਇਤਾ ਤੋਂ ਬਿਨਾਂ ਸਾਊਦੀ ਅਰਬ ਕੀ ਮਜ਼ਬੂਤੀ ਨਾਲ ਖੜ੍ਹਾ ਰਹਿ ਸਕਦਾ ਹੈ? ਅਰਬ ਜਗਤ ’ਚ ਉਸ ਦੀ ਤਾਕਤ ਕਿੰਨੀ ਘਟੇਗੀ? ਚੀਨ, ਰੂਸ ਵਰਗੇ ਦੇਸ਼, ਜੋ ਦੁਨੀਆ ’ਚ ਆਪਣੀ ਚੌਧਰਾਹਟ ਕਾਇਮ ਕਰਨ ਲਈ ਤਿਆਰ ਰਹਿੰਦੇ ਹਨ, ਉਨ੍ਹਾਂ ਵਾਸਤੇ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਕੋਈ ਚਿੰਤਾ ਵਾਲੀ ਗੱਲ ਕਿਉਂ ਨਹੀਂ?
ਜਮਾਲ ਖਾਸ਼ੋਗੀ ਸਿਰਫ ਇਕ ਪੱਤਰਕਾਰ ਨਹੀਂ ਸਨ, ਉਹ ਸਿਰਫ ‘ਵਾਸ਼ਿੰਗਟਨ ਪੋਸਟ’ ਨਾਲ ਹੀ ਨਹੀਂ ਜੁੜੇ ਹੋਏ ਸਨ। ਸੱਚ ਤਾਂ ਇਹ ਹੈ ਕਿ ਉਨ੍ਹਾਂ ਦੀ ਪਛਾਣ ਬਹੁਤ ਵੱਡੀ ਸੀ। ਸਾਊਦੀ ਅਰਬ ਛੱਡਣ ਤੋਂ ਬਾਅਦ ਉਨ੍ਹਾਂ ਦੀ ਪਛਾਣ ਅਤੇ ਉਨ੍ਹਾਂ ਦੀ ਪੱਤਰਕਾਰੀ ਸਾਊਦੀ ਅਰਬ, ਅਰਬ ਜਗਤ, ਅਮਰੀਕਾ ਅਤੇ ਯੂਰਪ ਤਕ ਪ੍ਰਸਿੱਧ ਸੀ। ਅਰਬ ਜਗਤ ਦੀ ਪੱਤਰਕਾਰੀ ਪੂਰੀ ਤਰ੍ਹਾਂ ਮੁਸਲਿਮ ਤਾਨਾਸ਼ਾਹੀ ਦੇ ਕਿਲੇ ’ਚ ਬੰਦ ਰਹਿੰਦੀ ਹੈ ਤੇ ਉਸ ਦਾ ਗੁਣਗਾਨ ਕਰਨਾ ਹੀ ਉਥੇ ਪੱਤਰਕਾਰੀ ਦਾ ਆਖਰੀ ਸਿੱਟਾ ਹੁੰਦਾ ਹੈ। ਮੁਸਲਿਮ ਤਾਨਾਸ਼ਾਹੀ ਦੇ ਵਿਰੁੱਧ ਜਾਣ ਦਾ ਮਤਲਬ ਹੈ ਆਪਣੀ ਬਰਬਾਦੀ ਨੂੰ ਸੱਦਾ ਦੇਣਾ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਅਰਬ ਦੇਸ਼ਾਂ ’ਚ ਮੁਸਲਿਮ ਤਾਨਾਸ਼ਾਹੀ ਹੀ ਪੱਸਰੀ ਹੋਈ ਹੈ। ਜਮਾਲ ਖਾਸ਼ੋਗੀ ਦੁਨੀਆ ਦੇ ਬਦਨਾਮ ਹਥਿਆਰ ਵਿਕਰੇਤਾ ਅਦਨਾਨ ਖਾਸ਼ੋਗੀ ਦੇ ਭਤੀਜੇ ਸਨ। ਇਕ ਸਮੇਂ ਪੂਰੀ ਦੁਨੀਆ ’ਚ ਅਦਨਾਨ ਖਾਸ਼ੋਗੀ ਦਾ ਡੰਕਾ ਵੱਜਦਾ ਸੀ ਤੇ ਹਥਿਆਰ ਬਣਾਉਣ ਵਾਲੇ ਯੂਰਪੀ ਦੇਸ਼ ਤੇ ਅਮਰੀਕਾ ਅਦਨਾਨ ਖਾਸ਼ੋਗੀ ਦੀਆਂ ਉਂਗਲਾਂ ’ਤੇ ਨੱਚਦੇ ਸਨ। ਉਹ ਹਥਿਆਰਾਂ ਦੀ ਵਿਕਰੀ ਤੇ ਕਮਿਸ਼ਨ ’ਚ ਮਾਹਿਰ ਸਨ। ਦੁਨੀਆ ’ਚ ਰਸੂਖ ਰੱਖਣ ਵਾਲੇ ਅਜਿਹੇ ਪਰਿਵਾਰ ਦੇ ਕਿਸੇ ਪ੍ਰਸਿੱਧ ਵਿਅਕਤੀ ਦੀ ਹੱਤਿਆ ਹੋਵੇਗੀ ਤਾਂ ਉਸ ਦੀ ਚਰਚਾ ਭਲਾ ਕਿਉਂ ਨਹੀਂ ਹੋਵੇਗੀ?
ਜਮਾਲ ਖਾਸ਼ੋਗੀ ਦੀ ਹੱਤਿਆ ਉਂਝ ਤਾਂ ਤੁਰਕੀ ’ਚ ਹੋਈ ਹੈ, ਜਿਥੇ ਉਹ ਸਾਊਦੀ ਅਰਬ ਦੇ ਵਣਜ ਦੂਤਘਰ ’ਚ ਨਾਗਰਿਕਤਾ ਨਾਲ ਸਬੰਧਤ ਦਸਤਾਵੇਜ਼ ਲੈਣ ਗਏ ਹੋਏ ਸਨ। ਹੱਤਿਆ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਤਹਿਸ-ਨਹਿਸ ਕਰ ਕੇ ਗਾਇਬ ਕਰ ਦਿੱਤਾ ਗਿਆ। ਜਦੋਂ ਖਾਸ਼ੋਗੀ ਦੇ ਲਾਪਤਾ ਹੋਣ ਮਗਰੋਂ ਜਾਂਚ ਹੋਈ ਤਾਂ ਪਤਾ ਲੱਗਾ ਕਿ ਸਾਊਦੀ ਅਰਬ ਨੇ ਇਕ ਸਾਜ਼ਿਸ਼ ਤਹਿਤ ਉਨ੍ਹਾਂ ਦੀ ਹੱਤਿਆ ਕਰਵਾਈ ਹੈ। 
ਤੁਰਕੀ ਦੀ ਪੁਲਸ ਪਹਿਲੇ ਦਿਨ ਤੋਂ ਹੀ ਇਹ ਕਹਿ ਰਹੀ ਸੀ ਕਿ ਹੱਤਿਆ ਸਾਊਦੀ ਅਰਬ ਦੇ ਦੂਤਘਰ ਅੰਦਰ ਹੀ ਹੋਈ ਹੈ। ਪਹਿਲਾਂ ਸਾਊਦੀ ਅਰਬ ਹੱਤਿਆ ’ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ ਤੇ ਤੁਰਕੀ ਦੀ ਪੁਲਸ ਦੇ ਦੋਸ਼ਾਂ ਦਾ ਖੰਡਨ ਕਰਦਾ ਰਿਹਾ ਪਰ ਜਦੋਂ ਅਮਰੀਕਾ ਦਹਾੜਿਆ, ਅਮਰੀਕੀ ਪੱਤਰਕਾਰੀ ਇਕਜੁੱਟ ਹੋ ਕੇ ਵਾਰ ਕਰਨ ਲਈ ਸਰਗਰਮ ਹੋ ਗਈ, ਟਰੰਪ ਨੇ ਗੁੱਸਾ ਦਿਖਾਇਆ ਤਾਂ ਜਾ ਕੇ ਸਾਊਦੀ ਅਰਬ ਇਸ ਹੱਤਿਆ ’ਚ ਆਪਣੀ ਸ਼ਮੂਲੀਅਤ ਬਾਰੇ ਮੰਨਣ ਲਈ ਮਜਬੂਰ ਹੋਇਆ। 
ਸਾਊਦੀ ਅਰਬ ਨੇ ਖਾਸ਼ੋਗੀ ਦੀ ਹੱਤਿਆ ਕਿਉਂ ਕਰਵਾਈ? ਮੁਸਲਿਮ ਤਾਨਾਸ਼ਾਹੀ ਸਭ ਤੋਂ ਜ਼ਿਆਦਾ ਨਫਰਤ ਪ੍ਰਗਟਾਵੇ ਦੀ ਆਜ਼ਾਦੀ ਤੋਂ ਕਰਦੀ ਹੈ ਤੇ ਇਸ ਨੂੰ ਕੁਚਲਣ ਲਈ ਹਰ ਤਰ੍ਹਾਂ ਦੀ ਹਿੰਸਾ ਕਰਨ ਨੂੰ ਤਿਆਰ ਰਹਿੰਦੀ ਹੈ।  
ਮੁਸਲਿਮ ਤਾਨਾਸ਼ਾਹੀ ਹੋਵੇ ਜਾਂ ਫਿਰ ਕਮਿਊਨਿਸਟ ਤਾਨਾਸ਼ਾਹੀ, ਇਸ ’ਚ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਸਾਊਦੀ ਅਰਬ ਤੋਂ ਲੈ ਕੇ ਚੀਨ ਤਕ ਇਸ ਦੀਆਂ ਮਿਸਾਲਾਂ ਦੇਖੀਆਂ ਜਾ ਸਕਦੀਆਂ ਹਨ ਅਤੇ ਇਹ ਜਾਣਿਆ ਜਾ ਸਕਦਾ ਹੈ  ਕਿ ਤਾਨਾਸ਼ਾਹੀ ਦੀ ਘੇਰਾਬੰਦੀ ’ਚ ਮਨੁੱਖਤਾ ਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਕਿਹੋ ਜਿਹੀਆਂ ਪਾਬੰਦੀਆਂ ਹਨ।
ਜਮਾਲ ਖਾਸ਼ੋਗੀ ਸਾਊਦੀ ਅਰਬ ਦੇ ਲੋਕਰਾਜੀਕਰਨ ਦੇ ਸਮਰਥਕ ਸਨ। ਉਥੋਂ ਦੇ ਸ਼ਾਸਕ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀਆਂ ਨੀਤੀਆਂ ਦੇ ਵੀ ਉਹ ਆਲੋਚਕ ਰਹੇ ਸਨ। ਮੁਹੰਮਦ ਬਿਨ ਸਲਮਾਨ ਨੇ ਸਾਊਦੀ ਅਰਬ ’ਚ ਅਜਿਹੇ ਕਈ ਹੱਥਕੰਡੇ ਅਪਣਾਏ ਹਨ, ਜਿਨ੍ਹਾਂ ਦੇ ਗੰਭੀਰ ਬੁਰੇ ਨਤੀਜੇ ਨਿਕਲੇ। ਖਾਸ਼ੋਗੀ ਨੂੰ ਪਹਿਲਾਂ ਹੀ ਖਤਰੇ ਦਾ ਖਦਸ਼ਾ ਸੀ, ਇਸ ਲਈ ਉਹ ਸਾਊਦੀ ਅਰਬ ਛੱਡ ਕੇ ਅਮਰੀਕਾ ਚਲੇ ਗਏ ਸਨ। 
ਟਰੰਪ ਨੇ ਇਹ ਨਹੀਂ ਦੇਖਿਆ ਕਿ ਸਾਊਦੀ ਅਰਬ ’ਚ ਅਮਰੀਕੀ ਹਿੱਤ ਪ੍ਰਭਾਵਿਤ ਹੋਣਗੇ, ਉਨ੍ਹਾਂ ਨੇ ਖਾਸ਼ੋਗੀ ਦੀ ਹੱਤਿਆ ਨੂੰ ਲੈ ਕੇ ਆਵਾਜ਼ ਉਠਾਈ ਤੇ ਸਾਊਦੀ ਅਰਬ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਟਰੰਪ ਅਜੇ ਵੀ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਨੇ ਸਾਊਦੀ ਅਰਬ ’ਤੇ ਪਾਬੰਦੀਆਂ ਲਾਉਣ ਦੀ ਗੱਲ ਤਾਂ ਕਹਿ ਦਿੱਤੀ ਹੈ। ਇਕ ਸਾਲ ਪਹਿਲਾਂ ਹੀ ਸਾਊਦੀ ਅਰਬ ਨੇ ਅਮਰੀਕਾ ਨਾਲ 110 ਬਿਲੀਅਨ ਡਾਲਰ ਦਾ ਹਥਿਆਰ ਸੌਦਾ ਕੀਤਾ ਸੀ। 
ਦੂਜੇ ਪਾਸੇ ਸਾਊਦੀ ਅਰਬ ਨੇ ਅਸਿੱਧੇ ਤੌਰ ’ਤੇ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਨੇ ਉਸ ’ਤੇ ਕਾਰਵਾਈ ਕੀਤੀ ਜਾਂ ਪਾਬੰਦੀਆਂ ਲਾਈਆਂ ਤਾਂ ਉਹ ਚੀਨ ਤੇ ਰੂਸ ਨਾਲ ਰੱਖਿਆ ਸਮਝੌਤਾ ਕਰੇਗਾ ਤੇ ਉਨ੍ਹਾਂ ਤੋਂ ਹੀ ਹਥਿਆਰ ਖਰੀਦੇਗਾ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਤੇਲ ਦੀ ਪੈਦਾਵਾਰ ਘਟਾਉਣ ਦੀ ਗੱਲ ਕਹੀ, ਜਿਸ ਨਾਲ ਤੇਲ ਬਾਜ਼ਾਰ ’ਚ ‘ਅੱਗ’ ਲੱਗ ਜਾਵੇਗੀ।
ਸਾਊਦੀ ਅਰਬ ਦੇ ਰਾਹ ਆਸਾਨ ਨਹੀਂ ਹਨ। ਉਹ ਯਮਨ ਅਤੇ ਸੀਰੀਆ ’ਚ ਉਲਝਿਆ ਹੋਇਆ ਹੈ। ਆਪਣੀ ਸੁਰੱਖਿਆ ਅਤੇ ਹੋਂਦ ਲਈ ਉਸ ਨੂੰ ਅਮਰੀਕੀ ਸਹਾਇਤਾ ਦੀ ਲੋੜ ਹੈ। ਜਮਾਲ ਖਾਸ਼ੋਗੀ ਦੀ ਹੱਤਿਆ ਵਿਰੁੱਧ ਅਮਰੀਕੀ ਦਹਾੜ ਨਾਲ ਹੋਰ ਮੁਸਲਿਮ ਤਾਨਾਸ਼ਾਹ ਦੇਸ਼ਾਂ ਨੂੰ ਵੀ ਸਬਕ ਮਿਲੇਗਾ ਤੇ ਅਜਿਹੀਆਂ ਹੱਤਿਆਵਾਂ ਵਿਰੁੱਧ ਡਰ ਵੀ ਕਾਇਮ ਹੋਵੇਗਾ।   
                  


Related News