''ਸਿਰਫ ਵਿਰੋਧ'' ਦੀ ਨੀਤੀ ਛੱਡ ਕੇ ਇਕ ਚੰਗੀ ਸ਼ੁਰੂਆਤ ਕਰ ਸਕਦੇ ਹਨ ਰਾਹੁਲ

12/17/2017 7:35:46 AM

ਉਧਾਰ ਦੇ 13 ਰੁਪਏ ਦੀ ਬਜਾਏ ਨਕਦ 9 ਰੁਪਏ ਨੂੰ ਤਰਜੀਹ ਦੇਣਾ ਹਮੇਸ਼ਾ ਅਕਲਮੰਦੀ ਦੀ ਨਿਸ਼ਾਨੀ ਸਮਝੀ ਜਾਂਦੀ ਹੈ। ਅਜਿਹੀ ਸਥਿਤੀ 'ਚ ਗੁਜਰਾਤ ਦੇ ਐਗਜ਼ਿਟ ਪੋਲ 'ਚ ਇਕ ਵਾਰ ਫਿਰ ਭਾਜਪਾ ਦੇ ਜਿੱਤਣ ਦੀਆਂ ਭਵਿੱਖਬਾਣੀਆਂ ਦੇ ਬਾਵਜੂਦ ਅਸੀਂ 18 ਦਸੰਬਰ ਨੂੰ ਆਉਣ ਵਾਲੇ ਚੋਣ ਨਤੀਜਿਆਂ ਦੀ ਉਡੀਕ ਕਰਨ 'ਚ ਹੀ ਸਮਝਦਾਰੀ ਮੰਨਦੇ ਹਾਂ। ਫਿਰ ਵੀ ਇਕ ਨਾਮਜ਼ਦਗੀ ਦਾਇਰ ਹੋਣ ਤੋਂ ਪਹਿਲਾਂ ਜਿਸ ਚੋਣ ਦੇ ਨਤੀਜੇ 'ਚ ਨਿਰਵਿਵਾਦ ਜੇਤੂ ਨੂੰ ਸਿੰਘਾਸਨ 'ਤੇ ਬਿਠਾ ਦਿੱਤਾ ਗਿਆ, ਉਹ ਸੀ ਕਾਂਗਰਸ ਦੇ ਪ੍ਰਧਾਨ ਦੀ ਚੋਣ। ਏ. ਓ. ਹਿਊਮ ਵਲੋਂ ਸਥਾਪਿਤ ਇਸ 132 ਸਾਲ ਪੁਰਾਣੀ ਪਾਰਟੀ ਦੀ ਕਮਾਨ 47 ਸਾਲਾ ਰਾਹੁਲ ਗਾਂਧੀ ਨੂੰ ਸੌਂਪਣ ਤੋਂ ਪਹਿਲਾਂ 19 ਵਰ੍ਹਿਆਂ ਤਕ ਸੋਨੀਆ ਗਾਂਧੀ ਦੇ ਹੱਥਾਂ 'ਚ ਰਹੀ ਹੈ। ਹੁਣ ਪਰਿਵਾਰ ਦੇ ਭਲੇ-ਬੁਰੇ ਦੀ ਚਿੰਤਾ ਰਾਹੁਲ ਦੇ ਹੱਥਾਂ 'ਚ ਹੈ।
ਪਾਰਟੀ ਦੇ ਨਵੇਂ ਪ੍ਰਧਾਨ ਦੀ ਰਸਮੀ ਚੋਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਨਹਿਰੂ-ਗਾਂਧੀ ਪਰਿਵਾਰ ਦੇ ਸਾਰੇ ਮੈਂਬਰ ਪਾਰਟੀ 'ਤੇ ਆਪਣੀ ਮਜ਼ਬੂਤ ਪਕੜ ਬਣਾਈ ਰੱਖਣ ਲਈ ਇਕਜੁੱਟ ਹਨ। ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਵਜੋਂ ਕਮਾਨ ਸੌਂਪੇ ਜਾਣ ਮੌਕੇ ਪ੍ਰਿਯੰਕਾ ਤੇ ਉਸ ਦਾ ਪਤੀ ਰਾਬਰਟ ਵਢੇਰਾ ਵੀ ਮੌਜੂਦ ਸਨ। ਇਨ੍ਹਾਂ ਦੋਹਾਂ ਕੋਲ ਬੇਸ਼ੱਕ ਇਸ ਪਰਿਵਾਰਕ ਫਰਮ 'ਚ ਕੋਈ ਰਸਮੀ ਅਹੁਦਾ ਨਾ ਵੀ ਹੋਵੇ, ਤਾਂ ਵੀ ਇਸ ਮਹਾਨ ਪਾਰਟੀ ਦੇ ਛੁੱਟਭਈਆ ਨੇਤਾਵਾਂ ਨੂੰ ਇਹ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਪਾਰਟੀ ਦਾ ਸੱਤਾਤੰਤਰ ਕਿਵੇਂ ਕੰਮ ਕਰਦਾ ਹੈ।
ਆਪਣੀ ਪੁਰਾਣੀ 'ਬੌਸ' ਦੇ ਨਾਲ-ਨਾਲ ਨਵੇਂ ਬੌਸ ਦੇ ਵੀ ਦਿਲੋ-ਦਿਮਾਗ ਦੀਆਂ ਖੂਬੀਆਂ ਦਾ ਗੁਣਗਾਨ ਦਰਬਾਰੀ ਨੰ. 1 ਭਾਵ ਮਨਮੋਹਨ ਸਿੰਘ ਨੇ ਖੁੱਲ੍ਹੇ ਦਿਲ ਨਾਲ ਕੀਤਾ। 70 ਦੇ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ 'ਚ ਦਿੱਲੀ ਸਕੂਲ ਆਫ ਇਕਨਾਮਿਕਸ 'ਚ ਸਹਾਇਕ ਪ੍ਰੋਫੈਸਰ ਤੋਂ ਲੈ ਕੇ ਲਗਾਤਾਰ 10 ਸਾਲ ਪ੍ਰਧਾਨ ਮੰਤਰੀ ਰਹਿਣ ਤਕ ਉਹ ਆਪਣੇ ਸਮੁੱਚੇ ਕੈਰੀਅਰ ਦੌਰਾਨ ਆਪਣੇ ਲਈ ਅਸਾਧਾਰਨ ਤਰੱਕੀ ਯਕੀਨੀ ਬਣਾਉਣ ਤੋਂ ਕਦੇ ਨਹੀਂ ਖੁੰਝੇ। 
ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਜੋ ਆਦਮੀ ਹੁਣ ਕਾਂਗਰਸ ਦਾ ਰਸਮੀ ਤੌਰ 'ਤੇ ਪ੍ਰਧਾਨ ਬਣਿਆ ਹੈ, ਉਸੇ ਨੇ ਜਦੋਂ ਜਨਤਕ ਤੌਰ 'ਤੇ ਮਨਮੋਹਨ ਸਿੰਘ ਨੂੰ 'ਅਪਮਾਨਿਤ' ਕੀਤਾ ਸੀ ਤਾਂ ਮਨਮੋਹਨ ਸਿੰਘ ਕਿੰਨੇ 'ਮਰਿਆਦਾਪੂਰਨ' ਢੰਗ ਨਾਲ ਅਪਮਾਨ ਦਾ ਘੁੱਟ ਪੀ ਗਏ ਸਨ ਅਤੇ ਇੰਝ ਕੰਮ ਕਰਨਾ ਜਾਰੀ ਰੱਖਿਆ, ਜਿਵੇਂ ਕੁਝ ਹੋਇਆ ਹੀ ਨਾ ਹੋਵੇ।
ਜਦੋਂ ਮਨਮੋਹਨ ਸਿੰਘ ਯੋਜਨਾ ਕਮਿਸ਼ਨ ਦੇ ਉਪ-ਚੇਅਰਮੈਨ ਸਨ ਤਾਂ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀ ਮੈਂਬਰਾਂ ਨੂੰ 'ਜੋਕਰਾਂ ਦੀ ਮੰਡਲੀ' ਕਰਾਰ ਦਿੱਤਾ ਸੀ। ਉਦੋਂ ਵੀ ਮਨਮੋਹਨ ਸਿੰਘ ਇੰਝ ਵਰਤਾਓ ਕਰਦੇ ਰਹੇ, ਜਿਵੇਂ ਕੁਝ ਹੋਇਆ ਹੀ ਨਹੀਂ ਸੀ।
ਪਰ ਇਹ ਕਾਲਮ ਮਨਮੋਹਨ ਸਿੰਘ ਬਾਰੇ ਨਹੀਂ ਹੈ, ਉਨ੍ਹਾਂ ਦਾ ਜ਼ਿਕਰ ਤਾਂ ਇਹ ਸਿੱਧ ਕਰਨ ਲਈ ਕੀਤਾ ਗਿਆ ਹੈ ਕਿ ਪਰਿਵਾਰਕ ਜਾਇਦਾਦ ਬਣ ਚੁੱਕੀ ਕਾਂਗਰਸ ਦੇ ਜੀ-ਹਜ਼ੂਰੀਏ ਕਿਸ ਤਰ੍ਹਾਂ ਮਾਂ-ਪੁੱਤ ਦੀ ਚਾਪਲੂਸੀ ਕਰ ਰਹੇ ਸਨ। ਵੋਟਰਾਂ ਨਾਲ ਸਬੰਧ ਕਾਇਮ ਕਰਨ ਦੀਆਂ ਰਾਹੁਲ ਗਾਂਧੀ ਦੀਆਂ ਸਮਰੱਥਾਵਾਂ ਬਾਰੇ ਖਦਸ਼ੇ ਹੋਣ ਦੇ ਬਾਵਜੂਦ ਇਕ ਤੋਂ ਬਾਅਦ ਇਕ ਬੁਲਾਰੇ ਨੇ ਵਧ-ਚੜ੍ਹ ਕੇ ਚਾਪਲੂਸੀ ਦਿਖਾਈ। ਹੁਣ ਇਹ ਤਾਂ ਸਿੱਧ ਹੋ ਹੀ ਚੁੱਕਾ ਹੈ ਕਿ ਦੇਸ਼ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਦਾ ਵਜੂਦ ਹੁਣ ਨਹਿਰੂ-ਗਾਂਧੀ ਪਰਿਵਾਰ ਦੀ 'ਚਮਚਾਗਿਰੀ' ਉੱਤੇ ਹੀ ਨਿਰਭਰ ਹੈ, ਨਾ ਕਿ ਕਿਸੇ ਮੈਰਿਟ 'ਤੇ।
ਫਿਰ ਅਜਿਹੀ ਸਥਿਤੀ 'ਚ ਨਵੇਂ ਪਾਰਟੀ ਪ੍ਰਧਾਨ ਦਾ ਗੁਣਗਾਨ ਕਰਨਾ ਸਾਰੇ ਕਾਂਗਰਸੀਆਂ ਦੀ ਮਜਬੂਰੀ ਹੈ। ਬੇਸ਼ੱਕ ਅਧਿਕਾਰਤ ਤੌਰ 'ਤੇ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਦੇ ਨਤੀਜੇ 18 ਦਸੰਬਰ ਨੂੰ ਆਉਣਗੇ ਪਰ ਜੇਕਰ ਇਹ ਨਤੀਜੇ ਕਾਫੀ ਹੱਦ ਤਕ ਐਗਜ਼ਿਟ ਪੋਲ ਮੁਤਾਬਕ ਹੀ ਆਉਂਦੇ ਹਨ ਤਾਂ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਰਾਹੁਲ ਗਾਂਧੀ ਦੀ ਸਥਿਤੀ ਸਿਰ ਮੁੰਡਵਾਉਂਦਿਆਂ ਹੀ ਗੜੇ ਪੈਣ ਵਾਲੀ ਹੋ ਜਾਵੇਗੀ।
ਰਾਹੁਲ ਗਾਂਧੀ ਨੇ ਬੇਸ਼ੱਕ ਕੁਝ ਚੁਸਤ-ਚਲਾਕ ਟਵੀਟ ਲੇਖਕਾਂ ਦੀਆਂ ਸੇਵਾਵਾਂ ਲੈ ਕੇ ਆਪਣਾ ਅਕਸ ਸੁਧਾਰ ਲਿਆ ਹੈ ਪਰ ਇਹ ਮੰਨਣਾ ਗਲਤ ਹੋਵੇਗਾ ਕਿ ਸਿਰਫ ਇੰਨੇ ਨਾਲ ਹੀ ਉਹ ਆਪਣੇ ਪੁਰਾਣੇ (ਪੱਪੂ ਮਾਰਕਾ) ਅਕਸ ਤੋਂ ਛੁਟਕਾਰਾ ਪਾ ਕੇ ਇਕ ਪਰਿਪੱਕ ਤੇ ਗੰਭੀਰ ਸਿਆਸਤਦਾਨ ਵਜੋਂ ਕਾਇਆ-ਕਲਪ ਕਰ ਸਕਦੇ ਹਨ।
ਫਿਰ ਵੀ ਸੰਸਦ ਦੇ ਕੰਮ 'ਚ ਅੜਿੱਕਾ ਡਾਹੁਣ ਅਤੇ ਸਿਰਫ ਵਿਰੋਧ ਕਰਨ ਦੀ ਨੀਤੀ ਛੱਡ ਕੇ ਉਹ ਇਕ ਚੰਗੀ ਸ਼ੁਰੂਆਤ ਕਰ ਸਕਦੇ ਹਨ। ਸਰਕਾਰ ਦਾ ਮੁੱਦਿਆਂ 'ਤੇ ਆਧਾਰਿਤ ਰਚਨਾਤਮਕ ਸਹਿਯੋਗ ਕਰ ਸਕਦੇ ਹਨ। ਸਮਾਜਿਕ, ਸਿਆਸੀ ਅਤੇ ਆਰਥਿਕ ਮੁੱਦਿਆਂ 'ਤੇ ਘਟੀਆ ਪੱਧਰ ਦੀ ਪੰਗੇਬਾਜ਼ੀ ਦੀ ਬਜਾਏ ਪਾਰਟੀ ਦੀ ਸਥਿਤੀ ਸਪੱਸ਼ਟ ਕਰ ਕੇ ਉਹ ਆਪਣਾ ਅਕਸ ਸੁਧਾਰਨ ਦੇ ਨਾਲ-ਨਾਲ ਪ੍ਰਾਪਤੀਆਂ 'ਚ ਵੀ ਵਾਧਾ ਕਰ ਸਕਦੇ ਹਨ।
'ਤਿੰਨ ਤਲਾਕ' ਅਤੇ ਰਾਮ ਮੰਦਿਰ ਵਰਗੇ ਮੁੱਦੇ ਬੇਸ਼ੱਕ ਰਾਹੁਲ ਗਾਂਧੀ ਲਈ ਜੰਗ ਦੇ ਕਿਸੇ ਖਤਰਨਾਕ ਮੈਦਾਨ ਤੋਂ ਘੱਟ ਨਹੀਂ ਹੋਣਗੇ, ਫਿਰ ਵੀ ਜੇ ਉਹ ਦਲੇਰੀ ਦਿਖਾਉਂਦਿਆਂ ਇਨ੍ਹਾਂ 'ਤੇ ਕੋਈ ਸਪੱਸ਼ਟ ਸਟੈਂਡ ਲੈਂਦੇ ਹਨ ਤਾਂ ਇਸ ਨਾਲ ਉਹ ਇਕ ਮਜ਼ਬੂਤ ਨੇਤਾ ਬਣਨ ਵੱਲ ਵਧਣਗੇ। 
ਜੇ ਰਾਹੁਲ ਨੂੰ ਲੱਗਦਾ ਹੈ ਕਿ ਫਲਾਣਾ ਰਸਤਾ ਸਹੀ ਹੈ ਅਤੇ ਦੇਸ਼ ਨੂੰ ਇਸੇ 'ਤੇ ਚੱਲਣਾ ਚਾਹੀਦਾ ਹੈ ਤਾਂ ਲੋਕ-ਧਾਰਨਾਵਾਂ ਦੇ ਵਿਰੁੱਧ ਜਾ ਕੇ ਵੀ ਉਨ੍ਹਾਂ ਨੂੰ ਆਪਣੀ ਵਚਨਬੱਧਤਾ ਦਲੇਰੀ ਨਾਲ ਦਿਖਾਉਣੀ ਚਾਹੀਦੀ ਹੈ ਅਤੇ ਉਸ ਤਰ੍ਹਾਂ ਦੀ ਮੌਕਾਪ੍ਰਸਤੀ ਤੋਂ ਪ੍ਰਹੇਜ਼ ਕਰਨਾ ਪਵੇਗਾ, ਜਿਸ ਨੇ ਪਹਿਲਾਂ ਸ਼ਾਹਬਾਨੋ ਦੇ ਪੱਖ 'ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਤਾਰਪੀਡੋ ਕੀਤਾ ਸੀ ਅਤੇ ਫਿਰ ਅਯੁੱਧਿਆ ਦੇ ਰਾਮ ਮੰਦਿਰ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਤੇ ਵਿਵਾਦ ਵਾਲੀ ਜਗ੍ਹਾ 'ਤੇ ਨੀਂਹ ਪੱਥਰ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।
ਫਿਰ ਤੋਂ ਕਾਂਗਰਸ ਨੂੰ ਢੁੱਕਵੀਂ ਬਣਾਉਣਾ ਇਕ ਭਗੀਰਥ ਯਤਨ ਹੋਵੇਗਾ। ਅਜਿਹਾ ਮੰਨਣ ਵਾਲੇ ਲੋਕ ਬਹੁਤ ਥੋੜ੍ਹੇ ਹਨ, ਜੋ ਸਮਝਦੇ ਹਨ ਕਿ ਰਾਹੁਲ ਗਾਂਧੀ ਤੇਜ਼ੀ ਨਾਲ ਮੌਤ ਵੱਲ ਵਧ ਰਹੀ ਕਾਂਗਰਸ ਪਾਰਟੀ ਨੂੰ ਨਵਾਂ ਜੀਵਨ ਦੇ ਸਕਦੇ ਹਨ। ਫਿਰ ਵੀ ਰਾਹੁਲ ਗਾਂਧੀ ਆਪਣੀ ਇਹ ਜ਼ਿੰਮੇਵਾਰੀ ਕਿਸ ਤਰੀਕੇ ਨਾਲ ਅਦਾ ਕਰਦੇ ਹਨ, ਇਹ ਆਉਣ ਵਾਲੇ ਹਫਤਿਆਂ ਅਤੇ ਮਹੀਨਿਆਂ 'ਚ ਪਤਾ ਲੱਗ ਜਾਵੇਗਾ।
ਉਹ ਆਪਣੀ ਟੀਮ ਦਾ ਗਠਨ ਕਿਵੇਂ ਕਰਦੇ ਹਨ, ਕਿਹੜੇ ਬੰਦਿਆਂ ਨੂੰ ਪਾਰਟੀ ਦੇ ਅਹੁਦੇਦਾਰ ਨਿਯੁਕਤ ਕਰਦੇ ਹਨ, ਪਾਰਟੀ ਦੇ ਉਪਰਲੇ ਅਹੁਦਿਆਂ 'ਤੇ ਡਟੇ 'ਨਕਾਰਾ' ਨੇਤਾਵਾਂ ਤੋਂ ਕਿਵੇਂ ਪਿੱਛਾ ਛੁਡਾਉਂਦੇ ਹਨ, ਇਸੇ ਨਾਲ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੇ ਭਵਿੱਖ ਦੀ ਦਿਸ਼ਾ ਤੈਅ ਹੋਵੇਗੀ।
ਲੋਕਾਂ ਨੂੰ ਨਾ ਕਾਂਗਰਸ ਤੇ ਨਾ ਹੀ ਰਾਹੁਲ ਗਾਂਧੀ ਤੋਂ ਕੋਈ ਵੱਡੀਆਂ ਉਮੀਦਾਂ ਹਨ। ਰਾਹੁਲ ਸਾਹਮਣੇ ਚੁਣੌਤੀ ਇਹ ਹੈ ਕਿ ਉਹ ਲੋਕਾਂ ਦੀਆਂ ਇਨ੍ਹਾਂ ਧਾਰਨਾਵਾਂ ਨੂੰ ਗਲਤ ਸਿੱਧ ਕਰਨ।
                      (virendra੧੯੪੬@yahoo.co.in)


Related News