ਸੰਸਦ ਕਾਂਡ : ਅਜਿਹਾ ਵਿਹਾਰ ਗਲਤ ਅਤੇ ਮੰਦਭਾਗਾ
Friday, Dec 22, 2023 - 03:19 PM (IST)
ਸੰਸਦ ਧੂੰਆਂ ਕਾਂਡ ’ਤੇ ਦਿਸ ਰਹੀ ਸਿਆਸਤ ਕਿਸੇ ਵੀ ਸਮਝਦਾਰ ਭਾਰਤੀ ਦੀ ਚਿੰਤਾ ਨੂੰ ਵਧਾਉਣ ਵਾਲੀ ਹੈ। ਸੱਤਾਧਾਰੀ ਗੱਠਜੋੜ ਜਾਂ ਮੁੱਖ ਪਾਰਟੀ ਦੇ ਵਿਰੁੱਧ ਵਿਰੋਧੀ ਪਾਰਟੀਆਂ ਦਾ ਵਿਰੋਧ ਆਮ ਗੱਲ ਹੈ ਪਰ ਅਜਿਹੇ ਸੰਵੇਦਨਸ਼ੀਲ ਮਾਮਲੇ ’ਤੇ ਵਿਰੋਧੀ ਧਿਰ ਅਤੇ ਸੱਤਾਧਾਰੀ ਦੋਵਾਂ ਨੂੰ ਜ਼ਿੰਮੇਵਾਰੀਪੂਰਵਕ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੁੰਦੀ ਹੈ।
ਜੇ ਵਿਰੋਧੀ ਧਿਰ ਦੇ ਵੱਡੇ-ਵੱਡੇ ਆਗੂ ਕਹਿੰਦੇ ਹਨ ਕਿ ਇਨ੍ਹਾਂ ਲੋਕਾਂ ਨੇ ਦੇਸ਼ ਦੇ ਹਾਲਾਤ ਤੋਂ ਸਰਕਾਰ ਨੂੰ ਜਾਣੂ ਕਰਵਾਇਆ ਹੈ ਜਾਂ ਬੇਰੋਜ਼ਗਾਰੀ ਕਾਰਨ ਇਨ੍ਹਾਂ ਨੇ ਅਜਿਹਾ ਕੀਤਾ ਹੈ ਤਾਂ ਤੁਸੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਅਜਿਹਾ ਹੀ ਭਿਆਨਕ ਜਾਂ ਇਸ ਤੋਂ ਵੱਡਾ ਅਪਰਾਧ ਕਰਨ ਲਈ ਪ੍ਰੇਰਿਤ ਕਰਦੇ ਹੋ। ਸਹੀ ਹੈ ਕਿ ਸੰਸਦ ਦੇ ਅੰਦਰ ਕੋਈ ਆਪਣੇ ਜੁੱਤਿਆਂ ’ਚ ਸਮੋਕ ਕ੍ਰੈਕਰ ਲੁਕੋ ਕੇ ਲਿਜਾ ਸਕਦਾ ਹੈ ਤਾਂ ਉਹ ਜ਼ਹਿਰੀਲਾ ਤੱਤ ਵੀ ਲੈ ਜਾਵੇਗਾ। ਇਹ ਸੁਰੱਖਿਆ ’ਚ ਉਕਾਈ ਹੈ ਜਿਸ ਦਾ ਹੱਲ ਸੁਰੱਖਿਆ ਦੀ ਸਮੁੱਚੀ ਸਮੀਖਿਆ ਅਤੇ ਨਵੇਂ ਸਿਰੇ ਤੋਂ ਵਿਵਸਥਾ ਕਰਨੀ ਹੈ।
ਹਾਲਾਂਕਿ ਜੋ ਸਥਿਤੀ ਪੈਦਾ ਕੀਤੀ ਜਾ ਰਹੀ ਹੈ, ਉਸ ’ਚ ਸੁਰੱਖਿਆ ਇੰਨੀ ਸਖਤ ਹੋ ਸਕਦੀ ਹੈ ਕਿ ਆਮ ਆਦਮੀ ਲਈ ਦਰਸ਼ਕ ਬਣ ਕੇ ਵੀ ਸੰਸਦ ’ਚ ਦਾਖਲ ਹੋਣਾ ਔਖਾ ਹੋਵੇ। ਇਹ ਉਚਿਤ ਨਹੀਂ ਹੋਵੇਗਾ। ਫਿਲਹਾਲ, ਘਟਨਾਕ੍ਰਮ ਦੀ ਆਈ ਜਾਣਕਾਰੀ ਸਪੱਸ਼ਟ ਦੱਸਦੀ ਹੈ ਕਿ ਇਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੋਂ ਯੋਜਨਾਵਾਂ ਬਣਾਈਆਂ, ਇਸ ਲਈ ਸਫਰ ਕੀਤੇ, ਦਿੱਲੀ ਸਮੇਤ ਕਈ ਸ਼ਹਿਰਾਂ ’ਚ ਗਏ। ਕਿਸੇ ਬੇਰੋਜ਼ਗਾਰ ਜਾਂ ਬੇਰੋਜ਼ਗਾਰਾਂ ਦੇ ਸਮੂਹ ਕੋਲ ਇੰਨਾ ਧਨ ਨਹੀਂ ਹੋ ਸਕਦਾ ਜਿੰਨਾ ਇਨ੍ਹਾਂ ਦੀ ਤਿਆਰੀ ’ਚ ਖਰਚ ਹੋਇਆ ਹੋਵੇ। ਤੁਸੀਂ ਹਵਾਈ ਜਹਾਜ਼ ਤੱਕ ਦਾ ਸਫਰ ਕਰ ਰਹੇ ਹੋ, ਰੇਲ ਦੀ ਉੱਚ ਸ਼੍ਰੇਣੀ ’ਚ ਸਫਰ ਕਰਦੇ ਹੋ, ਹੋਟਲ ’ਚ ਰੁਕਦੇ ਹੋ ਅਤੇ ਫਿਰ ਵੀ ਤੁਸੀਂ ਬੇਰੋਜ਼ਗਾਰ ਹੋ ਭਾਵ ਤੁਹਾਨੂੰ ਆਪਣੇ ਖਰਚ ਲਈ ਧਨ ਮੁਹੱਈਆ ਨਹੀਂ ਹੈ। ਦੂਜੇ, ਜਿੰਨੇ ਸਮੇਂ ’ਚ ਇਨ੍ਹਾਂ ਨੇ ਸੰਸਦ ’ਚ ਘੁਸਪੈਠ ਕਰ ਕੇ ਧੂੰਆਂ ਛੱਡਣ ਅਤੇ ਹੰਗਾਮਾ ਮਚਾਉਣ ਦੀ ਤਿਆਰੀ ਕੀਤੀ, ਓਨੀ ਮਿਹਨਤ ਕਰ ਕੇ ਛੋਟਾ-ਮੋਟਾ ਸਟਾਰਟਅਪ ਆਰੰਭ ਕਰ ਸਕਦੇ ਸਨ।
ਕੋਈ ਨਿਰਪੱਖ ਵਿਅਕਤੀ ਨਹੀਂ ਮੰਨੇਗਾ ਕਿ ਦੇਸ਼ ਦੀ ਚਿੰਤਾ ਕਰਨ ਵਾਲੇ ਕੁਝ ਬੇਰੋਜ਼ਗਾਰਾਂ ਦੇ ਸਮੂਹ ਨੇ ਸਰਕਾਰ ਦੀ ਅੱਖ ਖੋਲ੍ਹਣ ਲਈ ਇੰਨਾ ਵੱਡਾ ਜੋਖਮ ਲਿਆ। ਅਸਲ ’ਚ ਉਨ੍ਹਾਂ ਦੀ ਵਿਚਾਰਧਾਰਾ ਅਤੇ ਪ੍ਰੇਰਕ ਕਾਰਕ ਇਹ ਹੋ ਹੀ ਨਹੀਂ ਸਕਦਾ। ਸੰਸਦ ਦੇ ਅੰਦਰ ਡੈਸਕ ’ਤੇ ਉਛਲ ਕੇ ਸਮੋਕ ਕਨਸਤਰ ਚਲਾਉਂਦੇ ਫੜੇ ਗਏ ਲਖਨਊ ਦੇ ਸਾਗਰ ਸ਼ਰਮਾ ਦੀ ਸੋਚ ਦੀ ਇਕ ਉਦਾਹਰਣ ਦੇਖੋ। ਉਸ ਨੇ 2 ਜੂਨ, 2021 ਨੂੰ ਡਾਇਰੀ ’ਚ ਲਿਖਿਆ ਹੈ ਕਿ ਘਰੋਂ ਵਿਦਾ ਲੈਣ ਦਾ ਸਮਾਂ ਨੇੜੇ ਆ ਗਿਆ ਹੈ। ਇਕ ਪਾਸੇ ਡਰ ਹੈ ਅਤੇ ਦੂਜੇ ਪਾਸੇ ਕੁਝ ਕਰ ਗੁਜ਼ਰਨ ਦੀ ਅੱਗ ਵੀ ਬਲ਼ ਰਹੀ ਹੈ।
ਕਾਸ਼ ਮੈਂ ਆਪਣੀ ਸਥਿਤੀ ਮਾਤਾ-ਪਿਤਾ ਨੂੰ ਸਮਝਾ ਸਕਦਾ। ਇਸ ਦੇ ਮਾਅਨੇ ਕੀ ਹਨ? ਇਹ ਇਕ ਉਦਾਹਰਣ ਦੱਸ ਰਿਹਾ ਹੈ ਕਿ ਉਨ੍ਹਾਂ ਦੇ ਦਿਮਾਗ ਜਾਂ ਸੋਚ ਨੂੰ ਕਿਸ ਤਰ੍ਹਾਂ ਵਰਣਿਤ ਕੀਤਾ ਗਿਆ ਹੈ। ਤੁਸੀਂ ਦੇਖੋਗੇ ਕਿ ਦੁਨੀਆ ਭਰ ਦੇ ਹਿੰਸਕ ਸੰਗਠਨਾਂ ’ਚ ਹਿੰਸਾ ਕਰਨ ਵਾਲੇ ਇਸੇ ਤਰ੍ਹਾਂ ਦੀ ਸੋਚ ਲੈ ਕੇ ਅੱਗੇ ਵਧਦੇ ਹਨ। ਉਨ੍ਹਾਂ ਦੀ ਪੂਰੀ ਸੋਚ, ਮਾਨਸਿਕਤਾ ਅਤੇ ਵਿਹਾਰ ਇੰਨਾ ਬਦਲ ਚੁੱਕਾ ਹੁੰਦਾ ਹੈ ਕਿ ਸੱਚ ਅਤੇ ਝੂਠ, ਸੰਤੁਲਨ-ਅਸੰਤੁਲਨ, ਸਿਆਣਪ-ਬੇਵਕੂਫੀ ਦਰਮਿਆਨ ਉਨ੍ਹਾਂ ਲਈ ਫਰਕ ਕਰਨਾ ਔਖਾ ਹੁੰਦਾ ਹੈ।
ਵੀਰ ਭਗਤ ਸਿੰਘ ਦੇ ਨਾਂ ’ਤੇ ਭਗਤ ਸਿੰਘ ਫੈਨ ਕਲੱਬ ਦੇ ਨਾਂ ਤੋਂ ਫੇਸਬੁੱਕ ਪੇਜ ਬਣਾ ਕੇ ਉਸ ’ਤੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ’ਚ ਸਾਡੇ ਦੇਸ਼ ਦੇ ਇਕ ਵੱਡੇ ਵਰਗ ਦਾ ਮਾਨਸ ਕਿਸ ਤਰ੍ਹਾਂ ਬਦਲ ਗਿਆ ਹੈ।
ਬਦਕਿਸਮਤੀ ਨਾਲ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਉਣ ਪਿੱਛੋਂ ਹੌਲੀ-ਹੌਲੀ ਦੇਸ਼ ਅਤੇ ਦੁਨੀਆ ’ਚ ਵੱਖ-ਵੱਖ ਢੰਗਾਂ ਨਾਲ ਅਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਜਿਵੇਂ ਭਾਰਤ ’ਚ ਸਿਰਫ ਪੂੰਜੀਪਤੀਆਂ ਦੀ ਪੁਸ਼ਤ-ਪਨਾਹੀ ਤੇ ਹਮਾਇਤ ਦੇਣ ਵਾਲੀ ਗਰੀਬ ਵਿਰੋਧੀ, ਕਿਸਾਨ ਵਿਰੋਧੀ, ਬੇਰੋਜ਼ਗਾਰ ਵਿਰੋਧੀ ਇਕ ਧਰਮ ਤੋਂ ਪਰ੍ਹੇ ਹੋਰ ਧਰਮ ਨੂੰ ਦਰੜਣ ਵਾਲੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਕਰਨ ਵਾਲੀ ਨਵੀਂ ਸ਼੍ਰੇਣੀ ਦੀ ਫਾਸ਼ੀਵਾਦੀ ਸਰਕਾਰ ਕੰਮ ਕਰ ਰਹੀ ਹੈ।
2015 ’ਚ ਅਸਹਿਣਸ਼ੀਲਤਾ ਤੋਂ ਸ਼ੁਰੂ ਹੋ ਕੇ ਮੌਬ ਲਿੰਚਿੰਗ, ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ, ਖੇਤੀਬਾੜੀ ਕਾਨੂੰਨ ਵਿਰੋਧੀ ਧਰਨਾ ਅਤੇ ਪਹਿਲਵਾਨਾਂ ਦੇ ਧਰਨੇ ਤੱਕ ਭਾਰਤ ’ਚ ਅੰਦੋਲਨ ਦੇ ਪਿੱਛੇ ਦੀ ਸੋਚ, ਕਾਰਕ ਅਤੇ ਅੰਦੋਲਨ ਦਾ ਚਰਿੱਤਰ ਬਦਲ ਚੁੱਕਾ ਹੈ। ਕਿਸੇ ਅੰਦੋਲਨ ’ਚ ਸ਼ਾਹੀਨ ਬਾਗ ਵਾਂਗ ਮੁੱਖ ਸੜਕ ਘੇਰ ਕੇ ਉੱਥੇ ਸਥਾਈ ਨਿਰਮਾਣ ਕਰ ਦੇਣਾ ਅਤੇ ਸਿਰਫ ਉਹੀ ਲੋਕ ਧਰਨੇ ਤੱਕ ਪਹੁੰਚਣ ਜਿਨ੍ਹਾਂ ਨੂੰ ਉਹ ਚਾਹੁੰਦੇ ਹਨ। ਮੀਡੀਆ ਵੀ ਉੱਥੇ ਆਜ਼ਾਦੀ ਨਾਲ ਆਪਣੀਆਂ ਸਰਗਰਮੀਆਂ ਨਾ ਕਰ ਸਕੇ, ਅਜਿਹਾ ਪਹਿਲੀ ਵਾਰ ਹੋਇਆ।
ਖੇਤੀਬਾੜੀ ਕਾਨੂੰਨ ਵਿਰੋਧੀ ਅੰਦੋਲਨ ਅਤੇ ਧਰਨੇ ਦਾ ਦ੍ਰਿਸ਼ ਸਾਨੂੰ ਸਭ ਨੂੰ ਯਾਦ ਹੈ। ਪੂਰੀ ਦਿੱਲੀ ਦੀ ਅਜਿਹੀ ਘੇਰਾਬੰਦੀ ਕਰ ਦਿੱਤੀ ਗਈ ਜਿਵੇਂ ਸਰਕਾਰ ਨਾਲ ਜੰਗ ਲੜਨੀ ਹੋਵੇ। ਲਾਲ ਕਿਲੇ ਤੋਂ ਤਿਰੰਗਾ ਉਤਾਰ ਕੇ ਵਿਸ਼ੇਸ਼ ਪੰਥ ਜਾਂ ਸੰਗਠਨ ਦਾ ਝੰਡਾ ਲਹਿਰਾਉਣਾ, ਪੁਲਸ ਵਾਲਿਆਂ ਨੂੰ ਧੱਕਾ ਦੇ ਕੇ ਸੁੱਟ ਦੇਣਾ ਅਤੇ ਪੂਰੇ ਸ਼ਹਿਰ ਨੂੰ ਟ੍ਰੈਕਟਰ ਨਾਲ ਲੜਨ ਦਾ ਦ੍ਰਿਸ਼, ਅੱਜ ਵੀ ਡਰ ਪੈਦਾ ਕਰਦੇ ਹਨ।
ਲੋਕਤੰਤਰੀ ਵਿਵਸਥਾ ’ਚ ਇਸ ਤਰ੍ਹਾਂ ਦਾ ਅੰਦੋਲਨ ਜਾਂ ਵਿਰੋਧ ਪ੍ਰਦਰਸ਼ਨ ਦੇਖਿਆ ਨਹੀਂ ਗਿਆ। ਇਸ ’ਚ ਹਰ ਤਰ੍ਹਾਂ ਦੇ ਤੱਤ ਦੇਖੇ ਗਏ। ਬਦਕਿਸਮਤੀ ਨਾਲ ਦੇਸ਼ ਦੇ ਨੈਰੇਟਿਵ ’ਚ ਜਬਰ-ਜ਼ਨਾਹ , ਕਤਲ ਅਤੇ ਹੋਰ ਚਰਚਾਵਾਂ ਨਹੀਂ ਚੱਲਦੀਆਂ। ਇਸ ਦੌਰਾਨ ਕਾਨੂੰਨੀ ਏਜੰਸੀਆਂ ਵੱਲੋਂ ਇਕ ਸਮੇੇਂ ਸਨਮਾਨਿਤ ਮੰਨੇ ਜਾਣ ਵਾਲੇ ਚਿਹਰਿਆਂ ਦੇ ਐੱਨ. ਜੀ. ਓ. ਅਤੇ ਹੋਰ ਸਮੂਹਾਂ ਵਿਰੁੱਧ ਕਾਰਵਾਈਆਂ ਹੋਈਆਂ। ਕਈ ਸੰਗਠਨ ਕਾਨੂੰਨੀ ਸ਼ਿਕੰਜੇ ’ਚ ਫਸੇ ਹਨ। ਦੇਸ਼-ਵਿਦੇਸ਼ ਦੇ ਨਿਹਿਤ ਸਵਾਰਥੀ ਤੱਤ, ਜੋ ਭਾਰਤ ’ਚ ਆਪਣੇ ਅਨੁਸਾਰ ਏਜੰਡਾ ਚਲਾਉਂਦੇ ਸਨ, ਉਨ੍ਹਾਂ ਨੂੰ ਵੀ ਸਮੱਸਿਆਵਾਂ ਪੈਦਾ ਹੋਈਆਂ ਹਨ। ਜਿਨ੍ਹਾਂ ਲੋਕਾਂ ਦਾ ਕੋਈ ਵਿੱਤੀ ਜਾਂ ਭੌਤਿਕ ਲਾਭ ਦਾ ਮਕਸਦ ਨਹੀਂ ਸੀ, ਉਨ੍ਹਾਂ ’ਚ ਵੀ ਬਹੁਤਿਆਂ ਦਾ ਸੱਤਾ, ਪ੍ਰਸ਼ਾਸਨ ਅਤੇ ਇਕ ਆਈਕਨ ਵਜੋਂ ਮਾਨਤਾ ’ਤੇ ਬਦਲੇ ਹੋਏ ਭਾਰਤ ’ਚ ਅਸਰ ਹੋਇਆ ਹੈ।
ਆਮ ਵਿਰੋਧ ਪ੍ਰਦਰਸ਼ਨਾਂ ’ਚ ਵੀ ਹਿੰਸਾ, ਤੋੜ-ਭੰਨ ਅਤੇ ਅੱਗ ਦੀਆਂ ਲਾਟਾਂ ਦੱਸਦੀਆਂ ਹਨ ਕਿ ਇਸ ’ਚ ਇਸ ਦੇ ਸਿੱਖਿਅਤ ਤੱਤ ਹਨ। ਉਦਾਹਰਣ ਲਈ ਅਗਨੀਵੀਰ ਯੋਜਨਾ ਦੇ ਵਿਰੋਧ ਪ੍ਰਦਰਸ਼ਨਾਂ ’ਚ ਟ੍ਰੇਨ ਦੀਆਂ ਬੋਗੀਆਂ, ਸਟੇਸ਼ਨ ਦੇ ਕੈਬਨਿਟ, ਬੱਸਾਂ, ਥਾਣੇ ਆਦਿ ਕੁਝ ਮਿੰਟਾਂ ’ਚ ਧੂ-ਧੂ ਕੇ ਸੜ ਰਹੇ ਸਨ। ਵਿਦਿਆਰਥੀਆਂ ਜਾਂ ਵਿਦਿਆਰਥੀ ਸੰਗਠਨਾਂ ਦਾ ਵਿਰੋਧ ਪ੍ਰਦਰਸ਼ਨ ਉਵੇਂ ਹੋ ਹੀ ਨਹੀਂ ਸਕਦਾ। ਸੰਸਦ ਦੀ ਸੁਰੱਖਿਆ ਤੋੜ ਕੇ ਉਸ ਤਰ੍ਹਾਂ ਦੀ ਹਿਮਾਕਤ ਕੋਈ ਆਮ ਦਿਮਾਗ ਦੇ ਲੋਕ ਨਹੀਂ ਕਰ ਸਕਦੇ। ਸੁਰੱਖਿਅਤ ਆਤਮਦਾਹ ਤੱਕ ਦੀ ਯੋਜਨਾ ਬਣਾਉਣ ਦਾ ਅਰਥ ਕੀ ਹੈ?