ਆਮ ਚੋਣਾਂ ’ਚ ਪੈਰਾਸ਼ੂਟੀ ਨੇਤਾਵਾਂ ਦਾ ਬੋਲਬਾਲਾ

Tuesday, Apr 30, 2019 - 06:47 AM (IST)

ਪੂਨਮ
ਦੇਸ਼ ’ਚ ਲੋਕ ਸਭਾ ਚੋਣਾਂ ਦੇ 4 ਪੜਾਅ ਸੰਪੰਨ ਹੋ ਚੁੱਕੇ ਹਨ ਤੇ 3 ਬਾਕੀ ਰਹਿ ਗਏ ਹਨ। ਇਨ੍ਹਾਂ ਚੋਣਾਂ ’ਚ 90 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ’ਚ 18-19 ਸਾਲ ਦੀ ਉਮਰ ਦੇ ਡੇਢ ਕਰੋੜ ਨਵੇਂ ਵੋਟਰ ਵੀ ਹਨ। ਦੇਸ਼ ਦੇ ਇਹ ਵੋਟਰ ਲੋਕ ਸਭਾ ਲਈ 543 ਮੈਂਬਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਮੈਦਾਨ ’ਚ ਛੋਟੇ ਨੇਤਾ, ਵੱਡੇ ਨੇਤਾ, ਛੋਟੇ-ਮੋਟੇ ਜਨਸੇਵਕ ਖੜ੍ਹੇ ਹਨ ਅਤੇ ਉਹ ਢੇਰ ਸਾਰੇ ਵਾਅਦੇ ਕਰ ਰਹੇ ਹਨ। ਅਸਲ ’ਚ ਸਾਰੇ ਭਾਰਤ ਦੀ ਰਾਜਗੱਦੀ ਹਥਿਆਉਣ ਲਈ ਯਤਨ ਕਰ ਰਹੇ ਹਨ। ਇਸ ਦਰਮਿਆਨ ਟਿਕਟਾਂ ਦੇ ਚਾਹਵਾਨ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਨੂੰ ਪਾਰਟੀ ਟਿਕਟ ਦੇ ਕੇ ਉਮੀਦਵਾਰ ਬਣਾਏਗੀ। ਜਿਨ੍ਹਾਂ ਨੂੰ ਟਿਕਟ ਨਹੀਂ ਮਿਲ ਸਕੀ, ਉਹ ਦੂਜੀਆਂ ਪਾਰਟੀਆਂ ’ਚ ਜਾ ਰਹੇ ਹਨ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਸਿਆਸਤ ਇਕ ‘ਘੁੰਮਦੀ ਹੋਈ ਕੁਰਸੀ’ ਬਣ ਗਈ ਹੈ ਅਤੇ ਇਹ ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿਹੜੀ ਪਾਰਟੀ ’ਚ ਆਇਆ ਤੇ ਕਿਹੜੀ ਪਾਰਟੀ ’ਚੋਂ ਗਿਆ? ਕੌਣ ਸਬੰਧ ਕਾਇਮ ਕਰ ਰਿਹਾ ਹੈ ਤੇ ਕੌਣ ਸਬੰਧ ਤੋੜ ਰਿਹਾ ਹੈ? ਕੌਣ ਕਿਸ ਦਰਵਾਜ਼ਿਓਂ ਆ ਰਿਹਾ ਹੈ ਤੇ ਕੀ ਸੌਦਾ ਕਰ ਰਿਹਾ ਹੈ? ਕੌਣ ਕਿਸ ਨੂੰ ਧੋਖਾ ਦੇ ਰਿਹਾ ਹੈ? ਇਸ ਸਬੰਧ ਦੇ ਦਰਮਿਆਨ ਸਿਆਸੀ ਪਾਰਟੀਆਂ ਚਮਤਕਾਰੀ ਨੇਤਾਵਾਂ ਦੀ ਭਾਲ ’ਚ ਹਨ ਤੇ ਇਸ ਦੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਹਨ। ਇਸ ’ਚ ਜਾਤ, ਧਰਮ, ਲਿੰਗ, ਉਮਰ ਕੋਈ ਅੜਿੱਕਾ ਨਹੀਂ ਹੈ। ਸਿਰਫ ਇਸ ਗੱਲ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਕਿ ਉਹ ਸੱਤਾ ਦਿਵਾ ਸਕੇ।

50 ਨੇਤਾਵਾਂ ਨੇ ਦਲ-ਬਦਲੀ ਕੀਤੀ

ਸਿਆਸੀ ਪਾਰਟੀਆਂ ਅਜਿਹੇ ਉਪਯੋਗੀ ਦਲ-ਬਦਲੂ ਨੇਤਾਵਾਂ ਦੀ ਭਾਲ ’ਚ ਹਨ ਅਤੇ ਅਜਿਹਾ ਲੱਗਦਾ ਹੈ ਕਿ ਚੋਣ ਮੈਦਾਨ ਸ਼ੇਅਰ ਬਾਜ਼ਾਰ ਬਣ ਗਿਆ ਹੈ, ਜਿਥੇ ਪੈਰਾਸ਼ੂਟੀ ਨੇਤਾਵਾਂ ਤੇ ਚਮਚਿਆਂ ਦੀ ਬੋਲੀ ਲੱਗ ਰਹੀ ਹੈ। ਪਿਛਲੇ ਕੁਝ ਦਿਨਾਂ ’ਚ ਲੱਗਭਗ 50 ਨੇਤਾਵਾਂ ਨੇ ਦਲ-ਬਦਲੀ ਕੀਤੀ ਹੈ, ਜਿਨ੍ਹਾਂ ’ਚੋਂ 9 ਮੌਜੂਦਾ ਸੰਸਦ ਮੈਂਬਰ ਅਤੇ 39 ਵਿਧਾਇਕ ਹਨ। ਇਨ੍ਹਾਂ ’ਚੋਂ 3 ਸੰਸਦ ਮੈਂਬਰ ਅਤੇ 10 ਵਿਧਾਇਕ ਭਾਜਪਾ ’ਚ ਆਏ ਤਾਂ 3 ਸੰਸਦ ਮੈਂਬਰ ਤੇ 2 ਵਿਧਾਇਕ ਕਾਂਗਰਸ ’ਚ ਗਏ। ਕਾਂਗਰਸ ’ਚੋਂ 2 ਸੰਸਦ ਮੈਂਬਰਾਂ ਅਤੇ 21 ਵਿਧਾਇਕਾਂ ਨੇ ਦਲ-ਬਦਲੀ ਕੀਤੀ, ਜਦਕਿ ਭਾਜਪਾ ’ਚੋਂ 5 ਸੰਸਦ ਮੈਂਬਰਾਂ ਤੇ 12 ਨੇ ਦਲ-ਬਦਲੀ ਕੀਤੀ। ਜਿਹੜੇ 22 ਵਿਧਾਇਕਾਂ ਨੇ ਕਾਂਗਰਸ ਛੱਡੀ, ਉਨ੍ਹਾਂ ’ਚੋਂ 8 ਭਾਜਪਾ ’ਚ ਸ਼ਾਮਿਲ ਹੋਏ। ਬਸਪਾ ਅਤੇ ਸਪਾ ਦਾ ਇਕ-ਇਕ ਸੰਸਦ ਮੈਂਬਰ ਕਾਂਗਰਸ ’ਚ ਸ਼ਾਮਿਲ ਹੋਇਆ, ਜਦਕਿ ਬਸਪਾ ਦੇ 4 ਵਿਧਾਇਕ ਕਾਂਗਰਸ ’ਚ ਸ਼ਾਮਿਲ ਹੋਏ। ਸਭ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ’ਚ ਅੰਦਰੂਨੀ ਲੋਕਤੰਤਰ ਨਹੀਂ ਹੈ ਤੇ ਉਹ ਨਵੀਂ ਪਾਰਟੀ ’ਚ ਟਿਕਟ ਮਿਲਣ ਦੀ ਉਮੀਦ ਨਾਲ ਸ਼ਾਮਿਲ ਹੋਏ। ਨਵੀਂ ਪਾਰਟੀ ਤੋਂ ਉਨ੍ਹਾਂ ਨੂੰ ਟਿਕਟ ਮਿਲ ਵੀ ਰਹੀ ਹੈ। ਯੂ. ਪੀ. ਤੋਂ ਲੋਕ ਸਭਾ ਲਈ 80 ਸੰਸਦ ਮੈਂਬਰ ਚੁਣ ਹੋ ਕੇ ਆਉਂਦੇ ਹਨ। ਇਥੋਂ ਸਪਾ, ਰਾਲੋਦ ਤੇ ਕਾਂਗਰਸ ਆਦਿ ਪਾਰਟੀਆਂ ਦੇ 28 ਨੇਤਾ ਹੁਣੇ-ਹੁਣੇ ਭਾਜਪਾ ’ਚ ਸ਼ਾਮਿਲ ਹੋਏ ਹਨ। ਇਨ੍ਹਾਂ ’ਚੋਂ 15 ਤਾਂ ਬਸਪਾ ਦੇ ਹਨ, ਜਿਨ੍ਹਾਂ ’ਚੋਂ 11 ਅਜਿਹੇ ਹਨ, ਜਿਨ੍ਹਾਂ ਨੇ ਸੂਬੇ ’ਚ ਤੇ ਆਮ ਚੋਣਾਂ ’ਚ ਪਾਰਟੀ ਦੇ ਨਿਸ਼ਾਨ ’ਤੇ ਚੋਣਾਂ ਲੜੀਆਂ ਸਨ। ਬਿਹਾਰ ’ਚ ਭਾਜਪਾ ਦੇ ਸਾਬਕਾ ਨੇਤਾ ਅਤੇ ਹੁਣ ਕਾਂਗਰਸ ਦੇ ਨੇਤਾ ਸ਼ਤਰੂਘਨ ਸਿਨ੍ਹਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਮੁਕਾਬਲੇ ਪਟਨਾ ਤੋਂ ਖੜ੍ਹੇ ਹਨ। ਇਸੇ ਤਰ੍ਹਾਂ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਵੀ ਚੋਣ ਮੈਦਾਨ ’ਚ ਹਨ, ਜੋ 2 ਹੋਰ ਦਲਿਤ ਸੰਸਦ ਮੈਂਬਰਾਂ ਨਾਲ ਭਾਜਪਾ ਛੱਡ ਕੇ ਆਏ। ਆਂਧਰਾ ਪ੍ਰਦੇਸ਼ ’ਚ ਤੇਲਗੂਦੇਸ਼ਮ ਪਾਰਟੀ ਦੇ 2 ਸੰਸਦ ਮੈਂਬਰਾਂ ਤੇ ਇਕ ਵਿਧਾਇਕ ਨੇ ਦਲ-ਬਦਲੀ ਕਰ ਕੇ ਜਗਨਮੋਹਨ ਰੈੱਡੀ ਦੀ ਵਾਈ. ਐੱਸ. ਆਰ. ਦਾ ਪੱਲਾ ਫੜਿਆ। ਸਭ ਤੋਂ ਵੱਧ ਹੈਰਾਨ ਕਰਨ ਵਾਲੀ ਖ਼ਬਰ ਇਹ ਹੈ ਕਿ ਸੋਨੀਆ ਗਾਂਧੀ ਦੇ ਸਲਾਹਕਾਰ ਅਤੇ ਪਾਰਟੀ ਸਕੱਤਰ ਟੌਮ ਵੈਡੀਕਮ ਭਾਜਪਾ ’ਚ ਸ਼ਾਮਿਲ ਹੋਏ। ਇਸੇ ਤਰ੍ਹਾਂ ਰਾਕਾਂਪਾ ਦੇ ਸਾਬਕਾ ਮੰਤਰੀ ਵਿਖੇ ਪਾਟਿਲ ਵੀ ਭਾਜਪਾ ’ਚ ਸ਼ਾਮਿਲ ਹੋਏ। ਪੱਛਮੀ ਬੰਗਾਲ ’ਚ ਮਮਤਾ ਦੀ ਤ੍ਰਿਣਮੂਲ ਕਾਂਗਰਸ ਦੇ 2 ਸੰਸਦ ਮੈਂਬਰ ਅਤੇ 1 ਵਿਧਾਇਕ, ਤਾਂ ਬੀਜੂ ਜਨਤਾ ਦਲ ਦਾ 1 ਸੰਸਦ ਮੈਂਬਰ ਵੀ ਭਾਜਪਾ ’ਚ ਸ਼ਾਮਿਲ ਹੋਏ। ਇਸੇ ਤਰ੍ਹਾਂ ਹਰਿਆਣਾ ’ਚ ਕਾਂਗਰਸ ਦੇ ਇਕ ਬਾਗੀ ਨੇਤਾ ਅਤੇ ਇਕ ਇਨੈਲੋ ਨੇਤਾ ਨੇ ਭਾਜਪਾ ਦਾ ਪੱਲਾ ਫੜਿਆ।

ਜਿੱਤ ਦੀ ਸਮਰੱਥਾ ਹੈ ਅਹਿਮ

ਅੱਜ ਦੇ ਮਾਹੌਲ ’ਚ ਚੋਣਾਂ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਵਲੋਂ ਜਿੱਤੀਆਂ ਜਾਂਦੀਆਂ ਹਨ, ਨਾ ਕਿ ਵਿਅਕਤੀਆਂ ਵਲੋਂ। ਇਸ ਲਈ ਉਮੀਦਵਾਰ ਦਾ ਮੁਲਾਂਕਣ ਇਸ ਆਧਾਰ ’ਤੇ ਹੁੰਦਾ ਹੈ ਕਿ ਉਸ ਦੀ ਜਾਤ, ਫਿਰਕਾ, ਵਰਗ, ਅਪਰਾਧਿਕ ਪਿਛੋਕੜ ਸਭ ਸਹੀ ਹੈ ਜਾਂ ਨਹੀਂ? ਜਿੱਤਣ ਦੀ ਸਮਰੱਥਾ ਸਭ ਤੋਂ ਅਹਿਮ ਹੈ। ਸਾਰੇ ਤਾਜ ਚਾਹੁੰਦੇ ਹਨ ਜਾਂ ਕਿੰਗਮੇਕਰ ਬਣਨਾ ਚਾਹੁੰਦੇ ਹਨ। ਜਿੱਤਣ ਦੀ ਸਮਰੱਥਾ ਜ਼ਮੀਨੀ ਪੱਧਰ ਦੀ ਸਿਆਸਤ ਨੂੰ ਸਵੀਕਾਰ ਕਰਨ ਦਾ ਅਸਿੱਧਾ ਤਰੀਕਾ ਵੀ ਹੈ, ਭਾਵ ਪਾਰਟੀਆਂ ਆਪਣੇ ਆਦਰਸ਼ਾਂ ਅਤੇ ਸਿਧਾਂਤਾਂ ਦੇ ਆਧਾਰ ’ਤੇ ਨਹੀਂ ਜਿੱਤਦੀਆਂ, ਸਗੋਂ ਆਪਣਾ ਬ੍ਰਾਂਡ ਨਾਂ ਅਜਿਹੇ ਲੋਕਾਂ ਨਾਲ ਜੋੜਦੀਆਂ ਹਨ, ਜਿਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਹੁੰਦੀ ਹੈ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਗਰੀਬੀ, ਬੇਰੋਜ਼ਗਾਰੀ, ਮਾਲੀ ਸੰਕਟ, ਖੇਤੀ ਸੰਕਟ ਵਰਗੇ ਭਖਦੇ ਕੌਮੀ ਮੁੱਦੇ ਇਨ੍ਹਾਂ ਗੱਠਜੋੜਾਂ ਦੇ ਚੱਕਰ ’ਚ ਪਿੱਛੇ ਛੁੱਟਦੇ ਜਾ ਰਹੇ ਹਨ। ਕੋਈ ਵੀ ਸਿਆਸੀ ਪਾਰਟੀ ਨਾ ਆਪਣੀ ਯੋਜਨਾ ਅਤੇ ਨਾ ਨਜ਼ਰੀਆ ਸਾਹਮਣੇ ਰੱਖ ਰਹੀ ਹੈ। ਸਹੀ ਉਮੀਦਵਾਰਾਂ ਦੀ ਚੋਣ ਵੀ ਚਰਿੱਤਰ ਜਾਂ ਈਮਾਨਦਾਰੀ ਦੇ ਆਧਾਰ ’ਤੇ ਨਹੀਂ ਕੀਤੀ ਜਾ ਰਹੀ। ਚੋਣ ਨਤੀਜਿਆਂ ਦੀ ਭਵਿੱਖਬਾਣੀ ਕਰਨਾ ਅਜੇ ਜਲਦਬਾਜ਼ੀ ਹੋਵੇਗੀ ਪਰ ਸੱਤਾਧਾਰੀ ਭਾਜਪਾ ਦੇ ਨਰਿੰਦਰ ਮੋਦੀ ਰਾਸ਼ਟਰਵਾਦ ਦੇ ਘੋੜੇ ’ਤੇ ਸਵਾਰ ਹਨ ਅਤੇ ਉਨ੍ਹਾਂ ਨੂੰ ਜਿੱਤ ਦੀ ਉਮੀਦ ਹੈ। ਉਹ ਸਮਝਦੇ ਹਨ ਕਿ ਉਨ੍ਹਾਂ ਦੇ ਵਿਰੋਧੀ ਆਪਣੇ ਖੇਤਰੀ ਸਹਿਯੋਗੀਆਂ ਦੇ ਪਿੱਛਲੱਗੂ ਬਣ ਜਾਣਗੇ। ਭਾਜਪਾ ਲਈ ਸਿਰਫ ਨਮੋ ਹੀ ਨਹੀਂ, ਸਗੋਂ ਸੂਬਿਆਂ ’ਚ ਆਪਣੇ ਸਹਿਯੋਗੀ, ਜਿਵੇਂ ਜਨਤਾ ਦਲ (ਯੂ), ਅਕਾਲੀ ਦਲ, ਸ਼ਿਵ ਸੈਨਾ, ਲੋਕ ਜਨਸ਼ਕਤੀ ਪਾਰਟੀ, ਅੰਨਾ ਡੀ. ਐੱਮ. ਕੇ. ਅਤੇ ਹੋਰ ਛੋਟੀਆਂ ਪਾਰਟੀਆਂ ਵੀ ਅਹਿਮ ਹਨ। ਇਹੋ ਸਥਿਤੀ ਕਾਂਗਰਸ ਦੀ ਵੀ ਹੈ। ਉਹ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼ ਤੇ ਤਾਮਿਲਨਾਡੂ ’ਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ, ਉਸੇ ਦੇ ਆਧਾਰ ’ਤੇ ਉਸ ਦੇ ਭਵਿੱਖ ਦਾ ਫੈਸਲਾ ਹੋਵੇਗਾ।

ਪੀ. ਐੱਮ. ਅਹੁਦੇ ਦੇ ਚਾਹਵਾਨ

ਮਮਤਾ, ਮਾਇਆਵਤੀ, ਚੰਦਰਬਾਬੂ ਨਾਇਡੂ ਤੇ ਪਵਾਰ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇੱਛਾ ਜਾਂ ਕਿੰਗਮੇਕਰ ਬਣਨ ਦੀ ਇੱਛਾ ਜ਼ਾਹਿਰ ਕਰ ਦਿੱਤੀ ਹੈ ਪਰ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ। ਜੇ ਗੁਜਰਾਲ ਤੇ ਦੇਵੇਗੌੜਾ 27 ਅਤੇ 44 ਸੰਸਦ ਮੈਂਬਰਾਂ ਦੇ ਆਧਾਰ ’ਤੇ ਪ੍ਰਧਾਨ ਮੰਤਰੀ ਬਣ ਸਕਦੇ ਹਨ ਤਾਂ ਫਿਰ ਉਹ ਕਿਉਂ ਨਹੀਂ? ਵਫਾਦਾਰੀ ਬਦਲਣ ਨਾਲ ਵੋਟਰਾਂ ਸਾਹਮਣੇ ਸਿਰਫ ਘੱਟ ਬੁਰੇ ਉਮੀਦਵਾਰ ਦੀ ਚੋਣ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ਜੀਵਨ ਦੇ ਹੋਰਨਾਂ ਖੇਤਰਾਂ, ਜਿਵੇਂ ਸਿੱਖਿਆ, ਰੋਜ਼ਗਾਰ ਆਦਿ ’ਚ ਸਹੀ ਕੰਮ ਲਈ ਸਹੀ ਵਿਅਕਤੀ ਦੀ ਚੋਣ ਦਾ ਬਦਲ ਇਥੇ ਮੁਹੱਈਆ ਨਹੀਂ ਹੈ। ਇਸ ’ਚ ਵੀ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਇਨ੍ਹਾਂ ਪਾਰਟੀਆਂ ਵਿਚਾਲੇ ਨਵੇਂ ਸਮੀਕਰਨ ਬਣਦੇ ਹਨ ਤਾਂ ਉਨ੍ਹਾਂ ਦੀ ਵਿਚਾਰਧਾਰਾ ਤੇ ਉਦੇਸ਼ਾਂ ’ਚ ਬਹੁਤ ਫਰਕ ਹੁੰਦਾ ਹੈ। ਇਨ੍ਹਾਂ ਦਾ ਹਰ ਨੇਤਾ ਆਪਣੇ ਲਈ, ਆਪਣੇ ਪਰਿਵਾਰ ਲਈ ਅਤੇ ਆਪਣੀ ਪਾਰਟੀ ਲਈ ਸੱਤਾ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ। ਫਿਰ ਕੀ ਅਸੀਂ ਇਸ ਨੂੰ ‘ਸਿਆਸੀ ਕਲਯੁੱਗ’ ਕਹਿ ਕੇ ਅਣਡਿੱਠ ਕਰ ਦੇਈਏ? ਬਿਲਕੁਲ ਨਹੀਂ। ਇਹ ਸੱਚ ਹੈ ਕਿ ਦਿੱਲੀ ਦੀ ਗੱਦੀ ’ਤੇ ਕੌਣ ਬੈਠੇਗਾ, ਇਹ ਫੈਸਲਾ ਸੀਟਾਂ ਦੀ ਗਿਣਤੀ ਕਰੇਗੀ ਪਰ ਨਾਲ ਹੀ ਸਾਰੀਆਂ ਪਾਰਟੀਆਂ ਨੂੰ ਆਪਣੀਆਂ ਤਰਜੀਹਾਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਦਲ-ਬਦਲੂ ਨੇਤਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਜਿਥੋਂ ਤਕ ਹੋ ਸਕੇ ਨਾਂਹ-ਪੱਖੀ ਚੋਣ ਪ੍ਰਚਾਰ ਤੋਂ ਵੀ ਬਚਣਾ ਚਾਹੀਦਾ ਹੈ। ਕੁਲ ਮਿਲਾ ਕੇ ਸਿਆਸਤ ’ਚ 6 ਹਫਤਿਆਂ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਤੇ 42 ਦਿਨਾਂ ਤਕ ਚੋਣ ਪ੍ਰਕਿਰਿਆ ਦਾ ਚੱਲਣਾ ਵੀ। ਇਸ ਦਰਮਿਆਨ ਝੂਲਾ ਕਿਸੇ ਵੀ ਪਾਸੇ ਝੁਕ ਸਕਦਾ ਹੈ। ਸਪੱਸ਼ਟ ਹੈ ਕਿ ਅਜੇ ਚੋਣ ਨਤੀਜਿਆਂ ਬਾਰੇ ਕੋਈ ਅੰਦਾਜ਼ੇ ਨਹੀਂ ਲਾਏ ਜਾ ਸਕਦੇ। ਜੇ ਸਾਡੇ ਰਾਜਨੇਤਾ ਸੱਚਮੁਚ ਦੇਸ਼ਭਗਤ ਹਨ, ਜੋ ਉਹ ਵਾਰ-ਵਾਰ ਕਹਿੰਦੇ ਹਨ, ਤਾਂ ਉਨ੍ਹਾਂ ਨੂੰ ਇਹ ਪੁਰਾਣੀ ਕਹਾਵਤ ਧਿਆਨ ’ਚ ਰੱਖਣੀ ਪਵੇਗੀ ਕਿ ਕਿਸੇ ਦੇਸ਼ ਨੂੰ ਇਕ ਸਸਤੇ ਰਾਜਨੇਤਾ ਨਾਲੋਂ ਮਹਿੰਗਾ ਕੁਝ ਵੀ ਨਹੀਂ ਪੈਂਦਾ।
 


Bharat Thapa

Content Editor

Related News