ਬਚਕਾਨਾ ਰਵੱਈਆ'' ਛੱਡ ਕੇ ਅੱਗੇ ਵਧਣ ਭਾਰਤ ਤੇ ਪਾਕਿਸਤਾਨ

03/18/2018 7:55:44 AM

ਕਦੇ-ਕਦੇ ਅਜਿਹਾ ਸਮਾਂ ਵੀ ਆਉਂਦਾ ਹੈ, ਜਦੋਂ ਭਾਰਤ ਤੇ ਪਾਕਿਸਤਾਨ ਇਕ-ਦੂਜੇ ਵਿਰੁੱਧ ਧਰਨੇ 'ਤੇ ਉਤਾਰੂ ਬੱਚਿਆਂ ਵਰਗਾ ਸਲੂਕ ਕਰਨ ਲੱਗਦੇ ਹਨ। ਇਹ ਸਿਲਸਿਲਾ ਸਭ ਤੋਂ ਵੱਧ ਉਦੋਂ ਦੇਖਣ ਨੂੰ ਮਿਲਦਾ ਹੈ, ਜਦੋਂ ਦੋਹਾਂ ਦੇਸ਼ਾਂ ਦੇ ਡਿਪਲੋਮੇਟ ਇਕ-ਦੂਜੇ ਤੋਂ ਵਧ-ਚੜ੍ਹ ਕੇ 'ਤੂੰ-ਤੂੰ, ਮੈਂ-ਮੈਂ' ਵਿਚ ਉਲਝ ਜਾਂਦੇ ਹਨ। ਅਸੀਂ ਇਕ ਵਾਰ ਫਿਰ ਇਸੇ ਸਥਿਤੀ 'ਚੋਂ ਲੰਘ ਰਹੇ ਲੱਗਦੇ ਹਾਂ। ਈਮਾਨਦਾਰੀ ਨਾਲ ਕਿਹਾ ਜਾਵੇ ਤਾਂ ਅਜਿਹੇ ਮਾਮਲਿਆਂ 'ਚ ਇਹ ਗੱਲ ਅਢੁੱਕਵੀਂ ਹੋ ਜਾਂਦੀ ਹੈ ਕਿ ਪਹਿਲਾਂ ਸ਼ੁਰੂਆਤ ਕਿਸ ਨੇ ਕੀਤੀ ਸੀ? ਇਹ ਤੈਅ ਕਰਨਾ ਸਿਰਫ ਵਾਲ ਦੀ ਖੱਲ ਉਤਾਰਨ ਵਾਂਗ ਹੈ। ਜਦੋਂ ਉਹ ਜੈਸੇ ਕੋ ਤੈਸਾ ਵਾਲੀ ਨੀਤੀ 'ਤੇ ਚੱਲਣ 'ਤੇ ਉਤਾਰੂ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹੇ ਮਾਮਲਿਆਂ ਵਿਚ ਵੀ ਅਪਮਾਨ ਅਤੇ ਠੇਸ ਦਿਖਾਈ ਦਿੰਦੀ ਹੈ, ਜਿਥੇ ਸ਼ਾਇਦ ਉਨ੍ਹਾਂ ਦੀ ਹੋਂਦ ਤਕ ਨਹੀਂ ਹੁੰਦੀ। ਕਮਾਲ ਦੀ ਗੱਲ ਤਾਂ ਇਹ ਹੈ ਕਿ ਉਹ ਇਸ ਕੰਮ ਨੂੰ ਬਹੁਤ ਲੰਮਾ-ਚੌੜਾ ਗਣਿਤ ਲੜਾ ਕੇ ਵੀ ਤੇਜ਼ ਰਫਤਾਰ ਨਾਲ ਅੰਜਾਮ ਦਿੰਦੇ ਹਨ ਅਤੇ ਜੁਆਬੀ ਹੱਲਾ ਬੋਲਦੇ ਹਨ ਪਰ ਜੋ ਗੱਲ ਸੱਚਮੁਚ ਜ਼ਿਕਰਯੋਗ ਹੈ, ਉਹ ਹੈ ਦੋਹਾਂ ਦਾ ਹੋਛਾਪਣ। ਇਸ ਮਾਮਲੇ ਵਿਚ ਕੋਈ ਵੀ ਦੂਜੇ ਨਾਲੋਂ ਘੱਟ ਦੋਸ਼ੀ ਨਹੀਂ ਹੁੰਦਾ।
ਮੌਜੂਦਾ ਕਾਂਡ ਦੀ ਜੜ੍ਹ 'ਚ ਜੋ ਬੇਵਕੂਫੀ ਭਰੀ ਬੇਹੂਦਗੀ ਮੌਜੂਦ ਹੈ, ਉਸ ਦੀ ਅਸੀਂ ਇਕ ਛੋਟੀ ਜਿਹੀ ਮਿਸਾਲ ਦਿੰਦੇ ਹਾਂ। ਅਜਿਹਾ ਲੱਗਦਾ ਹੈ ਕਿ ਪਾਕਿਸਤਾਨ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਇਸਲਾਮਾਬਾਦ ਕਲੱਬ ਦੀ ਮੈਂਬਰਸ਼ਿਪ ਦੇਣ ਦੇ ਮਾਮਲੇ ਵਿਚ ਦੇਰੀ ਕਰ ਰਿਹਾ ਹੈ। 
ਭਾਰਤੀ ਮੱਧਵਰਗ ਲਈ ਇਹ ਇਕ ਗੰਭੀਰ ਮੁੱਦਾ ਹੈ ਕਿਉਂਕਿ ਇਸ ਵਰਗ ਦੇ ਲੋਕਾਂ ਨੂੰ ਲੱਗਦਾ ਹੈ ਕਿ ਕਿਸੇ ਸਨਮਾਨਜਨਕ ਵਿਅਕਤੀ ਨੂੰ ਇਸ ਕਲੱਬ ਦੀ ਮੈਂਬਰਸ਼ਿਪ ਦੇਣ ਤੋਂ ਇਨਕਾਰ ਕਿਵੇਂ ਕੀਤਾ ਜਾ ਸਕਦਾ ਹੈ? ਢੱਠੇ ਖੂਹ 'ਚ ਜਾਵੇ ਇਨ੍ਹਾਂ ਦੀ ਸਨਕ। 
ਜਿਥੋਂ ਤਕ ਪਾਕਿਸਤਾਨੀਆਂ ਦੀ ਗੱਲ ਹੈ, ਉਹ ਦਾਅਵਾ ਕਰਦੇ ਹਨ ਕਿ ਦਿੱਲੀ ਗੋਲਫ ਕਲੱਬ ਉਨ੍ਹਾਂ ਤੋਂ 3 ਸਾਲਾਂ ਦੀ ਮੈਂਬਰਸ਼ਿਪ ਲਈ 15,000 ਡਾਲਰ ਵਸੂਲਦੀ ਹੈ, ਜਦਕਿ ਪਾਕਿਸਤਾਨ ਦੀ ਇਸਲਾਮਾਬਾਦ ਕਲੱਬ ਭਾਰਤੀ ਡਿਪਲੋਮੇਟਾਂ ਨੂੰ ਆਪਣੀਆਂ ਸੇਵਾਵਾਂ ਸਿਰਫ 1500 ਡਾਲਰ 'ਚ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਗੋਲਫ ਕੋਰਸ ਜਾਂ ਸਵਿਮਿੰਗ ਪੂਲ ਵਰਗੀ ਸਹੂਲਤ ਲਈ ਇੰਨੀ ਵੱਡੀ ਰਕਮ ਲੋੜ ਤੋਂ ਕਿਤੇ ਜ਼ਿਆਦਾ ਹੈ, ਬੇਸ਼ੱਕ ਇਥੇ ਇਸਲਾਮਾਬਾਦ ਦੇ ਉਲਟ ਬੀਅਰ ਬਾਰ ਦੀ ਸਹੂਲਤ ਵੀ ਕਿਉਂ ਨਾ ਦਿੱਤੀ ਜਾਂਦੀ ਹੋਵੇ।
ਉਂਝ ਸਮੱਸਿਆ ਇਸ ਨਾਲੋਂ ਕਿਤੇ ਅਗਾਂਹ ਤਕ ਜਾਂਦੀ ਹੈ। ਪਾਕਿਸਤਾਨੀ ਅਕਸਰ ਬਿਜਲੀ ਅਤੇ ਪਾਣੀ ਵਰਗੀਆਂ ਸਹੂਲਤਾਂ ਦੇ ਸਵਿੱਚ ਬੰਦ ਕਰ ਦਿੰਦੇ ਹਨ। ਆਪਣੀ ਜਗ੍ਹਾ ਅਸੀਂ ਪਾਕਿਸਤਾਨੀ ਡਿਪਲੋਮੇਟਾਂ ਦੇ ਬੱਚਿਆਂ ਨੂੰ ਸਕੂਲ ਜਾਂਦੇ ਸਮੇਂ ਰਾਹ ਵਿਚ ਰੋਕ ਲੈਂਦੇ ਹਾਂ ਅਤੇ ਉਨ੍ਹਾਂ ਦੇ ਡਰਾਈਵਰਾਂ ਨੂੰ ਪ੍ਰੇਸ਼ਾਨ ਕਰਦੇ ਹਾਂ। ਜਦੋਂ ਇੰਨੇ ਨਾਲ ਵੀ ਮਨ ਨਹੀਂ ਭਰਦਾ ਤਾਂ ਅਸੀਂ ਤੜਕੇ 3 ਵਜੇ ਹੀ ਇਕ-ਦੂਜੇ ਦੇ ਦਰਵਾਜ਼ਿਆਂ ਦੀਆਂ ਘੰਟੀਆਂ ਵਜਾਉਣਾ ਸ਼ੁਰੂ ਕਰ ਦਿੰਦੇ ਹਾਂ।
ਫਿਰ ਵੀ ਦੋਹਾਂ ਦੇਸ਼ਾਂ ਨੇ ਇਕ-ਦੂਜੇ ਵਿਰੁੱਧ ਇਹ ਖੇਡ ਜਾਰੀ ਰੱਖੀ ਹੋਈ ਹੈ। ਅਸੀਂ ਦੋਵੇਂ ਹੀ ਨਹੀਂ, ਸਗੋਂ ਹੋਰ ਲੋਕ ਵੀ ਇਸ ਖੇਡ ਬਾਰੇ ਜਾਣਦੇ ਹਨ। ਦੋ ਦਹਾਕੇ ਪਹਿਲਾਂ ਭਾਰਤ 'ਚ ਬੈਲਜੀਅਮ ਦੇ ਰਾਜਦੂਤ ਨੇ ਇਹ ਤਾੜ ਲਿਆ ਸੀ ਕਿ ਅਜਿਹੀ ਬੇਵਕੂਫੀ ਦੀ ਜੜ੍ਹ ਵਿਚ ਕਿਹੜੀ ਗੱਲ ਕੰਮ ਕਰਦੀ ਹੈ? ਉਨ੍ਹਾਂ ਦਾ ਕਹਿਣਾ ਸੀ, ''ਭਾਰਤ ਅਤੇ ਪਾਕਿਸਤਾਨ ਦੋ ਅਜਿਹੇ ਦੇਸ਼ ਹਨ, ਜਿਨ੍ਹਾਂ ਵਿਚਾਲੇ ਰਿਸ਼ਤਾ ਬਹੁਤ ਹੀ ਬੇਮਿਸਾਲ ਹੈ।
ਇਕ-ਦੂਜੇ ਨੂੰ ਹੋਰ ਕਿਸੇ ਦੇ ਮੁਕਾਬਲੇ ਤੁਸੀਂ ਬਿਹਤਰ ਢੰਗ ਨਾਲ ਸਮਝਦੇ ਹੋ। ਇਸ ਦੇ ਬਾਵਜੂਦ ਤੁਸੀਂ ਇਕ-ਦੂਜੇ ਨਾਲ ਪਿਆਰ ਅਤੇ ਨਫਰਤ ਦੇ ਰਿਸ਼ਤੇ 'ਚ ਬੱਝੇ ਹੋਏ ਹੋ ਅਤੇ ਇਕ-ਦੂਜੇ ਨੂੰ ਪ੍ਰੇਸ਼ਾਨ ਕਰ ਕੇ ਤੁਹਾਨੂੰ 'ਮਜ਼ਾ' ਆਉਂਦਾ ਹੈ। ਦੋਹਾਂ ਲਈ ਕੋਈ ਵੀ ਗੱਲ ਛੋਟੀ ਤੇ ਬੇਵਕੂਫੀ ਭਰੀ ਨਹੀਂ ਹੈ। ਜਦੋਂ ਤੁਸੀਂ ਇਸ ਕੰਮ 'ਤੇ ਉਤਾਰੂ ਹੋ ਜਾਂਦੇ ਹੋ ਤਾਂ ਤੁਹਾਡੇ 'ਤੇ ਪੂਰੀ ਤਰ੍ਹਾਂ 'ਭੂਤ' ਸਵਾਰ ਹੋ ਜਾਂਦਾ ਹੈ।'' 
ਇਸਲਾਮਾਬਾਦ 'ਚ ਆਪਣੀਆਂ ਸੇਵਾਵਾਂ ਦੇ ਚੁੱਕੇ ਕਿਸੇ ਵੀ ਭਾਰਤੀ ਜਾਂ ਦਿੱਲੀ 'ਚ ਕੰਮ ਕਰ ਚੁੱਕੇ ਕਿਸੇ ਵੀ ਪਾਕਿਸਤਾਨੀ ਲਈ ਸ਼ਾਇਦ ਬੈਲਜੀਅਨ ਡਿਪਲੋਮੇਟ ਗਾਈ ਤਰੂਵਰਾਏ ਨਾਲ ਅਸਹਿਮਤ ਹੋਣਾ ਸੰਭਵ ਨਹੀਂ ਹੋਵੇਗਾ।
ਫਿਰ ਵੀ ਜੇ ਤੁਸੀਂ ਕਿਸੇ ਪਾਕਿਸਤਾਨੀ ਨਾਗਰਿਕ ਜਾਂ ਡਿਪਲੋਮੇਟ ਤੋਂ ਇਹੋ ਸਵਾਲ ਪੁੱਛਦੇ ਹੋ ਤਾਂ ਉਹ ਦੂਜੇ ਦੇ ਰਵੱਈਏ ਨੂੰ ਬਚਕਾਨਾ, ਹੋਛਾ ਅਤੇ ਅਸ਼ੋਭਨੀਕ ਕਰਾਰ ਦੇਣ ਵਿਚ ਇਕ ਪਲ ਵੀ ਨਹੀਂ ਲਾਏਗਾ ਪਰ ਜੇ ਇਹੋ ਸਵਾਲ ਉਸ ਦੇ ਆਪਣੇ ਰਵੱਈਏ ਬਾਰੇ ਪੁੱਛਿਆ ਜਾਵੇ ਤਾਂ ਸਾਰਾ ਜੋਸ਼ ਗਾਇਬ ਹੋ ਜਾਂਦਾ ਹੈ। ਉਦੋਂ ਫਿਰ ਉਸ ਅੰਦਰ ਅਚਾਨਕ ਇਹ ਭਰੋਸਾ ਜਾਗ ਉੱਠਦਾ ਹੈ ਕਿ ਉਸ ਨੂੰ ਵਿਸ਼ੇਸ਼ ਤੌਰ 'ਤੇ ਬੁਰੇ ਸਲੂਕ ਦਾ ਨਿਸ਼ਾਨਾ ਬਣਾਇਆ ਗਿਆ ਹੈ। ਇਸ ਲਈ ਦੂਜੀ ਧਿਰ ਵਿਰੁੱਧ ਬਦਲੇ ਦੀ ਕਾਰਵਾਈ ਜਾਇਜ਼ ਹੈ।
ਕੀ ਇਕ-ਦੂਜੇ ਤੋਂ ਰੁੱਸੇ ਭੈਣ-ਭਰਾ ਵੀ ਅਜਿਹਾ ਹੀ ਨਹੀਂ ਕਰਦੇ? ਕੀ ਇਹ ਰਵੱਈਆ ਵੀ ਇਸ ਤੱਥ ਦਾ ਅਟੱਲ ਸਿੱਟਾ ਹੈ ਕਿ ਕਿਸੇ ਜ਼ਮਾਨੇ ਵਿਚ ਅਸੀਂ ਇਕ ਹੀ ਦੇਸ਼ ਹੁੰਦੇ ਸੀ? ਸ਼ਾਇਦ ਇਹ ਕਾਰਨ ਹੋ ਸਕਦਾ ਹੈ ਪਰ ਮੈਂ ਕਹਿਣਾ ਚਾਹਾਂਗਾ ਕਿ ਇਹ ਬਹਾਨਾ ਕਾਫੀ ਨਹੀਂ ਹੈ ਅਤੇ ਨਾ ਹੀ ਸਾਡੇ ਆਪਸੀ ਤਣਾਅ ਭਰੇ ਰਵੱਈਏ ਲਈ ਕੋਈ ਤਸੱਲੀਬਖਸ਼ ਸਪੱਸ਼ਟੀਕਰਨ। 
ਕਾਸ਼! ਅਸੀਂ ਖ਼ੁਦ ਨੂੰ ਉਸੇ ਢੰਗ ਨਾਲ ਦੇਖ ਸਕਦੇ, ਜਿਸ ਢੰਗ ਨਾਲ ਬਾਕੀ ਦੁਨੀਆ ਸਾਨੂੰ ਦੇਖਦੀ ਹੈ, ਤਾਂ ਸਾਨੂੰ ਇਹ ਮਹਿਸੂਸ ਹੋ ਜਾਂਦਾ ਕਿ ਕਿਸ ਤਰ੍ਹਾਂ ਅਸੀਂ ਦੂਜਿਆਂ ਦੇ ਮਜ਼ਾਕ ਤੇ ਤਮਾਸ਼ੇ ਦੇ ਪਾਤਰ ਬਣਦੇ ਹਾਂ। ਅਜੇ ਵੀ ਸਮਾਂ ਹੈ ਕਿ ਭਾਰਤ-ਪਾਕਿਸਤਾਨ ਬਚਕਾਨਾ ਹਰਕਤਾਂ ਤੋਂ ਅੱਗੇ ਵਧਣ।
ਸੱਚਾਈ ਇਹ ਹੈ ਕਿ ਦੋਹਾਂ ਦੇਸ਼ਾਂ ਲਈ ਚਿੰਤਾਜਨਕ ਮੁੱਦਿਆਂ ਦੀ ਕੋਈ ਘਾਟ ਨਹੀਂ ਹੈ ਤੇ ਦੋਹਾਂ ਦੇਸ਼ਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਰਵੱਈਏ ਸਿਵਾਏ ਬੇਵਕੂਫੀ ਦੇ ਹੋਰ ਕੁਝ ਨਹੀਂ। ਇਸੇ ਬੇਵਕੂਫੀ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਕਈ ਵਾਰ ਨਿੱਜੀ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ ਤੇ ਜ਼ਿਆਦਾ ਗੁੰਝਲਦਾਰ ਬਣ ਜਾਂਦੀਆਂ ਹਨ। ਜੇ ਸਾਡੀਆਂ ਸਰਕਾਰਾਂ ਆਪਸ 'ਚ ਗੱਲਬਾਤ ਨਹੀਂ ਕਰਦੀਆਂ, ਤਾਂ ਵੀ ਇਸ ਦਾ ਅਰਥ ਇਹ ਨਹੀਂ ਕਿ ਸਾਡੇ ਡਿਪਲੋਮੇਟ ਤੂੰ-ਤੂੰ, ਮੈਂ-ਮੈਂ ਉਤੇ ਉਤਰ ਆਉਣ।
ਅਸਲ 'ਚ ਇਨ੍ਹਾਂ ਹੀ ਲੋਕਾਂ ਨੇ ਹੋਰ ਕੁਝ ਨਹੀਂ ਤਾਂ ਦੋਹਾਂ ਸਰਕਾਰਾਂ ਵਿਚਾਲੇ ਸੰਵਾਦ ਸੂਤਰ ਬਣਾਈ ਰੱਖਣੇ ਹੁੰਦੇ ਹਨ ਤਾਂ ਕਿ ਸਰਕਾਰਾਂ ਜਦੋਂ ਵੀ ਗੱਲਬਾਤ ਲਈ ਤਿਆਰ ਹੋਣ ਤਾਂ ਕਿਸੇ ਤਰ੍ਹਾਂ ਦੀ ਉਸ 'ਚ ਦੇਰੀ ਨਾ ਹੋਵੇ।
(karanthapar@itvindia.net)


Related News