ਆਖਰ ਪਾਕਿਸਤਾਨ, ਭਾਰਤ ਤੋਂ ਕਿਉਂ ਡਰਿਆ?

Thursday, Apr 18, 2024 - 07:20 PM (IST)

ਕੀ ਮੋਦੀ ਸਰਕਾਰ ਦੀ ਅੱਤਵਾਦ-ਵਿਰੋਧੀ ਨੀਤੀ ਅਤੇ ਪਾਕਿਸਤਾਨ ’ਚ ਭਾਰਤ ਦੇ ਦੁਸ਼ਮਣਾਂ ਦੀ ਹੱਤਿਆ ਵਿਚਾਲੇ ਕੋਈ ਸਬੰਧ ਹੈ? ਹੁਣੇ ਜਿਹੇ ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ 14 ਅਪ੍ਰੈਲ ਨੂੰ ਅੱਤਵਾਦੀ ਸੰਗਠਨ ਲਸ਼ਕਰ -ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੇ ਸਹਿਯੋਗੀ ਅਮੀਰ ਸਰਫਰਾਜ਼ ਤਾਂਬਾ ਦੀ ‘ਅਣਪਛਾਤੇ ਬੰਦੂਕਧਾਰੀਆਂ’ ਵਲੋਂ ਹੱਤਿਆ ’ਚ ‘ਭਾਰਤ ਦੀ ਭੂਮਿਕਾ’ ਹੈ। ਲੇਖ ਲਿਖੇ ਜਾਣ ਤੱਕ ਸਰਫਰਾਜ਼ ਜ਼ਿੰਦਾ ਹੈ ਜਾਂ ਗੰਭੀਰ ਤੌਰ ’ਤੇ ਜ਼ਖਮੀ , ਉਸ ਨੂੰ ਲੈ ਕੇ ਪਾਕਿਸਤਾਨੀ ਅਧਿਕਾਰੀਆਂ ’ਚ ਭੁਲੇਖੇ ਦੀ ਸਥਿਤੀ ਹੈ।

ਕੁਝ ਸਮੇਂ ਤੋਂ ਪਾਕਿਸਤਾਨ ’ਚ ਉਹ ਅੱਤਵਾਦੀ ‘ਅਣਪਛਾਤੇ ਹਮਲਾਵਰਾਂ’ ਦਾ ਸ਼ਿਕਾਰ ਬਣ ਰਹੇ ਹਨ, ਜੋ ਭਾਰਤ ਦੀ ‘ਸਭ ਤੋਂ ਵੱਧ ਲੋੜੀਂਦੀ ਸੂਚੀ’ ’ਚ ਸ਼ਾਮਲ ਹਨ। ਇਸ ’ਚ ਮੌਲਾਨਾ ਰਹੀਮ ਉੱਲਾਹ ਤਾਰਿਕ, ਅਕਰਮ ਗਾਜ਼ੀ, ਖਵਾਜਾ ਸ਼ਾਹਿਦ, ਸ਼ਾਹਿਦ ਲਤੀਫ, ਰਿਆਜ਼ ਅਹਿਮਦ, ਮੌਲਾਨਾ ਜਿਯਾ-ਉਰ-ਰਹਿਮਾਨ, ਖਾਲਿਸਤਾਨੀ ਪਰਮਜੀਤ ਸਿੰਘ ਪੰਜਵੜ ਅਤੇ ਬਸ਼ੀਰ ਅਹਿਮਦ ਪੀਰ ਸ਼ਾਮਲ ਹਨ। ਪਾਕਿਸਤਾਨੀ ਮੰਤਰੀ ਨਕਵੀ ਨੇ ਸਰਫਰਾਜ਼ ਦੇ ਨਾਲ ਇਨ੍ਹਾਂ ਹੱਤਿਆਵਾਂ ’ਚ ਵੀ ਭਾਰਤ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।

ਆਖਰ ਸਰਫਰਾਜ਼ ਨੇ ਅਜਿਹਾ ਕੀ ਕੀਤਾ ਸੀ ਕਿ ਉਸ ਦੀ ਹੱਤਿਆ ਦਾ ਬੇਤੁਕਾ ਇਲਜ਼ਾਮ ਪਾਕਿਸਤਾਨ ਨੇ ਸਿੱਧਾ ਭਾਰਤ ’ਤੇ ਲਾ ਦਿੱਤਾ? ਮੰਨਿਆ ਜਾਂਦਾ ਹੈ ਕਿ ਸਰਫਰਾਜ਼ ਅਤੇ ਉਸ ਦੇ ਸਾਥੀ ਮੁਦੱਸਰ ਨੇ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਸਾਲ 2013 ’ਚ ਲਾਹੌਰ ਦੀ ਜੇਲ ’ਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ।

ਇਹ ਹੱਤਿਆ ਭਾਰਤ ’ਚ ਅੱਤਵਾਦੀ ਅਫਜ਼ਲ ਗੁਰੂ ਦੀ ਫਾਂਸੀ ਦੇ ਦੋ ਮਹੀਨੇ ਬਾਅਦ ਹੋਈ ਸੀ, ਜੋ 13 ਦਸੰਬਰ 2001 ਨੂੰ ਭਾਰਤੀ ਸੰਸਦ ’ਤੇ ਹਮਲੇ ਦਾ ਮੁਖ ਸਾਜ਼ਿਸ਼ਕਰਤਾ ਸੀ। ਬਾਅਦ ’ਚ ਪਾਕਿਸਤਾਨ ਦੀ ਇਕ ਅਦਾਲਤ ਨੇ ਸਰਬਜੀਤ ਦੀ ਹੱਤਿਆ ਦੇ ਦੋਵਾਂ ਮੁਲਜ਼ਮਾਂ ਨੂੰ ਇਸ ਲਈ ਬਰੀ ਕਰ ਦਿੱਤਾ ਕਿਉਂਕਿ ਜੇਲ ’ਚ ਮੌਜੂਦ ਕਿਸੇ ਨੇ ਵੀ ਇਨ੍ਹਾਂ ਦੇ ਖਿਲਾਫ ਗਵਾਹੀ ਨਹੀਂ ਦਿੱਤੀ। ਇਹ ਸਥਿਤੀ ਉਸ ਵੇਲੇ ਸੀ ਜਦੋਂ ਪੋਸਟਮਾਰਟਮ ’ਚ ਸਰਬਜੀਤ ਦੀ ਲਾਸ਼ ’ਤੇ ਜ਼ਾਲਮਪੁਣੇ ਦੇ ਕਈ ਨਿਸ਼ਾਨ ਮਿਲੇ ਸਨ।

ਸਰਬਜੀਤ ਭਾਰਤ-ਪਾਕਿਸਤਾਨ ਸਰਹੱਦ ’ਤੇ ਬਸੇ ਤਰਨ-ਤਾਰਨ ਜ਼ਿਲੇ (ਪੰਜਾਬ) ਦੇ ਭਿੱਖੀਵਿੰਡ ਪਿੰਡ ਦੇ ਰਹਿਣ ਵਾਲੇ ਸਨ। ਉਹ 30 ਅਗਸਤ, 1990 ਨੂੰ ਅਣਜਾਨੇ ’ਚ ਪਾਕਿਸਤਾਨ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਸਰਬਜੀਤ ਨੂੰ ਬੰਬ ਧਮਾਕਾ ਮਾਮਲੇ ’ਚ ਫਸਾ ਕੇ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਸੁਣਾਈ ਗਈ।

ਸਰਬਜੀਤ ਦੀ ਭੈਣ ਦਲਬੀਰ ਕੌਰ 1991 ਤੋਂ ਲੈ ਕੇ 2013 ’ਚ ਉਨ੍ਹਾਂ ਦੀ ਬੇਰਹਿਮੀ ਨਾਲ ਹੋਈ ਹੱਤਿਆ ਤਕ ਰਿਹਾਈ ਲਈ ਪਾਕਿਸਤਾਨ ਤੋਂ ਲਗਾਤਾਰ ਪੈਰਵੀ ਕਰ ਰਹੀ ਸੀ। 11 ਸਾਲ ਬਾਅਦ ਸਰਬਜੀਤ ਦਾ ਮਾਮਲਾ ਮੁੜ ਆਪਣੇ ‘ਹਤਿਆਰੇ’ ਸਰਫਰਾਜ਼ ਦੀ ‘ਅਣਪਛਾਤੇ ਹਮਲਾਵਰਾਂ’ ਵਲੋਂ ‘ਹੱਤਿਆ’ ਕਾਰਨ ਮੁੜ ਸੁਰਖੀਆਂ ’ਚ ਹੈ।

ਪਾਕਿਸਤਾਨ ਤੋਂ ਪਹਿਲਾਂ ਬ੍ਰਿਟਿਸ਼ ਅਖਬਾਰ ‘ਦਿ ਗਾਰਜੀਅਨ’ ਨੇ 6 ਅਪ੍ਰੈਲ ਨੂੰ ਛਪੀ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਭਾਰਤ ਵਿਦੇਸ਼ੀ ਧਰਤੀ ’ਤੇ ਰਹਿਣ ਵਾਲੇ ਆਪਣੇ ਸਭ ਤੋਂ ਵੱਧ ਲੋੜੀਂਦੇ ਲੋਕਾਂ ਨੂੰ ਖਤਮ ਕਰਨ ਦੀ ਰਣਨੀਤੀ ਅਧੀਨ ਪਾਕਿਸਤਾਨ ’ਚ ਲੋਕਾਂ ਦੀ ਹੱਤਿਆ ਕਰ ਿਰਹਾ ਹੈ। ਰਿਪੋਰਟ ਮੁਤਾਬਕ, ‘‘ 2019 ’ਚ ਹੋਏ ਪੁਲਵਾਮਾ ਹਮਲੇ ਦੇ ਬਾਅਦ ਤੋਂ ਭਾਰਤੀ ਖੁਫੀਆ ਏਜੰਸੀ ਰਾਅ ਨੇ 20 ਹੱਤਿਆਵਾਂ ਕਰਵਾਈਆਂ। ਇਨ੍ਹਾਂ ਸਾਰਿਆਂ ਨੂੰ ਭਾਰਤ ਆਪਣਾ ਦੁਸ਼ਮਣ ਮੰਨਦਾ ਸੀ।’’ ਭਾਰਤ ਸਰਕਾਰ ਇਸ ਰਿਪੋਰਟ ਨੂੰ ਮੁੱਢੋਂ ਨਾਕਾਰ ਚੁੱਕੀ ਹੈ।

ਇਹ ਤੀਜੀ ਵਾਰ ਹੈ, ਜਦੋਂ ਭਾਰਤ ’ਤੇ ਵਿਦੇਸ਼ੀ ਧਰਤੀ ’ਤੇ ਆਪਣੇ ਦੁਸ਼ਮਣਾਂ ਦੀ ਹੱਤਿਆ ਜਾਂ ਹੱਤਿਆ ਦਾ ਯਤਨ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਸੀ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦਾ ਹੱਕ ਸੀ। ਇਸ ਤੋਂ ਬਾਅਦ ਅਮਰੀਕਾ ਨੇ ਵੀ ਕਹਿ ਦਿੱਤਾ ਕਿ ਭਾਰਤ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਉਸ ਨੇ ਨਾਕਾਮ ਕਰ ਦਿੱਤਾ ਸੀ। ਮੋਦੀ ਸਰਕਾਰ ਇਸ ਤਰ੍ਹਾਂ ਦੇ ਸਾਰੇ ਦੋਸ਼ਾਂ ਦਾ ਖੰਡਨ ਕਰ ਚੁੱਕੀ ਹੈ ਪਰ ਕੀ ਅਮਰੀਕਾ ਜਾਂ ਕਿਸੇ ਹੋਰ ਪੱਛਮੀ ਦੇਸ਼ ਨੂੰ ਇਸ ਮਾਮਲੇ ’ਚ ਭਾਰਤ ਨੂੰ ਕੋਈ ਉਪਦੇਸ਼ ਦੇਣ ਦਾ ਹੱਕ ਹੈ?

ਸੱਚ ਤਾਂ ਇਹ ਹੈ ਕਿ ਅਮਰੀਕਾ ਦਾ ਆਪਣਾ ਇਤਿਹਾਸ ਵਿਦੇਸ਼ ’ਚ ਆਪਣੇ ਦੁਸ਼ਮਣਾਂ ਨੂੰ ਠਿਕਾਣੇ ਲਾਉਣ ਦਾ ਰਿਹਾ ਹੈ। 2 ਮਈ 2011 ਨੂੰ ਪਾਕਿਸਤਾਨ ’ਚ ਅੱਧੀ ਰਾਤ ਨੂੰ ਦਾਖਲ ਹੋ ਕੇ ਅਮਰੀਕੀ ਫੌਜ ਨੇ ਉਸ ਓਸਾਮਾ ਬਿਨ ਲਾਦੇਨ ਨੂੰ ਢੇਰ ਕਰ ਦਿੱਤਾ ਸੀ ਜਿਸ ਨੇ ਸਤੰਬਰ 2001 ’ਚ ਅਮਰੀਕਾ ਦੇ ਨਿਊਯਾਰਕ ਸ਼ਹਿਰ ’ਚ ਭਿਆਨਕ 9/11 ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ। ਇਹੀ ਨਹੀਂ, ਕਈ ਦੇਸ਼ਾਂ ਦੇ ਵਿਰੋਧ ਨੂੰ ਅਣਡਿੱਠ ਕਰਦਿਆਂ ਅਮਰੀਕਾ ਨੇ ਸਾਲ 2003 ’ਚ ਇਰਾਕ ’ਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਸੀ ਕਿ ਉਸ ਦੇ ਤਾਨਾਸ਼ਾਹ ਸੱਦਾਮ ਹੁਸੈਨ ਕੋਲ ਸਮੂਹਿਕ ਤਬਾਹੀ ਦੇ ਘੱਟ ਹਥਿਆਰ ਹਨ। ਬਾਅਦ ’ਚ ਅਮਰੀਕਾ ਨੂੰ ਕੋਈ ਹਥਿਆਰ ਨਹੀਂ ਮਿਲੇ।

ਇਸੇ ਤਰ੍ਹਾਂ 2019 ’ਚ ਅਮਰੀਕਾ ਨੇ ਸੀਰੀਆ ’ਚ ਆਈ. ਐੱਸ. ਆਈ. ਐੱਸ ਸਰਗਣਾ ਅਬੂ-ਅਲ-ਬਗਦਾਦੀ, 2020’ਚ ਇਰਾਨ ’ਚ ਚੋਟੀ ਦੇ ਫੌਜ ਅਧਿਕਾਰੀ ਕਾਸਿਮ ਸੁਲੇਮਾਨੀ ਅਤੇ ਜੁਲਾਈ 2022 ’ਚ ਅਫਗਾਨਿਸਤਾਨ ਦੇ ਕਾਬੁਲ ’ਚ ਅੱਤਵਾਦੀ ਅਲ-ਜਵਾਹਿਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇੰਨਾ ਹੀ ਨਹੀਂ, ਅਮਰੀਕੀ ਜਾਂਚ ਏਜੰਸੀ ‘ਸੀ. ਆਈ. ਏ.’ ਕਿਊਬਾ ਦੇ ਨੇਤਾ ਫਿਦੇਲ ਕਾਸਤਰੋ ਦੀ ਹੱਤਿਆ ਦੇ 8 ਅਸਫਲ ਯਤਨ ਕਰ ਚੁੱਕੀ ਹੈ।

ਇਜ਼ਰਾਈਲ ਵੀ ਆਤਮ-ਰੱਖਿਆ ’ਚ ਆਪਣੇ ਦੁਸ਼ਮਣਾਂ ਨੂੰ ਦੁਨੀਆ ਦੇ ਕਿਸੇ ਵੀ ਕੋਨੇ ’ਚ ਟਿਕਾਣੇ ਲਾਉਣ ’ਚ ਮਾਹਿਰ ਹੈ। 1972 ਦੀਆਂ ਮਿਊਨਿਖ ਓਲੰਪਿਕਸ ’ਚ 11 ਇਜ਼ਰਾਈਲੀ ਖਿਡਾਰੀਆਂ ਦੀ ਹੱਤਿਆ ਕਰਨ ਵਾਲੇ ਫਿਲਸਤੀਨੀ ਅੱਤਵਾਦੀਆਂ ਨੂੰ ਇਟਲੀ, ਫਰਾਂਸ, ਨਾਰਵੇ, ਲਿਬਨਾਨ ਅਤੇ ਸਾਈਪ੍ਰਸ ’ਚ ਲੱਭ ਕੇ ਮਾਰਨਾ ਇਸ ਦੀ ਉਦਾਹਰਣ ਹੈ। ਅੱਜ ਵੀ ਇਜ਼ਰਾਈਲ ਇਸ ਤਰ੍ਹਾਂ ਦੇ ਕਦਮ ਚੁੱਕਣ ਤੋਂ ਨਹੀਂ ਝਿਜਕਦਾ। ਬੀਤੇ ਸਾਲ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਵਲੋਂ ਗਾਜ਼ਾ ਪੱਟੀ ਨੂੰ ਮਲਵੇ ਦੇ ਢੇਰ ’ਚ ਬਦਲਣਾ ਇਸ ਦੀ ਉਦਾਹਰਣ ਹੈ। ਇਹੀ ਨਹੀਂ, ਡੇਢ ਮਹੀਨਾ ਪਹਿਲਾਂ ਇਰਾਨੀ ਫੌਜੀਆਂ ਨੇ ਪਾਕਿਸਤਾਨ ਦੀ ਸਰਹੱਦ ’ਚ ਦਾਖਲ ਹੋ ਕੇ ਸੁੰਨੀ ਅੱਤਵਾਦੀ ਸੰਗਠਨ ਜੈਸ਼ ਅਲ-ਅਦਲ ਦੇ ਕਮਾਂਡਰ ਇਸਮਾਈਲ ਸ਼ਾਹਬਖਸ਼ ਸਮੇਤ ਹੋਰ ਜਿਹਾਦੀਆਂ ਨੂੰ ਢੇਰੀ ਕਰ ਦਿੱਤਾ ਸੀ।

ਅਸਲ ’ਚ, ਬਾਕੀ ਦੁਨੀਆ ’ਚ ਭਾਰਤ ਦੇ ਆਲੋਚਕ ਇਸ ਗੱਲ ਤੋਂ ਹੈਰਾਨ ਹਨ ਕਿ ਮਈ 2014 ਤੋਂ ਬਾਅਦ ਮੋਦੀ ਸਰਕਾਰ ਕੌਮੀ ਸੁਰੱਖਿਆ ਨੂੰ ਲੈ ਕੇ ਜ਼ੀਰੋ ਸਹਿਣਸ਼ਕਤੀ ਵਾਲੀ ਨੀਤੀ ਅਪਣਾ ਰਹੀ ਹੈ। ਉਹ ਲੋੜ ਪੈਣ ’ਤੇ ਸਰਹੱਦ ਪਾਰ ਕਰਨ ਤੋਂ ਵੀ ਨਹੀਂ ਝਿਜਕਦੇ। ਸਾਲ 2016 ਅਤੇ 2019 ’ਚ ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਦੇ ਨਾਲ ਦੇਸ਼ ’ਚ ਅੱਤਵਾਦੀ ਹਮਲਿਆਂ ’ਚ ਅਚਾਨਕ ਕਮੀ ਆਉਣੀ ਇਸ ਦਾ ਸਬੂਤ ਹੈ। ਇਸ ਪਿਛੋਕੜ ’ਚ ਭਾਰਤ ’ਤੇ ਪਾਕਿਸਤਾਨ, ਅਮਰੀਕਾ ਅਤੇ ਕੈਨੇਡਾ ਵਲੋਂ ਆਪਣੇ ਦੁਸ਼ਮਣਾਂ ਦੀ ਹੱਤਿਆ ਦਾ ਦੋਸ਼ ਲਾਉਣਾ ਬਾਕੀ ਦੁਨੀਆ ’ਚ ਉਸ ਸਿਆਸੀ , ਵਿਚਾਰਕ, ਗੈਰ-ਸਰਕਾਰੀ ਸੰਗਠਨ ਅਤੇ ਨਿੱਜੀ ਸੰਸਥਾਵਾਂ ਦੀ ਸਾਂਝੀ ਬੌਖਲਾਹਟ ਦਾ ਸਬੂਤ ਹੈ, ਜੋ ਭਾਰਤ ਦੀ ਮੌਲਿਕ ਸਨਾਤਨ ਪਛਾਣ, ਸੱਭਿਆਚਾਰਕ ਮੁੜ ਬਹਾਲੀ, ਆਰਥਿਕ ਤਰੱਕੀ, ਦੇਸ਼ ਹਿੱਤ ਕੇਂਦਰਿਤ ਵਿਦੇਸ਼ ਨੀਤੀ, ਤੁਲਨਾਤਮਕ ਤੌਰ ’ਤੇ ਸੁਰੱਖਿਅਤ ਸਰਹੱਦਾਂ ਅਤੇ ਆਤਮ-ਨਿਰਭਰਤਾ (ਹਥਿਆਰਾਂ ਸਮੇਤ) ਵੱਲ ਵਧਦੇ ਕਦਮਾਂ ਤੋਂ ਸ਼ਰਮਿੰਦਾ ਹੋ ਚੁੱਕੇ ਹਨ।

ਬਲਬੀਰ ਪੁੰਜ


Rakesh

Content Editor

Related News