ਕਿੱਥੋਂ ਤਕ ਲੈ ਜਾਏਗੀ ਇਹ ‘ਮੀ ਟੂ’ ਮੁਹਿੰਮ

Tuesday, Oct 16, 2018 - 06:38 AM (IST)

‘ਮੀ ਟੂ’ ਦਾ ਸੇਕ ਕਈ ਜਗ੍ਹਾ ਪਹੁੰਚਣ ਲੱਗਾ ਹੈ ਅਤੇ ਇਹ ਕਿੱਥੇ-ਕਿੱਥੇ ਪਹੁੰਚੇਗਾ, ਕੌਣ-ਕੌਣ ਇਸ ਦੇ ਲਪੇਟੇ ’ਚ ਆਏਗਾ, ਇਹ ਕਹਿਣਾ ਬਹੁਤ ਮੁਸ਼ਕਿਲ ਹੈ। ਸਿਨੇ ਜਗਤ ਤੋਂ ਬਾਅਦ ਹੁਣ ਸਿਆਸਤ ਵੀ ਇਸ ਦੀ ਲਪੇਟ ’ਚ ਆ ਗਈ ਹੈ। ਸਰਕਾਰ ਨੇ ਗੰਭੀਰਤਾ ਨਾਲ ਇਸ ਦਾ ਨੋਟਿਸ ਲਿਆ ਹੈ ਤੇ ਇਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਕੁਝ ਫਿਲਮਾਂ ਦੀ ਸ਼ੂਟਿੰਗ ਤਕ ਰੁਕ ਗਈ ਹੈ। 
ਟੀ. ਵੀ. ਚੈਨਲਾਂ ਤੇ ਪ੍ਰਿੰਟ ਮੀਡੀਆ ’ਚ ਇਸ ਦੀ ਖੂਬ ਚਰਚਾ ਹੋ ਰਹੀ ਹੈ। ਕੁਝ ਪ੍ਰਮੁੱਖ ਵਿਅਕਤੀਅਾਂ ’ਤੇ ਦੋਸ਼ ਲੱਗਾ ਅਤੇ ਉਨ੍ਹਾਂ ਨੇ ਉਸ ਦੋਸ਼ ਨੂੰ ਝੂਠ ਕਹਿ ਕੇ ਮਾਣਹਾਨੀ ਦਾ ਮੁਕੱਦਮਾ ਕਰਨ ਦਾ ਐਲਾਨ ਕਰ ਦਿੱਤਾ। ਕਿਸੇ ਔਰਤ ਦੀ ਮਜਬੂਰੀ ਦਾ ਲਾਭ ਉਠਾ ਕੇ ਉਸ ਦਾ ਸੈਕਸ ਸ਼ੋਸ਼ਣ ਕਰਨਾ ਇਕ ਘੋਰ ਅਪਰਾਧ ਅਤੇ ਇਕ ਮਹਾਪਾਪ ਹੈ, ਇਕ ਨਾਰੀ ਦਾ ਅਪਮਾਨ ਹੈ। ਸਮਾਜ ’ਚ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ  ਕਿ ਅਪਰਾਧੀ ਨੂੰ ਉਸੇ ਸਮੇਂ ਸਜ਼ਾ ਮਿਲੇ। 
ਕਈ ਸਾਲ ਪਹਿਲਾਂ ਕਿਸ ਸਥਿਤੀ ਅਤੇ ਕਿਸ ਮਨੋਦਸ਼ਾ ’ਚ ਕਿਸ ਨੇ ਕੀ ਕੀਤਾ, ਕਿਸ ਨੇ ਕਿਉਂ ਸਹਿਣ ਕੀਤਾ? ਦੋਸ਼ ਸੱਚ ਵੀ ਹੋ ਸਕਦਾ ਹੈ ਅਤੇ ਅੱਧਾ ਸੱਚ ਵੀ। ਕਿਤੇ ਪ੍ਰਤੱਖ ਸਹਿਮਤੀ ਵੀ ਹੋ ਸਕਦੀ ਹੈ। ਇਨ੍ਹਾਂ ਸਭ ਗੱਲਾਂ ਨੂੰ ਸਾਲਾਂ ਬਾਅਦ ਅਦਾਲਤ ’ਚ ਸਿੱਧ ਕਰਨਾ ਕੀ ਅੱਜ ਸੰਭਵ ਹੋਵੇਗਾ? ਦੂਸ਼ਣਬਾਜ਼ੀ ਤੇ ਮੁਕੱਦਮੇਬਾਜ਼ੀ ਚੱਲਦੀ ਰਹੇਗੀ। ਇਸ ਸਭ ਨਾਲ ਪੂਰੇ ਮਾਹੌਲ ’ਚ ਇਕ ‘ਕਾਮ-ਚਰਚਾ’ ਦਾ ਪ੍ਰਦੂਸ਼ਣ ਤਾਂ ਫੈਲ ਹੀ ਜਾਵੇਗਾ ਅਤੇ ਜਿਸ ’ਤੇ ਦੋਸ਼ ਲੱਗੇਗਾ, ਉਹ ਇਕ ਵਾਰ ਸਮਾਜ ’ਚ ਬਦਨਾਮ ਹੋ ਹੀ ਜਾਵੇਗਾ। 
ਕੁਝ ਸਾਲ ਪਹਿਲਾਂ ਹਿਜੜਿਅਾਂ ਦੇ ਸਬੰਧ ’ਚ ਮੀਡੀਆ ’ਚ ਬਹੁਤ ਚਰਚਾ ਹੋਈ ਸੀ, ਉਨ੍ਹਾਂ ਦੇ ਅਧਿਕਾਰਾਂ ਦੀ ਸਮੀਖਿਆ ਹੋਈ ਸੀ। ਫਿਰ ਫੈਸਲਾ ਹੋਇਆ ਤਾਂ ਕੁਝ ਸਮਾਂ ਇਹੋ ਵਿਸ਼ਾ ਮੀਡੀਆ ’ਚ ਛਾਇਆ ਰਿਹਾ। ਟੀ. ਵੀ. ਚੈਨਲ ਦਿਨ-ਰਾਤ ਚੱਲਣੇ ਹਨ, ਅਖ਼ਬਾਰਾਂ ’ਚ ਮਸਾਲੇਦਾਰ ਖਬਰਾਂ ਛਪਣੀਅਾਂ ਹਨ। ਅਜਿਹੀਅਾਂ ਖਬਰਾਂ ਨੂੰ ਅਕਸਰ ਤਰਜੀਹ ਮਿਲ ਜਾਂਦੀ ਹੈ। 
ਪਿੱਛੇ ਜਿਹੇ ਸਮਲਿੰਗੀ ਸਬੰਧਾਂ ਨੂੰ ਲੈ ਕੇ ਖੂਬ ਚਰਚਾ ਹੋਈ ਅਤੇ ਸਮਲਿੰਗੀਅਾਂ ਦੇ ਅਧਿਕਾਰਾਂ ’ਤੇ ਅੰਦੋਲਨ ਹੋਇਆ। ਨਿਅਾਂਪਾਲਿਕਾ ’ਚ ਲੰਮੀ ਬਹਿਸ ਹੋਈ ਤੇ ਆਖਿਰ ’ਚ ਸਮਲਿੰਗੀਅਾਂ ਦੇ ਅਧਿਕਾਰਾਂ ਨੂੰ ਲੈ ਕੇ ਉਨ੍ਹਾਂ ਦੇ ਪੱਖ ’ਚ ਫੈਸਲਾ ਹੋਇਆ। ਇਸ ’ਤੇ ਉਨ੍ਹਾਂ ਨੇ  ਖੂਬ ਜਸ਼ਨ ਮਨਾਇਆ। ਮੀਡੀਆ ਉਨ੍ਹਾਂ ਹੀ ਖ਼ਬਰਾਂ ਨਾਲ ਭਰਿਆ ਰਿਹਾ। ਇਹ ਸਬੰਧ ਪਹਿਲਾਂ ਵੀ ਚੱਲਦੇ ਰਹੇ ਸਨ ਪਰ ਇਸ ਵਿਕਾਰ ਨੂੰ ਸਮਾਜ ਨੇ ਕਦੇ ਮਨਜ਼ੂਰੀ ਨਹੀਂ ਦਿੱਤੀ ਸੀ। ਹੁਣ ਮਨਜ਼ੂਰੀ ਵੀ ਮਿਲੀ ਹੈ ਤੇ ਇਕ ਸਨਮਾਨ ਵੀ ਮਿਲ ਗਿਆ ਹੈ। 
ਇਕ ਦੌਰ ਵਿਆਹ-ਬਾਹਰੇ ਸਬੰਧਾਂ ਦੀ ਚਰਚਾ ਦਾ ਵੀ ਚੱਲਿਆ ਕਿ ਕਿਸੇ ਮਰਦ ਵਲੋਂ ਵਿਆਹੁਤਾ ਔਰਤ ਨਾਲ ਸੈਕਸ ਸਬੰਧ ਭਾਰਤੀ ਕਾਨੂੰਨ ਮੁਤਾਬਿਕ ਇਕ ਅਪਰਾਧ ਸੀ। ਔਰਤ ਦੇ ਹੱਕਾਂ ਦੀ ਲੜਾਈ ’ਚ ਇਸ ਨੂੰ ਵੀ ਔਰਤ ਦੇ ਸ਼ੋਸ਼ਣ ਦਾ ਰੂਪ ਦਿੱਤਾ ਗਿਆ ਅਤੇ ਇਹ ਕਿਹਾ ਗਿਆ ਕਿ ਉਹ ਪਤਨੀ ਹੈ, ਕਿਸੇ ਦੀ ਗੁਲਾਮ ਨਹੀਂ। ਖੂਬ ਚਰਚਾ ਹੋਈ ਕਿ ਨਿਅਾਂਪਾਲਿਕਾ ਨੇ ‘ਵਿਭਚਾਰ’ ਸਮਝੇ ਜਾਣ ਵਾਲੇ ਇਸ ਕਾਰੇ ਨੂੰ ਵੀ ਮਾਨਤਾ ਦੇ ਦਿੱਤੀ। ਇਹ ਮੁੱਦਾ ਵੀ ਮੀਡੀਆ ’ਚ ਖੂਬ ਛਾਇਆ ਰਿਹਾ। 
ਸੈਕਸ ਸ਼ੋਸ਼ਣ ਦੇ ਦੋਸ਼ ਮਜ਼ਾਕ ਦਾ ਕਾਰਨ ਵੀ ਬਣ ਰਹੇ ਹਨ। ਨੌਜਵਾਨ ਔਰਤ-ਮਰਦ ‘ਲਿਵ-ਇਨ-ਰਿਲੇਸ਼ਨਜ਼’ ਵਿਚ ਰਹਿ ਰਹੇ ਹਨ। ਔਰਤ ਬੇਵਜ੍ਹਾ ਬਲਾਤਕਾਰ ਤਕ ਦਾ ਦੋਸ਼ ਲਾ ਦਿੰਦੀ ਹੈ। ਸਵਾਲ ਹੈ ਕਿ ਆਖਿਰ ਉਹ ਇਕੋ ਘਰ ’ਚ ਇਕੱਠੇ ਕੀ ਕਰਨ ਲਈ ਰਹਿ ਰਹੇ ਸਨ? ‘ਮੀ ਟੂ’ ਦੇ ਬਹੁਤ ਸਾਰੇ ਦੋਸ਼ ਸਹਿਮਤੀ ਵਿਗੜਨ ਕਾਰਨ ਵੀ ਲਾਏ ਜਾ ਸਕਦੇ ਹਨ ਤੇ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਵੀ। 
ਸੈਕਸ ਸਬੰਧ ਮਨੁੱਖ ਦੀ ਇਕ ਬਹੁਤ ਵੱਡੀ ਤਾਕਤ ਅਤੇ ਨਾਲ ਹੀ ਬਹੁਤ ਵੱਡੀ ਕਮਜ਼ੋਰੀ ਵੀ ਹੈ। ਅਜਿਹੀਅਾਂ ਖਬਰਾਂ ਖੂਬ ਮਸਾਲੇ ਲਾ ਕੇ ਪੇਸ਼ ਕੀਤੀਅਾਂ ਜਾਂਦੀਅਾਂ ਹਨ ਤੇ ਪੜ੍ਹੀਅਾਂ ਵੀ ਜਾਂਦੀਅਾਂ ਹਨ। ਇਨ੍ਹਾਂ ਸਭ ਘਟਨਾਵਾਂ ’ਤੇ ਹੋਣ ਵਾਲੀ ਚਰਚਾ ਕਿੱਥੇ, ਕਿੰਨੀ ਜਾਇਜ਼ ਹੈ, ਇਹ ਇਕ ਵੱਖਰਾ ਸਵਾਲ ਹੈ ਪਰ ਕਾਮ ਅਤੇ ਸੈਕਸ ਦੇ ਸਬੰਧ ’ਚ ਇੰਨੀ ਜ਼ਿਆਦਾ ਚਰਚਾ ਨਾਲ ਨਵੀਂ ਪੀੜ੍ਹੀ ’ਤੇ ਚੰਗਾ ਪ੍ਰਭਾਵ ਨਹੀਂ ਪੈਂਦਾ। ਖਬਰਾਂ ਨਾਲ ਸੰਸਕਾਰ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਜਾਂਦਾ ਹੈ। 
ਅੱਜ ਸਿਨੇਮਾ, ਟੀ. ਵੀ. ਤੇ ਮੀਡੀਆ ’ਚ ਸੈਕਸ, ਅਪਰਾਧ ਦੀ ਜਿੰਨੀ ਚਰਚਾ ਹੋ ਰਹੀ ਹੈ, ਓਨੀ ਸ਼ਾਇਦ ਪਹਿਲਾਂ ਕਦੇ ਨਹੀਂ ਹੁੰਦੀ ਸੀ। ਇਸੇ ਦਾ ਨਤੀਜਾ ਹੈ ਕਿ ਸਮਾਜ ਦੀ ਵਿਵਸਥਾ ਲੜਖੜਾਉਣ ਲੱਗੀ ਹੈ ਤੇ ਅਪਰਾਧ ਵਧਦੇ ਜਾ ਰਹੇ ਹਨ। ਆਪਸੀ ਪਿਆਰ ਭਰੇ ਸਬੰਧਾਂ ਦੀਅਾਂ ਤਾਰਾਂ ਵੀ ਕਿਤੇ-ਕਿਤੇ ਟੁੱਟਦੀਅਾਂ ਨਜ਼ਰ ਆ ਰਹੀਅਾਂ ਹਨ। 
‘ਕਾਮ’ ਇਸ ਸ੍ਰਿਸ਼ਟੀ ਦੀ ਸਭ ਤੋਂ ਵੱਡੀ ਸ਼ਕਤੀਸ਼ਾਲੀ ਊਰਜਾ ਹੈ। ਮਰਦ ਅਤੇ  ਔਰਤ  ਦੀ ਇਕ-ਦੂਜੇ ਪ੍ਰਤੀ ਖਿੱਚ ਜ਼ਰੂਰਤ ਹੀ ਨਹੀਂ, ਲਾਜ਼ਮੀ ਵੀ ਹੈ। ਇਸ ਤੋਂ ਬਿਨਾਂ ਸ੍ਰਿਸ਼ਟੀ ਦੀ ਰਚਨਾ ਨਹੀਂ ਹੋ ਸਕਦੀ। ਇਹ ਖਿੱਚ ਹੀ ਸਿਰਜਣਾ ਦਾ ਆਧਾਰ ਹੈ ਪਰ ਜਦੋਂ ਇਹੋ ਊਰਜਾ ਸੰਤੁਲਨ ਗੁਆ ਬੈਠਦੀ ਹੈ ਤਾਂ ਤਬਾਹੀ ਦਾ ਕਾਰਨ ਵੀ ਬਣਦੀ ਹੈ। ਭਾਰਤੀ ਚਿੰਤਨ ’ਚ ਕਾਮ ਨੂੰ ਨਿੰਦਣਯੋਗ ਨਹੀਂ ਕਿਹਾ ਜਾਂਦਾ। 
ਆਚਾਰੀਆ ਰਜਨੀਸ਼ ਨੇ ਕਿਹਾ ਹੈ ਕਿ ‘‘ਊਰਜਾ ਇਹੋ ਹੈ, ਜੇ ਉਪਰ ਜਾਵੇਗੀ ਤਾਂ ਰਾਮ ਹੈ ਅਤੇ ਹੇਠਾਂ ਜਾਏਗੀ ਤਾਂ  ‘ਕਾਮ’ ਹੈ। ਉਪਰ ਜਾਏਗੀ ਤਾਂ ਉਪਾਸਨਾ, ਹੇਠਾਂ ਜਾਏਗੀ ਤਾਂ ਵਾਸਨਾ। ਵਿਚਾਲੇ ਸੰਤੁਲਨ ਨਾਲ ਰਹੇਗੀ ਤਾਂ ਇਕ ਸਿਹਤਮੰਦ ਸੰਸਾਰ ਹੈ।’’
ਭਾਰਤ ’ਚ ਧਰਮ ਅਤੇ ਸੰਸਕਾਰ ਇਸੇ ਸੰਤੁਲਨ ਨੂੰ ਬਣਾ ਕੇ ਰੱਖਦੇ ਸਨ ਪਰ ਅੱਜ ਇਹ ਸੰਤੁਲਨ ਵਿਗੜਦਾ ਜਾ ਰਿਹਾ ਹੈ। ਸਮਾਜ ਦੇ ਮਾਹੌਲ, ਸਿੱਖਿਆ ਅਤੇ ਸੰਸਕਾਰ ਦੇ ਪ੍ਰਭਾਵ ਨਾਲ ਇਹੋ ਮਨੁੱਖ ਉਪਰ ਉੱਠਦੇ-ਉੱਠਦੇ ‘ਭਗਵਾਨ’ ਬਣ ਜਾਂਦਾ ਹੈ ਅਤੇ ਹੇਠਾਂ ਡਿੱਗਦੇ-ਡਿੱਗਦੇ ‘ਹੈਵਾਨ’ ਬਣ ਜਾਂਦਾ ਹੈ। ਜੇ ਵਿਚਾਲੇ ਸੰਤੁਲਨ ਨਾਲ ਰਹੇ ਤਾਂ ਚੰਗਾ ਇਨਸਾਨ ਬਣ ਜਾਂਦਾ ਹੈ। 
ਅੱਜ ਦੀ ਸਮਾਜਿਕ ਪ੍ਰਣਾਲੀ ’ਚ ਸਮਾਜ ਸੰਸਕਾਰਹੀਣ ਬਣਦਾ ਦਿਖਾਈ ਦੇ ਰਿਹਾ ਹੈ। ਸੰਸਕਾਰ ਦੇਣ ਦੀਅਾਂ ਰਵਾਇਤਾਂ ਟੁੱਟਦੀਅਾਂ ਜਾ ਰਹੀਅਾਂ ਹਨ। ਦਾਦਾ-ਦਾਦੀ ਤੇ ਨਾਨਾ-ਨਾਨੀ ਕੋਲ ਬੈਠ ਕੇ ਰਾਮਾਇਣ ਦੀਅਾਂ ਕਹਾਣੀਅਾਂ ਸੁਣਨਾ ਹੁਣ ਬੀਤੇ ਦੀ ਗੱਲ ਬਣ ਗਈ ਹੈ। ਨਵੀਂ  ਪੀੜ੍ਹੀ ਕੋਲ ਟੀ. ਵੀ. ਤੇ ਮੋਬਾਇਲ ਤੋਂ ਇਲਾਵਾ ਹੋਰ ਕਿਸੇ ਕੰਮ ਲਈ ਸਮਾਂ ਨਹੀਂ।
 ਸਿੱਖਿਆ ਸੰਸਥਾਵਾਂ ’ਚ ਵੀ ਨਾ ਤਾਂ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ ਤੇ ਨਾ ਹੀ ਨੈਤਿਕ ਸਿੱਖਿਆ ਦੇਣ ਵਾਲੇ ਆਦਰਸ਼ ਅਧਿਆਪਕ ਹਨ। ਬੱਚਿਅਾਂ ਦਾ ਆਪਸ ’ਚ ਖੇਡਣਾ, ਲੜਨਾ-ਝਗੜਨਾ, ਸਹਿਯੋਗ ਤੇ ਸੰਪਰਕ ਨਾਲ ਅਮਲੀ ਜੀਵਨ ਦੀ ਸਿੱਖਿਆ ਗ੍ਰਹਿਣ ਕਰਨਾ ਲੱਗਭਗ ਬੰਦ ਹੋ ਗਿਆ ਹੈ। ਬਚਪਨ ਦੀ ਮਸਤੀ ਟੀ. ਵੀ. ਅਤੇ ਮੋਬਾਇਲ ਫੋਨ ’ਚ ਸਿਮਟਦੀ ਜਾ ਰਹੀ ਹੈ। 
ਵਿਗਿਆਨ ਤੇ ਨਵੀਂ ਤਕਨੀਕ ਇਕ ਵਰਦਾਨ ਹੈ। ਅੱਜ ਦੁਨੀਆ ਭਰ ਦਾ ਗਿਆਨ ਮੁੱਠੀ ’ਚ ਸਮਾ ਗਿਆ  ਹੈ ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਮਝਦਾਰੀ ਤੋਂ ਬਿਨਾਂ ਵਿਗਿਆਨ ਤਬਾਹੀ ਦਾ ਕਾਰਨ ਵੀ ਬਣ ਸਕਦਾ ਹੈ। ਸੰਸਕਾਰਾਂ ਤੇ ਚੰਗੇ ਵਿਵਹਾਰ ਦੀਅਾਂ ਪੁਰਾਣੀਅਾਂ ਰਵਾਇਤਾਂ ਖਤਮ ਹੋ ਰਹੀਅਾਂ ਹਨ, ਸੰਸਕਾਰ ਪੈਦਾ ਕਰਨ ਲਈ ਨਵਾਂ ਕੁਝ ਨਹੀਂ ਹੋ ਰਿਹਾ, ਨਿੱਜਤਾ ਸਰਾਪ ਬਣਦੀ ਜਾ ਰਹੀ ਹੈ। 
ਇਨ੍ਹਾਂ ਸਭ ਕਾਰਨਾਂ ਕਰਕੇ ਟੀ. ਵੀ., ਮੋਬਾਇਲ ਤੇ ਸੋਸ਼ਲ ਮੀਡੀਆ ’ਚ ਸੈਕਸ ਤੇ ਅਪਰਾਧ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਸੁਭਾਅ ਤੋਂ ਮਨੁੱਖ, ਖਾਸ ਕਰਕੇ ਨੌਜਵਾਨ ਇਨ੍ਹਾਂ ਦੋਹਾਂ ’ਚ ਖਾਸ  ਰੁਚੀ ਲੈਂਦੇ ਹਨ। ਹਮੇਸ਼ਾ ਇਨ੍ਹਾਂ ’ਤੇ ਹੀ ਧਿਅਾਨ ਰਹਿਣ ਕਰਕੇ ਮਨੋਵਿਗਿਆਨਕ ਤੌਰ ’ਤੇ ਉਨ੍ਹਾਂ ਦਾ ਇਨ੍ਹਾਂ ਨਾਲ ਲਗਾਅ ਵਧ ਰਿਹਾ ਹੈ ਤੇ ਇਸੇ ਕਾਰਨ ਅਪਰਾਧ ਵੀ ਵਧ ਰਹੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੀਤਾ ’ਚ ਕਿਹਾ ਸੀ, ‘‘ਹਮੇਸ਼ਾ ਬੁਰੀਅਾਂ ਗੱਲਾਂ ਦਾ ਧਿਆਨ ਰਹਿਣ ਨਾਲ ਉਨ੍ਹਾਂ ’ਚ ਹੀ ਲਗਾਅ ਵਧਦਾ ਹੈ ਤੇ ਉਸ ਨਾਲ ਬੁੱਧੀ ਭ੍ਰਿਸ਼ਟ ਹੁੰਦੀ ਹੈ ਤੇ ਸਭ ਕੁਝ ਨਸ਼ਟ ਹੋ ਜਾਂਦਾ ਹੈ।’’ 
ਸਿਨੇਮਾ, ਮੀਡੀਆ ਤੇ ਸੋਸ਼ਲ ਮੀਡੀਆ ’ਚ ਸੈਕਸ, ਅਪਰਾਧ ਦੀ ਚਰਚਾ ’ਤੇ ਕਾਬੂ ਪਾਉਣਾ ਜ਼ਰੂਰੀ ਹੈ। ਬੱਚਿਅਾਂ ਦੇ ਹੱਥਾਂ ’ਚ ਮੋਬਾਇਲ ਫੋਨ ਹਨ ਅਤੇ ਇੰਟਰਨੈੱਟ ’ਚ ਸਭ ਕੁਝ ਭਰਿਆ ਹੋਇਆ ਹੈ। ਇਕ ਤਾਂ ਡਰੱਗਜ਼ ਦਾ ਨਸ਼ਾ ਆ ਰਿਹਾ ਹੈ ਤੇ ਉਪਰੋਂ ਮੋਬਾਇਲ ਦਾ ਨਸ਼ਾ, ਜਿਸ ’ਚ ਸੈਕਸ, ਪੋਰਨ, ਪਤਾ ਨਹੀਂ ਕੀ ਕੁਝ ਭਰਿਆ ਹੋਇਆ ਹੈ। ਸਮਾਜ ਤੇ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। 
ਹੁਣ ਸੰਸਕਾਰ ਦੇਣ ਦਾ ਕੰਮ ਸਮਾਜ ਤੇ ਪਰਿਵਾਰ ਸ਼ਾਇਦ  ਜ਼ਿਆਦਾ ਨਹੀਂ ਕਰ ਸਕੇਗਾ। ਯੋਗ ਅਤੇ ਨੈਤਿਕ ਸਿੱਖਿਆ ਨੂੰ ਇਕ ਲਾਜ਼ਮੀ ਵਿਸ਼ਾ ਬਣਾਉਣਾ ਚਾਹੀਦਾ ਹੈ। ਸ਼ੁਰੂ ਤੋਂ ਹੀ ਯੋਗ, ਪ੍ਰਾਣਾਯਾਮ ਤੇ ਨੈਤਿਕ ਸਿੱਖਿਆ ਨਵੀਂ ਪੀੜ੍ਹੀ ਨੂੰ ਚੰਗੇ ਸੰਸਕਾਰ ਦੇਣ ਦਾ ਕੰਮ ਕਰ ਸਕਦੀ ਹੈ। 


Related News