ਹੋਰਨਾਂ ਗ੍ਰਹਿਆਂ ''ਤੇ ''ਜੀਵਨ'' ਦੀਆਂ ਸੰਭਾਵਨਾਵਾਂ ਭਾਲਦਾ ਮਨੁੱਖ

09/09/2019 12:29:34 AM

ਜੇ ਅਸੀਂ ਜੀਵਨ ਨੂੰ ਵਿਕਾਸਵਾਦੀ ਨਜ਼ਰੀਏ ਤੋਂ ਦੇਖੀਏ ਤਾਂ ਅਹਿਮ ਪ੍ਰਾਪਤੀਆਂ ਕੀ ਹਨ? ਉਹ ਹਨ 350 ਕਰੋੜ ਸਾਲ ਪਹਿਲਾਂ ਇਕ ਕੋਸ਼ਿਕਾ 'ਚ ਧਰਤੀ 'ਤੇ ਜੀਵਨ ਦੀ ਸ਼ੁਰੂਆਤ ਅਤੇ ਅਗਲਾ ਕਦਮ ਸੀ ਬਹੁ-ਕੋਸ਼ਿਕੀ ਜੀਵਨ, ਫਿਰ ਥਣਧਾਰੀਆਂ ਦਾ ਵਿਕਾਸ ਅਤੇ ਹੋਰ ਗੁੰਝਲਦਾਰ ਪ੍ਰਾਣੀ। ਇਸ ਤੋਂ ਬਾਅਦ ਸਮੁੰਦਰ ਤੋਂ ਧਰਤੀ 'ਤੇ ਜੀਵਨ ਦਾ ਵਿਕਾਸ ਹੋਇਆ ਅਤੇ ਫਿਰ ਵਿਵੇਕ ਜਾਂ ਸਮਝਦਾਰੀ ਦਾ ਵਿਕਾਸ ਹੋਇਆ। ਇਸੇ ਕੜੀ 'ਚ ਅਸੀਂ ਮੌਜੂਦਾ ਸਮੇਂ ਤਕ ਪਹੁੰਚੇ ਹਾਂ।
ਇੰਨੇ ਵੱਡੇ ਪੱਧਰ 'ਤੇ ਅਗਲਾ ਕਦਮ ਕੀ ਹੋਵੇਗਾ? ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜਦੋਂ ਅਸੀਂ ਇਸ ਗ੍ਰਹਿ 'ਤੇ ਆਪਣੇ ਜੀਵਨ ਨੂੰ ਵਿਕਾਸਵਾਦੀ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਵਰਗੀਆਂ ਚੀਜ਼ਾਂ ਬਹੁਤੇ ਮਾਇਨੇ ਨਹੀਂ ਰੱਖਦੀਆਂ। ਮਨੁੱਖ ਜਾਤ ਨੇ ਜੋ ਜੰਗਾਂ ਲੜੀਆਂ ਹਨ ਅਤੇ ਜਿਸ ਤਰ੍ਹਾਂ ਸਾਨੂੰ ਇਤਿਹਾਸ ਪੜ੍ਹਾਇਆ ਜਾਂਦਾ ਹੈ, ਸਮਝਾਇਆ ਜਾਂਦਾ ਹੈ ਕਿ ਉਹ ਜ਼ਿਆਦਾ ਅਹਿਮ ਨਹੀਂ ਰਹਿ ਗਿਆ ਹੈ। ਇਤਿਹਾਸ ਦੇ ਸਾਰੇ ਮਹਾਨ ਔਰਤਾਂ-ਪੁਰਸ਼ ਵੀ ਇਥੇ ਅਢੁੱਕਵੇਂ ਹੋ ਜਾਂਦੇ ਹਨ।
ਇੰਨੇ ਵੱਡੇ ਪੱਧਰ 'ਤੇ ਅਗਲਾ ਕਦਮ ਹੋਵੇਗਾ ਜੀਵਨ ਅਤੇ ਚੇਤਨਾ ਨੂੰ ਬਹੁ-ਗ੍ਰਹੀ ਬਣਾਉਣਾ, ਭਾਵ ਇਸ ਨੂੰ ਧਰਤੀ ਤੋਂ ਬਾਹਰ ਲਿਜਾਣਾ ਅਤੇ ਸੌਰ ਮੰਡਲ 'ਚ ਹੋਰਨਾਂ ਗ੍ਰਹਿਆਂ 'ਤੇ ਮਨੁੱਖੀ ਸੱਭਿਅਤਾ ਦਾ ਵਿਕਾਸ। ਜਦੋਂ ਅਸੀਂ ਇਤਿਹਾਸ ਅਤੇ ਵਿਕਾਸ ਨੂੰ ਇਸ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਦੇਸ਼ਾਂ ਦੇ ਸਬੰਧ 'ਚ ਸਾਡੇ ਮੱਤਭੇਦ ਅਤੇ ਧਰਮ ਅਰਥਹੀਣ ਅਤੇ ਛੋਟੀਆਂ ਚੀਜ਼ਾਂ ਲੱਗਣ ਲੱਗਦੇ ਹਨ। ਚੰਦਰਯਾਨ ਦੀ ਅਸਫਲਤਾ ਨੂੰ ਸਾਨੂੰ ਇਸੇ ਨਜ਼ਰੀਏ ਨਾਲ ਦੇਖਣਾ ਚਾਹੀਦਾ ਹੈ। ਇਸ ਦਾ ਮਕਸਦ ਚੰਦਰਮਾ 'ਤੇ ਬਰਫ ਦੀ ਸ਼ਕਲ 'ਚ ਪਾਣੀ ਦੀ ਸੰਭਾਵਨਾ ਲੱਭਣਾ ਸੀ। ਚੰਦ 'ਤੇ ਪਾਣੀ ਦਾ ਹੋਣਾ ਹੀ ਬਹੁ-ਗ੍ਰਹੀ ਜੀਵਨ ਦੀ ਦਿਸ਼ਾ 'ਚ ਪਹਿਲਾ ਕਦਮ ਹੋਵੇਗਾ, ਇਸ ਲਈ ਉਥੇ ਪਾਣੀ ਦੀ ਭਾਲ ਅਤੇ ਉਸ ਦਾ ਇਸਤੇਮਾਲ ਕਰਨਾ ਅਹਿਮ ਹੈ।
ਪੁਲਾੜ 'ਚ ਸਾਡੀ ਯਾਤਰਾ ਦੌਰਾਨ ਉਥੇ ਲਿਜਾਈਆਂ ਜਾਣ ਵਾਲੀਆਂ ਚੀਜ਼ਾਂ ਦੇ ਸਬੰਧ 'ਚ ਧਰਤੀ ਦੀ ਗੁਰੂਤਾ-ਖਿੱਚ ਬਹੁਤ ਅਹਿਮ ਹੈ। ਰਾਕੇਟ ਦਾ 10 ਫੀਸਦੀ ਤੋਂ ਘੱਟ ਭਾਰ ਪੰਧ 'ਚ ਸਥਾਪਿਤ ਕੀਤਾ ਜਾ ਸਕਦਾ ਹੈ, ਜਦਕਿ ਬਾਕੀ 90 ਫੀਸਦੀ ਈਂਧਨ ਅਤੇ ਕੰਟੇਨਰ ਵਜੋਂ ਪਹਿਲੇ ਕੁਝ ਮਿੰਟਾਂ ਵਿਚ ਖਰਚ ਹੋ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪੰਧ 'ਚ ਜਾਣ ਦਾ ਮਤਲਬ ਹੈ 28000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਿਲ ਕਰਨਾ। ਜੇ ਪੁਲਾੜ 'ਚ ਕੋਈ ਚੀਜ਼ ਇਸ ਨਾਲੋਂ ਘੱਟ ਰਫਤਾਰ 'ਚ ਚੱਲਦੀ ਹੈ ਤਾਂ ਧਰਤੀ ਦੀ ਗੁਰੂਤਾ-ਖਿੱਚ ਕਾਰਨ ਇਹ ਮੁੜ ਧਰਤੀ 'ਤੇ ਆ ਜਾਵੇਗੀ।
ਜੇ ਅਸੀਂ 4 ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਸਫਰ 'ਤੇ ਜਾਣਾ ਹੋਵੇ (ਮੰਗਲ 'ਤੇ ਜਾਣ ਅਤੇ ਵਾਪਿਸ ਆਉਣ 'ਚ ਘੱਟੋ-ਘੱਟ ਇੰਨਾ ਸਮਾਂ ਲੱਗੇਗਾ) ਤਾਂ ਅਸੀਂ ਉਸ ਦੇ ਲਈ ਜ਼ਰੂਰੀ ਮਾਤਰਾ 'ਚ ਭੋਜਨ, ਪਾਣੀ ਅਤੇ ਈਂਧਨ ਆਪਣੇ ਨਾਲ ਨਹੀਂ ਲਿਜਾ ਸਕਦੇ।
ਸਾਡੇ 'ਚੋਂ ਬਹੁਤ ਸਾਰੇ ਲੋਕ ਗਰੀਬ ਦੇਸ਼ਾਂ 'ਚ ਅਜਿਹੇ ਖਰਚ ਦੇ ਪ੍ਰਸ਼ੰਸਕ ਨਹੀਂ ਹਨ ਪਰ ਇਥੇ ਕੁਝ ਹੋਰ ਗੱਲਾਂ 'ਤੇ ਵੀ ਵਿਚਾਰ ਕਰਨਾ ਜ਼ਰੂਰੀ ਹੈ। ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਕਿਸ ਤਰ੍ਹਾਂ ਪੁਲਾੜ ਦੀ ਛਾਣਬੀਣ ਸਾਡੇ ਸਾਰਿਆਂ ਲਈ ਜ਼ਿਆਦਾ ਖੁੱਲ੍ਹੇ ਦਿਮਾਗ ਵਾਲਾ ਰਸਤਾ ਹੋ ਸਕਦੀ ਹੈ। ਜੀਵਨ ਦੇ ਵਿਕਾਸ ਬਾਰੇ, ਇਸ ਦੇ ਪੈਮਾਨੇ ਅਤੇ ਇਹ ਪੁਲਾੜ ਯਾਤਰਾ 'ਚ ਕਿਵੇਂ ਫਿੱਟ ਬੈਠਦਾ ਹੈ, ਇਸ ਬਾਰੇ ਸੋਚਣ ਨਾਲ ਕਈ ਮੌਜੂਦਾ ਮੁੱਦਿਆਂ 'ਤੇ ਸਾਡੀ ਧਾਰਨਾ ਬਦਲ ਜਾਵੇਗੀ।
ਚੰਦਰਯਾਨ ਦੀ ਅਸਫਲ ਕੋਸ਼ਿਸ਼ ਤਾਂ ਹੀ ਅਸਫਲਤਾ ਜਾਂ ਨੁਕਸਾਨ ਮੰਨੀ ਜਾਵੇਗੀ, ਜੇ ਅਸੀਂ ਇਸ ਤੋਂ ਕੋਈ ਸਬਕ ਨਾ ਲਈਏ। ਪੁਲਾੜ ਖਤਰਨਾਕ ਹੈ ਅਤੇ ਜਦੋਂ ਮਨੁੱਖ ਅਗਲਾ ਵਿਕਾਸਵਾਦੀ ਕਦਮ ਚੁੱਕਦਾ ਹੈ ਤਾਂ ਕਈ ਯਤਨ ਅਸਫਲ ਵੀ ਹੁੰਦੇ ਹਨ। ਅਜਿਹਾ ਕੋਈ ਵੀ ਕਦਮ ਸੋਚ-ਸਮਝ ਕੇ, ਯੋਜਨਾਬੱਧ ਢੰਗ ਨਾਲ ਚੁੱਕਿਆ ਜਾਵੇਗਾ, ਇਹ ਇਕ ਕੁਦਰਤੀ ਘਟਨਾ ਵਜੋਂ ਨਹੀਂ ਹੋ ਸਕਦਾ।
ਦੁਨੀਆ ਦੀ ਸਭ ਤੋਂ ਵੱਡੀ ਪੁਲਾੜ ਕੰਪਨੀ 'ਸਪੇਸ ਐਕਸ' ਦੁਨੀਆ ਦੀ ਪਹਿਲੀ ਨਿੱਜੀ ਕੰਪਨੀ ਸੀ, ਜਿਸ ਨੇ 10 ਸਾਲ ਪਹਿਲਾਂ ਇਕ ਰਾਕੇਟ ਨੂੰ ਪੁਲਾੜ ਦੇ ਪੰਧ ਵਿਚ ਸਥਾਪਿਤ ਕੀਤਾ ਸੀ। ਇਹ ਆਪਣੇ ਪਹਿਲੇ 3 ਯਤਨਾਂ ਵਿਚ ਅਸਫਲ ਰਹੀ ਸੀ ਤੇ ਫਿਰ ਚੌਥੇ ਅਤੇ ਆਖਰੀ ਯਤਨ 'ਚ ਸਫਲ ਹੋ ਸਕੀ। ਉਦੋਂ ਇਸ ਕੋਲ ਸਿਰਫ ਚੌਥੇ ਯਤਨ ਲਈ ਹੀ ਧਨ ਬਚਿਆ ਸੀ। ਅੱਜ ਇਕ ਦਹਾਕੇ ਬਾਅਦ ਇਹ ਕੰਪਨੀ ਮਨੁੱਖ ਨੂੰ ਮੰਗਲ ਗ੍ਰਹਿ 'ਤੇ ਲਿਜਾਣ ਲਈ ਵੱਡੇ-ਵੱਡੇ ਰਾਕੇਟ ਬਣਾ ਰਹੀ ਹੈ।
ਆਧੁਨਿਕ ਸਮੇਂ 'ਚ ਕੰਪਿਊਟਰਾਂ ਦੀ ਤਾਕਤ ਕਾਰਨ ਦੁਨੀਆ ਅੰਦਰ ਤਕਨੀਕ ਅਸਾਧਾਰਨ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਸਾਡੇ ਜੀਵਨਕਾਲ ਵਿਚ ਹੀ ਕੁਝ ਸਾਲਾਂ ਅੰਦਰ ਅਸੀਂ ਅਜਿਹੀਆਂ ਪ੍ਰਾਪਤੀਆਂ ਹੁੰਦੀਆਂ ਦੇਖਾਂਗੇ, ਜਿਨ੍ਹਾਂ ਦੀ ਅੱਜ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇਕ ਸਮਾਂ ਆਉਣ 'ਤੇ ਧਰਤੀ ਜੀਵਨ ਧਾਰਨ ਕਰਨ ਦੇ ਯੋਗ ਨਹੀਂ ਰਹੇਗੀ ਅਤੇ ਇਹ ਇਕ ਅਸਲੀਅਤ ਹੈ। ਕਿਸੇ ਗ੍ਰਹਿ ਦੇ ਟਕਰਾਉਣ ਜਾਂ ਕਿਸੇ ਹੋਰ ਕੁਦਰਤੀ ਆਫਤ/ਪਰਲੋ ਨਾਲ ਧਰਤੀ 'ਤੇ ਜੀਵਨ ਖਤਮ ਹੋ ਜਾਵੇਗਾ। ਜੇ ਹੋਰ ਕੁਝ ਨਾ ਹੋਵੇ ਤਾਂ ਕੁਝ ਕਰੋੜ ਸਾਲਾਂ 'ਚ ਸੂਰਜ ਆਪਣੀ ਊਰਜਾ ਗੁਆ ਬੈਠੇਗਾ।
ਮਨੁੱਖਾਂ ਅਤੇ ਚੇਤਨ ਪ੍ਰਾਣੀਆਂ ਲਈ ਹੋਂਦ ਦਾ ਇਕੋ-ਇਕ ਤਰੀਕਾ ਬ੍ਰਹਿਮੰਡ 'ਚ ਹੋਰ ਜਗ੍ਹਾ 'ਤੇ ਜਾਣਾ ਹੋਵੇਗਾ। ਸਾਨੂੰ ਇਸਰੋ, ਨਾਸਾ, ਚੀਨੀ ਪੁਲਾੜ ਏਜੰਸੀ ਅਤੇ ਸਪੇਸ ਐਕਸ–ਸਭ ਦੇ ਯਤਨਾਂ ਨੂੰ ਸਾਂਝੇ ਤੌਰ 'ਤੇ ਮਨੁੱਖਤਾ ਦੇ ਯਤਨਾਂ ਵਜੋਂ ਦੇਖਣਾ ਚਾਹੀਦਾ ਹੈ।

                                                                                            —ਆਕਾਰ ਪਟੇਲ


KamalJeet Singh

Content Editor

Related News