ਮੱਧ ਪ੍ਰਦੇਸ਼ ਨੂੰ ਇਕ ਹੋਰ ਵੱਡਾ ''ਆਈਡੀਆ'' ਚਾਹੀਦੈ

06/21/2017 6:51:40 AM

ਕੀ ਆਖਿਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਰੁੱਧ ਸੱਤਾ ਵਿਰੋਧੀ ਲਹਿਰ ਸ਼ੁਰੂ ਹੋ ਗਈ ਹੈ? ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਵਲੋਂ ਹਮਲੇ ਦਾ ਖ਼ਦਸ਼ਾ ਨਹੀਂ ਸੀ, ਖਾਸ ਕਰਕੇ ਉਨ੍ਹਾਂ ਦੇ ਆਪਣੇ ਚੋਣ ਹਲਕੇ ਵਿਚ, ਜਿਸ ਦੇ ਵਿਕਾਸ ਲਈ ਮੁੱਖ ਮੰਤਰੀ ਵਜੋਂ ਆਪਣੇ ਤਿੰਨ ਕਾਰਜਕਾਲਾਂ ਵਿਚ ਉਨ੍ਹਾਂ ਨੇ ਬਹੁਤ ਪ੍ਰੇਸ਼ਾਨੀ ਉਠਾਈ।
ਕਿਸਾਨ ਬੇਸ਼ੱਕ ਹੁਣ ਸੜਕਾਂ 'ਤੇ ਮੁਜ਼ਾਹਰੇ ਕਰ ਰਹੇ ਹਨ ਪਰ ਮੁੱਖ ਮੰਤਰੀ ਦੇ ਸਮਰਥਕ ਪੁੱਛਦੇ ਹਨ ਕਿ ਜੇ ਚੌਹਾਨ ਨਾ ਹੁੰਦੇ ਤਾਂ ਕਿਸਾਨ ਕਿੱਥੇ ਹੁੰਦੇ? ਦੂਜੇ ਪਾਸੇ ਇਹ ਵੀ ਸੱਚ ਹੈ ਕਿ 12 ਸਾਲਾਂ ਤਕ ਚੌਹਾਨ ਨੂੰ ਗੱਦੀ 'ਤੇ ਦੇਖਣ ਤੋਂ ਬਾਅਦ ਲੋਕ ਹੁਣ ਉਨ੍ਹਾਂ ਤੋਂ ਅੱਕ ਗਏ ਹਨ। ਸਿਸਟਮ ਵਿਚ ਕੁਝ ਹੱਦ ਤਕ ਨਿਕੰਮਾਪਣ ਆਇਆ ਹੈ ਤੇ ਅਜਿਹਾ ਲੱਗਦਾ ਹੈ ਕਿ ਖ਼ੁਦ ਚੌਹਾਨ ਕੋਲ ਹੁਣ ਆਈਡੀਏ ਖਤਮ ਹੋ ਗਏ ਹਨ। 
ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦਾ ਵਧਦਾ ਪੱਧਰ, ਖਾਸ ਕਰਕੇ ਸਰਕਾਰ ਦੇ ਹੇਠਲੇ ਪੱਧਰਾਂ 'ਤੇ, ਹੋਰਨਾਂ ਮੁੱਖ ਮੰਤਰੀਆਂ ਲਈ ਚੌਹਾਨ ਦਾ ਇਕ ਲਾਹੇਵੰਦ ਸਬਕ ਹੈ ਕਿ ''ਜੇ ਤੁਸੀਂ ਸਾਰੇ ਆਂਡੇ ਇਕ ਹੀ ਟੋਕਰੀ 'ਚ ਰੱਖੋਗੇ ਤਾਂ ਟੋਕਰੀ ਟੁੱਟ ਸਕਦੀ ਹੈ।''
ਚੌਹਾਨ ਦੇ ਮਾਮਲੇ ਵਿਚ ਇਹ ਸ਼ਾਨਦਾਰ 'ਖੇਤੀ ਦੀ ਕਹਾਣੀ' ਵੇਚਣ ਵਾਂਗ ਸੀ, ਜੋ ਉਨ੍ਹਾਂ ਨੂੰ ਸੱਤਾ 'ਚ ਲਿਆਈ। ਜੇ ਉਹ ਇਸ ਮਾਮਲੇ ਵਿਚ ਤੇਜ਼ੀ ਨਾਲ ਕੁਝ ਨਾ ਕਰ ਸਕੇ ਤਾਂ ਇਹੋ ਉਨ੍ਹਾਂ ਦੇ ਪਤਨ ਦੀ ਵਜ੍ਹਾ ਵੀ ਬਣੇਗੀ। ਇਸ ਦੀ ਸ਼ੁਰੂਆਤ 2006 ਵਿਚ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ 8 ਮਹੀਨਿਆਂ ਬਾਅਦ ਹੋਈ। ਚੌਹਾਨ ਇਕ ਮਜ਼ਬੂਤ ਕਿਸਾਨ ਪਿਛੋਕੜ ਤੋਂ ਹਨ, ਹਾਲਾਂਕਿ ਉਨ੍ਹਾਂ ਦਾ ਪਰਿਵਾਰ ਬਹੁਤਾ ਅਮੀਰ ਨਹੀਂ ਸੀ। 
ਅਗਸਤ 2006 ਵਿਚ ਉਨ੍ਹਾਂ ਨੇ ਕਿਸਾਨਾਂ ਦੀ ਇਕ ਪੰਚਾਇਤ ਦਾ ਆਯੋਜਨ ਕੀਤਾ ਤੇ 40-50 ਫੈਸਲਿਆਂ ਦਾ ਐਲਾਨ ਕੀਤਾ, ਜੋ ਕਿਸਾਨਾਂ ਦੀਆਂ ਕੁਝ ਖਾਸ ਸਮੱਸਿਆਵਾਂ ਨੂੰ ਹੱਲ ਕਰਨ ਵਾਲੇ ਸਨ। ਉਨ੍ਹਾਂ 'ਚੋਂ ਪ੍ਰਮੁੱਖ ਸੀ ਕਿਸਾਨਾਂ ਸਾਹਮਣੇ ਪੂੰਜੀ ਦੀ ਸਮੱਸਿਆ। 
ਮੱਧ ਪ੍ਰਦੇਸ਼ 'ਚ ਖੇਤੀਬਾੜੀ ਵਿਆਜ ਦਰ 16 ਫੀਸਦੀ ਸੀ। ਇਸ 'ਤੇ ਚੌਹਾਨ ਨੇ ਐਲਾਨ ਕੀਤਾ ਕਿ ਵਿਆਜ ਦੀਆਂ ਦਰਾਂ ਘੱਟ ਕੀਤੀਆਂ ਜਾਣਗੀਆਂ। ਦਰਾਂ ਘਟਾ ਕੇ 9 ਫੀਸਦੀ 'ਤੇ ਲਿਆਂਦੀਆਂ ਗਈਆਂ, ਫਿਰ ਜ਼ੀਰੋ ਫੀਸਦੀ 'ਤੇ ਅਤੇ 2015 ਵਿਚ ਉਨ੍ਹਾਂ ਨੇ ਐਲਾਨ ਕੀਤਾ ਕਿ ਖੇਤੀ ਕਰਜ਼ਿਆਂ 'ਤੇ -10 ਫੀਸਦੀ ਦੀ ਦਰ ਨਾਲ ਵਿਆਜ ਲਾਇਆ ਜਾਵੇਗਾ ਤਾਂ ਕਿ ਫਸਲ ਦੀਆਂ ਕੀਮਤਾਂ ਡਿਗਣ ਦੇ ਬਾਵਜੂਦ ਕਿਸਾਨ ਖੇਤੀਬਾੜੀ ਨਾਲ ਜੁੜੇ ਰਹਿਣ।
ਉਨ੍ਹਾਂ ਨੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਸੀ ਕਿ ਖੇਤੀ ਦਾ ਕੋਈ ਬਦਲ ਨਹੀਂ ਹੈ। ਅਸੀਂ ਫੈਕਟਰੀਆਂ 'ਚ ਕਣਕ, ਚੌਲ ਜਾਂ ਛੋਲੇ ਨਹੀਂ ਉਗਾ ਸਕਦੇ। ਮੱਧ ਪ੍ਰਦੇਸ਼ 'ਚ ਅਜੇ ਤਕ ਕੋਈ ਵੀ ਸਹਿਕਾਰੀ ਬੈਂਕ ਅਸਫਲ ਨਹੀਂ ਹੋਇਆ ਹੈ। 
ਪਰ ਇਸ ਦਰਮਿਆਨ ਮੱਧ ਪ੍ਰਦੇਸ਼ ਆਪਣੀ ਖ਼ੁਦ ਦੀ ਸਫਲਤਾ ਦਾ ਹੀ ਸ਼ਿਕਾਰ ਹੋ ਗਿਆ। ਦਿਹਾਤੀ ਡਿਸਪੋਜ਼ਲ ਆਮਦਨ ਵਧ ਗਈ, ਉਮੀਦਾਂ ਵਧ ਗਈਆਂ ਪਰ ਬਾਜ਼ਾਰੀ ਤਾਕਤਾਂ ਵੀ ਆਪਣੇ ਕੰਮ 'ਤੇ ਲੱਗੀਆਂ ਹੋਈਆਂ ਸਨ। 2015 'ਚ ਸੂਬਾ ਸਰਕਾਰ ਨੇ ਕਣਕ, ਝੋਨੇ ਤੇ ਮੱਕੇ ਲਈ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਦਿੱਤਾ ਜਾਣ ਵਾਲਾ ਬੋਨਸ ਦੇਣਾ ਬੰਦ ਕਰ ਦਿੱਤਾ ਕਿਉਂਕਿ ਸੂਬੇ ਵਿਚ ਇਨ੍ਹਾਂ ਫਸਲਾਂ ਦਾ ਉਤਪਾਦਨ ਬਹੁਤ ਜ਼ਿਆਦਾ ਹੋਣ ਲੱਗਾ ਸੀ। 
ਇਸ ਦੀ ਵਜ੍ਹਾ ਸੀ ਚੌਹਾਨ ਵਲੋਂ ਕਿਸਾਨਾਂ ਨੂੰ ਖੇਤੀ ਪੈਦਾਵਾਰ ਲਈ ਬਹੁਤ ਜ਼ਿਆਦਾ ਸਹਿਯੋਗ ਦੇਣਾ, ਖਾਸ ਕਰਕੇ ਕਣਕ ਤੇ ਸੋਇਆਬੀਨ ਲਈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਭਾਰਤ ਦਾ 70 ਫੀਸਦੀ ਤੋਂ ਜ਼ਿਆਦਾ ਸੋਇਆਬੀਨ ਉਗਾਉਂਦਾ ਹੈ। 
ਪਰ ਅਸਲ 'ਚ ਲੁਭਾਉਣ ਵਾਲੀ ਚੀਜ਼ ਹੈ ਤੇਲ ਰਹਿਤ ਸੋਇਆ ਖਲੀ ਦੀ ਬਰਾਮਦ। (ਸੋਇਆਬੀਨ ਵਿਚ 40 ਫੀਸਦੀ ਪ੍ਰੋਟੀਨ ਸਮੱਗਰੀ ਤੇ 26 ਫੀਸਦੀ ਤੇਲ ਸਮੱਗਰੀ ਹੁੰਦੀ ਹੈ। ਇਕ ਵਾਰ ਜਦੋਂ ਤੇਲ ਕੱਢ ਲਿਆ ਜਾਂਦਾ ਹੈ ਤਾਂ ਬਚੀ ਹੋਈ ਹਾਈ ਪ੍ਰੋਟੀਨ ਚੀਜ਼ ਨੂੰ ਤੇਲ ਰਹਿਤ ਸੋਇਆ ਕਿਹਾ ਜਾਂਦਾ ਹੈ, ਜੋ ਪਸ਼ੂਆਂ ਤੇ ਪੰਛੀਆਂ ਦੀ ਖੁਰਾਕ ਦਾ ਇਕ ਬਿਹਤਰੀਨ ਸੋਮਾ ਹੈ। ਅਰਜਨਟੀਨਾ ਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿਚ ਇਸ ਦੀ ਬਹੁਤ ਜ਼ਿਆਦਾ ਮੰਗ ਹੈ। ਇਹ ਕਿਉਂਕਿ ਨਾਨ-ਜੈਨੇਟਿਕ ਹੁੰਦਾ ਹੈ, ਇਸ ਲਈ ਇਸ ਪ੍ਰਤੀ ਸੁਚੇਤ ਯੂਰਪੀਅਨ ਖਰੀਦਦਾਰ ਵੀ ਇਸ ਨੂੰ ਕਾਫੀ ਮਾਤਰਾ 'ਚ ਖਰੀਦਦੇ ਹਨ)।
ਸੂਬੇ 'ਚ ਉਗਾਈ ਜਾਣ ਵਾਲੀ 'ਸ਼ਰਬਤੀ ਕਣਕ' ਉੱਤੇ ਪੰਜਾਬ ਤੇ ਯੂ. ਪੀ. ਵਰਗੇ ਉੱਤਰ ਭਾਰਤੀ ਸੂਬਿਆਂ ਦੀਆਂ ਲਲਚਾਈਆਂ ਨਜ਼ਰਾਂ ਹੁੰਦੀਆਂ ਹਨ ਕਿਉਂਕਿ ਇਹ ਕਣਕ ਉਨ੍ਹਾਂ ਵਲੋਂ ਬੀਜੀ ਜਾਣ ਵਾਲੀ ਵੱਖ-ਵੱਖ ਕਿਸਮਾਂ ਦੀ ਕਣਕ ਨਾਲੋਂ ਜ਼ਿਆਦਾ ਸੁਆਦਲੀ ਹੁੰਦੀ ਹੈ। ਮੱਧ ਪ੍ਰਦੇਸ਼ ਨੇ 2010-15 ਦੇ ਦਰਮਿਆਨ 5 ਸਾਲਾਂ ਵਿਚ 13.9 ਫੀਸਦੀ ਦੀ ਔਸਤ ਨਾਲ ਖੇਤੀ ਵਿਕਾਸ ਦਰ ਹਾਸਿਲ ਕੀਤੀ। 
ਜਿਥੇ ਕੌਮੀ ਪੱਧਰ 'ਤੇ ਪਿਛਲੇ ਸਾਲ ਖੇਤੀ ਵਿਕਾਸ ਦਰ 4 ਫੀਸਦੀ ਦੇ ਆਸ-ਪਾਸ ਰਹੀ, ਉਥੇ ਹੀ ਮੱਧ ਪ੍ਰਦੇਸ਼ ਦੀ ਖੇਤੀ ਵਿਕਾਸ ਦਰ 18 ਫੀਸਦੀ ਸੀ ਪਰ ਜੇਕਰ ਕੀਮਤਾਂ ਬਹੁਤ ਡਿਗ ਰਹੀਆਂ ਸਨ ਤਾਂ ਇਸ ਸਾਰੇ ਅਨਾਜ ਨੂੰ ਕੌਣ ਖਰੀਦਦਾ? ਮੱਧ ਪ੍ਰਦੇਸ਼ 'ਚ ਕਿਸਾਨ ਕਰਜ਼ਾ ਮੁਆਫੀ ਦੀ ਗੱਲ ਨਹੀਂ ਕਰ ਰਹੇ। ਉਹ ਤਾਂ ਆਪਣੇ ਉਤਪਾਦਾਂ ਲਈ ਬਿਹਤਰ ਮੁੱਲ ਚਾਹੁੰਦੇ ਹਨ। 
ਸ਼ਿਵਰਾਜ ਚੌਹਾਨ ਦਿੱਲੀ ਆਏ ਤੇ ਉਨ੍ਹਾਂ ਨੇ ਉਹ ਸਾਰੇ ਬੂਹੇ ਖੜਕਾਏ, ਜਿਨ੍ਹਾਂ ਅੰਦਰ ਰਹਿਣ ਵਾਲਿਆਂ ਨੂੰ ਉਹ ਜਾਣਦੇ ਸਨ ਪਰ ਫਸਲ ਦੀ ਭਰਮਾਰ ਦੀ ਸਥਿਤੀ ਵਿਚ ਉਨ੍ਹਾਂ ਦੀ ਮਦਦ ਕੌਣ ਕਰ ਸਕਦਾ ਸੀ। ਇਸ ਤੋਂ ਵੀ ਜ਼ਿਆਦਾ ਵਾਅਦਾ ਕਾਰੋਬਾਰ ਕਰਨ ਵਾਲਿਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਤੇਲ ਰਹਿਤ ਸੋਇਆ ਖਲੀ ਦੀਆਂ ਕੀਮਤਾਂ ਵਿਚ ਹੋਰ ਗਿਰਾਵਟ ਆਏਗੀ। 
ਇਸ ਦੇ ਬਾਵਜੂਦ ਚੌਹਾਨ ਲਈ ਇਹ ਬਹੁਤ ਵੱਡੇ ਝਟਕੇ ਵਾਲੀ ਗੱਲ ਸੀ ਕਿ ਜਿਹੜੇ ਲੋਕਾਂ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਸੀ, ਉਹੀ ਉਨ੍ਹਾਂ ਦੇ ਵਿਰੁੱਧ ਉੱਠ ਖੜ੍ਹੇ ਹੋਏ। ਉਨ੍ਹਾਂ ਤੋਂ ਗਲਤੀਆਂ ਹੋਈਆਂ ਸਨ ਤੇ ਸਭ ਤੋਂ ਵੱਡੀ ਗਲਤੀ ਸੀ ਅੰਦੋਲਨਕਾਰੀ ਕਿਸਾਨਾਂ 'ਤੇ ਗੋਲੀ ਚਲਾਉਣਾ, ਦੂਜੀ ਸੀ ਗੋਲੀਬਾਰੀ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਆਪਣੀ ਪਤਨੀ ਸਾਧਨਾ ਨੂੰ ਨਾਲ ਲੈ ਜਾਣਾ। 
ਪਤਨੀ ਨੂੰ ਕਿਉਂ? ਮੱਧ ਪ੍ਰਦੇਸ਼ ਤੇ ਦਿੱਲੀ ਤੋਂ ਸਿਆਸਤਦਾਨਾਂ ਨੂੰ ਕਿਉਂ ਨਹੀਂ? ਤੀਜੀ ਗਲਤੀ ਸੀ ਕਿਸਾਨਾਂ ਨੂੰ ਅੰਦੋਲਨ ਕਰਨ ਤੋਂ ਰੋਕਣ ਲਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਬੈਠਣਾ ਤੇ 26 ਘੰਟਿਆਂ ਬਾਅਦ ਹੀ ਤੋੜ ਦੇਣਾ। ਕੀ ਉਨ੍ਹਾਂ ਲਈ ਕੁਝ ਬਦਲ ਗਿਆ ਸੀ, ਜੋ ਉਨ੍ਹਾਂ ਨੇ ਭੁੱਖ ਹੜਤਾਲ ਤੋੜ ਦਿੱਤੀ? ਚੌਹਾਨ ਨੂੰ ਹੁਣ ਤੇਜ਼ੀ ਨਾਲ ਕਾਰਵਾਈ ਕਰਨੀ ਪਵੇਗੀ। ਮੱਧ ਪ੍ਰਦੇਸ਼ ਨੂੰ ਰੁੱਝਿਆ ਰੱਖਣ ਲਈ ਇਕ ਹੋਰ ਵੱਡੇ ਆਈਡੀਏ ਦੀ ਲੋੜ ਹੈ....ਅਤੇ ਕਾਂਗਰਸ ਉਡੀਕ ਵਿਚ ਹੈ ਕਿ ਚੌਹਾਨ ਕੁਝ ਹੋਰ ਗਲਤੀਆਂ ਕਰਨ।   


Related News