ਬਹੁਤ ਫੂਕ-ਫੂਕ ਕੇ ਕਦਮ ਰੱਖ ਰਹੇ ਨੇ ਲਾਲੂ-ਨਿਤੀਸ਼
Thursday, Dec 29, 2016 - 07:42 AM (IST)
ਜੋੜ-ਤੋੜ ਕਰ ਕੇ ਇਕ ਗੱਠਜੋੜ ਬਣਾਉਣਾ, ਹਮਲਾਵਰ ਚੋਣ ਮੁਹਿੰਮ ਚਲਾਉਣਾ ਤੇ ਇਕੱਠਿਆਂ ਚੋਣ ਲੜਨਾ ਲਾਲੂ ਪ੍ਰਸਾਦ ਯਾਦਵ ਤੇ ਨਿਤੀਸ਼ ਕੁਮਾਰ ਲਈ ਕਾਫੀ ਸੌਖਾ ਸੀ ਪਰ ਇਕ ਸਾਲ ਤੋਂ ਜ਼ਿਆਦਾ ਸਮੇਂ ਤਕ ਸਰਕਾਰ ਚਲਾਉਣਾ ਇੰਨਾ ਸੁਖਾਵਾਂ ਨਹੀਂ ਰਿਹਾ। ਫਿਰ ਵੀ ਜਦੋਂ ਇਹ ਵਰ੍ਹਾ ਆਪਣੇ ਆਖਰੀ ਦਿਨਾਂ ''ਤੇ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਵਿਚਾਰਾਂ ''ਚ ਕਾਫੀ ਜ਼ਿਆਦਾ ਫਰਕ ਹੋਣ ਦੇ ਬਾਵਜੂਦ ਬਿਹਾਰ ਦੇ ਦੋਹਾਂ ਘਾਗ ਨੇਤਾਵਾਂ ਨੇ ਆਪਣੇ ਮੱਤਭੇਦਾਂ ''ਤੇ ਕਾਫੀ ਵਧੀਆ ਢੰਗ ਨਾਲ ਕਾਬੂ ਪਾਇਆ ਹੋਇਆ ਹੈ। ਬੇਸ਼ੱਕ ਕੁਝ ਛੋਟੇ-ਮੋਟੇ ਵਿਵਾਦਾਂ ਵਾਲੀਆਂ ਸਥਿਤੀਆਂ ਵੀ ਦੇਖਣ ਨੂੰ ਮਿਲੀਆਂ ਹਨ, ਖਾਸ ਤੌਰ ''ਤੇ ਉਦੋਂ, ਜਦੋਂ ਸ਼ਹਾਬੂਦੀਨ ਨੇ ਨਿਤੀਸ਼ ਕੁਮਾਰ ''ਤੇ ਇਹ ਕਹਿ ਕੇ ਹੱਲਾ ਬੋਲਿਆ ਸੀ ਕਿ ਉਹ ਤਾਂ ਕਿਸਮਤ ਨਾਲ ਹੀ ਮੁੱਖ ਮੰਤਰੀ ਬਣੇ ਹਨ ਅਤੇ ਇਸ ਦੇ ਜਵਾਬ ''ਚ ਜਨਤਾ ਦਲ (ਯੂ) ਦੇ ਬੁਲਾਰੇ ਲਾਲੂ ਨੂੰ ਚਿਤਾਵਨੀ ਵੀ ਦਿੱਤੀ ਸੀ। ਫਿਰ ਵੀ ਦੋਹਾਂ ਨੇਤਾਵਾਂ ਨੇ ਹਰ ਤਰ੍ਹਾਂ ਦੇ ਮੱਤਭੇਦਾਂ ''ਤੇ ਮਿੱਟੀ ਪਾਉਣ ਦੀ ਸਮਝਦਾਰੀ ਦਿਖਾਈ।
ਦੋਵੇਂ ਨੇਤਾ ਹਰੇਕ ਕਦਮ ਫੂਕ-ਫੂਕ ਕੇ ਰੱਖ ਰਹੇ ਹਨ। ਇਥੋਂ ਤਕ ਕਿ ਉਹ ਇਸ ਗੱਲ ਤੋਂ ਸਹਿਮ ਰਹੇ ਹਨ ਕਿ ਪਤਾ ਨਹੀਂ ਕਦੋਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇ। ਆਖਿਰ ਸਫਲਤਾਪੂਰਵਕ ਸ਼ਾਸਨ ਦਾ ਇਕ ਵਰ੍ਹਾ ਪੂਰਾ ਕਰ ਲੈਣ ਤੋਂ ਬਾਅਦ ਦੋਵੇਂ ਹੀ ਨੇਤਾ ਸੁੱਖ ਦਾ ਸਾਹ ਲੈ ਸਕਦੇ ਹਨ। ਪਰ ਭਾਜਪਾ ਦੇ ਮਾਮਲੇ ''ਚ ਸਥਿਤੀ ਬਿਲਕੁਲ ਵੱਖਰੀ ਹੈ। ਉਹ 2015 ''ਚ ਕਾਫੀ ਸਰਗਰਮ ਸੀ ਪਰ ਵਿਧਾਨ ਸਭਾ ਚੋਣਾਂ ''ਚ ਘਟੀਆ ਕਾਰਗੁਜ਼ਾਰੀ ਦੇ ਮੱਦੇਨਜ਼ਰ 2016 ''ਚ ਜ਼ਿਆਦਾਤਰ ਸਮੇਂ ਲਈ ਨਕਾਰਾ ਹੀ ਬਣੀ ਰਹੀ ਹੈ, ਹਾਲਾਂਕਿ ਇਸ ਸਮੇਂ ਦੌਰਾਨ ਭਾਜਪਾ ਲੀਡਰਸ਼ਿਪ ਨੂੰ ਲੋਕ ਸਭਾ ''ਚ 40 ਸੰਸਦ ਮੈਂਬਰ ਭੇਜਣ ਵਾਲੇ ਇਸ ਸੂਬੇ ਲਈ ਕੋਈ ਬਦਲਵੀਂ ਯੋਜਨਾ ਤਿਆਰ ਕਰਨੀ ਚਾਹੀਦੀ ਸੀ ਤਾਂ ਕਿ ਆਪਣੇ ਆਪ ਨੂੰ ਇਹ ਸਿਆਸੀ ਤੌਰ ''ਤੇ ਢੁੱਕਵੀਂ ਬਣਾਈ ਰੱਖੇ।
ਸੂਬਾਈ ਭਾਜਪਾ ਦੇ ਨੇਤਾ ਤਾਂ ਪੰਜ ਸਾਲਾਂ ਲਈ ਵਿਰੋਧੀ ਧਿਰ ਦੇ ਬੈਂਚਾਂ ''ਤੇ ਬੈਠਣਾ ਹੀ ਆਪਣੀ ਕਿਸਮਤ ਸਮਝ ਚੁੱਕੇ ਸਨ ਪਰ 2016 ''ਚ ਜ਼ਿਆਦਾਤਰ ਸਮਾਂ ਕੇਂਦਰੀ ਲੀਡਰਸ਼ਿਪ ਨੇ ਬਿੱਲੀ ਦੇ ਅੱਖਾਂ ਮੀਚ ਲੈਣ ਵਾਲੇ ਕਬੂਤਰ ਵਰਗਾ ਰੁਖ਼ ਅਪਣਾਈ ਰੱਖਿਆ। ਇਸ ਖੜੋਤ ਕਾਰਨ ਹੀ ਮੰਗਲ ਪਾਂਡੇ ਵਰਗਾ ਪ੍ਰਭਾਵਹੀਣ ਵਿਅਕਤੀ ਆਪਣਾ ਕਾਰਜਕਾਲ ਖਤਮ ਹੋਣ ਤੋਂ 11 ਮਹੀਨਿਆਂ ਬਾਅਦ ਤਕ ਸੂਬਾ ਪ੍ਰਧਾਨ ਦੇ ਅਹੁਦੇ ''ਤੇ ਟਿਕਿਆ ਰਿਹਾ।
30 ਨਵੰਬਰ ਨੂੰ ਪਾਰਟੀ ਲੀਡਰਸ਼ਿਪ ਦੀ ਅੱਖ ਅਚਾਨਕ ਖੁੱਲ੍ਹੀ ਤਾਂ ਉਸ ਨੇ ਦੋ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ—ਬਿਹਾਰ ਲਈ ਨਿੱਤਿਆਨੰਦ ਰਾਏ ਅਤੇ ਦਿੱਲੀ ਲਈ ਮਨੋਜ ਤਿਵਾੜੀ। ਦੋਵੇਂ ਹੀ ਪਹਿਲੀ ਵਾਰ ਲੋਕ ਸਭਾ ਦੇ ਮੈਂਬਰ ਬਣੇ ਹਨ ਤੇ ਉਨ੍ਹਾਂ ਲਈ ਇਹ ਜ਼ਿੰਮੇਵਾਰੀ ਨਿਭਾਉਣਾ ਕੋਈ ਸੌਖਾ ਕੰਮ ਨਹੀਂ। ਦੋਹਾਂ ਦੇ ਮੋਢਿਆਂ ''ਤੇ ਆਪੋ-ਆਪਣੇ ਸੂਬਿਆਂ ''ਚ ਪਾਰਟੀ ਨੂੰ ਮੁੜ ਤੋਂ ਤਾਕਤਵਰ ਬਣਾਉਣ ਦੀ ਜ਼ਿੰਮੇਵਾਰੀ ਹੈ ਪਰ ਮੋਦੀ ਦੇ ਸੱਤਾ ''ਚ ਆਉਣ ਤੋਂ ਬਾਅਦ ਇਨ੍ਹਾਂ ਦੋਹਾਂ ਸੂਬਿਆਂ ''ਚ ਭਾਜਪਾ ਨੂੰ ਜਿਸ ਤਰ੍ਹਾਂ ਚੋਣਾਂ ''ਚ ਧੂੜ ਚੱਟਣੀ ਪਈ, ਉਸ ਦੇ ਮੱਦੇਨਜ਼ਰ ਇਹ ਕੰਮ ਕਾਫੀ ਮੁਸ਼ਕਿਲ ਹੈ।
ਫਰਵਰੀ 2015 ਦੀਆਂ ਚੋਣਾਂ ''ਚ ਭਾਜਪਾ ਦਿੱਲੀ ਦੀਆਂ 70 ਸੀਟਾਂ ''ਚੋਂ ਸਿਰਫ 3 ਹੀ ਜਿੱਤ ਸਕੀ ਸੀ, ਜਦਕਿ 8 ਮਹੀਨਿਆਂ ਬਾਅਦ ਬਿਹਾਰ ਦੀਆਂ ਚੋਣਾਂ ''ਚ ਨਿਤੀਸ਼-ਲਾਲੂ ਦੀ ਜੋੜੀ ਨੇ 243 ਮੈਂਬਰੀ ਵਿਧਾਨ ਸਭਾ ''ਚ ਭਾਜਪਾ ਨੂੰ ਸਿਰਫ 13 ਵਿਧਾਇਕਾਂ ਤਕ ਸਮੇਟ ਕੇ ਰੱਖ ਦਿੱਤਾ। ਹੁਣ ਬਿਹਾਰ ''ਚ ਭਾਜਪਾ ਲੀਡਰਸ਼ਿਪ ਨੂੰ ਇਹ ਲੱਗ ਰਿਹਾ ਹੈ ਕਿ ਨਿੱਤਿਆਨੰਦ ਜੇ ਹੋਰ ਕੁਝ ਨਹੀਂ ਤਾਂ ਸੂਬੇ ਦੀ ਆਬਾਦੀ ''ਚ 15 ਫੀਸਦੀ ਹਿੱਸੇਦਾਰੀ ਰੱਖਣ ਵਾਲੇ ਯਾਦਵ ਭਾਈਚਾਰੇ ''ਚ ਲਾਲੂ ਦੇ ਪ੍ਰਭਾਵ ਨੂੰ ਜ਼ਰੂਰ ਕੁਝ ਸੱਟ ਮਾਰਨਗੇ। ਮਨੋਜ ਤਿਵਾੜੀ ਦਾ ਵੀ ਇਹੋ ਹਾਲ ਹੈ। ਉਹ ਬੇਸ਼ੱਕ ਐਕਟਿੰਗ ਕਰਨ ਜਾਂ ਨੱਚਣ ਦੀ ਬਜਾਏ ਗਾਣਾ ਜ਼ਿਆਦਾ ਵਧੀਆ ਗਾ ਲੈਂਦੇ ਹਨ, ਤਾਂ ਵੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਰਾਜਧਾਨੀ ਦਿੱਲੀ ''ਚ ਭਾਜਪਾ ਵਿਚ ਨਵੀਂ ਰੂਹ ਫੂਕ ਸਕਣਗੇ ਪਰ ਜਦੋਂ ਉਨ੍ਹਾਂ ਨੇ ਲੱਡੂ ਵੰਡਣ ਦਾ ਐਲਾਨ ਕੀਤਾ ਤਾਂ ਹਰ ਕਿਸੇ ਨੇ ਮਹਿਸੂਸ ਕਰ ਲਿਆ ਕਿ ਉਹ ਅਸਲੀ ਜੀਵਨ ''ਚ ਬਾਲੀਵੁੱਡ ਦੀ ਨਕਲ ਲੋੜ ਤੋਂ ਜ਼ਿਆਦਾ ਹੀ ਉਤਾਰ ਰਹੇ ਹਨ।
ਨਿੱਤਿਆਨੰਦ ਨੇ ਲੱਡੂ ਨਹੀਂ ਵੰਡੇ ਪਰ ਫਿਰ ਵੀ ਉਨ੍ਹਾਂ ਨੇ ਸੱਤਾਧਾਰੀ ਗੱਠਜੋੜ ਨੂੰ ਸੂਬੇ ''ਚ ਨਵੇਂ ਸਿਰਿਓਂ ਚੋਣਾਂ ਕਰਵਾਉਣ ਦੀ ਚੁਣੌਤੀ ਦਿੱਤੀ ਹੈ, ਜਿਸ ਕਾਰਨ ਜਨਤਾ ਦਲ (ਯੂ) ਨੇ ਵੀ ਲੋਕ ਸਭਾ ਲਈ ਇਸੇ ਤਰ੍ਹਾਂ ਦੀਆਂ ਚੋਣਾਂ ਕਰਵਾਉਣ ਦੀ ਦਲੀਲ ਦਿੱਤੀ ਹੈ ਕਿਉਂਕਿ ਉਸ ਦੀਆਂ ਨਜ਼ਰਾਂ ''ਚ ਲੋਕ ਸਭਾ ਵੀ ਕੋਈ ਜ਼ਿਕਰਯੋਗ ਕੰਮ ਨਹੀਂ ਕਰ ਰਹੀ।
ਅਜਿਹੀ ਸਥਿਤੀ ''ਚ ਨਿੱਤਿਆਨੰਦ ਤੋਂ ਕੀ ਉਮੀਦ ਕੀਤੀ ਜਾਣੀ ਚਾਹੀਦੀ ਹੈ? ਉਂਝ 50 ਸਾਲਾ ਨਿੱਤਿਆਨੰਦ ਯੂ. ਪੀ. ਦੇ ਵੈਸ਼ਾਲੀ ਜ਼ਿਲੇ ''ਚ ਬਹੁਤ ਤਾਕਤਵਰ ਯਾਦਵ ਨੇਤਾ ਹਨ ਤੇ 2014 ''ਚ ਮੋਦੀ ਲਹਿਰ ''ਤੇ ਸਵਾਰ ਹੋ ਕੇ ਸੰਸਦ ਮੈਂਬਰ ਬਣਨ ਤੋਂ ਪਹਿਲਾਂ ਉਹ ਲਗਾਤਾਰ 4 ਵਾਰ ਵਿਧਾਇਕ ਰਹਿ ਚੁੱਕੇ ਹਨ। ਭਾਜਪਾ ਨੂੰ ਉਮੀਦ ਹੈ ਕਿ ਉਹ ਲਾਲੂ ਅਤੇ ਉਨ੍ਹਾਂ ਦੇ ਬੇਟਿਆਂ ਦੇ ਸੁਪਨਿਆਂ ਨੂੰ ਮਿੱਟੀ ''ਚ ਮਿਲਾ ਦੇਣਗੇ ਕਿਉਂਕਿ ਉਨ੍ਹਾਂ ਨੇ ਵੀ ਆਪਣੀਆਂ ਸਾਰੀਆਂ ਉਮੀਦਾਂ ਵੈਸ਼ਾਲੀ ''ਤੇ ਰੱਖੀਆਂ ਹੋਈਆਂ ਹਨ।
ਉਂਝ ਇਹ ਵਿਚਾਰਨਯੋਗ ਗੱਲ ਹੈ ਕਿ ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ''ਚ ਨਿੱਤਿਆਨੰਦ ਲਾਲੂ ਸਾਹਮਣੇ ਕੋਈ ਅਸਰਦਾਇਕ ਚੁਣੌਤੀ ਪੇਸ਼ ਨਹੀਂ ਕਰ ਸਕੇ ਸਨ ਤੇ ਉਨ੍ਹਾਂ ਦੇ ਦੋਵੇਂ ਬੇਟੇ ਉਸੇ ਇਲਾਕੇ ਤੋਂ ਵਿਧਾਇਕ ਚੁਣੇ ਗਏ, ਜਿਸ ਨੂੰ ਨਿੱਤਿਆਨੰਦ ਆਪਣਾ ਗੜ੍ਹ ਸਮਝਦੇ ਹਨ। ਸਪੱਸ਼ਟ ਹੈ ਕਿ ਭਾਜਪਾ ਬਿਹਾਰ ਦੇ ਵੋਟਰਾਂ ਦੀਆਂ ਨਜ਼ਰਾਂ ''ਚ ''ਵੱਖਰੀ ਤਰ੍ਹਾਂ'' ਦੀ ਪਾਰਟੀ ਨਹੀਂ ਰਹਿ ਗਈ। ਇਕ ਯਾਦਵ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਅਤੇ ਇਕ ਈ. ਬੀ. ਸੀ. ਨੂੰ ਵਿਧਾਨ ਸਭਾ ''ਚ ਵਿਰੋਧੀ ਧਿਰ ਦਾ ਨੇਤਾ ਬਣਾ ਕੇ ਭਾਜਪਾ ਸਪੱਸ਼ਟ ਤੌਰ ''ਤੇ ਜਾਤੀਗਤ ਦਾਅ ਖੇਡ ਰਹੀ ਹੈ ਪਰ ਇਸ ਮਾਮਲੇ ''ਚ ਉਸ ਨੂੰ ਲਾਲੂ ਵਰਗੀ ਮੁਹਾਰਤ ਹਾਸਿਲ ਨਹੀਂ ਹੈ। ਅੱਜਕਲ ਲਾਲੂ ਤੇ ਰਾਹੁਲ ਗਾਂਧੀ ਵਿਚਾਲੇ ਬਹੁਤ ਨੇੜਤਾ ਬਣੀ ਹੋਈ ਹੈ। ਅਤੀਤ ਦੇ ਸਾਰੇ ਗਿਲੇ-ਸ਼ਿਕਵਿਆਂ ਨੂੰ ਭੁਲਾ ਕੇ ਲਾਲੂ ਯਾਦਵ ਹੁਣ ਰਾਹੁਲ ਗਾਂਧੀ ਨਾਲ ਜੱਫੀਆਂ ਪਾ ਰਹੇ ਹਨ ਤਾਂ ਕਿ ਦੋਵੇਂ ਮਿਲ ਕੇ ਮੋਦੀ ਦੇ ਵਿਰੁੱਧ ਹੱਲਾ ਬੋਲ ਸਕਣ। (''ਮੇ. ਟੁ.'' ਤੋਂ ਧੰਨਵਾਦ ਸਹਿਤ)
