ਨੌਜਵਾਨਾਂ ''ਚ ਸੰਸਕਾਰਾਂ ਅਤੇ ਸਹਿਣਸ਼ੀਲਤਾ ਦੀ ਘਾਟ

10/11/2019 12:46:03 AM

ਅੱਖਾਂ 'ਚ ਉਮੀਦ ਦੇ ਸੁਪਨੇ, ਨਵੀਂ ਉਡਾਣ ਭਰਦਾ ਹੋਇਆ ਮਨ, ਕੁਝ ਕਰ ਕੇ ਦਿਖਾਉਣ ਦਾ ਦਮ-ਖਮ ਅਤੇ ਦੁਨੀਆ ਨੂੰ ਆਪਣੀ ਮੁੱਠੀ 'ਚ ਕਰਨ ਦੀ ਹਿੰਮਤ ਰੱਖਣ ਵਾਲਾ ਹੀ ਨੌਜਵਾਨ ਅਖਵਾਉਂਦਾ ਹੈ। ਨੌਜਵਾਨ ਸ਼ਬਦ ਹੀ ਮਨ 'ਚ ਉਡਾਣ ਅਤੇ ਉਮੰਗ ਪੈਦਾ ਕਰਦਾ ਹੈ। ਉਮਰ ਦਾ ਇਹੋ ਦੌਰ ਹੈ, ਜਦੋਂ ਨਾ ਸਿਰਫ ਉਸ ਨੌਜਵਾਨ ਦਾ, ਸਗੋਂ ਉਸ ਦੇ ਰਾਸ਼ਟਰ ਦਾ ਭਵਿੱਖ ਤੈਅ ਕੀਤਾ ਜਾ ਸਕਦਾ ਹੈ।
ਅੱਜ ਦੇ ਭਾਰਤ ਨੂੰ ਨੌਜਵਾਨ ਭਾਰਤ ਕਿਹਾ ਜਾਂਦਾ ਹੈ ਕਿਉਂਕਿ ਸਾਡੇ ਦੇਸ਼ 'ਚ ਅਸੰਭਵ ਨੂੰ ਸੰਭਵ ਵਿਚ ਬਦਲਣ ਵਾਲੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਅੱਜ ਦਾ ਇਕ ਸੱਚ ਇਹ ਵੀ ਹੈ ਕਿ ਨੌਜਵਾਨ ਬੜੀ ਮਨਮਰਜ਼ੀ ਕਰਦੇ ਹਨ ਅਤੇ ਕਿਸੇ ਦੀ ਸੁਣਦੇ ਨਹੀਂ। ਨੌਜਵਾਨਾਂ ਵਿਚ ਸੰਸਕਾਰਾਂ ਤੇ ਸਹਿਣਸ਼ੀਲਤਾ ਦੀ ਕਮੀ ਨਜ਼ਰ ਆਉਂਦੀ ਹੈ। ਅੱਜ ਦਾ ਨੌਜਵਾਨ ਗਲਤ ਦਿਸ਼ਾ ਵੱਲ ਜਾ ਰਿਹਾ ਹੈ। ਦਿਸ਼ਾਹੀਣਤਾ ਦੀ ਇਸ ਸਥਿਤੀ 'ਚ ਨੌਜਵਾਨਾਂ ਦੀ ਊਰਜਾ ਦਾ ਨਾਂਹਪੱਖੀ ਦਿਸ਼ਾਵਾਂ ਵੱਲ ਜਾਣਾ ਅਤੇ ਭਟਕਣਾ ਵਧਦੀ ਜਾ ਰਹੀ ਹੈ। ਟੀਚੇ ਦੀ ਹੀਣਤਾ ਦੇ ਮਾਹੌਲ ਨੇ ਨੌਜਵਾਨਾਂ ਨੂੰ ਇੰਨਾ ਭਰਮਾ ਕੇ ਰੱਖ ਦਿੱਤਾ ਹੈ ਕਿ ਉਨ੍ਹਾਂ ਨੂੰ ਸੁੱਝ ਹੀ ਨਹੀਂ ਰਿਹਾ ਕਿ ਕਰਨਾ ਕੀ ਹੈ, ਕੀ ਹੋ ਰਿਹਾ ਹੈ ਅਤੇ ਆਖਿਰ ਉਨ੍ਹਾਂ ਦਾ ਹੋਵੇਗਾ ਕੀ?

ਮਾਤਾ-ਪਿਤਾ ਅਤੇ ਸਮਾਜ ਜ਼ਿੰਮੇਵਾਰ
ਅੱਜ ਨੌਜਵਾਨਾਂ 'ਚ ਸੰਜਮ ਦੀ ਘਾਟ, ਆਤਮ-ਕੇਂਦਰਿਤ, ਨਸ਼ਾ, ਲਾਲਚ, ਹਿੰਸਾ, ਕਾਮੁਕਤਾ ਜਿਵੇਂ ਉਨ੍ਹਾਂ ਦੇ ਸੁਭਾਅ ਦਾ ਅੰਗ ਬਣਦੇ ਜਾ ਰਹੇ ਹਨ। ਇਹ ਇਕ ਬੜੀ ਚਿੰਤਾ ਦਾ ਵਿਸ਼ਾ ਹੈ ਪਰ ਇਸ ਸਮੱਸਿਆ ਦੀ ਤੈਅ ਤਕ ਜੇਕਰ ਤੁਸੀਂ ਜਾਓ ਤਾਂ ਪਹਿਲਾ ਅਪਰਾਧ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਦਾ ਹੈ! ਉਨ੍ਹਾਂ ਦੇ ਕਾਰੋਬਾਰੀ ਰੁਝੇਵੇਂ, ਵ੍ਹਟਸਐਪ, ਫੇਸਬੁੱਕ 'ਤੇ ਉਲਝੇ ਰਹਿਣ ਨਾਲ ਨੌਜਵਾਨਾਂ ਵੱਲ ਧਿਆਨ ਕੇਂਦ੍ਰਿਤ ਨਹੀਂ ਕਰ ਰਹੇ। ਮਾਪੇ ਉਨ੍ਹਾਂ ਦੀ ਹਰ ਜਾਇਜ਼ ਜਾਂ ਨਾਜਾਇਜ਼ ਮੰਗ ਨੂੰ ਪੂਰਾ ਕਰ ਦਿੰਦੇ ਹਨ।
ਦੂਜਾ ਸਭ ਤੋਂ ਵੱਡਾ ਜ਼ਿੰਮੇਵਾਰ ਅੱਜ ਦਾ ਸਮਾਜ ਹੈ, ਜਿਸ ਦੇ ਲਈ ਹਰ ਵਿਅਕਤੀ ਆਪਣਾ ਆਰਥਿਕ ਯੋਗਦਾਨ ਨਾਂ ਲਈ ਤਾਂ ਦਿੰਦਾ ਹੈ ਪਰ ਨੌਜਵਾਨਾਂ ਦੇ ਮੋਟੀਵੇਸ਼ਨ ਲਈ ਕੁਝ ਨਹੀਂ ਕੀਤਾ ਜਾਂਦਾ। ਲੋੜ ਹੈ ਮਾਪੇ ਅਤੇ ਸਮਾਜ ਅੱਜ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਅਜਿਹੇ ਆਯੋਜਨ ਕਰਨ, ਜਿਨ੍ਹਾਂ ਨਾਲ ਨੌਜਵਾਨਾਂ 'ਚ ਚੰਗੇ ਸੰਸਕਾਰ ਪੈਦਾ ਹੋਣ। ਨੌਜਵਾਨ ਸੰਸਕਾਰੀ ਹੋਣਗੇ ਤਾਂ ਦੇਸ਼, ਸਮਾਜ ਦਾ ਭਵਿੱਖ ਉੱਜਵਲ ਹੋਵੇਗਾ।

ਆਪਣੀ ਸਮੱਰਥਾ ਨਹੀਂ ਪਛਾਣ ਰਿਹਾ
ਪਰ ਹੋ ਇਸ ਦੇ ਉਲਟ ਰਿਹਾ ਹੈ। ਅੱਜ ਦਾ ਨੌਜਵਾਨ ਖ਼ੁਦ ਦੀ ਸਮਰੱਥਾ ਨੂੰ ਪਛਾਣ ਨਹੀਂ ਰਿਹਾ। ਉਸ 'ਚ ਸਹਿਣਸ਼ਕਤੀ ਦੀ ਕਮੀ ਨਜ਼ਰ ਆਉਂਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਣ ਮਾਪਿਆਂ ਦਾ ਬੱਚਿਆਂ ਵੱਲ ਧਿਆਨ ਨਾ ਦੇਣਾ ਹੈ। ਕਈ ਮਾਪੇ ਬੱਚਿਆਂ 'ਤੇ ਪੜ੍ਹਾਈ ਦਾ ਦਬਾਅ ਬਣਾਈ ਰੱਖਦੇ ਹਨ, ਸਿਰਫ ਪੜ੍ਹਾਈ-ਪੜ੍ਹਾਈ ਦੀ ਰਟ ਲਗਾਈ ਰੱਖਦੇ ਹਨ, ਜਿਸ ਨਾਲ ਬੱਚਾ ਸਮਾਜ ਨਾਲੋਂ ਟੁੱਟ ਜਾਂਦਾ ਹੈ, ਉਸ ਵਿਚ ਸੰਸਕਾਰਾਂ ਦਾ ਵਿਕਾਸ ਨਹੀਂ ਹੁੰਦਾ। ਉਹ ਸਿਰਫ ਕਿਤਾਬੀ ਕੀੜਾ ਬਣ ਕੇ ਰਹਿ ਜਾਂਦਾ ਹੈ। ਉਸ ਨੂੰ ਅਸਲ ਜ਼ਿੰਦਗੀ ਦੀ ਕੋਈ ਜਾਣਕਾਰੀ ਨਹੀਂ ਹੁੰਦੀ, ਉਹ ਸਿਰਫ ਕਿਤਾਬਾਂ ਤਕ ਹੀ ਸੀਮਤ ਰਹਿੰਦਾ ਹੈ। ਕਈ ਵਾਰ ਤਾਂ ਮਾਪੇ ਬੱਚਿਆਂ 'ਤੇ ਇੰਨਾ ਦਬਾਅ ਬਣਾ ਦਿੰਦੇ ਹਨ ਕਿ ਜੇਕਰ ਉਹ ਉਨ੍ਹਾਂ ਦੀ ਇੱਛਾ ਮੁਤਾਬਿਕ ਨਤੀਜੇ ਨਹੀਂ ਦਿੰਦੇ ਤਾਂ ਬੱਚੇ ਕਈ ਵਾਰ ਘਰ ਵਾਲਿਆਂ ਦੇ ਡਰ ਨਾਲ ਮਾਨਸਿਕ ਤਣਾਅ ਵਿਚ ਚਲੇ ਜਾਂਦੇ ਹਨ ਅਤੇ ਉਸ 'ਚੋਂ ਬਾਹਰ ਨਹੀਂ ਨਿਕਲਦੇ। ਕਈ ਵਾਰ ਤਾਂ ਹਾਲਤ ਖ਼ੁਦਕੁਸ਼ੀ ਤਕ ਚਲੀ ਜਾਂਦੀ ਹੈ।

ਮਜ਼ਬੂਤ ਨੌਜਵਾਨ, ਮਜ਼ਬੂਤ ਰਾਸ਼ਟਰ
ਸੰਸਕਾਰਾਂ ਨਾਲ ਹੀ ਵਿਅਕਤੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਜੇਕਰ ਦੇਸ਼ ਦਾ ਨੌਜਵਾਨ ਵਰਗ ਹੀ ਮਜ਼ਬੂਤ ਨਹੀਂ ਹੋਵੇਗਾ ਤਾਂ ਰਾਸ਼ਟਰ ਮਜ਼ਬੂਤ ਨਹੀਂ ਹੋਵੇਗਾ। ਇਸੇ ਕੜੀ 'ਚ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਸੀ ਅਤੇ ਕਿਹਾ ਸੀ ਕਿ ਬੱਚਿਆਂ ਨੂੰ ਪ੍ਰੀਖਿਆ ਦੇ ਸਮੇਂ ਜ਼ਿਆਦਾ ਤਣਾਅ ਨਹੀਂ ਲੈਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਪਿਆਂ ਨੂੰ ਵੀ ਬੱਚਿਆਂ ਲਈ ਅਜਿਹਾ ਮਾਹੌਲ ਤਿਆਰ ਕਰਨ ਲਈ ਕਿਹਾ ਸੀ, ਜਿਸ ਨਾਲ ਕਿ ਉਹ ਖ਼ੁਦ ਨੂੰ ਇਕੱਲਾ ਤੇ ਦਬਾਅ 'ਚ ਮਹਿਸੂਸ ਨਾ ਕਰਨ। ਉਨ੍ਹਾਂ ਦੱਸਿਆ ਸੀ ਕਿ ਨੌਜਵਾਨਾਂ ਨੂੰ ਖ਼ੁਦ ਦੀ ਤਾਕਤ ਨੂੰ ਪਛਾਣ ਕੇ ਕੰਮ ਕਰਨਾ ਚਾਹੀਦਾ ਅਤੇ ਮਜ਼ਬੂਤ ਇਰਾਦੇ ਰੱਖਣੇ ਚਾਹੀਦੇ ਹਨ।
ਸਰਕਾਰ ਨੇ ਇਸ ਸਾਲ 'ਫਿੱਟ ਇੰਡੀਆ ਮੂਵਮੈਂਟ' ਵੀ ਲਾਂਚ ਕੀਤੀ ਸੀ, ਜਿਸ ਨਾਲ ਕਿ ਨੌਜਵਾਨ ਵਰਗ ਗਲਤ ਰਾਹ 'ਤੇ ਨਾ ਜਾਵੇ। ਸਰਕਾਰ ਤਾਂ ਸਮੇਂ-ਸਮੇਂ 'ਤੇ ਇਸ ਖੇਤਰ ਵਿਚ ਕੰਮ ਕਰ ਰਹੀ ਹੈ ਪਰ ਸਥਾਨਕ ਪੱਧਰ 'ਤੇ ਵੀ ਕੁਝ ਮਹੱਤਵਪੂਰਨ ਕਦਮ ਚੁੱਕਣ ਦੀ ਲੋੜ ਹੈ, ਜਿਵੇਂ ਕਿ ਪੰਚਾਇਤ ਪੱਧਰ 'ਤੇ ਨੌਜਵਾਨਾਂ ਲਈ ਮਨੋਰੰਜਕ ਪ੍ਰੋਗਰਾਮ ਰੱਖਣੇ ਚਾਹੀਦੇ ਹਨ। ਸਮੇਂ-ਸਮੇਂ 'ਤੇ ਖੇਡ ਮੁਕਾਬਲੇ ਕਰਵਾਉਣੇ ਚਾਹੀਦੇ ਹਨ, ਜਿਮਨੇਜ਼ੀਅਮ ਦੀ ਵਿਵਸਥਾ ਕਰਨੀ ਚਾਹੀਦੀ ਹੈ। ਜੇਕਰ ਅਜਿਹੀ ਵਿਵਸਥਾ ਹੋਵੇਗੀ ਤਾਂ ਸੰਭਵ ਹੈ ਕਿ ਨੌਜਵਾਨ ਵਰਗ ਤਣਾਅ, ਦਬਾਅ ਤੋਂ ਮੁਕਤ ਹੋਵੇਗਾ, ਨਹੀਂ ਤਾਂ ਅਖ਼ਬਾਰਾਂ ਵਿਚ ਹੁਣ ਇਹ ਖ਼ਬਰਾਂ ਆਮ ਹੋ ਗਈਆਂ ਹਨ ਕਿ ''ਪ੍ਰੀਖਿਆ ਦੇ ਨਤੀਜੇ 'ਚ ਫੇਲ ਹੋਣ 'ਤੇ ਵਿਦਿਆਰਥੀ ਜਾਂ ਵਿਦਿਆਰਥਣ ਨੇ ਲਗਾਈ ਫਾਂਸੀ'' ਜਾਂ ਫਿਰ ਮਾਪਿਆਂ ਨੇ ਫੋਨ ਚਲਾਉਣ ਤੋਂ ਰੋਕਿਆ ਤਾਂ ਦੇ ਦਿੱਤੀ ਜਾਨ। ਆਖਿਰ ਦੇਸ਼ ਦੇ ਨੌਜਵਾਨਾਂ ਨੂੰ ਹੋ ਕੀ ਗਿਆ ਹੈ?
ਕੁਝ ਲਾਪ੍ਰਵਾਹੀ ਮਾਪਿਆਂ ਦੀ ਵੀ ਹੈ, ਜਿਹੜੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਜਾਂ ਫਿਰ ਉਨ੍ਹਾਂ 'ਤੇ ਲੋੜ ਤੋਂ ਵੱਧ ਪਾਬੰਦੀ ਲਾ ਦਿੰਦੇ ਹਨ। ਕਿਤੇ ਨਾ ਕਿਤੇ ਇਹੋ ਕਾਰਣ ਹੈ ਕਿ ਅੱਜ ਦੇ ਨੌਜਵਾਨਾਂ 'ਚ ਸੰਸਕਾਰਾਂ ਤੇ ਸਹਿਣਸ਼ੀਲਤਾ ਦੀ ਕਮੀ ਦੇਖਣ ਨੂੰ ਮਿਲਦੀ ਹੈ।

                                                                                       —ਡਾ. ਮਨੋਜ ਡੋਗਰਾ


KamalJeet Singh

Content Editor

Related News