ਚੀਨ ਦੇ ਮਾਮਲੇ ''ਚ ਭਾਰਤ ਨੂੰ ਇਕ ਚਿਰਸਥਾਈ ਨੀਤੀ ਬਣਾਉਣ ਦੀ ਲੋੜ

07/11/2017 6:48:14 AM

ਅਸਲ ਵਿਚ ਭਾਰਤ ਅਤੇ ਚੀਨ ਦੇ ਸੰਬੰਧ 'ਪੋਕਰ' ਦੀ ਖੇਡ ਵਾਂਗ ਹਨ। ਦੋਵੇਂ ਆਪਣੀ ਰਣਨੀਤੀ ਬਣਾਉਂਦੇ ਸਮੇਂ ਭਾਵਨਾਵਾਂ ਨੂੰ ਅਹਿਮੀਅਤ ਨਹੀਂ ਦਿੰਦੇ। ਇਹ ਆਪਣੇ ਰੁਖ਼ 'ਤੇ ਕਾਇਮ ਰਹਿੰਦੇ ਹਨ ਅਤੇ ਜਿੱਤ ਲਈ ਦਾਅ ਲਾਉਂਦੇ ਹਨ। ਭਾਰਤ ਅਤੇ ਚੀਨ ਦੋਵੇਂ ਇਕ-ਦੂਜੇ ਨੂੰ ਅਸਿੱਧੇ ਤੌਰ 'ਤੇ ਸੰਦੇਸ਼ ਦੇ ਰਹੇ ਹਨ ਕਿ 'ਮੇਰੇ ਮਾਮਲਿਆਂ 'ਚ ਦਖ਼ਲ ਨਾ ਦਿਓ।' ਦੋਹਾਂ ਦੇਸ਼ਾਂ ਵਿਚਾਲੇ ਡੈੱਡਲਾਕ ਦਾ ਤਾਜ਼ਾ ਮੁੱਦਾ ਭਾਰਤ, ਭੂਟਾਨ, ਚੀਨ ਟ੍ਰਾਈ ਜੰਕਸ਼ਨ 'ਚ ਚੁੰਬੀ ਘਾਟੀ ਨੇੜੇ 89 ਵਰਗ ਕਿਲੋਮੀਟਰ ਦਾ ਡੋਕਲਾਮ ਖੇਤਰ ਹੈ, ਜਿਥੇ ਚੀਨ ਦੀ ਫੌਜ ਸੜਕ ਬਣਾ ਰਹੀ ਸੀ ਤੇ ਇਸ ਨੂੰ ਲੈ ਕੇ ਭਾਰਤ-ਚੀਨ ਦੇ ਫੌਜੀਆਂ ਦਰਮਿਆਨ ਵਿਵਾਦ ਹੋਇਆ। 
ਭਾਰਤ ਦਾ ਕਹਿਣਾ ਹੈ ਕਿ ਇਸ ਸੜਕ ਦੇ ਨਿਰਮਾਣ ਦਾ ਉਦੇਸ਼ ਭੂਟਾਨ ਅਤੇ ਚੀਨ ਦੀ ਸਰਹੱਦ 'ਤੇ ਉਸ ਦੀ ਆਖਰੀ ਫੌਜੀ ਚੌਕੀ ਦੇ ਨੇੜੇ ਤਕ ਚੀਨੀ ਫੌਜ ਦਾ ਪਹੁੰਚਣਾ ਹੈ, ਜਿਸ ਨਾਲ ਸਥਿਤੀ ਵਿਚ ਵੱਡੀ ਤਬਦੀਲੀ ਆਏਗੀ ਅਤੇ ਭਾਰਤ ਦੀ ਸੁਰੱਖਿਆ ਲਈ ਇਸ ਦੇ ਗੰਭੀਰ ਨਤੀਜੇ ਹੋਣਗੇ। 
ਚੀਨ ਨੇ ਭਾਰਤ 'ਤੇ ਦੋਸ਼ ਲਾਇਆ ਹੈ ਕਿ ਇਹ ਦੋਹਾਂ ਦੇਸ਼ਾਂ ਵਿਚਾਲੇ ਨਿਰਧਾਰਿਤ ਹੱਦ 'ਚ ਮਾਨਤਾ ਪ੍ਰਾਪਤ ਨਿਰਵਿਵਾਦ ਪ੍ਰਭੂਸੱਤਾ ਵਿਚ ਉਲੰਘਣਾ ਕਰ ਰਿਹਾ ਹੈ ਅਤੇ ਉਸ ਨੇ ਚੀਨ-ਭੂਟਾਨ ਵਿਵਾਦ 'ਚ ਭਾਰਤ ਨੂੰ ਦੁਵੱਲੀ ਧਿਰ ਦੱਸਦਿਆਂ ਇਸ ਸੰਬੰਧ ਵਿਚ ਸਾਰਥਕ ਗੱਲਬਾਤ ਲਈ ਭਾਰਤੀ ਫੌਜ ਦੇ ਜਵਾਨਾਂ ਦੀ ਉਥੋਂ ਵਾਪਸੀ ਨੂੰ ਅਗਾਊਂ ਸ਼ਰਤ ਰੱਖਿਆ ਹੈ। 
ਇਸ ਡੈੱਡਲਾਕ ਕਾਰਨ ਸਿੱਕਮ ਵਿਚ ਨਾਥੂਲਾ ਦੱਰੇ ਤੋਂ ਹੋ ਕੇ ਕੈਲਾਸ਼ ਮਾਨਸਰੋਵਰ ਯਾਤਰਾ ਰੱਦ ਕਰ ਦਿੱਤੀ ਗਈ ਹੈ ਤੇ ਨਾਲ ਹੀ ਜਰਮਨੀ 'ਚ ਹੈਂਬਰਗ ਵਿਖੇ ਜੀ-20 ਸਿਖਰ ਸੰਮੇਲਨ ਦੌਰਾਨ ਮੋਦੀ-ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਵੀ ਰੱਦ ਕਰ ਦਿੱਤੀ ਗਈ। ਹਾਲਾਂਕਿ ਦੋਹਾਂ ਨੇਤਾਵਾਂ ਨੇ ਆਪਸ 'ਚ 5 ਮਿੰਟ ਗੱਲ ਕੀਤੀ। 
ਕੱਲ ਤਕ ਅਣਜਾਣ ਜਿਹਾ ਇਹ ਇਲਾਕਾ ਭਾਰਤ ਲਈ ਅਹਿਮ ਹੈ ਕਿਉਂਕਿ ਇਸ ਨਾਲ ਚੀਨ ਭੂਟਾਨ ਦੇ ਸੰਬੰਧ ਵਿਚ ਭਾਰਤ ਦੀ ਵਿਦੇਸ਼ ਨੀਤੀ ਵਿਚ ਦਖਲ ਦੇ ਸਕਦਾ ਹੈ। ਚੀਨ ਦੇ ਭੂਟਾਨ ਨਾਲ ਕੂਟਨੀਤਕ ਸੰਬੰਧ ਨਹੀਂ ਹਨ, ਜਦਕਿ ਭੂਟਾਨ ਨਾਲ ਭਾਰਤ ਦੀ ਮਿੱਤਰਤਾ ਸੰਧੀ (2007) ਅਨੁਸਾਰ ਭਾਰਤ ਭੂਟਾਨ ਦੀ ਸੁਰੱਖਿਆ ਦਾ ਗਾਰੰਟੀਦਾਤਾ ਹੈ। 
ਇਸ ਘਾਟੀ ਦੀ ਭਾਰਤ, ਚੀਨ ਅਤੇ ਭੂਟਾਨ ਤਿੰਨਾਂ ਲਈ ਰਣਨੀਤਕ ਮਹੱਤਤਾ ਹੈ। ਭਾਰਤ ਦਾ ਮੰਨਣਾ ਹੈ ਕਿ ਜੇ ਇਥੇ ਚੀਨ ਸੜਕ ਬਣਾਉਂਦਾ ਹੈ ਤਾਂ ਉਹ ਉੱਤਰ-ਪੂਰਬੀ ਖੇਤਰ ਵਿਚ ਚਿਕਨਨੈੱਕ ਤਕ ਪਹੁੰਚ ਜਾਵੇਗਾ, ਜਿਸ ਨਾਲ ਭਾਰਤ ਲਈ ਕਈ ਮੁਸ਼ਕਿਲਾਂ ਪੈਦਾ ਹੋਣਗੀਆਂ। ਸਿੱਕਮ ਵਿਚ ਭਾਰਤ ਲਾਹੇ ਵਾਲੀ ਸਥਿਤੀ 'ਚ ਹੈ। 
ਚੀਨ 1890 ਦੀ ਚੀਨ-ਬ੍ਰਿਟੇਨ ਸੰਧੀ ਦਾ ਹਵਾਲਾ ਦੇ ਰਿਹਾ ਹੈ, ਜਿਸ ਦੇ ਮੁਤਾਬਿਕ ਉਹ ਡੋਕਲਾਮ ਖੇਤਰ ਨੂੰ ਆਪਣਾ ਜ਼ਮੀਨੀ ਹਿੱਸਾ ਮੰਨਦਾ ਹੈ, ਜਦਕਿ ਭੂਟਾਨ ਨੇ ਇਸ ਆਧਾਰ 'ਤੇ ਇਸ ਨੂੰ ਨਾਮਨਜ਼ੂਰ ਕੀਤਾ ਹੈ ਕਿ ਇਹ ਸੰਧੀ ਭਾਰਤ-ਭੂਟਾਨ ਸਰਹੱਦ 'ਤੇ ਲਾਗੂ ਹੈ, ਨਾ ਕਿ ਭੂਟਾਨ-ਚੀਨ ਸਰਹੱਦ 'ਤੇ।
ਸਵਾਲ ਇਹ ਵੀ ਉੱਠਦਾ ਹੈ ਕਿ ਕੀ ਇਸ ਖੇਤਰ ਵਿਚ ਚੀਨ ਦੀ ਸਰਵਉੱਚਤਾ ਦਾ ਮੁਕਾਬਲਾ ਕਰਨ ਲਈ ਭਾਰਤ ਕੋਲ ਸਮੁੱਚੇ ਕੂਟਨੀਤਕ ਰਾਹ ਹਨ? ਕੀ ਉਹ ਇਸ ਡੈੱਡਲਾਕ ਨੂੰ ਦੂਰ ਕਰ ਸਕਦਾ ਹੈ? ਗੱਲਬਾਤ ਲਈ ਇਸ ਕੋਲ ਕਿਹੜੇ ਬਦਲ ਹਨ ਅਤੇ ਕੀ ਭਾਰਤ ਦੀ ਵਿਦੇਸ਼ ਨੀਤੀ ਦੇ ਮੌਜੂਦਾ ਗਲਬਾਵਾਦੀ ਰੁਝਾਨ ਨਾਲ ਕੋਈ ਹਮਲਾਵਰ ਸਿੱਟਾ ਨਿਕਲੇਗਾ? 
ਬਿਨਾਂ ਸ਼ੱਕ ਭਾਰਤ ਨੂੰ ਘੇਰਨ ਦੀ ਚੀਨ ਦੀ ਰਣਨੀਤੀ ਦਾ ਜਵਾਬ ਭਾਰਤ ਉਸ ਦੇ ਗੁਆਂਢੀ ਦੇਸ਼ਾਂ ਨਾਲ ਦੋਸਤੀ ਕਰ ਕੇ ਦੇ ਰਿਹਾ ਹੈ। ਭਾਰਤ ਆਪਣੀ 'ਪੂਰਬ ਵੱਲ ਦੇਖੋ' ਨੀਤੀ ਦੇ ਤਹਿਤ ਮਿਆਂਮਾਰ, ਸ਼੍ਰੀਲੰਕਾ, ਵੀਅਤਨਾਮ ਆਦਿ ਨਾਲ ਸੰਬੰਧ ਮਜ਼ਬੂਤ ਕਰ ਰਿਹਾ ਹੈ। ਭਾਰਤ ਇਹ ਵੀ ਜਾਣਦਾ ਹੈ ਕਿ ਚੀਨ ਨੇ ਮਿਆਂਮਾਰ ਵਿਚ ਚੰਗੀ ਪਕੜ ਬਣਾ ਲਈ ਹੈ, ਇਸ ਲਈ ਭਾਰਤ ਮਿਆਂਮਾਰ ਦੇ ਜਰਨੈਲਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸੇ ਸਿਲਸਿਲੇ ਤਹਿਤ ਭਾਰਤੀ ਥਲ ਸੈਨਾ ਮੁਖੀ ਬਿਪਨ ਰਾਵਤ ਨੇ ਪਿਛਲੇ ਮਹੀਨੇ ਮਿਆਂਮਾਰ ਦਾ ਦੌਰਾ ਕੀਤਾ ਸੀ। 
ਦੂਜੇ ਪਾਸੇ ਵੀਅਤਨਾਮ ਨੇ ਵੀ ਓ. ਐੱਨ. ਜੀ. ਸੀ. ਨੂੰ ਦਿੱਤੇ ਗਏ ਲਾਇਸੈਂਸ ਦਾ ਨਵੀਨੀਕਰਨ ਕਰ ਦਿੱਤਾ ਹੈ, ਜਿਸ ਦੇ ਤਹਿਤ ਉਹ ਚੀਨ ਸਾਗਰ 'ਚ ਤੇਲ ਦੀ ਖੋਜ ਕਰ ਸਕਦਾ ਹੈ। ਇਸ ਨੂੰ ਲੈ ਕੇ ਚੀਨ, ਵੀਅਤਨਾਮ ਤੇ ਫਿਲਪਾਈਨ ਵਿਚਾਲੇ ਵਿਵਾਦ ਚੱਲ ਰਿਹਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਫੈਸਲਾ ਵਪਾਰਕ ਦੀ ਬਜਾਏ ਰਣਨੀਤਕ ਮਹੱਤਤਾ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਕਿਉਂਕਿ ਇਸ ਖੇਤਰ ਵਿਚ ਨਿਵੇਸ਼ 'ਤੇ ਫਾਇਦਾ ਜ਼ਿਆਦਾ ਹੋਣ ਦੀ ਸੰਭਾਵਨਾ ਨਹੀਂ। 
ਅੜੀਅਲ ਚੀਨ ਆਪਣੇ ਛੋਟੇ ਗੁਆਂਢੀ ਦੇਸ਼ਾਂ ਨਾਲ ਆਰਥਿਕ ਸਹਾਇਤਾ ਅਤੇ ਫੌਜੀ ਤਾਕਤ ਦੇ ਦਮ 'ਤੇ ਦਾਦਾਗਿਰੀ ਕਰਦਾ ਰਿਹਾ ਹੈ ਅਤੇ ਭਾਰਤ ਦਾ ਪ੍ਰਭਾਵ ਉਨ੍ਹਾਂ ਦੇਸ਼ਾਂ ਵਿਚ ਘੱਟ ਕਰਦਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਦੇਸ਼ਾਂ ਵਿਚ ਭਾਰਤ ਦੇ ਹਿੱਤ ਤੇ ਵਿਦੇਸ਼ ਨੀਤੀ ਦੇ ਬਦਲ ਸੀਮਤ ਰਹਿ ਗਏ ਹਨ। 
ਉਹ ਨੇਪਾਲ ਦੀ ਘਰੇਲੂ ਸਿਆਸਤ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਬੰਗਲਾਦੇਸ਼ ਵਿਚ ਦੋਹਰੀ ਵਰਤੋਂ ਲਈ ਨਵੇਂ ਅੱਡੇ (ਬੰਦਰਗਾਹ ਵਗੈਰਾ) ਲਈ ਵਿੱਤੀ ਸਹਾਇਤਾ ਦੇ ਰਿਹਾ ਹੈ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸੜਕ ਬਣਾ ਰਿਹਾ ਹੈ ਤੇ ਸ਼੍ਰੀਲੰਕਾ ਵਿਚ ਸਿਆਸੀ ਦਖਲ ਦੇਣ ਲਈ ਉਸ ਨੂੰ ਕਰਜ਼ੇ ਦੇ ਜਾਲ 'ਚ ਫਸਾ ਰਿਹਾ ਹੈ। 
ਚੀਨ ਨੇ ਪ੍ਰਮਾਣੂ ਸਪਲਾਈਕਰਤਾ ਗਰੁੱਪ (ਐੱਨ. ਐੱਸ. ਜੀ.) ਵਿਚ ਭਾਰਤ ਦੇ ਦਾਖਲੇ ਨੂੰ ਰੋਕਿਆ ਹੈ। ਚੀਨ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ ਹੈ ਕਿ ਭਾਰਤ ਉਸ ਦੀ 'ਵਨ ਬੈਲਟ ਵਨ ਰੋਡ' ਯੋਜਨਾ 'ਚ ਸ਼ਾਮਿਲ ਨਹੀਂ ਹੋਇਆ ਅਤੇ ਇਹ ਚੀਨ ਦੇ ਰਾਸ਼ਟਰਪਤੀ ਲਈ ਨਿੱਜੀ ਵੱਕਾਰ ਦਾ ਮੁੱਦਾ ਬਣ ਗਿਆ ਹੈ।
ਭਾਰਤ-ਚੀਨ ਸੰਬੰਧ ਹੁਣ ਠੰਡੇ ਬਸਤੇ ਵਿਚ ਹਨ ਤੇ ਦੋਹਾਂ ਦੇਸ਼ਾਂ ਵਿਚਾਲੇ ਡੂੰਘੀ ਬੇਯਕੀਨੀ ਬਣੀ ਹੋਈ ਹੈ। ਦੋਹਾਂ ਨੇ ਗੱਲਬਾਤ ਦੇ ਬਦਲ ਨੂੰ ਖੁੱਲ੍ਹਾ ਰੱਖਿਆ ਹੈ, ਹਾਲਾਂਕਿ ਇਸ ਗੱਲਬਾਤ ਵਿਚ ਦੋਵੇਂ ਆਪੋ-ਆਪਣੇ ਰੁਖ਼ 'ਤੇ ਕਾਇਮ ਰਹਿ ਸਕਦੇ ਹਨ। 
ਭਾਰਤ ਆਪਣੀ ਕੌਮੀ ਸੁਰੱਖਿਆ ਤੇ ਰਣਨੀਤਕ ਹਿੱਤਾਂ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰ ਸਕਦਾ। ਭਾਰਤ ਨੂੰ ਇਕ ਚਿਰਸਥਾਈ ਚੀਨ ਨੀਤੀ ਬਣਾਉਣੀ ਪਵੇਗੀ, ਜਿਸ ਵਿਚ ਗੱਲਬਾਤ ਤੇ ਕੂਟਨੀਤਕ ਦਬਾਅ ਦੋਹਾਂ 'ਤੇ ਜ਼ੋਰ ਦਿੱਤਾ ਜਾਵੇ, ਸਿਰਫ ਗੱਲਬਾਤ ਨਾਲ ਕੰਮ ਨਹੀਂ ਚੱਲੇਗਾ। ਸਾਨੂੰ ਉਸ ਦਾ ਮੁਕਾਬਲਾ ਕਰਨਾ ਪਵੇਗਾ ਤੇ ਆਹਮੋ-ਸਾਹਮਣੇ ਬੈਠ ਕੇ ਮਤਭੇਦਾਂ ਨੂੰ ਦੂਰ ਕਰਨਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ 
ਮੋਦੀ ਜਾਣਦੇ ਹਨ ਕਿ ਅੱਜ ਦੇ ਭੂ-ਰਣਨੀਤਕ ਸਿਆਸੀ ਜਗਤ 'ਚ ਵਿਵਹਾਰਿਕਤਾ ਹੀ ਅਸਲੀ ਕੂਟਨੀਤੀ ਹੈ ਅਤੇ ਇਸ ਦਾ ਕੋਈ ਸੌਖਾ ਉਪਾਅ ਨਹੀਂ ਹੈ। ਚੀਨ ਦੇ ਸੰਬੰਧ ਵਿਚ ਭਾਰਤ ਨੂੰ ਬਹੁਮੁਖੀ ਰਣਨੀਤੀ ਬਣਾਉਣੀ ਪਵੇਗੀ ਕਿਉਂਕਿ ਇਹ ਚੀਨ ਨਾਲ ਸਥਾਈ ਸ਼ਾਂਤੀ ਚਾਹੁੰਦਾ ਹੈ, ਹਾਲਾਂਕਿ ਸਿਰਫ ਇਸੇ ਨਾਲ ਸ਼ਾਂਤੀ ਦੀ ਗਾਰੰਟੀ ਨਹੀਂ ਮਿਲੇਗੀ। 
ਇਸ ਤਿੰਨ-ਪੱਖੀ ਖੇਡ ਵਿਚ ਭਾਰਤ ਨੂੰ ਦੋ ਗੰਭੀਰ ਨਤੀਜਿਆਂ ਨੂੰ ਧਿਆਨ ਵਿਚ ਰੱਖਣਾ ਪਵੇਗਾ। ਜੇ ਭਾਰਤ ਇਸ ਇਲਾਕੇ 'ਚੋਂ ਆਪਣੀ ਫੌਜ ਵਾਪਿਸ ਬੁਲਾਉਂਦਾ ਹੈ ਤਾਂ ਇਸ ਨਾਲ ਭੂਟਾਨ ਤੇ ਹੋਰ ਗੁਆਂਢੀ ਦੇਸ਼ਾਂ ਨੂੰ ਸੰਦੇਸ਼ ਜਾਵੇਗਾ ਕਿ ਉਹ ਇਕ ਰੱਖਿਅਕ ਵਜੋਂ ਭਾਰਤ 'ਤੇ ਭਰੋਸਾ ਨਹੀਂ ਕਰ ਸਕਦੇ। ਇਸ ਤਰ੍ਹਾਂ ਭੂਟਾਨ ਚੀਨ ਨਾਲ ਰਸਮੀ ਕੂਟਨੀਤਕ ਸੰਬੰਧ ਕਾਇਮ ਕਰ ਸਕਦਾ ਹੈ ਅਤੇ ਭਾਰਤ-ਭੂਟਾਨ-ਚੀਨ ਟ੍ਰਾਈ ਜੰਕਸ਼ਨ 'ਚ ਸੰਤੁਲਨ ਚੀਨ ਦੇ ਪੱਖ ਵਿਚ ਹੋ ਸਕਦਾ ਹੈ, ਜਿਸ ਨਾਲ ਰਣਨੀਤਕ ਤੌਰ 'ਤੇ ਸੰਵੇਦਨਸ਼ੀਲ ਸਿਲੀਗੁੜੀ ਗਲਿਆਰਾ ਖਤਰੇ ਵਿਚ ਪੈ ਸਕਦਾ ਹੈ। 
ਜੇਕਰ ਭਾਰਤ ਭੂਟਾਨ ਦਾ ਸਾਥ ਛੱਡਦਾ ਹੈ ਤਾਂ ਇਸ ਨਾਲ ਇਹ ਸੰਦੇਸ਼ ਜਾਵੇਗਾ ਕਿ ਭਾਰਤ ਭਰੋਸੇਯੋਗ ਨਹੀਂ ਹੈ ਅਤੇ ਚੀਨ ਵਿਰੁੱਧ ਉਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹ ਗੱਲ ਭਾਰਤ ਦੇ ਪੱਖ ਵਿਚ ਹੈ ਕਿ ਇਹ ਆਪਣੇ ਸਹਿਯੋਗੀਆਂ ਦਾ ਸਾਥ ਨਾ ਛੱਡੇ। ਇਸ ਸੰਬੰਧ ਵਿਚ ਭਾਰਤ ਨੂੰ ਸਮਝਦਾਰੀ ਤੇ ਸੰਜਮ ਤੋਂ ਕੰਮ ਲੈ ਕੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਮਾਮਲਾ ਭਾਰਤ-ਚੀਨ ਤਕ ਹੀ ਸੀਮਤ ਰਹੇ। 
ਸ਼ਕਤੀ ਪ੍ਰਦਰਸ਼ਨ ਦੀ ਇਸ ਖੇਡ ਵਿਚ ਦੋਹਾਂ ਨੂੰ ਵਿਚ-ਬਚਾਅ ਦਾ ਰਾਹ ਮਿਲਣਾ ਚਾਹੀਦਾ ਹੈ। ਯਕੀਨੀ ਤੌਰ 'ਤੇ ਏਸ਼ੀਆ ਦੀਆਂ ਇਨ੍ਹਾਂ ਦੋ ਵੱਡੀਆਂ ਤਾਕਤਾਂ ਵਿਚਾਲੇ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਤੇ ਦੋਹਾਂ ਨੂੰ ਹੀ ਆਪਣੀ ਊਰਜਾ ਤੇ ਸੋਮਿਆਂ ਦੀ ਵਰਤੋਂ ਆਰਥਿਕ ਵਿਕਾਸ ਲਈ ਕਰਨੀ ਚਾਹੀਦੀ ਹੈ। 
ਮੋਦੀ ਹੌਲੀ-ਹੌਲੀ ਖੇਡ ਦੇ ਨਿਯਮ ਬਣਾ ਰਹੇ ਹਨ। ਉਹ ਹੁਣ ਬਚਾਅ ਦੀ ਮੁਦਰਾ 'ਚੋਂ ਬਾਹਰ ਆ ਕੇ ਮਜ਼ਬੂਤ ਵਾਰਤਾਕਾਰ ਬਣ ਰਹੇ ਹਨ, ਜਿਸ ਕਾਰਨ ਭਾਰਤ ਹੁਣ ਚੀਨ ਨਾਲੋਂ ਘੱਟ ਨਹੀਂ, ਸਗੋਂ ਉਸ ਦੇ ਬਰਾਬਰ ਹੈ। ਮੋਦੀ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨਿਕਸਨ ਦੀ ਕਿਤਾਬ 'ਦਿ ਰੀਅਲ ਵਾਰ' ਤੋਂ ਸਬਕ ਲੈਣਾ ਚਾਹੀਦਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ, ''ਕਿਸੇ ਰਾਸ਼ਟਰ ਦੀ ਹੋਂਦ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਆਪਣੇ ਸਾਹਮਣੇ ਖੜ੍ਹੀ ਕਿਸੇ ਵਿਸ਼ੇਸ਼ ਚੁਣੌਤੀ ਦਾ ਸਾਹਮਣਾ ਕਿਵੇਂ ਕਰ ਸਕਦਾ ਹੈ।
ਕਿਸੇ ਰਾਸ਼ਟਰ ਦੇ ਜੀਵਨ ਵਿਚ ਅਜਿਹਾ ਸਮਾਂ ਉਦੋਂ ਆਉਂਦਾ ਹੈ, ਜਦੋਂ ਉਹ ਬਹੁਤ ਆਸਵੰਦ ਹੁੰਦਾ ਹੈ ਪਰ ਉਹ ਆਪਣੀ ਚੌਕਸੀ ਨੂੰ ਕਿਸੇ ਵੀ ਸੂਰਤ ਵਿਚ ਘੱਟ ਨਹੀਂ ਕਰ ਸਕਦਾ। ਜਿਹੜੇ ਰਾਸ਼ਟਰ ਅਜਿਹੀਆਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹਨ, ਉਨ੍ਹਾਂ ਦੀ ਹੋਂਦ ਬਚੀ ਰਹਿੰਦੀ ਹੈ।''
ਹੁਣ ਦੇਖਣਾ ਇਹ ਹੈ ਕਿ ਕੀ ਮੋਦੀ ਇਸ ਚੁਣੌਤੀ ਦਾ ਮੁਕਾਬਲਾ ਕਰ ਸਕਣਗੇ ਅਤੇ ਭੜਕਾਉਣ ਵਾਲੀ ਨੀਤੀ ਨੂੰ ਨਾ ਸਹਿਣ ਦੀ ਸਮਰੱਥਾ ਬਣਾਈ ਰੱਖਣਗੇ ਕਿਉਂਕਿ ਇਸ ਸਮੇਂ ਉਨ੍ਹਾਂ ਦਾ ਸਰੋਕਾਰ ਚੀਨ ਦੇ ਨਾਲ ਗੁੰਝਲਦਾਰ ਸੰਬੰਧਾਂ ਨਾਲ ਹੈ। ਹਾਲਾਂਕਿ ਭੜਕਾਉਣ ਦੀ ਕਾਰਵਾਈ ਤੇ ਖਤਰੇ ਨੂੰ ਤਾੜਨਾ ਇਸ ਉਪ-ਮਹਾਦੀਪ 'ਚ ਸ਼ਾਂਤੀ ਦੀ ਸਭ ਤੋਂ ਵੱਡੀ ਗਾਰੰਟੀ ਹੈ। ਖੇਡ ਦੇ ਨਿਯਮ ਬਦਲ ਕੇ ਮੋਦੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ।


Related News