ਚੀਨ ਤੋਂ ਭੱਜ ਕੇ ਭਾਰਤ ਆ ਰਹੀਆਂ ਯੂਰਪੀ ਅਤੇ ਅਮਰੀਕੀ ਕੰਪਨੀਆਂ

07/08/2022 11:19:08 AM

ਹਾਲ ਹੀ ’ਚ ਇਕ ਸਰਵੇ ਰਿਪੋਰਟ ਮੀਡੀਆ ’ਚ ਪ੍ਰਕਾਸ਼ਿਤ ਹੋਈ ਹੈ ਜਿਸ ਦੇ ਅਨੁਸਾਰ ਚੀਨ ਜਿਸ ਰਣਨੀਤੀ ’ਤੇ ਕੰਮ ਕਰ ਰਿਹਾ ਹੈ ਜੇਕਰ ਉਹ ਕਾਮਯਾਬ ਹੋ ਗਈ ਤਾਂ ਚੀਨ ਦੁਨੀਆ ਦੀ ਸਭ ਤੋਂ ਵੱਡੀ ਮਹਾਸ਼ਕਤੀ ਨੂੰ ਕਿਨਾਰੇ ਕਰ ਕੇ ਸਾਲ 2028 ਤੱਕ ਦੁਨੀਆ ਦੀ ਸਭ ਤੋਂ ਤਾਕਤਵਰ ਆਰਥਿਕ ਮਹਾਸ਼ਕਤੀ ਬਣ ਜਾਵੇਗਾ, ਚੀਨ ਦਾ ਇਹ ਸੁਪਨਾ ਇਸ ਸਰਵੇ ਰਿਪੋਰਟ ਦੇ ਅਨੁਸਾਰ ਪੂਰਾ ਨਹੀਂ ਹੋਣ ਵਾਲਾ। ਇਹ ਸਰਵੇ ਰਿਪੋਰਟ ਭਾਵੇਂ ਹੀ ਚੀਨ ਦੇ ਲਈ ਤਬਾਹਕੁੰਨ ਹੋਵੇ ਪਰ ਇਹ ਭਾਰਤ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਆਰਥਿਕ ਮਾਹਿਰਾਂ ਦੀ ਰਿਪੋਰਟ ਇਹ ਦੱਸ ਰਹੀ ਹੈ ਕਿ ਚੀਨ ਤੋਂ ਜਿੰਨੇ ਨਿਵੇਸ਼ਕ ਬਾਹਰ ਨਿਕਲਣਗੇ ਭਾਰਤ ਦਾ ਓਨਾ ਵੱਧ ਲਾਭ ਹੋਵੇਗਾ।
ਚੀਨ ਤੋਂ ਬਾਹਰ ਨਿਕਲਣ ਵਾਲੇ ਨਿਵੇਸ਼ਕ ਅਤੇ ਵਿਦੇਸ਼ੀ ਕੰਪਨੀਆਂ ਖਾਸ ਕਰ ਕੇ ਯੂਰਪੀ ਕੰਪਨੀਆਂ ਦੂਜੇ ਏਸ਼ੀਆਈ ਦੇਸ਼ਾਂ ਦਾ ਰੁਖ ਕਰ ਰਹੀਆਂ ਹਨ, ਜਿਨ੍ਹਾਂ ’ਚ ਇਨ੍ਹੀਂ ਦਿਨੀਂ ਭਾਰਤ ਸਭ ਤੋਂ ਪਸੰਦੀਦਾ ਥਾਂ ਬਣ ਗਿਆ ਹੈ। ਇਨ੍ਹਾਂ ਅਰਥਸ਼ਾਸਤਰੀਆਂ ਦੀ ਰਿਪੋਰਟ ਦੇ ਅਨੁਸਾਰ ਚੀਨ ਦਾ ਖਜ਼ਾਨਾ ਜਿੰਨਾ ਛਲਕੇਗਾ ਭਾਰਤ ਦਾ ਖਜ਼ਾਨਾ ਓਨਾ ਵਧੇਗਾ। ਭਾਵ ਇਕ ਪਾਸੇ ਚੀਨ ਦਾ ਪਤਨ ਹੋਵੇਗਾ ਤੇ ਦੂਜੇ ਪਾਸੇ ਭਾਰਤ ਦੀ ਤਰੱਕੀ ਹੋਵੇਗੀ। ਇਹ ਭਾਰਤ ਦੇ ਲਈ ਸੁਨਹਿਰਾ ਮੌਕਾ ਹੈ ਜਿਸ ਨਾਲ ਭਾਰਤ ਦੀ ਆਰਥਿਕ ਰਫਤਾਰ ਨੂੰ ਖੰਭ ਲੱਗ ਜਾਣਗੇ। ਬਲੂਮਬਰਗ ਦੀ ਰਿਪੋਰਟ ’ਤੇ ਝਾਤੀ ਮਾਰੀਏ ਤਾਂ ਚੀਨ ਤੋਂ ਇਸ ਸਾਲ 2022 ’ਚ ਹੁਣ ਤੱਕ 23 ਫੀਸਦੀ ਯੂਰਪੀ ਕੰਪਨੀਆਂ ਬਾਹਰ ਨਿਕਲ ਚੁੱਕੀਆਂ ਹਨ। ਇਹ ਕੰਪਨੀਆਂ ਏਸ਼ੀਆ ’ਚ ਵੀਅਤਨਾਮ, ਇੰਡੋਨੇਸ਼ੀਆ ਅਤੇ ਭਾਰਤ ਆ ਰਹੀਆਂ ਹਨ ਪਰ ਹਾਲ ਦੇ ਿਦਨਾਂ ’ਚ ਯੂਰਪੀ ਕੰਪਨੀਆਂ ਦਾ ਭਾਰਤ ਆਉਣ ਦਾ ਸਿਲਸਿਲਾ ਵਧਣ ਲੱਗਾ ਹੈ ਕਿਉਂਕਿ ਇਨ੍ਹਾਂ ਯੂਰਪੀ ਕੰਪਨੀਆਂ ਨੂੰ ਭਾਰਤ ਦਾ ਵੱਡਾ ਬਾਜ਼ਾਰ ਵੀ ਮਿਲ ਰਿਹਾ ਹੈ ਜਿੱਥੇ ਇਨ੍ਹਾਂ ਦੇ ਉਤਪਾਦਾਂ ਦੀ ਖਪਤ ਭਾਰੀ ਮਾਤਰਾ ’ਚ ਹੋਵੇਗੀ।
ਆਰਥਿਕ ਮਾਮਲੇ ਦੇ ਜਾਣਕਾਰ ਇਕ ਚੌਥਾਈ ਯੂਰਪੀ ਕੰਪਨੀਆਂ ਦੇ ਚੀਨ ਤੋਂ ਬਾਹਰ ਨਿਕਲਣ ਨੂੰ ਇਕ ਸ਼ੁਰੂਆਤ ਭਰ ਮੰਨ ਰਹੇ ਹਨ। ਓਧਰ ਜੇਕਰ ਅਮਰੀਕੀ ਕੰਪਨੀਆਂ ਨੇ ਚੀਨ ਤੋਂ ਬਾਹਰ ਨਿਕਲ ਕੇ ਕੋਈ ਦੂਜਾ ਹੋਰ ਬਿਹਤਰ ਟਿਕਾਣਾ ਲੱਭਣ ਦੀ ਗੱਲ ਕੀਤੀ ਤਾਂ ਇਨ੍ਹਾਂ ਦੀ ਗਿਣਤੀ ਲਗਭਗ 50 ਫੀਸਦੀ ਹੈ। ਇਨ੍ਹਾਂ ਅਮਰੀਕੀ ਕੰਪਨੀਆਂ ਨੂੰ ਇਸ ਗੱਲ ਦਾ ਭਾਰੀ ਖਦਸ਼ਾ ਨਜ਼ਰ ਆ ਰਿਹਾ ਹੈ ਕਿ ਜਦੋਂ ਭਵਿੱਖ ’ਚ ਚੀਨ ਅਤੇ ਅਮਰੀਕਾ ਦਰਮਿਆਨ ਝੜਪ ਅਤੇ ਟਕਰਾਅ ਹੋਵੇਗਾ ਉਦੋਂ ਅਮਰੀਕੀ ਕੰਪਨੀਆਂ ਦਾ ਚੀਨ ’ਚ ਉਤਪਾਦਨ ਕਰਨਾ ਅਤੇ ਆਪਣੇ ਉਤਪਾਦਾਂ ਨੂੰ ਵੇਚਣਾ ਬੜਾ ਔਖਾ ਹੋਵੇਗਾ।
ਓਧਰ ਵਾਸ਼ਿੰਗਟਨ ਇੰਸਟੀਚਿਊਟ ਆਫ ਇੰਟਰਨੈਸ਼ਨਲ ਫਾਇਨਾਂਸ ਦੀ ਰਿਪੋਰਟ ਅਨੁਸਾਰ ਇਸ ਸਾਲ ਭਾਵ 2022 ’ਚ ਚੀਨ ਤੋਂ ਅਮਰੀਕਾ ਵੱਲ ਧਨ ਦਾ ਆਊਟਫਲੋ 300 ਅਰਬ ਡਾਲਰ ਦਾ ਹੋਇਆ ਹੈ ਜੋ ਸਾਲ 2021 ’ਚ ਮਹਿਜ਼ 135 ਅਰਬ ਡਾਲਰ ਸੀ, ਲਗਭਗ ਦੁੱਗਣੇ ਤੋਂ ਵੀ ਵੱਧ ਧਨ ਦਾ ਚੀਨ ਤੋਂ ਬਾਹਰ ਨਿਕਲ ਕੇ ਅਮਰੀਕਾ ਵੱਲ ਜਾਣ ਦਾ ਭਾਵ ਹੈ ਕਿ ਚੀਨ ਦੀ ਅਰਥਵਿਵਸਥਾ ’ਚ ਹੁਣ ਉਹ ਤਾਕਤ ਅਤੇ ਰਫਤਾਰ ਨਹੀਂ ਰਹੀ ਹੈ ਜੋ ਵਿਦੇਸ਼ੀ ਨਿਵੇਸ਼ ਦੇ ਕਾਰਨ ਕਿਸੇ ਸਮੇਂ ’ਚ ਹੁੰਦੀ ਸੀ।
ਚੀਨ ਦੀ ਅਰਥਵਿਵਸਥਾ ਦੀ ਭਲਾਈ ਦਾ ਅਸਲ ਕਾਰਨ ਹੀ ਵਿਦੇਸ਼ੀ ਕੰਪਨੀਆਂ ਦਾ ਚੀਨ ’ਚ ਵੱਡੀ ਮਾਤਰਾ ’ਚ ਨਿਵੇਸ਼ ਕਰਨਾ ਸੀ, ਜੋ ਹਾਲ ਦੇ ਸਾਲਾਂ ’ਚ ਪਲਟਦਾ ਦਿਖਾਈ ਦੇ ਰਿਹਾ ਹੈ। ਇਸ ਦਾ ਇਕ ਵੱਡਾ ਕਾਰਨ ਚੀਨ ਦਾ ਕੋਵਿਡ ਪ੍ਰਬੰਧਾਂ ਤੋਂ ਬਾਹਰ ਨਾ ਨਿਕਲਣਾ ਦੱਸਿਆ ਜਾ ਰਿਹਾ ਹੈ, ਜਿਸ ਦੇ ਕਾਰਨ ਚੀਨ ਦੀ ਆਰਥਿਕ ਵਿਕਾਸ ਦਰ 5 ਫੀਸਦੀ ਰਹਿ ਗਈ ਹੈ। ਉੱਥੇ ਹੀ ਬੇਰੋਜ਼ਗਾਰੀ ’ਚ 6 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਆਰਥਿਕ ਸਰਗਰਮੀਆਂ ਦਾ ਸੁੰਗੜਣਾ ਦਰਜ ਕੀਤਾ ਗਿਆ ਹੈ। ਚੀਨ ਦੀ ਇਕਨਾਮਿਕ ਇੰਟੈਲੀਜੈਂਸ ਯੂਨਿਟ ਦੇ ਖੋਜੀਆਂ ਦਾ ਮੰਨਣਾ ਹੈ ਕਿ ਚੀਨ ਦੀ ਸਖਤ ਕੋਵਿਡ ਨੀਤੀ ਵਿਦੇਸ਼ੀ ਨਿਵੇਸ਼ਕਾਂ ਦੇ ਨਾਲ ਦੇਸੀ ਨਿਵੇਸ਼ਕਾਂ ਨੂੰ ਚੀਨ ’ਚ ਪੈਸਾ ਲਾਉਣ ਤੋਂ ਰੋਕਦੀ ਹੈ, ਸਰਕਾਰ ਵੱਲੋਂ ਅਚਾਨਕ ਨਿਯਮ ਬਦਲਣ ਨਾਲ ਨਿਵੇਸ਼ਕਾਂ ਨੂੰ ਆਪਣਾ ਪੈਸਾ ਫਸਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।
ਪਿਛਲੇ ਸਾਲ ਚੀਨ ਦੇ ਰੀਅਲ ਅਸਟੇਟ ਦੇ ਮੂਧੇ ਮੂੰਹ ਡਿੱਗਣ ਨਾਲ ਚੀਨ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਚੀਨ ਦੀ ਆਰਥਿਕ ਰਫਤਾਰ ’ਚ ਰੀਅਲ ਅਸਟੇਟ ਦੀ ਵੱਡੀ ਭੂਮਿਕਾ ਹੁੰਦੀ ਹੈ ਪਰ ਸਾਲ 2021 ’ਚ ਰੀਅਲ ਅਸਟੇਟ ’ਤੇ ਬੈਂਕਾਂ ਦਾ ਕਰਜ਼ਾ ਵਧਦਾ ਚਲਾ ਗਿਆ। ਸਭ ਤੋਂ ਵੱਡੀ ਉਦਾਹਰਣ ਐਵਰਗ੍ਰਾਂਡੇ ਦੀ ਹੈ ਜੋ ਪਿਛਲੇ ਸਾਲ ਦਿਵਾਲੀਆ ਹੋ ਗਿਆ। ਚੀਨ ਦਾ ਰੀਅਲ ਅਸਟੇਟ ਸੰਕਟ ਜਲਦੀ ਖਤਮ ਹੋਣ ਵਾਲਾ ਨਹੀਂ ਹੈ, ਚੀਨ ਦੀ ਅਰਥਵਿਵਸਥਾ ’ਤੇ ਇਸ ਦਾ ਲੰਬੇ ਸਮੇਂ ਤੱਕ ਅਸਰ ਪਵੇਗਾ।
ਵਿਦੇਸ਼ੀ ਨਿਵੇਸ਼ਕਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਰੂਸ-ਯੂਕ੍ਰੇਨ ਜੰਗ ਦੀ ਤਰਜ਼ ’ਤੇ ਜੇਕਰ ਸ਼ੀ ਜਿਨਪਿੰਗ ਨੇ ਤਾਈਵਾਨ ’ਤੇ ਹਮਲਾ ਕਰ ਦਿੱਤਾ, ਹਾਂਗਕਾਂਗ ’ਚ ਚੀਨ ਦੇ ਵਿਰੁੱਧ ਵਿਰੋਧ ਨੂੰ ਧੱਕੇ ਨਾਲ ਦਰੜਣ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਗੁਆਂਢੀਆਂ ਵਿਰੁੱਧ ਫੌਜੀ ਮੁਹਿੰਮ ਦੀ ਸ਼ੁਰੂਆਤ ਕਰੇ ਤਾਂ ਅਜਿਹੇ ’ਚ ਉਨ੍ਹਾਂ ਦੇ ਚੀਨ ’ਚ ਨਿਵੇਸ਼ ਦਾ ਭਵਿੱਖ ਕੀ ਹੋਵੇਗਾ।

ਵਿਦੇਸ਼ੀ ਨਿਵੇਸ਼ਕਾਂ ਨੇ ਚੀਨੀ ਬਾਂਡਸ ਵੇਚਣੇ ਸ਼ੁਰੂ ਕਰ ਦਿੱਤੇ ਹਨ। ਚੀਨ ਦੇ ਪੱਛਮੀ ਦੇਸ਼ਾਂ ਨਾਲ ਵਧਦੇ ਤਣਾਅ ਨੂੰ ਲੈ ਕੇ ਨਿਵੇਸ਼ਕ ਆਸਵੰਦ ਹਨ। ਹਾਲ ਹੀ ’ਚ ਨਾਰਵੇ ਦੀ ਇਕ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਨੇ ਚੀਨ ਦੀ ਲੀਨਿੰਗ ਕੰਪਨੀ ਦੇ ਸ਼ੇਅਰ ਖਰੀਦਣ ਤੋਂ ਨਾਂਹ ਕਰ ਦਿੱਤੀ, ਕਾਰਨ ਸੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਖਤਰਾ। ਓਧਰ ਚੀਨ ’ਚ ਤਿਆਰ ਸੂਤੀ ਕੱਪੜਿਆ ਦੀ ਵਿਕਰੀ ਨਹੀਂ ਹੋ ਰਹੀ ਹੈ ਕਿਉਂਕਿ ਇਸ ’ਚ ਸ਼ਿਨਜਿਆਂਗ ਸੂਬੇ ’ਚ ਉਈਗਰ ਮੁਸਲਮਾਨਾਂ ਕੋਲੋਂ ਜਬਰੀ ਮਜ਼ਦੂਰੀ ਕਰਵਾਈ ਜਾਂਦੀ ਹੈ। ਨਿੱਜੀ ਕੰਪਨੀਆਂ ’ਤੇ ਲੱਗਣ ਵਾਲੀ ਪਾਬੰਦੀ ਜਿਸ ’ਚ ਜੈਕ ਮਾਂ ਦੀ ਕੰਪਨੀ ਅਲੀਬਾਬਾ ਅਤੇ ਐਂਟ ਗਰੁੱਪ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ, ਇਸ ਦਾ ਅਸਰ ਇਸ ਕੰਪਨੀ ਦੇ ਸ਼ੇਅਰ ਹੋਲਡਰਾਂ ’ਤੇ ਪਿਆ, ਜਿਨ੍ਹਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ।
ਆਰਥਿਕ ਮਾਮਲਿਆਂ ਦੇ ਜਾਣਕਾਰਾਂ ਨੂੰ ਖਦਸ਼ਾ ਹੈ ਕਿ ਅਮਰੀਕਾ ਅਗਲੇ 2 ਸਾਲਾਂ ’ਚ ਨੈਸਡੈਕ ਸ਼ੇਅਰ ਬਾਜ਼ਾਰ ਅਤੇ ਚੀਨੀ ਨਿਵੇਸ਼ਕਾਂ ਅਤੇ ਕੰਪਨੀਆਂ ’ਤੇ ਪਾਬੰਦੀ ਲਾ ਸਕਦਾ ਹੈ। ਅਮਰੀਕਾ ’ਚ ਹੁਣੇ ਹਾਲ ਦੇ ਦਿਨਾਂ ’ਚ ਇਕ ਅਜਿਹੀ ਘਟਨਾ ਹੋਈ ਹੈ ਜਿਸ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਚੀਨ ’ਚ ਨਿਵੇਸ਼ ਕਰਨ ਨੂੰ ਲੈ ਕੇ ਹੋਰ ਡਰਾ ਦਿੱਤਾ ਹੈ। ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਰਕਸ਼ਾਰ ਹੈਥਵੇ ਜਿਸ ਦੇ ਮਾਲਿਕ ਵਾਰੇਨ ਬਫੇ ਹਨ, ਇਸ ਦੇ ਵਾਈਸ ਪ੍ਰੈਜ਼ੀਡੈਂਟ ਚਾਰਲੀ ਮੰਗਰ ਨੇ ਚੀਨ ਦੀ ਬਹੁਤ ਵੱਡੀ ਕੰਪਨੀ ਅਲੀਬਾਬਾ ਦੇ ਸ਼ੇਅਰਾਂ ਨੂੰ ਵੱਡੀ ਮਾਤਰਾ ’ਚ ਵੇਚ ਦਿੱਤਾ ਜਿਸ ਨਾਲ ਬਾਜ਼ਾਰ ’ਚ ਚੀਨ ਦੇ ਵਿਰੁੱਧ ਸੰਦੇਸ਼ ਗਿਆ ਹੈ।
ਇਸ ਘਟਨਾ ਨੇ ਅਮਰੀਕਾ ’ਚ ਚੀਨੀ ਕੰਪਨੀਆਂ ਨੂੰ ਲੈ ਕੇ ਡਰ ਹੋਰ ਵਧਾ ਦਿੱਤਾ ਹੈ।
ਇਹ ਮਾਹੌਲ ਭਾਰਤ ਲਈ ਸੁਨਹਿਰੀ ਮੌਕਾ ਹੈ, ਜੇਕਰ ਭਾਰਤ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਆਪਣੇ ਇੱਥੇ ਨਿਵੇਸ਼ ਕਰਨ ਲਈ ਮਨਾ ਲੈਂਦਾ ਹੈ ਤਾਂ ਭਵਿੱਖ ’ਚ ਭਾਰਤ ਦੁਨੀਆ ਦੀ ਨਵੀਂ ਫੈਕਟਰੀ ਬਣੇਗਾ ਜੋ ਚੀਨ ਨਾਲੋਂ ਵਧੀਆ ਢੰਗ ਨਾਲ ਕੰਮ ਕਰੇਗੀ। ਕੋਰੋਨਾ ਕਾਲ ’ਚ ਵੀ ਜਦੋਂ ਚੀਨ ਤੋਂ ਕੰਪਨੀਆਂ ਭੱਜ ਗਈਆਂ ਸਨ ਉਦੋਂ ਵੀ ਭਾਰਤ ਨੇ ਉਨ੍ਹਾਂ ਕੰਪਨੀਆਂ ਨੂੰ ਇੱਥੇ ਸੱਦਾ ਦੇ ਕੇ ਨਿਵੇਸ਼ ਕਰਵਾਇਆ ਸੀ, ਜਿਸ ਨਾਲ ਭਾਰਤ ਦੀ ਬਰਾਮਦ ’ਚ ਵਾਧਾ ਹੋਇਆ ਸੀ।


Aarti dhillon

Content Editor

Related News