ਡਿਜੀਟਲ ਇਕਾਨਮੀ ਬਦਲੇਗੀ ਦੇਸ਼ ਦਾ ਆਰਥਿਕ ਭਵਿੱਖ

12/06/2023 5:49:17 PM

ਦੇਸ਼ ਇਨ੍ਹੀਂ ਦਿਨੀਂ ਤੇਜ਼ੀ ਨਾਲ ਡਿਜੀਟਲ ਬਦਲਾਅ ਦੇ ਦੌਰ ’ਚੋਂ ਲੰਘ ਰਿਹਾ ਹੈ। ਇਸ ਦਾ ਫਾਇਦਾ ਇਕਾਨਮੀ ਦੇ ਮੋਰਚੇ ’ਤੇ ਵੀ ਹੋ ਰਿਹਾ ਹੈ ਅਤੇ ਸਾਡੀ ਕੁਲ ਜੀ.ਡੀ.ਪੀ. ’ਚ ਡਿਜੀਟਲ ਦਾ ਯੋਗਦਾਨ ਵਧ ਰਿਹਾ ਹੈ। ਕਈ ਮੋਰਚਿਆਂ ’ਤੇ ਬੀਤੇ ਸਾਲਾਂ ’ਚ ਭਾਰਤ ਇਕ ਪ੍ਰਮੁੱਖ ਆਰਥਿਕ ਤਾਕਤ ਬਣ ਕੇ ਉਭਰਿਆ ਹੈ। ਸਾਡੇ ਲਈ ਸਕੂਨ ਦੀ ਗੱਲ ਹੈ ਕਿ ਦੁਨੀਆ ਭਰ ’ਚ ਚੱਲ ਰਹੇ ਡਿਜੀਟਲ ਬਦਲਾਅ ਦੇ ਦੌਰ ’ਚ ਦੇਸ਼ ਕਾਫੀ ਅੱਗੇ ਹੈ। ਡਿਜੀਟਲ ਬਦਲਾਅ ਦੀ ਤੇਜ਼ ਰਫਤਾਰ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਚੰਗਾ ਫਾਇਦਾ ਹੋ ਰਿਹਾ ਹੈ। ਕੁਝ ਅਰਥਸ਼ਾਸਤਰੀ ਕਹਿੰਦੇ ਹਨ ਕਿ ਜਲਦੀ ਹੀ ਕੁਲ ਜੀ.ਡੀ.ਪੀ. ’ਚ ਡਿਜੀਟਲ ਇਕਾਨਮੀ ਦਾ ਯੋਗਦਾਨ ਵਧ ਕੇ 20 ਫੀਸਦੀ ’ਤੇ ਪਹੁੰਚ ਸਕਦਾ ਹੈ।

ਬਿਨਾਂ ਸ਼ੱਕ, ਭਾਰਤ ਨਾ ਸਿਰਫ ਅਜੇ ਦੁਨੀਆ ਦੀ ਸਭ ਤੋਂ ਤੇਜ਼ ਵਧਦੀ ਅਰਥਵਿਵਸਥਾ ਹੈ ਸਗੋਂ ਦੁਨੀਆ ਦੀ ਸਭ ਤੋਂ ਤੇਜ਼ ਤਰੱਕੀ ਕਰ ਰਹੀ ਡਿਜੀਟਲ ਅਰਥਵਿਵਸਥਾ ਵੀ ਹੈ। ਅਜੇ ਡਿਜੀਟਲ ਇਕਾਨਮੀ ਦੇਸ਼ ਦੇ ਕੁਲ ਸਮੁੱਚੇ ਘਰੇਲੂ ਉਤਪਾਦ ਭਾਵ ਜੀ.ਡੀ.ਪੀ. ’ਚ ਲਗਭਗ 11 ਫੀਸਦੀ ਦਾ ਯੋਗਦਾਨ ਦੇ ਰਹੀ ਹੈ। ਕੁਲ ਜੀ.ਡੀ.ਪੀ. ’ਚ ਡਿਜੀਟਲ ਇਕਾਨਮੀ ਦਾ ਯੋਗਦਾਨ ਵਧ ਕੇ ਜਲਦੀ ਹੀ 20 ਫੀਸਦੀ ਭਾਵ 5ਵੇਂ ਹਿੱਸੇ ਦੇ ਬਰਾਬਰ ਹੋ ਸਕਦਾ ਹੈ। ਡਿਜੀਟਲ ਇਕਾਨਮੀ ਇਨ੍ਹੀਂ ਦਿਨੀਂ ਨਾਰਮਲ ਇਕਾਨਮੀ ਦੀ ਤੁਲਨਾ ’ਚ ਕਈ ਗੁਣਾ ਵੱਧ ਰਫਤਾਰ ਨਾਲ ਤਰੱਕੀ ਕਰ ਰਹੀ ਹੈ।

ਭਾਰਤ ਨੇ 2027 ਤੱਕ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰੱਖਿਆ ਹੈ। ਉਸ ਦੇ ਨਾਲ-ਨਾਲ ਦੇਸ਼ ਨੂੰ ਸਾਲ 2026 ਤਕ ਦੁਨੀਆ ਦੀ ਟ੍ਰਿਲੀਅਨ ਡਾਲਰ ਡਿਜੀਟਲ ਇਕਾਨਮੀ ’ਚੋਂ ਇਕ ਬਣਾਉਣ ਦਾ ਵੀ ਟੀਚਾ ਹੈ। ਭਾਰਤੀ ਅਰਥਵਿਵਸਥਾ ’ਚ ਤੇਜ਼ੀ ਨਾਲ ਸੁਧਾਰ ਹੋਵੇ ਅਤੇ ਡਿਜੀਟਲ ਅਰਥਵਿਵਸਥਾ ਮਜ਼ਬੂਤ ਬਣੀ ਰਹੇ, ਇਸ ਦੇ ਲਈ ਸਰਕਾਰ ਨੇ ਸਖਤ ਨਿਯਮ-ਕਾਨੂੰਨ ਬਣਾਏ ਹਨ।

21ਵੀਂ ਸਦੀ ’ਚ ਡਿਜੀਟਲ ਮਹਾਸ਼ਕਤੀ ਬਣਨ ਲਈ ਵੀ ਭਾਰਤ ਕੋਲ ਵੱਡਾ ਮੌਕਾ ਹੈ। ਦੁਨੀਆ ਭਰ ’ਚ ਆਈ.ਟੀ. ਖੇਤਰ ’ਚ ਭਾਰਤੀਆਂ ਦਾ ਹੀ ਦਬਦਬਾ ਬਣਿਆ ਹੋਇਆ ਹੈ। ਸਭ ਤੋਂ ਵੱਡੇ ਪਲੇਟਫਾਰਮ ’ਤੇ ਵੀ ਭਾਰਤੀ ਜਾਣਕਾਰਾਂ ਨੇ ਗਲਬਾ ਬਣਾਈ ਰੱਖਿਆ ਹੈ। ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰੱਖਿਆ ਅਤੇ ਜਨਤਕ ਵਿਵਸਥਾ ਲਈ ਵੀ ਡਿਜੀਟਲ ਅਰਥਵਿਵਸਥਾ ਹੀ ਕੰਮ ਆਉਣ ਵਾਲੀ ਹੈ।

ਭਾਰਤ ਨੂੰ ਇਸ ਡਿਜੀਟਲ ਅਰਥਵਿਵਸਥਾ ਦਾ ਪ੍ਰਮੁੱਖ ਹਿੱਸੇਦਾਰ ਬਣਨ ਦਾ ਯਤਨ ਮਜ਼ਬੂਤੀ ਨਾਲ ਕਰਨਾ ਚਾਹੀਦਾ ਹੈ। ਇਸ ਮਿਸ਼ਨ ’ਚ ਭਾਰਤੀਆਂ ਦੀ ਵਿਸ਼ਾਲ ਗਿਣਤੀ ਦਾ ਲਾਭ ਮਿਲ ਸਕਦਾ ਹੈ, ਇਸ ਲਈ ਵੀ ਯੋਜਨਾ ਹੋਣੀ ਚਾਹੀਦੀ ਹੈ। ਅਜੇ ਜੋ ਸ਼ੁਰੂਆਤੀ ਮਦਦ ਮਿਲ ਰਹੀ ਹੈ, ਇਸ ਦੀ ਵਰਤੋਂ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਅਤੇ ਜ਼ਰੂਰੀ ਮੌਕੇ ਮੁਹੱਈਆ ਕਰਵਾਉਣ ’ਚ ਕੀਤਾ ਜਾਣਾ ਚਾਹੀਦਾ ਹੈ।

ਭਾਰਤ ਦੀ ਡਿਜੀਟਲ ਇਕਾਨਮੀ 2030 ਤਕ 6 ਗੁਣਾ ਵਧ ਕੇ ਇਕ ਟ੍ਰਿਲੀਅਨ ਡਾਲਰ ਭਾਵ ਇਕ ਲੱਖ ਕਰੋੜ ਡਾਲਰ ਤਕ ਪਹੁੰਚ ਸਕਦੀ ਹੈ। ਇਸ ’ਚ ਸਭ ਤੋਂ ਵੱਡਾ ਯੋਗਦਾਨ ਈ-ਕਾਮਰਸ ਸੈਕਟਰ ਦਾ ਹੈ। ਭਾਰਤ ਆਪਣੇ ‘ਡਿਜੀਟਲ ਦਹਾਕੇ’ ’ਚ ਹੈ। ਇਸ ਦੀ ਇੰਟਰਨੈੱਟ ਇਕਾਨਮੀ ਮੌਜੂਦਾ ਦਹਾਕੇ ਦੇ ਅਖੀਰ ਤੱਕ ਆਪਣੇ ਟੀਚੇ ਤੋਂ 12- 13 ਫੀਸਦੀ ਤਕ ਵਧ ਜਾਵੇਗੀ, ਜੋ ਅਜੇ 4-5 ਫੀਸਦੀ ’ਤੇ ਹੈ। ਦਿਨ-ਬ-ਦਿਨ ਵਧਦੀ ਆਨਲਾਈਨ ਐਕਟਿਵਿਟੀ, ਖਾਸ ਕਰ ਕੇ ਟੀਅਰ-2 ਸ਼ਹਿਰਾਂ ’ਚ, ਨੇ ਭਾਰਤ ਨੂੰ ਦੁਨੀਆ ਦੀਆਂ ਕੁਝ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਤੋਂ ਕਾਫੀ ਅੱਗੇ ਕਰ ਦਿੱਤਾ ਹੈ।

ਮੌਜੂਦਾ ’ਚ ਡਿਜੀਟਲ ਲੈਣ-ਦੇਣ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਚੁਣੌਤੀਆਂ ਵੀ ਬਣੀਆਂ ਹੋਈਆਂ ਹਨ, ਅਜਿਹੇ ’ਚ ਡਿਜੀਟਲ ਖੇਤਰ ’ਚ ਲੈਣ-ਦੇਣ ਦੀ ਤੇਜ਼ ਰਫਤਾਰ ਚਿੰਤਾਜਨਕ ਹੋ ਸਕਦੀ ਹੈ ਜਿਸ ਨਾਲ ਹੋਣ ਵਾਲੀਆਂ ਤਰੁੱਟੀਆਂ ਨੂੰ ਸੁਧਾਰਨਾ ਜਾਂ ਧੋਖਾਧੜੀ ਵਾਲੀਆਂ ਸਰਗਰਮੀਆਂ ਦਾ ਹੱਲ ਕਰਨਾ ਬੇਹੱਦ ਚੁਣੌਤੀਪੂਰਨ ਹੋ ਸਕਦਾ ਹੈ। ਡਿਜੀਟਲ ਖੇਤਰ ’ਚ ਹੁਨਰਮੰਦ ਕਾਰਜਬਲ ਦੇ ਵਿਕਾਸ ਦੀ ਆਸ, ਡਿਜੀਟਲ ਜਨਤਕ ਮੁੱਢਲੇ ਢਾਂਚੇ ਦੀ ਪੂਰੀ ਸਮਰੱਥਾ ’ਚ ਅੜਿੱਕਾ ਬਣ ਸਕਦੀ ਹੈ। ਡਿਜੀਟਲ ਮੁੱਢਲੇ ਢਾਂਚੇ ਦਾ ਲਾਭ ਉਠਾਉਣ ਲਈ ਡਿਜੀਟਲ ਤੌਰ ’ਤੇ ਸਾਖਰ ਲੋਕਾਂ ਨੂੰ ਤਿਆਰ ਕਰਨ ਦੇ ਕ੍ਰਮ ’ਚ ਵਿੱਦਿਅਕ ਸੰਸਥਾਨਾਂ ਨੂੰ ਮਜ਼ਬੂਤ ਕਰਨਾ ਮਹੱਤਵਪੂਰਨ ਹੈ। ਇਸ ਨਾਲ ਸਬੰਧਤ ਪ੍ਰਮੁੱਖ ਚੁਣੌਤੀਆਂ ’ਚੋਂ ਇਕ, ਲੋਕਾਂ ਦਰਮਿਆਨ ਡਿਜੀਟਲ ਫਰਕ ਦਾ ਹੋਣਾ ਹੈ। ਦਿਹਾਤੀ ਇਲਾਕਿਆਂ ’ਚ ਕਈ ਲੋਕਾਂ ਦੀ ਅਜੇ ਵੀ ਡਿਜੀਟਲ ਸੇਵਾਵਾਂ ਤੱਕ ਪਹੁੰਚ ਨਹੀਂ ਹੈ। ਡਿਜੀਟਲ ਅਰਥਵਿਵਸਥਾ ਨਾਲ ਨਾਬਰਾਬਰੀ ਨੂੰ ਹੁਲਾਰਾ ਮਿਲਣ ਨਾਲ ਕੁਝ ਲੋਕਾਂ ਨੂੰ ਦੂਜਿਆਂ ਦੀ ਤੁਲਨਾ ’ਚ ਵੱਧ ਲਾਭ ਹੋਇਆ ਹੈ।

ਇਸ ਦੇ ਨਾਲ ਹੀ ਸਟਾਰਟਅਪਸ ਨੇ ਡਿਜੀਟਲ ਸ਼ਿਫਟ ਨੂੰ ਭਾਰਤ ’ਚ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਉੱਥੇ ਛੋਟੀਆਂ, ਦਰਮਿਆਨੀਆਂ ਅਤੇ ਵੱਡੇ ਸਾਈਜ਼ ਦੀਆਂ ਕੰਪਨੀਆਂ ਨੂੰ ਕੋਰੋਨਾ ਮਹਾਮਾਰੀ ਪਿੱਛੋਂ ਸਮਝ ’ਚ ਆ ਗਿਆ ਹੈ ਕਿ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ।

ਆਧਾਰ ਕਾਰਡ, ਚਿੱਪ ਅਤੇ ਡਿਜੀਲਾਕਰ ਵਰਗੀ ਸਰਵਿਸ ਭਾਰਤ ਦੀ ਇੰਟਰਨੈੱਟ ਇਕਾਨਮੀ ’ਚ ਸੰਭਾਵਨਾਵਾਂ ਨੂੰ ਖੋਲ੍ਹਣ ’ਚ ਮਦਦ ਕਰ ਰਹੀ ਹੈ। ਗਲੋਬਲ ਲੈਵਲ ’ਤੇ ਭਾਰਤ ਦੇ ਡਿਜੀਟਲ ਇਨਫ੍ਰਾਸਟ੍ਰੱਕਚਰ ਨੂੰ ਅਪਣਾਇਆ ਜਾਣਾ ਦੇਸ਼ ਨੂੰ ਡਿਜੀਟਲ ਤਕਨਾਲੋਜੀ ਦੇ ਲੀਡਰ ਵਜੋਂ ਪੇਸ਼ ਕਰ ਰਿਹਾ ਹੈ। ਇਹ ਰੁਤਬਾ ਕਾਇਮ ਰੱਖਣਾ ਹੋਵੇਗਾ। ਕੁਲ ਮਿਲਾ ਕੇ ਡਿਜੀਟਲ ਇਕਾਨਮੀ ਵਿਕਾਸ ਦੀ ਝੰਡਾਬਰਦਾਰ ਬਣ ਕੇ ਦੇਸ਼ ਦਾ ਆਰਥਿਕ ਭਵਿੱਖ ਬਦਲਣ ਦੀ ਫੈਸਲਾਕੁੰਨ ਸਮਰੱਥਾ ਰੱਖਦੀ ਹੈ।

ਡਾ. ਵਰਿੰਦਰ ਭਾਟੀਆ


Rakesh

Content Editor

Related News