ਅੱਤਵਾਦ ਦਾ ਮੁਕਾਬਲਾ ਇਕੱਠੇ ਹੋ ਕੇ ਕਰੋ

Thursday, Nov 22, 2018 - 06:39 AM (IST)

ਪਿਛਲੇ 3-4 ਮਹੀਨਿਅਾਂ ਤੋਂ ਪੰਜਾਬ ਦੇ ਲੋਕ ਤਣਾਅ ’ਚ ਤਾਂ ਸਨ। ਪੰਜਾਬ ਦੇ ਲੋਕ ਇਹ ਵੀ ਦੇਖ ਹੀ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ’ਚ ਕੀ ਉਥਲ-ਪੁਥਲ ਹੋ ਰਹੀ ਹੈ? ਨਿੱਤ ਖ਼ਬਰਾਂ ਆ ਰਹੀਅਾਂ ਸਨ ਕਿ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਟਕਰਾਅ ਵਧਣ ਲੱਗਾ ਹੈ। ਟੀ. ਵੀ. ਚੈਨਲਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਅਾਂ ਘਟਨਾਵਾਂ ਨੂੰ ਹਵਾ ਦੇਣ ’ਚ ਲੱਗੇ ਹੋਏ ਸਨ। ਬਰਗਾੜੀ ਮਾਮਲਾ ਨਿੱਤ ਸੁਰਖੀਅਾਂ ’ਚ ਛਾਇਆ ਹੋਇਆ ਸੀ। 
ਪੰਜਾਬ ਦੇ ਲੋਕਾਂ ਨੂੰ ਇਹ ਵੀ ਅਹਿਸਾਸ ਹੋ ਰਿਹਾ ਸੀ ਕਿ ਟਕਸਾਲੀ ਅਕਾਲੀਅਾਂ ਅਤੇ ਬਾਦਲ ਪਰਿਵਾਰ ਵਿਚਾਲੇ ਟਕਰਾਅ ਸੂਬੇ ’ਚ ਕੋਈ ਨਵਾਂ ਗੁਲ ਨਾ ਖਿੜਾ ਦੇਵੇ, ਉਪਰੋਂ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਵੀ ਕਸਮਾਂ ਖਾਧੀਅਾਂ ਜਾਣ ਲੱਗੀਅਾਂ ਸਨ। ਕੁਝ ਅਜਿਹੇ ਹੀ ਮੰਦਭਾਗੇ ਮਾਹੌਲ ’ਚ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ਅੱਤਵਾਦੀਅਾਂ ਦੀ ਗ੍ਰਿਫਤ ’ਚ ਆ ਗਿਆ ਤੇ ਉਨ੍ਹਾਂ ਨੇ ਉਥੇ ਹੱਥਗੋਲਾ ਸੁੱਟ ਕੇ 3 ਬੇਕਸੂਰ ਵਿਅਕਤੀਅਾਂ ਦੀ ਹੱਤਿਆ ਕਰ ਦਿੱਤੀ ਤੇ 1 ਦਰਜਨ ਤੋਂ ਜ਼ਿਆਦਾ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।  
ਪਿਛਲੇ ਹਫਤੇ ਤੋਂ ਪੰਜਾਬ ਦੇ ਲੋਕ ਸੁਣ ਰਹੇ ਸਨ ਕਿ ਖਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਪੰਜਾਬ ਦੇ ਸਰਹੱਦੀ ਇਲਾਕੇ ’ਚ ਘੁੰਮਦਾ ਦੇਖਿਆ ਗਿਆ। ਇਹ ਵੀ ਖ਼ਬਰ ਆਈ ਸੀ ਕਿ 4 ਅਣਪਛਾਤੇ ਨੌਜਵਾਨਾਂ ਨੇ ਪਠਾਨਕੋਟ ਦੇ ਮਾਧੋਪੁਰ ’ਚ ਇਕ ਗੱਡੀ ਅਗਵਾ ਕਰ ਲਈ। ਇਹ ਵੀ ਸਭ ਨੂੰ ਪਤਾ ਸੀ ਕਿ ਕੁਝ ਅੱਤਵਾਦੀ ਪਾਕਿਸਤਾਨ ਤੋਂ ਭਾਰਤ ਦੀ ਸਰਹੱਦ ’ਚ ਆ ਵੜੇ ਹਨ। 
‘ਅਲਰਟ’ ਦੇ ਬਾਵਜੂਦ ਹਮਲਾ
ਪੰਜਾਬ ਪੁਲਸ ਨੇ ਖੁਦ ਇਨ੍ਹਾਂ ਸਭ ਚੀਜ਼ਾਂ ਬਾਰੇ ਲੋਕਾਂ ਨੂੰ ਅਲਰਟ ਕੀਤਾ ਸੀ। ਪ੍ਰਸ਼ਾਸਨ ਨੇ ਵੀ ਇਕ-ਦੋ ਨਹੀਂ, ਤਿੰਨ-ਤਿੰਨ ਰੈੱਡ ਅਲਰਟ ਜਾਰੀ ਕੀਤੇ ਹੋਏ ਸਨ, ਸਾਰੀਅਾਂ ਖੁਫੀਆ ਏਜੰਸੀਅਾਂ ਚੌਕੰਨੀਅਾਂ ਸਨ, ਇਥੋਂ ਤਕ ਕਿ ‘ਰਾਅ’ ਅਤੇ ਫੌਜ ਦੀਅਾਂ ਖੁਫੀਆ ਏਜੰਸੀਅਾਂ ਵੀ ਦਿਨ-ਰਾਤ ਨਜ਼ਰ ਰੱਖ ਰਹੀਅਾਂ ਸਨ। 
ਪਰ ਇੰਨਾ ਸਭ ਕੁਝ ਹੁੰਦੇ ਹੋਏ ਵੀ ਅੱਤਵਾਦੀ ਰਾਜਾਸਾਂਸੀ ਦੇ ਨਿਰੰਕਾਰੀ ਭਵਨ ਤਕ ਪਹੁੰਚ ਗਏ ਤੇ ਹਮਲਾ ਕਰਨ ’ਚ ਸਫਲ ਹੋ ਗਏ, ਤਾਂ ਇਸ ਦਾ ਦੋਸ਼ੀ ਕੌਣ ਹੋਵੇਗਾ? ਖੁਫੀਆ ਏਜੰਸੀਅਾਂ? ਪੁਲਸ ਜਾਂ ਸਰਕਾਰ? ਕੈਪਟਨ ਅਮਰਿੰਦਰ ਸਿੰਘ ਬਹੁਤ ਯੋਗ ਮੁੱਖ ਮੰਤਰੀ ਹਨ। ਕੀ ਉਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਸੀ ਕਿ ਪੰਜਾਬ ਦਾ ਮਾਹੌਲ ਗਰਮਾਉਂਦਾ ਜਾ ਰਿਹਾ ਹੈ? ਕੈਨੇਡਾ ’ਚ ਖ਼ਾਲਿਸਤਾਨੀ, ਗਰਮ-ਖਿਆਲੀਏ ਇਕੱਠੇ ਹੋ ਰਹੇ ਹਨ? 
ਬਦਲੇ ਦੀ ਸਿਆਸਤ ਪੰਜਾਬ ਨੂੰ ਰਾਸ ਨਹੀਂ ਆਉਂਦੀ। ਇਹ ਸਾਡੇ ਗੁਰੂਅਾਂ ਦੀ ਧਰਤੀ ਹੈ ਅਤੇ ਇਥੇ ਹਿੰਦੂਅਾਂ-ਸਿੱਖਾਂ ਵਿਚਾਲੇ ਏਕਤਾ ਹੈ। ਪੰਜਾਬ ਦੇ ਲੋਕ 10-12 ਸਾਲ ਅੱਤਵਾਦ ਦਾ ਸੰਤਾਪ ਭੋਗ ਚੁੱਕੇ ਹਨ, ਜਿਸ ਦੌਰਾਨ ਲੱਗਭਗ 25,000 ਮਾਸੂਮ ਲੋਕਾਂ ਦੀਅਾਂ ਲਾਸ਼ਾਂ ਦਾ ਬੋਝ ਸੂਬੇ ਨੇ ਚੁੱਕਿਆ। ਇਹ ਅੱਤਵਾਦ ਮੁੜ ਗੁਰੂਅਾਂ ਦੀ ਇਸ ਪਵਿੱਤਰ ਧਰਤੀ ਨੂੰ ‘ਨਰਕ’ ਨਾ ਬਣਾਵੇ।  
ਆਸਾਰ ਠੀਕ ਨਹੀਂ
ਪੰਜਾਬ ਸਰਕਾਰ ਅੰਮ੍ਰਿਤਸਰ ਦੇ ਬਹਾਦੁਰ, ਆਪੋ-ਆਪਣੇ ਕੰਮਕਾਜ ਵਿਚ ਮਸਤ ਰਹਿਣ ਵਾਲੇ ਲੋਕਾਂ ਦਾ ਇਮਤਿਹਾਨ ਨਾ ਲਵੇ। ਅਜੇ ਤਾਂ ਲੋਕਾਂ ਨੂੰ ਦੁਸਹਿਰੇ ਵਾਲੇ ਦਿਨ ਹੋਇਆ ਰੇਲ ਹਾਦਸਾ ਵੀ ਨਹੀਂ ਭੁੱਲਿਆ ਤੇ ਹੁਣ ਇਹ ਅੱਤਵਾਦੀ ਵਾਰਦਾਤ ਹੋ ਗਈ। ਕੀ ਇਹ 1980-90 ਦੇ ਦਹਾਕਿਅਾਂ ਵਾਲੇ ਨਿਰੰਕਾਰੀ-ਅਕਾਲੀ ਟਕਰਾਅ ਦਾ ਦੁਹਰਾਅ ਤਾਂ ਨਹੀਂ? 
ਕੈਪਟਨ ਸਾਹਿਬ, ਇਸ ਨੂੰ ਇਥੇ ਹੀ ਰੋਕ ਲਓ। ਆਸਾਰ ਠੀਕ ਨਹੀਂ, ਰਾਜਾਸਾਂਸੀ ਵਾਲੀ ਅੱਤਵਾਦੀ ਘਟਨਾ ਪੰਜਾਬ ਦੇ ਲੋਕਾਂ ਲਈ ਸ਼ੁਭ ਸੰਕੇਤ ਨਹੀਂ। ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਅੱਤਵਾਦੀਅਾਂ ਦੀ ਇਸ ਚੁਣੌਤੀ ਨੂੂੰ ਕਬੂਲ ਕਰਨ। ਸ਼੍ਰੀਨਗਰ ਦੀ ਮਿਸਾਲ ਤੁਹਾਡੇ ਸਾਹਮਣੇ ਹੋਣੀ ਚਾਹੀਦੀ ਹੈ। ਕੋਈ ਵੀ ਅੱਤਵਾਦੀ ਬਚ ਕੇ ਨਾ ਜਾਵੇ। 
ਨਿਰੰਕਾਰੀਅਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਉਹ ਡੂੰਘੇ ਸਦਮੇ ’ਚ ਹਨ ਅਤੇ ਉਨ੍ਹਾਂ ਦਾ ਭਰੋਸਾ ਡਗਮਗਾ ਚੁੱਕਾ ਹੈ। ਇਸ ਲਈ ਉਨ੍ਹਾਂ ਨੂੰ ਮੁੜ ਖੜ੍ਹੇ ਕਰਨਾ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਹੈ। ਰਾਜੇ ਦਾ ਫਰਜ਼ ਹੈ ਕਿ ਉਹ ਆਪਣੀ ਪਰਜਾ ਦੇ ਜਾਨ-ਮਾਲ ਦੀ ਰੱਖਿਆ ਕਰੇ। 
ਲਾਅ ਐਂਡ ਆਰਡਰ ਬਣਾ ਕੇ ਰੱਖਣਾ ਪ੍ਰਸ਼ਾਸਨ ਦੀ ਪਹਿਲ ਹੈ। ਪੰਜਾਬ ਦੇ ਦੋਖੀ ਤਾਂ ਚਾਹੁੰਦੇ ਹੀ ਇਹੋ ਹਨ ਕਿ ਇਥੇ ਨਿਰੰਕਾਰੀ-ਅਕਾਲੀ, ਹਿੰਦੂ-ਸਿੱਖ ਆਪਸ ’ਚ ਟਕਰਾਉਂਦੇ ਰਹਿਣ, ਮੁਸਲਮਾਨ ਪਾਕਿਸਤਾਨ ਦੀ ਜੈ-ਜੈਕਾਰ ਕਰਦੇ ਰਹਿਣ ਪਰ ਕੈਪਟਨ ਅਮਰਿੰਦਰ ਸਿੰਘ ਦਾ ਉਦੇਸ਼ ਇਹ ਹੋਵੇ ਕਿ ਪੰਜਾਬ ਦਾ ਭਾਈਚਾਰਾ ਕਿਸੇ ਵੀ ਕੀਮਤ ’ਤੇ ਵਿਗੜੇ ਨਾ ਅਤੇ ਪੰਜਾਬ ਸ਼ਾਂਤ ਰਹਿ ਕੇ ਤਰੱਕੀ ਵੱਲ ਵਧੇ। 
ਅਸੀਂ ਸਾਰੇ ਲੋਕਾਂ ਨੇ ਮਿਲ ਕੇ ਪੰਜਾਬ ਨੂੰ ਉੱਪਰ ਚੁੱਕਣਾ ਹੈ। 1947 ਦੀ ਵੰਡ ਸਮੇਂ ਅਸੀਂ ਸਭ ਕੁਝ ਲੁਟਾ ਕੇ ਪੰਜਾਬ ’ਚ ਆਏ ਸੀ ਅਤੇ ਆਪਣੀ ਮਿਹਨਤ ਨਾਲ ਖ਼ੁਦ ਨੂੰ ਖੜ੍ਹੇ ਕੀਤੇ, ਪੰਜਾਬ ਨੂੰ ਅੱਗੇ ਲੈ ਕੇ ਆਏ। ਪੰਜਾਬ ਦੇ ਹਰ ਵਰਗ ਦਾ ਪੰਜਾਬ ’ਤੇ ਪੂਰਾ ਹੱਕ ਹੈ–ਹਿੰਦੂਅਾਂ ਦਾ ਵੀ, ਸਿੱਖਾਂ ਦਾ ਵੀ ਅਤੇ ਹੋਰਨਾਂ ਮਜ਼੍ਹਬਾਂ ਦਾ ਵੀ। ਜਿਸ ਦਿਨ ਪੰਜਾਬ ਇਹ ਗੱਲ ਭੁੱਲ ਜਾਵੇਗਾ, ਇਹ ਪੰਜਾਬ ਨਹੀਂ ਰਹੇਗਾ। ਪਹਿਲਾਂ ਹੀ ਪੰਜਾਬ ਨੂੰ ਵੰਡ ਕੇ ਇਕ ‘ਸੂਬੀ’ ਬਣਾ ਦਿੱਤਾ ਗਿਆ ਹੈ। 
ਦੇਸ਼ ਦੀ ਢਾਲ ਹੈ ਪੰਜਾਬ
ਪੰਜਾਬ ਸਾਰੇ ਦੇਸ਼ ਦੀ ਢਾਲ ਹੈ, ਭਾਰਤ ਦਾ ਅੰਨਦਾਤਾ ਹੈ। ਜੇ ਅੱਤਵਾਦੀਅਾਂ ਦੇ ਭੜਕਾਉਣ ਨਾਲ  ਪੰਜਾਬੀ ਭੜਕ ਉੱਠਣਗੇ ਤਾਂ ਪੰਜਾਬ ਦਾ ਬਹੁਤ ਨੁਕਸਾਨ ਹੋਵੇਗਾ। ਅੱਤਵਾਦੀ ਤਾਂ ਅਜਿਹੀਅਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੀ ਰਹਿਣਗੇ ਪਰ ਜੇ ਪੰਜਾਬੀ ਆਹਮੋ-ਸਾਹਮਣੇ ਹੋ ਗਏ ਤਾਂ 80-90 ਦੇ ਦਹਾਕੇ ਨੂੰ ਅਸੀਂ ਖ਼ੁਦ ਦੁਹਰਾਅ ਦੇਵਾਂਗੇ। ਜਿੰਨਾ ਡੂੰਘਾ ਪੰਜਾਬ ਦਾ ਸੰਕਟ ਹੈ, ਓਨੀ ਹੀ ਡੂੰਘਾਈ ਨਾਲ ਪੰਜਾਬੀ ਚਿੰਤਨ ਕਰਨ। 
ਅਸੀਂ ਸਾਰੇ ਇਕ ਹੀ ਭਾਰਤ ਮਾਂ ਦੀ ਔਲਾਦ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਸਭ ਲਈ ਪੂਜਨੀਕ ਹਨ। ਅਸੀਂ ਅੱਤਵਾਦੀਅਾਂ, ਗਰਮ-ਖਿਆਲੀਅਾਂ ਦੇ ਝਾਂਸੇ ’ਚ ਨਹੀਂ ਆਵਾਂਗੇ, ਛੋਟੀਅਾਂ-ਮੋਟੀਅਾਂ ਅੱਤਵਾਦੀ ਘਟਨਾਵਾਂ ਤੋਂ ਨਹੀਂ ਘਬਰਾਵਾਂਗੇ। ਅੱਤਵਾਦ ਵਿਰੁੱਧ ਅਸੀਂ ਸਾਰੇ ਇਕ ਹੋ ਕੇ ਡਟੀਏ ਕਿਉਂਕਿ ਅੱਤਵਾਦ, ਅੱਤਵਾਦੀ ਕਿਸੇ ਦਾ ਸਕਾ ਨਹੀਂ।
 ਮੈਂ ਸਿਆਸੀ ਪਾਰਟੀਅਾਂ ਨੂੰ ਵੀ ਕਹਾਂਗਾ ਕਿ ਇਕ-ਦੂਜੇ ’ਤੇ ਚਿੱਕੜ ਉਛਾਲਣ ਨਾਲ ਪੰਜਾਬ ਦਾ ਭਲਾ ਨਹੀਂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਤੇ ਸ. ਪ੍ਰਕਾਸ਼ ਸਿੰਘ ਬਾਦਲ ਦੋਵੇਂ ਜਾਣਦੇ ਹਨ ਕਿ 80-90 ਦੇ ਦਹਾਕੇ ਵਾਲੇ ਦੌਰ ’ਚ ਪੰਜਾਬ ’ਚ ਅੱਤਵਾਦੀਅਾਂ ਨੇ ਕਿਸ ਨੂੰ ਬਖਸ਼ਿਆ? ਸਾਡੀਅਾਂ ਔਰਤਾਂ ਦੀ ਇੱਜ਼ਤ ਤਕ ਦਾਅ ’ਤੇ ਲੱਗੀ ਹੋਈ ਸੀ। ਇਸ ਲਈ ਸਾਰੀਅਾਂ ਸਿਆਸੀ ਪਾਰਟੀਅਾਂ ਇਕਜੁੱਟ ਹੋ ਕੇ ਅੱਤਵਾਦ ਵਿਰੁੱਧ ਡਟਣ, ਨਹੀਂ ਤਾਂ ‘ਡੂਬੇਗੀ ਕਿਸ਼ਤੀ ਤੋ ਡੂਬੇਂਗੇ ਸਾਰੇ’। ਇਸ ਲਈ ਇਕੱਠੇ ਜੀਓ, ਇਕੱਠੇ ਹੋ ਕੇ ਅੱਤਵਾਦ ਦਾ ਮੁਕਾਬਲਾ ਕਰੋ। 


Related News