ਸਿੱਖਾਂ ’ਚ ਆਪਣਾ ‘ਇਕਬਾਲ’ ਬੁਲੰਦ ਕਰਨ ਲਈ ਲਾਲਪੁਰਾ ’ਤੇ ਵੱਡਾ ਦਾਅ

08/19/2022 2:34:28 PM

ਕਿਸਾਨ ਅੰਦੋਲਨ ’ਚ ਹੋਈ ਕਿਰਕਿਰੀ ਅਤੇ ਬਾਅਦ ’ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਵੀ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਵਤੀਰਾ ਪੰਜਾਬ ਨੂੰ ਲੈ ਕੇ ਬੇਹੱਦ ਨਰਮ ਹੈ। ਇੱਥੋਂ ਤੱਕ ਕਿ ਸਿੱਖ ਮਸਲਿਆਂ ’ਤੇ ਵੀ ਮੋਦੀ ਸਰਕਾਰ ਦਾ ਸਮਰਥਨ ਸਿੱਖਾਂ ਦੇ ਨਾਲ ਹੀ ਹੈ। ਹੁਣ ਤੱਕ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਦੇ ਰੂਪ ’ਚ ਮੰਨਿਆ ਜਾਂਦਾ ਸੀ ਪਰ ਮੌਜੂਦਾ ਹਾਲਾਤ ਅਤੇ ਅਕਾਲੀ ਦਲ ਦੇ ਖਰਾਬ ਦੌਰ ਦੇ ਕਾਰਨ ਭਾਜਪਾ ਖਾਲੀ ਵਕਫੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ।

ਸਿੱਖ ਮਸਲਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਾਸ ਝੁਕਾਅ ਦੇ ਕਾਰਨ ਭਾਜਪਾ ਦੀਆਂ ਨੀਤੀਆਂ ਵੀ ਬਦਲ ਰਹੀਆਂ ਹਨ। ਬੁੱਧਵਾਰ ਨੂੰ ਭਾਜਪਾ ਦੀ ਸਰਵਉੱਚ ਨੀਤੀ ਨਿਰਧਾਰਨ ਕਮੇਟੀ ਕੇਂਦਰੀ ਸੰਸਦੀ ਬੋਰਡ ਤੇ ਕੇਂਦਰੀ ਚੋਣ ਕਮੇਟੀ ’ਚ ਪੰਜਾਬ ਦੇ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਾਮਲ ਕਰਨਾ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਕਬਾਲ ਸਿੰਘ ਮੌਜੂਦਾ ਸਮੇਂ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਹਨ। ਸਿੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਸੰਦੀਦਾ ਵੀ ਮੰਨੇ ਜਾਂਦੇ ਹਨ। ਇਹੀ ਕਾਰਨ ਹੈ ਕਿ ਪਿਛਲੇ 2 ਸਾਲਾਂ ’ਚ ਉਨ੍ਹਾਂ ਨੂੰ ਤੇਜ਼ੀ ਨਾਲ ਇਸ ਮੁਕਾਮ ਤੱਕ ਪਹੁੰਚਾਇਆ ਗਿਆ ਹੈ। 2012 ’ਚ ਉਹ ਭਾਜਪਾ ਨਾਲ ਜੁੜੇ ਅਤੇ ਪੰਜਾਬ ਭਾਜਪਾ ਦੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕੀਤਾ। 2020 ’ਚ ਉਨ੍ਹਾਂ ਨੂੰ ਕੇਂਦਰ ਦੀ ਸਿਆਸਤ ’ਚ ਲਿਆਂਦਾ ਗਿਆ ਅਤੇ ਅੱਜ ਵੱਡੀ ਟੀਮ ਦੇ ਮੈਂਬਰ ਦੇ ਰੂਪ ’ਚ ਨਿਵਾਜਿਆ ਗਿਆ।

ਸਾਬਕਾ ਆਈ. ਪੀ. ਐੱਸ. ਅਧਿਕਾਰੀ ਲਾਲਪੁਰਾ ਨੇ 1980-81 ਦੇ ਦਹਾਕੇ ’ਚ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਫੜਨ ’ਚ ਅਹਿਮ ਭੂਮਿਕਾ ਨਿਭਾਈ ਸੀ। ਲਾਲਪੁਰਾ ਉਸ ਸਮੇਂ ਇੰਸਪੈਕਟਰ ਅਹੁਦੇ ’ਤੇ ਤਾਇਨਾਤ ਸਨ। ਕਹਿੰਦੇ ਹਨ ਕਿ ਜਦੋਂ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਦੀ ਪੰਜਾਬ ਪੁਲਸ ਨੇ ਕੋਸ਼ਿਸ਼ ਕੀਤੀ ਸੀ ਤਾਂ ਭਿੰਡਰਾਂਵਾਲਾ ਨੇ ਸਪੱਸ਼ਟ ਕਿਹਾ ਸੀ ਕਿ ਉਹ ਕਿਸੇ ਅੰਮ੍ਰਿਤਧਾਰੀ ਪੁਲਸ ਅਧਿਕਾਰੀ ਦੇ ਸਾਹਮਣੇ ਗ੍ਰਿਫਤਾਰੀ ਦੇਣਗੇ। ਉਦੋਂ ਲਾਲਪੁਰਾ ਨੂੰ ਅੱਗੇ ਕੀਤਾ ਗਿਆ ਅਤੇ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਹੋਈ ਸੀ। ਅੱਤਵਾਦ ਦੇ ਦੌਰ ’ਚ ਪੰਜਾਬ ’ਚ ਬੰਦੂਕ ਫੜਨ ਵਾਲੇ ਨੌਜਵਾਨਾਂ ਨੂੰ ਮੁੱਖ ਧਾਰਾ ’ਚ ਲਿਆਉਣ ’ਚ ਵੀ ਲਾਲਪੁਰਾ ਨੇ ਵੱਡੀ ਭੂਮਿਕਾ ਨਿਭਾਈ। ਲਾਲਪੁਰਾ ਨੇ ਆਈ. ਪੀ. ਐੱਸ. ਬਣਨ ਤੱਕ ਦਾ ਸਫ਼ਰ ਐੱਨ. ਜੀ. ਓ. ਰੈਂਕ ਤੋਂ ਸ਼ੁਰੂ ਕੀਤਾ ਸੀ। ਇਸ ਦੇ ਇਲਾਵਾ ਉਹ 1978 ’ਚ ਨਿਰੰਕਾਰੀਆਂ ਨਾਲ ਹੋਏ ਟਕਰਾਅ ’ਚ ਵੀ ਜਾਂਚ ਅਧਿਕਾਰੀ ਰਹੇ ਹਨ।

ਇਕਬਾਲ ਸਿੰਘ ਲਾਲਪੁਰਾ ਨੂੰ ਇਕ ਸਿੱਖ ਵਿਦਵਾਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਉਹ ਹੁਣ ਤੱਕ 14 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਲਾਲਪੁਰਾ ਦਾ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿਵਾ ਕੇ ਰੂਪਨਗਰ ਵਿਧਾਨ ਸਭਾ ਸੀਟ ’ਤੇ ਚੋਣ ਲੜਵਾਈ ਸੀ ਪਰ ਉਹ ਚੋਣ ਹਾਰ ਗਏ। ਬਾਵਜੂਦ ਇਸ ਦੇ ਲਾਲਪੁਰਾ ਨੂੰ ਵਾਪਸ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ। ਹੁਣ ਲਾਲਪੁਰਾ ਕਮਿਸ਼ਨ ਦੇ ਚੇਅਰਮੈਨ ਦੇ ਨਾਲ ਹੀ ਭਾਜਪਾ ਦੀਆਂ ਸਰਵਉੱਚ ਨੀਤੀ ਨਿਰਧਾਰਤ ਕਮੇਟੀਆਂ ਦੇ ਮੈਂਬਰ ਵੀ ਬਣ ਗਏ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਬਾਰੇ ਲਾਲਪੁਰਾ ਦੀ ਰਾਏ ਨੂੰ ਪਾਰਟੀ ਅਹਿਮੀਅਤ ਦੇਵੇਗੀ। ਇਹ ਪਹਿਲਾ ਮੌਕਾ ਹੈ ਜਦੋਂ ਭਾਜਪਾ ਦੀ ਸਭ ਤੋਂ ਵੱਡੀ ਕਮੇਟੀ ’ਚ ਸਿੱਖ ਚਿਹਰੇ ਨੂੰ ਥਾਂ ਦਿੱਤੀ ਗਈ ਹੈ। ਲਾਲਪੁਰਾ ਨੂੰ ਅੱਗੇ ਕਰ ਕੇ ਭਾਜਪਾ ਭਵਿੱਖ ’ਚ ਵੱਡਾ ਦਾਅ ਵੀ ਚੱਲ ਸਕਦੀ ਹੈ।

ਭਾਜਪਾ-ਸ਼੍ਰੋਅਦ ਦੇ ਦੋਬਾਰਾ ਗਠਜੋੜ ਦੀ ਸੰਭਾਵਨਾ

ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਰਮਿਆਨ ਦੋਬਾਰਾ ਗਠਜੋੜ ਹੋ ਸਕਦਾ ਹੈ, ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਜੇਕਰ ਇਕੱਲੇ-ਇਕੱਲੇ ਚੋਣ ਲੜਨ ਉਤਰੇਗੀ ਤਾਂ ਪੰਜਾਬ ’ਚ ਸੱਤਾਧਾਰੀ ਦਲ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ। ਉਂਝ ਵੀ ਪੰਜਾਬ ’ਚ ਅਕਾਲੀ ਦਲ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਿਹਾ ਹੈ। ਪੁਰਾਣੇ ਸਾਥੀ ਵਧੇਰੇ ਕਰਕੇ ਸਾਥ ਛੱਡ ਚੁੱਕੇ ਹਨ। ਕੁਝ ਨੇ ਨਵੀਂ ਪਾਰਟੀ ਬਣਾ ਲਈ ਹੈ ਤਾਂ ਕੁਝ ਦੂਜੀਆਂ ਪਾਰਟੀਆਂ ’ਚ ਸ਼ਾਮਲ ਹੋ ਗਏ ਹਨ। ਜੇਕਰ ਗਠਜੋੜ ਮੁੜ ਤੋਂ ਹੋ ਜਾਂਦਾ ਹੈ ਤਾਂ ਅਕਾਲੀ ਦਲ ਨੂੰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸੰਜੀਵਨੀ ਮਿਲ ਜਾਵੇਗੀ। ਅਕਾਲੀ ਦਲ ਲਈ ਹੁਣ ਸ਼੍ਰੋਮਣੀ ਕਮੇਟੀ (ਐੱਸ. ਜੀ. ਪੀ. ਸੀ.) ਨੂੰ ਬਚਾਉਣਾ ਵੀ ਇਕ ਵੱਡੀ ਚੁਣੌਤੀ ਬਣ ਗਿਆ ਹੈ ਕਿਉਂਕਿ ਐੱਸ. ਜੀ. ਪੀ. ਸੀ. ਹੱਥੋਂ ਗਈ ਤਾਂ ਪਾਰਟੀ ਦਾ ਸਫ਼ਰ ਮੁਸ਼ਕਲ ਭਰਿਆ ਹੋ ਜਾਵੇਗਾ।

ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਚੱਲੇਗੀ ਗੁਰੂ ਕਿਰਪਾ ਟ੍ਰੇਨ

ਪੰਜਾਬ ਸਮੇਤ ਦੇਸ਼ ਭਰ ਦੇ ਲੱਖਾਂ ਸਿੱਖਾਂ ਲਈ ਵੱਡੀ ਖੁਸ਼ਖਬਰੀ ਹੈ। ਰੇਲ ਮੰਤਰਾਲਾ ਸਿੱਖ ਧਰਮ ਦੇ ਪੰਜ ਪ੍ਰਮੁੱਖ ਤਖ਼ਤਾਂ ਤੇ ਹੋਰ ਧਾਰਮਿਕ ਥਾਵਾਂ ਨੂੰ ਕਵਰ ਕਰਨ ਵਾਲੀ ਗੁਰੂ ਕਿਰਪਾ ਟ੍ਰੇਨ ਜਲਦੀ ਹੀ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਰੇਲਵੇ ਪੂਰਾ ਸਰਕਿਟ ਤਿਆਰ ਕਰ ਰਿਹਾ ਹੈ। ਇਸ ਸਬੰਧ ’ਚ ਦਿੱਲੀ, ਅੰਮ੍ਰਿਤਸਰ ਅਤੇ ਨਾਂਦੇੜ ਸਾਹਿਬ ’ਚ ਗੱਲਬਾਤ ਹੋਈ ਹੈ। ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਵੱਖਰੇ ਧਾਰਮਿਕ ਟ੍ਰੇਨ ਸਰਕਿਟ ਲਈ ਹਾਲ ਹੀ ’ਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਮਿਲੇ ਸਨ। ਉਨ੍ਹਾਂ ਨੇ ਇਸ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ ਹੈ।

(ਸੁਨੀਲ ਪਾਂਡੇ)


Harnek Seechewal

Content Editor

Related News