ਬਾਬਰੀ ਮਸਜਿਦ ਨੂੰ ਡੇਗੇ ਜਾਣ ਦਾ ਅੱਖੀਂ ਵੇਖਿਆ ਹਾਲ

01/06/2024 5:08:42 PM

22 ਜਨਵਰੀ, 2024 ਨੂੰ ਅਯੁੱਧਿਆ ’ਚ ਭਗਵਾਨ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਾਲਾਂ ਦੇ ਸੰਘਰਸ਼ ਅਤੇ ਅਦਾਲਤੀ ਮਾਮਲਿਆਂ ਦੇ ਫੈਸਲੇ ਪਿੱਛੋਂ ਸਥਾਪਿਤ ਹੋਣ ਦਾ ਸਮਾਂ ਆ ਗਿਆ ਹੈ। ਇਹ ਪਵਿੱਤਰ ਕਾਰਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਹੱਥੋਂ ਸੰਪੰਨ ਹੋਵੇਗਾ। ਸਵਾਲ ਉੱਠਦਾ ਹੈ ਕਿ ਸਾਲਾਂ ਤੋਂ ਸੰਘਰਸ਼ ਕਰ ਰਹੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਹੇਠ ਕਾਰਸੇਵਕਾਂ ਵੱਲੋਂ ਲਗਾਤਾਰ ਦੇਸ਼ ’ਚ ਵਾਦ-ਵਿਵਾਦ ਵਾਲੇ ਢਾਂਚੇ ਨੂੰ ਲੈ ਕੇ ਜਨ ਜਾਗਰਣ ਮੁਹਿੰਮ ਚਲਾਈ ਗਈ। ਉਸੇ ਦਾ ਨਤੀਜਾ ਸੀ ਕਿ 6 ਦਸੰਬਰ, 1992 ਨੂੰ ਵਾਦ-ਵਿਵਾਦ ਵਾਲੇ ਢਾਂਚੇ ਨੂੰ ਕਾਰਸੇਵਕਾਂ ਵੱਲੋਂ ਢਾਹ ਦਿੱਤਾ ਗਿਆ।

1992 ਦੀ 6 ਦਸੰਬਰ ਢਾਂਚਾ ਡਿੱਗਣ ਦੀ ਤਾਰੀਖ਼ ਦੁਨੀਆ ਨੂੰ ਪਤਾ ਹੈ ਤੇ ਉਦੋਂ ਦੀ ਘਟਨਾ ਦੀ ਰਿਪੋਰਟਿੰਗ ਕਰਨ ਲਈ ਮੈਂ 1 ਦਸੰਬਰ ਨੂੰ ਹੀ ਅਯੁੱਧਿਆ ਪਹੁੰਚ ਗਿਆ ਸੀ। ਮੇਰੇ ਹੱਥ ’ਚ ਡਾਇਰੀ ਸੀ, ਕਲਮ ਸੀ ਅਤੇ ਨਾਲ ਹੀ ਬੈਗ ’ਚ ਕੈਮਰਾ ਸੀ। ਮੈਂ ਸੁਣਿਆ ਸੀ ਕਿ 6 ਦਸੰਬਰ ਨੂੰ ਕਾਰਸੇਵਕ ਆਉਣਗੇ ਅਤੇ ਉਹ ਕਾਰ ਸੇਵਾ ਕਰਨਗੇ। ਕੇਰਲ ਤੋਂ ਕਸ਼ਮੀਰ ਤੱਕ ਕੋਈ ਅਜਿਹਾ ਸੂਬਾ ਨਹੀਂ ਸੀ ਜਿੱਥੋਂ ਕਾਰਸੇਵਕਾਂ ਦਾ ਆਉਣਾ ਨਾ ਹੋ ਰਿਹਾ ਹੋਵੇ। ਉਨ੍ਹਾਂ ਕਾਰਸੇਵਕਾਂ ਦੀ ਚਿੰਤਾ ਲਈ ਕਾਰ ਸੇਵਕਪੁਰਮ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਸਵ. ਅਸ਼ੋਕ ਸਿੰਗਲ, ਸਵ. ਗਿਰੀਰਾਜ ਕਿਸ਼ੋਰ, ਸੰਘ ਦੇ ਸਰਵ ਭਾਰਤੀ ਅਹੁਦੇਦਾਰ ਸਵ. ਮੋਰੋਪੰਤ ਪਿੰਗਲੇ ਵਿਵਸਥਾ ਪੱਖੋਂ ਵੱਖ-ਵੱਖ ਬੈਠਕਾਂ ਕਰ ਰਹੇ ਸਨ। 2 ਦਸੰਬਰ, 1992 ਨੂੰ ਲੋਕਾਂ ਦੇ ਆਉਣ ਦਾ ਸਿਲਸਿਲਾ ਹੋਰ ਵੀ ਵਧ ਗਿਆ।

3 ਦਸੰਬਰ ਦੀ ਗੱਲ ਹੈ, ਰਾਸ਼ਟਰੀ ਸਵੈਮਸੇਵਕ ਸੰਘ ਦੇ ਸਹਿ-ਸਰਕਾਰਿਆਵਾਹ ਸੁਦਰਸ਼ਨ ਜੀ ਉੱਥੇ ਸਾਨੂੰ ਸਭ ਪੱਤਰਕਾਰਾਂ ਨੂੰ ਮਿਲੇ। ਸਵਦੇਸ਼ ਸਮਾਚਾਰ ਪੱਤਰ ਨੂੰ ਸ਼ੁਰੂ ਕਰਨ ’ਚ ਬਤੌਰ ਕੇਂਦਰੀ ਭਾਰਤ ਦੇ ਸੂਬਾਈ ਪ੍ਰਚਾਰਕ ਮਾਸਟਰ ਸੁਦਰਸ਼ਨ ਜੀ ਅਤੇ ਜਨਸੰਘ ਦੇ ਸੰਗਠਨ ਸਕੱਤਰ ਕੁਸ਼ਾਭਾਊ ਠਾਕਰੇ ਦਾ ਵੱਡਾ ਯੋਗਦਾਨ ਸੀ। ਮੈਨੂੰ ਸਵਦੇਸ਼ ਦੀ ਇਹ ਗੱਲ ਪਤਾ ਸੀ। ਮੈਂ ਤੁਰੰਤ ਸੁਦਰਸ਼ਨ ਜੀ ਕੋਲ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਸਵਦੇਸ਼ ਅਖਬਾਰ ਤੋਂ ਆਇਆ ਹਾਂ। ਮੇਰਾ ਨਾਂ ਪ੍ਰਭਾਤ ਝਾਅ ਹੈ।

ਅਸੀਂ ਪੱਤਰਕਾਰਾਂ ਨੇ 3 ਦਸੰਬਰ ਦੀ ਰਾਤ ਤੋਂ ਹੀ ਇਹ ਅਨੁਮਾਨ ਲਾਉਣਾ ਸ਼ੁਰੂ ਕਰ ਦਿੱਤਾ ਸੀ ਕਿ 6 ਦਸੰਬਰ ਤੱਕ ਇੱਥੇ 3-4 ਲੱਖ ਕਾਰਸੇਵਕਾਂ ਦੀ ਗਿਣਤੀ ਹੋ ਜਾਵੇਗੀ। 4 ਦਸੰਬਰ ਨੂੰ ਅਯੁੱਧਿਆ ਦੀ ਕੌਮੀ ਸੜਕ ’ਤੇ ਜਦੋਂ ਅਸੀਂ ਨਜ਼ਰ ਮਾਰੀ ਤਾਂ ਕਾਰਸੇਵਕਾਂ ਤੋਂ ਇਲਾਵਾ ਉੱਥੇ ਹੋਰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਇਕ ਪਾਸੇ ਜਿੱਥੇ ਪੂਰੇ ਦੇਸ਼ ਤੋਂ ਕਾਰਸੇਵਕ ਆ ਰਹੇ ਸਨ, ਉੱਥੇ ਸਭ ਤੋਂ ਵੱਧ ਕਾਰਸੇਵਕ ਉੱਤਰ ਪ੍ਰਦੇਸ਼ ਤੋਂ ਆ ਰਹੇ ਸਨ। ਕੌਮੀ ਸੜਕ ਰੁਕ ਜਿਹੀ ਗਈ ਸੀ। ਹਜ਼ਾਰਾਂ ਮੋਟਰ ਗੱਡੀਆਂ ਦੇ ਪਹੀਏ ਵੀ ਰੁਕ ਗਏ ਸਨ। ਗਲੇ ’ਚ ਭਗਵਾ ਪੱਟੀ ਅਤੇ ਮੱਥੇ ’ਤੇ ਭਗਵਾ ਸਾਫਾ ਬੰਨ੍ਹੀ ਹਜ਼ਾਰਾਂ ਲੋਕ ਕਤਾਰਬੱਧ ਨਜ਼ਰ ਆ ਰਹੇ ਸਨ। ਉਹ ਨਾਅਰੇ ਲਾ ਰਹੇ ਸਨ, ‘ਰਾਮਲੱਲਾ ਹਮ ਆਏਂਗੇ, ਮੰਦਰ ਵਹੀਂ ਬਨਾਏਂਗੇ’, ਉਹ ਕਹਿ ਰਹੇ ਸਨ ‘ਜੋ ਰਾਮ ਰਾਮ ਕਾ ਨਹੀਂ, ਵਹ ਕਿਸੀ ਕਾਮ ਕਾ ਨਹੀਂ’। 

ਹਨੂੰਮਾਨਗੜ੍ਹੀ, ਕਣਕ ਭਵਨ, ਵਾਲਮੀਕਿ ਮੰਦਰ ਅਤੇ ਛੋਟੀ ਛਾਉਣੀ ਤੋਂ ਲੈ ਕੇ ਸੈਂਕੜੇ ਮੰਦਰਾਂ ’ਚ ਭਗਤਾਂ ਦੀ ਭੀੜ ਪਹੁੰਚੀ ਹੋਈ ਸੀ। ਲਖਨਊ, ਫੈਜ਼ਾਬਾਦ ਅਤੇ ਅਯੁੱਧਿਆ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਸ ਦੀਆਂ ਮੋਟਰ ਗੱਡੀਆਂ ਅਯੁੱਧਿਆ ਵੱਲ ਆ ਰਹੀਆਂ ਸਨ। ਪੂਰੀ ਅਯੁੱਧਿਆ ਪੁਲਸ ਛਾਉਣੀ ’ਚ ਤਬਦੀਲ ਹੋ ਚੁੱਕੀ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਮਭੂਮੀ ਟਰੱਸਟ ਰਾਹੀਂ ਸਟੇਜ ਵੀ ਬਣਨ ਲੱਗੀ ਸੀ। 4 ਦਸੰਬਰ ਦੀ ਰਾਤ ਨੂੰ ਅਸੀਂ ਸੁੱਤੇ ਨਹੀਂ। ਅਸੀਂ ਕਾਰਸੇਵਕਾਂ ਦਾ ਉਤਸ਼ਾਹ ਆਪਣੀਆਂ ਅੱਖਾਂ ਨਾਲ ਦੇਖ ਰਹੇ ਸੀ। ਸੂਰਜ ਦੇਵਤਾ ਡੁੱਬ ਰਹੇ ਸਨ ਪਰ ਨਾਲ ਹੀ ਉਹ ਇਕ ਨਵੇਂ ਸੂਰਜ ਦੇ ਚੜ੍ਹਨ ਦਾ ਸੰਦੇਸ਼ ਵੀ ਦੇ ਰਹੇ ਸਨ। ਨਾ ਡਰ ਦਾ ਤੇ ਨਾ ਹੀ ਕਿਸੇ ਖੌਫ ਦਾ ਕੋਈ ਮਾਹੌਲ ਸੀ। ਰਾਮ ਦੀ ਭਗਤੀ ਅਯੁੱਧਿਆ ਦੀ ਧਰਤੀ ’ਤੇ ਨਵੇਂ-ਨਵੇਂ ਇਤਿਹਾਸ ਰਚ ਰਹੀ ਸੀ।

5 ਦਸੰਬਰ ਨੂੰ ਦੁਪਹਿਰ ਵੇਲੇ ਰਾਮਲੱਲਾ ਕੰਪਲੈਕਸ ’ਚ ਸਟੇਜ ਬਣ ਕੇ ਤਿਆਰ ਹੋ ਗਈ। ਵਾਦ-ਵਿਵਾਦ ਵਾਲੇ ਢਾਂਚੇ ਦੇ ਚਾਰੇ ਪਾਸੇ ਪੁਲਸ ਹੀ ਪੁਲਸ ਨਜ਼ਰ ਆ ਰਹੀ ਸੀ। ਅਸੀਂ ਕੁਝ ਪੱਤਰਕਾਰਾਂ ਨੇ ਰਾਤ ਵੇਲੇ ਉਦੋਂ ਦੇ ਜ਼ਿਲਾ ਅਧਿਕਾਰੀ ਅਤੇ ਪੁਲਸ ਮੁਖੀ ਨਾਲ ਗੱਲਬਾਤ ਕੀਤੀ। ਅਸੀਂ ਉਨ੍ਹਾਂ ਕੋਲੋਂ ਪੁੱਛਿਆ ਕਿ ਇਸ ਬੇਕਾਬੂ ਭੀੜ ਨੂੰ ਤੁਸੀਂ ਕਿਵੇਂ ਸੰਭਾਲੋਗੇ? ਅਧਿਕਾਰੀਆਂ ਨੇ ਜਵਾਬ ਦਿੱਤਾ ਕਿ ਅਸੀਂ ਮੁੱਖ ਮੰਤਰੀ ਕਲਿਆਣ ਸਿੰਘ ਜੀ ਨੂੰ ਅਯੁੱਧਿਆ ਅਤੇ ਉਸ ਦੇ ਆਲੇ-ਦੁਆਲੇ ਦੀਆਂ ਘਟਨਾਵਾਂ ਤੇ ਸਬੰਧਤ ਜਾਣਕਾਰੀਆਂ ਤੋਂ ਜਾਣੂ ਕਰਵਾ ਦਿੱਤਾ ਹੈ।

ਇਸ ਦੌਰਾਨ ਸਾਨੂੰ ਸਾਰਿਆਂ ਨੂੰ ਸੂਚਨਾ ਮਿਲੀ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅਸ਼ੋਕ ਸਿੰਗਲ, ਸੀਨੀਅਰ ਆਗੂ ਗਿਰੀਰਾਜ ਕਿਸ਼ੋਰ ਅਤੇ ਭਾਜਪਾ ਦੇ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ, ਸੀਨੀਅਰ ਭਾਜਪਾ ਨੇਤਾ ਡਾ. ਮੁਰਲੀ ਮਨੋਹਰ ਜੋਸ਼ੀ, ਸਾਧਵੀ ਉਮਾ ਭਾਰਤੀ, ਬਜਰੰਗ ਦਲ ਦੇ ਜੈਭਾਨ ਸਿੰਘ ਪਵੱਈਆ, ਵਿਨੈ ਕਟਿਆਰ, ਸਾਧਵੀ ਰਿਤੰਬਰਾ ਅਤੇ ਆਚਾਰੀਆ ਧਰਮਿੰਦਰ ਵਰਗੇ ਚੋਟੀ ਦੇ ਆਗੂਆਂ ਦੀ 6 ਦਸੰਬਰ ਨੂੰ ਰਾਮਲੱਲਾ ਕੰਪਲੈਕਸ ’ਚ ਸਭਾ ਹੋਵੇਗੀ।

6 ਦਸੰਬਰ ਨੂੰ ਸੂਰਜ ਚੜ੍ਹਨ ਸਮੇਂ ਸਾਨੂੰ ਨਹੀਂ ਲੱਗ ਰਿਹਾ ਸੀ ਕਿ ਅੱਜ ਕੋਈ ਇਤਿਹਾਸ ਰਚਿਆ ਜਾਵੇਗਾ। ਸਾਨੂੰ ਸਭ ਨੂੰ ਇਹੀ ਲੱਗ ਰਿਹਾ ਸੀ ਕਿ ਸਭ ਆਗੂਆਂ ਦੇ ਭਾਸ਼ਣ ਹੋਣਗੇ ਅਤੇ ਰਾਮਸ਼ਿਲਾ ਦੀ ਪੂਜਾ ਹੋਵੇਗੀ ਪਰ 6 ਦਸੰਬਰ ਨੂੰ ਸੂਰਜ ਦੇ ਚੜ੍ਹਨ ਦੇ ਗਰਭ ’ਚ ਸੱਚਮੁੱਚ ਇਤਿਹਾਸ ਲੁਕਿਆ ਹੋਇਆ ਸੀ। ਇਸ ਦੀ ਜਾਣਕਾਰੀ ਦੁਪਹਿਰ 11-12 ਵਜੇ ਦਰਮਿਆਨ ਦੁਨੀਆ ਨੂੰ ਪਤਾ ਲੱਗ ਗਈ। ਸਵੇਰੇ 10 ਵੱਜਦਿਆਂ ਹੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅਤੇ ਰਾਮ ਜਨਮਭੂਮੀ ਅੰਦੋਲਨ ਦੀ ਪ੍ਰੇਰਣਾ ਦਾ ਸੋਮਾ ਅਸ਼ੋਕ ਸਿੰਗਲ ਸਟੇਜ ’ਤੇ ਮੌਜੂਦ ਕਾਰਸੇਵਕਾ ਨੂੰ ਕਹਿਣ ਲੱਗੇ ਕਿ ਕੋਈ ਵੀ ਬੈਰੀਕੇਡ ਪਾਰ ਨਾ ਕਰੇ। ਅਸੀਂ ਭਗਵਾ ਬ੍ਰਿਗੇਡ ਨੂੰ ਕਾਰਸੇਵਕਾਂ ਦੀ ਸੁਰੱਖਿਆ ਲਈ ਲਾਇਆ ਹੈ।

ਇਸ ਦੌਰਾਨ ਸਟੇਜ ’ਤੇ ਅਡਵਾਨੀ, ਡਾ. ਜੋਸ਼ੀ, ਸਾਧਵੀ ਉਮਾ ਭਰਤੀ, ਸਾਧਵੀ ਰਿਤੰਬਰਾ ਤੇ ਆਚਾਰੀਆ ਧਰਮਿੰਦਰ ਆਉਂਦੇ ਹਨ। ਅਸੀਂ ਭੀੜ ’ਚ ਸੁਦਰਸ਼ਨ ਜੀ ਕੋਲ ਖੜ੍ਹੇ ਸੀ। ਬੀ. ਬੀ. ਸੀ. ਦੇ ਦੱਖਣੀ ਏਸ਼ੀਆ ਦੇ ਪੱਤਰਕਾਰ ਮਾਰਕ ਟੁਲੀ ਸੁਦਰਸ਼ਨ ਜੀ ਨਾਲ ਅੰਗ੍ਰੇਜ਼ੀ ’ਚ ਕੋਈ ਚਰਚਾ ਕਰ ਰਹੇ ਸਨ। ਉਨ੍ਹਾਂ ਪੁੱਛਿਆ ਕਿ ਹਿੰਦੂਤਵ ਦਾ ਮਤਲਬ ਕੀ ਹੁੰਦਾ ਹੈ। ਮਾਰਕ ਟੁਲੀ ਜਾਣਨਾ ਚਾਹੁੰਦੇ ਸਨ ਕਿ ਅੱਗੇ ਕੀ ਹੋਣ ਵਾਲਾ ਹੈ। ਸੁਦਰਸ਼ਨ ਜੀ ਨੇ ਮਾਰਕ ਟੁਲੀ ਨੂੰ ਕਿਹਾ, ‘‘ਹਿੰਦੂਤਵ ਇਜ਼ ਏ ਸੋਲ ਆਫ ਇੰਡੀਆ। ਨਾਓ ਯੂ ਸੀ ਦਿਸ ਵੈਬ ਆਫ ਹਿੰਦੂਤਵ ਇਨ ਅਯੁੱਧਿਆ।’’

ਇਸ ਦੌਰਾਨ ਸੁਦਰਸ਼ਨ ਜੀ ਸਾਡੇ ਪੱਤਰਕਾਰਾਂ ਦੇ ਦਰਮਿਆਨ ’ਚੋਂ ਕਿਤੇ ਨਿਕਲ ਗਏ। ਜਿਵੇਂ ਘੜੀ ’ਚ ਦਿਨ ਦੇ 11 ਵੱਜੇ, ਹਜ਼ਾਰਾਂ ਕਾਰਸੇਵਕ ਅਚਾਨਕ ਹੀ ਵਾਦ-ਵਿਵਾਦ ਵਾਲੇ ਢਾਂਚੇ ਵੱਲ ਦੌੜੇ। ਅਸ਼ੋਕ ਸਿੰਗਲ ਮਾਈਕ ਤੋਂ ਬੇਨਤੀ ਕਰਦੇ ਰਹੇ ਪਰ ਰਾਮ ਭਗਤਾਂ ਦੇ ਮਨ ’ਚ ਅੱਗ ਵਾਂਗ ਧੁੱਖਦਾ ਰਾਮ ਜਵਾਰ ਵਾਦ-ਵਿਵਾਦ ਦੇ ਢਾਂਚੇ ’ਤੇ ਟੁੱਟ ਪਿਆ ਅਤੇ ਵੇਖਦਿਆਂ ਹੀ ਵੇਖਦਿਆਂ ਕੁਝ ਲੋਕ ਢਾਂਚੇ ਦੇ ਗੁੰਬਦਾਂ ’ਤੇ ਚੜ੍ਹ ਗਏ। ਉਨ੍ਹਾਂ ਉੱਥੇ ਭਗਵਾ ਝੰਡਾ ਲਹਿਰਾ ਦਿੱਤਾ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲੱਗੇ। ਕੰਡਿਆਲੀ ਵਾੜ ਕਾਰਨ ਲਹੂ-ਲੁਹਾਨ ਲੋਕ ਵਾਦ-ਵਿਵਾਦ ਵਾਲੇ ਢਾਂਚੇ ਨੂੰ ਢਹਿ-ਢੇਰੀ ਕਰਨ ’ਤੇ ਉਤਾਰੂ ਹੋ ਗਏ।

ਰੋਕਣ ਵਾਲੇ ਕਾਰਸੇਵਕਾਂ ਨੂੰ ਰੋਕਦੇ ਰਹੇ ਪਰ ਕਾਰਸੇਵਕ ਵਾਦ-ਵਿਵਾਦ ਵਾਲੇ ਢਾਂਚੇ ਨੂੰ ਤੋੜਦੇ ਰਹੇ। 11.25 ਵਜੇ ਪਹਿਲਾ ਗੁੰਬਦ ਢਹਿਣ ਲੱਗਾ। ਉਹ ਕਿਹੜੀ ਅਜਿਹੀ ਅਦ੍ਰਿਸ਼ ਸ਼ਕਤੀ ਸੀ, ਉਹ ਕਿਹੜੀ ਅਦ੍ਰਿਸ਼ ਹਿੰਮਤ ਸੀ ਜੋ ਵਾਦ-ਵਿਵਾਦ ਵਾਲੇ ਢਾਂਚੇ ਨੂੰ ਤੋੜ ਰਹੀ ਸੀ। ਇਸ ਨੂੰ ਕੋਈ ਵੀ ਵੇਖ ਨਹੀਂ ਸਕਦਾ ਸੀ। ਮੇਰੇ ਅੰਦਰ ਪੱਤਰਕਾਰਿਤਾ ਧਰਮ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਜਾਗੀ ਹੋਈ ਸੀ। ਹਿੰਮਤ ਟੁੱਟੀ ਨਹੀਂ, ਕਲਮ ਰੁਕੀ ਨਹੀਂ। ਅਸੀਂ ਰਾਤ 2 ਵਜੇ ਸਵਦੇਸ਼ ਦੇ ਦਫਤਰ ’ਚ ਪਹੁੰਚ ਕੇ ਅੱਖੀਂ ਵੇਖਿਆ ਹਾਲ ਲਿਖਿਆ, ਤਸਵੀਰਾਂ ਲਾਈਆਂ ਅਤੇ ਸਵੇਰੇ ਪਾਠਕਾਂ ਨੂੰ ਦੇਣ ਲਈ ਸਭ ਕੁਝ ਤਿਆਰ ਕਰ ਲਿਆ।

22 ਜਨਵਰੀ ਨੂੰ ਭਗਵਾਨ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਦੀ ਰਸਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਿਭਾਈ ਜਾ ਰਹੀ ਹੈ। ਇਸ ਲਈ 6 ਦਸੰਬਰ, 1992 ਨੂੰ ਅਯੁੱਧਿਆ ਦੀਆਂ ਅੱਖੀਂ ਵੇਖੀਆਂ ਘਟਨਾਵਾਂ ਮੁੜ ਤਾਜ਼ਾ ਹੋ ਗਈਆਂ ਹਨ। ਉਸ ਦੌਰਾਨ ਇਹ ਰਾਮ ਜਨਮਭੂਮੀ ਅੰਦੋਲਨ ਦੀਆਂ ਆਤਮਾਵਾਂ ਪ੍ਰਤੀ ਇਕ ਪੱਤਰਕਾਰ ਦੀ ਸ਼ਰਧਾਂਜਲੀ ਹੀ ਕਹੀ ਜਾ ਸਕਦੀ ਹੈ।

ਪ੍ਰਭਾਤ ਝਾਅ


Tanu

Content Editor

Related News