ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸੀਤ ਲਹਿਰ ਦਾ ''ਅਲਰਟ'', ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

Monday, Dec 16, 2024 - 05:46 PM (IST)

ਜਲੰਧਰ (ਪੁਨੀਤ)-ਸਰਦੀ ਆਪਣਾ ਰੰਗ ਵਿਖਾਉਣ ਲੱਗੀ ਹੈ ਅਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਦੁਪਹਿਰ ਵੇਲੇ ਵੀ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਪਹਾੜਾਂ ਵਿਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅਗਲੇ 2-3 ਦਿਨਾਂ ਤੱਕ ਧੁੰਦ ਦਾ ਕਹਿਰ ਵਧੇਗਾ, ਜਿਸ ਕਾਰਨ ਦੁਪਹਿਰ ਦੇ ਸਮੇਂ ਠੰਡ ਵਿਚ ਵਾਧਾ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਹਫ਼ਤੇ ਸ਼ਹਿਰਾਂ ’ਤੇ ਵੀ ਧੁੰਦ ਦਾ ਪ੍ਰਭਾਵ ਵਧੇਗਾ ਅਤੇ ਜਨ-ਜੀਵਨ ਪ੍ਰਭਾਵਿਤ ਹੋਵੇਗਾ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ’ਚ ਬੱਦਲਾਂ ਅਤੇ ਸੂਰਜ ਵਿਚ ਲੁਕਣਮੀਟੀ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਸ਼ਾਮ ਤੋਂ ਪਹਿਲਾਂ ਹੀ ਠੰਡ ਦਾ ਅਸਰ ਵੇਖਣ ਨੂੰ ਮਿਲਿਆ ਕਰੇਗਾ।

ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਚਲਾਉਂਦੇ ਹੋ ਗੀਜ਼ਰ ਤਾਂ ਵਰਤੋਂ ਸਾਵਧਾਨੀ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਬਾਹਰੀ ਇਲਾਕਿਆਂ ਵਿਚ ਧੁੰਦ ਪੈਣ ਕਾਰਨ ਵਿਜ਼ੀਬਿਲਟੀ ਵਿਚ ਭਾਰੀ ਕਮੀ ਆਈ ਅਤੇ ਤੜਕੇ ਵੇਲੇ ਜੀ. ਟੀ. ਰੋਡ ’ਤੇ ਧੁੰਦ ਦਾ ਕਾਫ਼ੀ ਅਸਰ ਵੇਖਣ ਨੂੰ ਮਿਲਿਆ, ਜਿਸ ਦੇ ਨਤੀਜੇ ਵਜੋਂ ਆਵਾਜਾਈ ਪ੍ਰਭਾਵਿਤ ਹੋਈ। ਆਉਣ ਵਾਲੇ ਦਿਨਾਂ ’ਚ ਧੁੰਦ ਵਧੇਗੀ ਅਤੇ ਵਿਜ਼ੀਬਿਲਟੀ ਘਟੇਗੀ, ਜਿਸ ਕਾਰਨ ਠੰਡ ਦਾ ਜ਼ੋਰ ਹੋਰ ਵੀ ਵਧਦਾ ਨਜ਼ਰ ਆਵੇਗਾ। ਉਥੇ ਹੀ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਵਿਚ ਯੈਲੋ ਅਲਰਟ ਐਲਾਨਿਆ ਗਿਆ ਹੈ, ਜਿਨ੍ਹਾਂ ਵਿਚ ਜਲੰਧਰ ਵੀ ਸ਼ਾਮਲ ਹੈ। ਵਿਭਾਗ ਅਨੁਸਾਰ 19-20 ਦਸੰਬਰ ਤੱਕ ਸੀਤ ਲਹਿਰ ਅਤੇ ਧੁੰਦ ਦਾ ਕਹਿਰ ਜ਼ੋਰ ਰਹਿਣ ਵਾਲਾ ਹੈ।

ਐਤਵਾਰ ਨੂੰ ਜਲੰਧਰ ’ਚ ਘੱਟੋ-ਘੱਟ ਤਾਪਮਾਨ 4 ਡਿਗਰੀ ਤਕ ਪਹੁੰਚ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ 4 ਗੁਣਾ ਤੋਂ ਵੱਧ ਦਾ ਅੰਤਰ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਦਿਨ ਅਤੇ ਰਾਤ ਦੇ ਤਾਪਮਾਨ ਵਿਚ 18 ਡਿਗਰੀ ਤੱਕ ਦਾ ਅੰਤਰ ਵੇਖਣ ਨੂੰ ਮਿਲ ਰਿਹਾ ਹੈ, ਜੋਕਿ ਆਮ ਤੌਰ ’ਤੇ ਦਸੰਬਰ ਦੇ ਆਖਿਰ ਵਿਚ ਵੇਖਣ ਨੂੰ ਮਿਲਦਾ ਹੈ। ਬੀਤੇ ਦਿਨ ਦੇ ਮੁਕਾਬਲੇ ਘੱਟੋ-ਘੱਟ ਤਾਪਮਾਨ ਵਿਚ 1-2 ਡਿਗਰੀ ਦੀ ਗਿਰਾਵਟ ਦਰਜ ਹੋਈ, ਜਿਸ ਕਾਰਨ ਠੰਡ ਵਿਚ ਵਾਧਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ

ਇਸ ਦੇ ਨਾਲ ਹੀ ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦੀ ਨੇ ਦੇਰੀ ਨਾਲ ਦਸਤਕ ਦਿੱਤੀ ਹੈ ਪਰ 16 ਦਸੰਬਰ ਤੋਂ ਬਾਅਦ ਮੌਸਮ ਵਿਚ ਇਕਦਮ ਬਦਲਾਅ ਦੇਖਣ ਨੂੰ ਮਿਲੇਗਾ। ਇਸੇ ਸਿਲਸਿਲੇ ਵਿਚ ਹਿਮਾਚਲ ਦੇ ਉਪਰਲੇ ਇਲਾਕਿਆਂ ਵਿਚ ਹੋਈ ਬਰਫ਼ਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ 3.3 ਡਿਗਰੀ ਤੱਕ ਪਹੁੰਚ ਗਿਆ ਹੈ, ਜਦਕਿ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ’ਚ 3.9 ਡਿਗਰੀ ਤਕ ਤਾਪਮਾਨ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 2 ਡਿਗਰੀ ਤਕ ਘੱਟ ਮੰਨਿਆ ਜਾ ਰਿਹਾ ਹੈ।

 ਚੱਲੀਆਂ ਠੰਡੀਆਂ ਹਵਾਵਾਂ
ਸਰਦੀ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਐਤਵਾਰ ਪਹਿਲਾ ਦਿਨ ਸੀ, ਜਦੋਂ ਇੰਨੀਆਂ ਠੰਡੀਆਂ ਹਵਾਵਾਂ ਚੱਲੀਆਂ ਹੋਣ। ਹਵਾ ਦੀ ਰਫ਼ਤਾਰ 6 ਕਿਲੋਮੀਟਰ ਤੋਂ ਘੱਟ ਰਹੀ ਪਰ ਸੀਤ ਲਹਿਰ ਹੋਣ ਕਾਰਨ ਇਸ ਦਾ ਪ੍ਰਭਾਵ ਜ਼ਿਆਦਾ ਰਿਹਾ। ਮੌਸਮ ਵਿਚ ਅਗਲੇ ਕੁਝ ਦਿਨਾਂ ਵਿਚ ਠੰਢਕ ਵਧੇਗੀ ਅਤੇ ਖਾਸ ਤੌਰ ’ਤੇ ਦੁਪਹਿਰ ਸਮੇਂ ਇਸ ਦਾ ਅਸਰ ਰਹੇਗਾ।

ਇਹ ਵੀ ਪੜ੍ਹੋ- ਖਨੌਰੀ ਬਾਰਡਰ 'ਤੇ ਪਹੁੰਚ ਰਾਜਾ ਵੜਿੰਗ ਨੇ ਡੱਲੇਵਾਲ ਦਾ ਜਾਣਿਆ ਹਾਲ, ਦਿੱਤਾ ਵੱਡਾ ਬਿਆਨ

ਬੱਦਲਵਾਈ ਕਾਰਨ ਬੂੰਦਾਬਾਂਦੀ ਦੇ ਬਣ ਰਹੇ ਆਸਾਰ
ਜਲੰਧਰ ਸਮੇਤ ਗੁਆਂਢੀ ਜ਼ਿਲ੍ਹਿਆਂ ਵਿਚ ਬੱਦਲਵਾਈ ਕਾਰਨ ਬੂੰਦਾਬਾਂਦੀ ਦੇ ਆਸਾਰ ਬਣ ਰਹੇ ਹਨ। ਮੌਸਮ ਦੇ ਮਾਹਿਰਾਂ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਆਸਮਾਨ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਜੇਕਰ ਮੀਂਹ ਨਹੀਂ ਵੀ ਪੈਂਦਾ ਤਾਂ ਵੀ ਬੱਦਲਾਂ ਅਤੇ ਸੂਰਜ ਵਿਚਾਲੇ ਲੁਕਣਮੀਟੀ ਵੇਖਣ ਨੂੰ ਮਿਲੇਗੀ।

ਇਹ ਵੀ ਪੜ੍ਹੋ- Alert! ਕਿਤੇ ਤੁਹਾਨੂੰ ਵੀ ਤਾਂ ਨਹੀਂ ਆਉਂਦੇ ਇਨ੍ਹਾਂ ਨੰਬਰਾਂ ਤੋਂ ਫੋਨ, ਸਿਰਫ਼ 3 ਸੈਕਿੰਡ 'ਚ ਹੋ ਸਕਦੈ...
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News