‘ਅਟਲ ਮਹਾਇਜਲਾਸ’ ਲਈ ਭਾਜਪਾ ਨੂੰ ਅਜੇ ਤਕ ਪਰੇਡ ਗਰਾਊਂਡ ਦੀ ਇਜਾਜ਼ਤ ਕਿਉਂ ਨਹੀਂ ਮਿਲੀ

Sunday, Oct 14, 2018 - 06:40 AM (IST)

ਤੇਲੰਗਾਨਾ ’ਤੇ ਭਗਵਾ ਪਾਰਟੀ ਦੀ ਨਜ਼ਰ ਹੈ ਅਤੇ ਭਾਜਪਾ ਨੂੰ ਭਰੋਸਾ ਹੈ ਕਿ ਇਸ ਵਾਰ ਤੇਲੰਗਾਨਾ ’ਚ ਪਾਰਟੀ ਦੀ ਕਾਰਗੁਜ਼ਾਰੀ ਇੰਨੀ ਚਮਕਦਾਰ ਹੋਵੇਗੀ ਕਿ ਉਸ ਨੂੰ ਨਾਲ ਲਏ ਬਿਨਾਂ ਸੂਬੇ ’ਚ ਕੋਈ ਵੀ ਪਾਰਟੀ ਸਰਕਾਰ ਨਹੀਂ ਬਣਾ ਸਕੇਗੀ। ਪਾਰਟੀ ਦੇ ਸੂਤਰਧਾਰਾਂ ਨੇ ਤੈਅ ਕੀਤਾ ਹੈ ਕਿ ਭਾਜਪਾ ਦਾ ਅਗਲਾ ਮਹਾਇਜਲਾਸ ਤੇਲੰਗਾਨਾ ਦੇ ਸਿਕੰਦਰਾਬਾਦ ’ਚ ਆਯੋਜਿਤ ਕੀਤਾ ਜਾਵੇ ਤਾਂ ਜੋ ਭਗਵਾ ਕੇਡਰ ’ਚ ਨਵੀਂ ਰੂਹ ਫੂਕੀ ਜਾ ਸਕੇ। 
ਅਗਲਾ ਮਹਾਇਜਲਾਸ, ਜਿਸ ਨੂੰ ‘ਅਟਲ ਮਹਾਇਜਲਾਸ’ ਦਾ ਨਾਂ ਦਿੱਤਾ ਗਿਆ ਹੈ, ਸਿਕੰਦਰਾਬਾਦ ਦੀ ਪਰੇਡ ਗਰਾਊਂਡ ’ਚ ਹੋਵੇਗਾ। ਤਿੰਨ ਦਿਨ ਚੱਲਣ ਵਾਲੇ ਇਸ ਮਹਾਇਜਲਾਸ ’ਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਲੱਗਭਗ 50,000 ਬਲਾਕ ਪੱਧਰ ਦੇ ਵਰਕਰ ਜੁੜਨਗੇ। ਇਸ ‘ਅਟਲ ਮਹਾਇਜਲਾਸ’ ਲਈ 26, 27 ਅਤੇ 28 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ। 
ਤੈਅਸ਼ੁਦਾ ਪ੍ਰੋਗਰਾਮਾਂ ਮੁਤਾਬਿਕ 12 ਅਕਤੂਬਰ ਨੂੰ ਪਰੇਡ ਗਰਾਊਂਡ ’ਚ ਭੂਮੀ-ਪੂਜਨ ਹੋਣਾ ਸੀ ਤਾਂ ਕਿ ਮਹਾਇਜਲਾਸ ਦੀਅਾਂ ਤਿਆਰੀਅਾਂ ਨੂੰ ਰਫਤਾਰ ਦਿੱਤੀ ਜਾ ਸਕੇ ਪਰ ਅਜੇ ਤਕ ਰੱਖਿਆ ਮੰਤਰਾਲੇ ਵਲੋਂ ਪਰੇਡ ਗਰਾਊਂਡ ਲਈ ਕਲੀਅਰੈਂਸ ਹੀ ਨਹੀਂ ਆਈ ਹੈ। ਪਰੇਡ ਗਰਾਊਂਡ ਕਿਉਂਕਿ ਕੈਂਟ ਏਰੀਏ ’ਚ ਆਉਂਦੀ ਹੈ, ਇਸ ਲਈ ਆਰਮੀ ਦੀ ਇਜਾਜ਼ਤ ਲੈਣੀ ਹੀ ਪੈਂਦੀ ਹੈ। 
ਇਜਾਜ਼ਤ ਲੈਣ ਦਾ ਜ਼ਿੰਮਾ ਪਾਰਟੀ ਨੇ ਮੁਰਲੀਧਰ ਰਾਓ ਅਤੇ ਯੁਵਾ ਮੋਰਚਾ ਦੀ ਪੂਨਮ ਮਹਾਜਨ ’ਤੇ ਛੱਡਿਆ ਹੋਇਆ ਹੈ। ਇਹ ਦੋਵੇਂ ਨੇਤਾ ਪਿਛਲੇ  ਕਾਫੀ ਸਮੇਂ ਤੋਂ ਸਾਊਥ ਬਲਾਕ ਦੇ ਗੇੜੇ ਲਾ ਰਹੇ ਹਨ, ਦੋ-ਤਿੰਨ ਵਾਰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਵੀ ਮਿਲ ਚੁੱਕੇ ਹਨ ਪਰ ਕੇਂਦਰੀ ਰੱਖਿਆ ਮੰਤਰੀ ਦੇ ਕਈ ਵਾਰ ਦਿੱਤੇ ਗਏ ਭਰੋਸਿਅਾਂ ਦੇ ਬਾਵਜੂਦ ਅਜੇ ਤਕ ਪਰੇਡ ਗਰਾਊਂਡ ਲਈ ਇਜਾਜ਼ਤ (ਕਲੀਅਰੈਂਸ) ਨਹੀਂ ਮਿਲ ਸਕੀ ਹੈ। 
ਅਸਲ ’ਚ ਆਰਮੀ ਜਾਣਨਾ ਚਾਹੁੰਦੀ ਹੈ ਕਿ ਜੇ ਭਾਜਪਾ ਦਾ ਇਜਲਾਸ 26, 27 ਅਤੇ 28 ਅਕਤੂਬਰ ਨੂੰ ਹੈ ਤਾਂ ਇਸ ਨੂੰ ਪਰੇਡ ਗਰਾਊਂਡ 15 ਦਿਨ ਪਹਿਲਾਂ ਕਿਉਂ ਚਾਹੀਦੀ ਹੈ? ਭਗਵਾ ਆਯੋਜਕ ਦੱਸਣਾ ਚਾਹੁੰਦੇ ਹਨ ਕਿ ਮੈਦਾਨ ’ਚ ਸਵਿਸ ਟੈਂਟ ਲੱਗਣੇ ਹਨ, ਸਟੇਜਾਂ ਬਣਾਉਣੀਅਾਂ ਹਨ, ਬਿਜਲੀ-ਪਾਣੀ ਦਾ ਪ੍ਰਬੰਧ ਕਰਨਾ ਹੈ। ਆਯੋਜਕ ‘ਓਯੋ ਰੂਮ’ ਨਾਲ ਵੀ ਗੱਲ  ਕਰ ਰਹੇ ਹਨ ਅਤੇ 12,000 ਕਮਰੇ ਮੰਗ ਰਹੇ ਹਨ ਪਰ ਅਜੇ ਤਕ ਸਿਰਫ ਢਾਈ ਹਜ਼ਾਰ ਕਮਰਿਅਾਂ ਦਾ ਹੀ ਭਰਸਾ ਮਿਲ ਸਕਿਆ ਹੈ। 
ਤੇਜਸਵੀ ਬਨਾਮ ਤੇਜਪ੍ਰਤਾਪ ਵਿਚਾਲੇ ਜੰਗ ਤੇਜ਼
ਲਾਲੂ ਪਰਿਵਾਰ ’ਚ ਤੂਫਾਨ ਤੋਂ ਪਹਿਲਾਂ ਵਾਲਾ ਸੰਨਾਟਾ ਛਾਇਆ ਹੋਇਆ ਹੈ। ਲਾਲੂ ਦੇ ਦੋਹਾਂ ਪੁੱਤਰਾਂ ਤੇਜਸਵੀ ਅਤੇ ਤੇਜਪ੍ਰਤਾਪ ਵਿਚਾਲੇ ਖਾਹਿਸ਼ਾਂ ਦੀ ਜੰਗ ਛਿੜੀ ਹੋਈ ਹੈ। ਪਰਿਵਾਰ ’ਚ ਖਦਸ਼ੇ ਵਾਲੇ  ਪਲਾਂ ਦੀ ਆਹਟ ਨੂੰ ਹਰ ਪਲ ਮਹਿਸੂਸ ਕੀਤਾ ਜਾ ਸਕਦਾ ਹੈ। ਸੂਤਰ ਦੱਸਦੇ ਹਨ ਕਿ ਇਕ ਦਿਨ ਜਦੋਂ ਰਾਤ ਦੇ ਖਾਣੇ ਵਾਲੀ ਟੇਬਲ ’ਤੇ ਲਾਲੂ ਨੂੰ ਛੱਡ ਕੇ ਬਾਕੀ  ਪੂਰਾ ਪਰਿਵਾਰ ਇਕੱਠਾ ਸੀ ਤਾਂ ਤੇਜਸਵੀ ਅਤੇ ਤੇਜਪ੍ਰਤਾਪ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਸੂਤਰਾਂ ਦੀ ਮੰਨੀਏ ਤਾਂ ਤੇਜਪ੍ਰਤਾਪ ਦੀ ਆਪਣੇ ਛੋਟੇ ਭਰਾ ਨੂੰ ਰਾਏ ਸੀ ਕਿ ਕਾਂਗਰਸ ਨੂੰ ਨਾਲ ਖਿੱਚਣ ’ਚ ਕੀ ਅਕਲਮੰਦੀ ਹੈ, ਜੇ ਉਸ ਕੋਲ ਵੋਟਾਂ ਹੀ ਇੰਨੀਅਾਂ ਘੱਟ ਬਚੀਅਾਂ ਹਨ? ਇਸ ਤੋਂ ਇਲਾਵਾ ਤੇਜਪ੍ਰਤਾਪ ਨੇ ਝਾਰਖੰਡ ਨੂੰ ਲੈ ਕੇ ਵੀ ਆਪਣੀ ਕੁਝ ਰਾਏ ਰੱਖੀ। 
ਕਹਿੰਦੇ ਹਨ ਕਿ ਇਸ ’ਤੇ ਤੇਜਸਵੀ ਭੜਕ ਉੱਠੇ ਤੇ ਉਨ੍ਹਾਂ ਨੇ ਆਪਣੇ ਵੱਡੇ ਭਰਾ ਨੂੰ ਕੁਝ ਤਲਖ਼ੀ ਨਾਲ ਕਿਹਾ, ‘‘ਜਿੰਨੀ ਬੁੱਧੀ ਹੈ, ਓਨਾ ਹੀ ਦਿਮਾਗ ਲਾਓ, ਜਿੰਨਾ ਭਗਵਾਨ ਨੇ ਦਿੱਤਾ ਹੈ, ਓਨਾ ਹੀ ਚਲਾਇਆ ਕਰੋ। ਸਾਡਾ ਲੀਡਰ ਜੇਲ ’ਚ ਹੈ ਤੇ ਤੁਸੀਂ ਪਾਰਟੀ ਦੇ ਥਿੰਕ ਟੈਂਕ ਨਹੀਂ ਹੋ। ਇਹ ਸਭ ਕਹਿੰਦਿਅਾਂ ਤੇਜਸਵੀ ਭੁੱਲ ਗਏ ਕਿ ਹੁਣ ਤੇਜਪ੍ਰਤਾਪ ਕੋਲ ਵੀ ਇਕ ਐਸ਼ਵਰਿਆ ਹੈ (ਤੇਜਪ੍ਰਤਾਪ ਦੀ ਧਰਮਪਤਨੀ ਐਸ਼ਵਰਿਆ ਰਾਏ)। ਰਾਤ ਨੂੰ  ਪਤਨੀ ਨੇ ਆਪਣੇ ਪਤੀ ਨੂੰ ਸਮਝਾਇਆ ਕਿ ਯਾਦਵਾਂ ਦੇ ਅਸਲੀ ਨੇਤਾ ਤੁਸੀਂ ਹੋ, ਤੁਹਾਡਾ ਛੋਟਾ ਭਰਾ ਤਾਂ ਬਸ ‘ਪੋਸਟਰ ਬੁਆਏ’ ਹੈ। 
ਤੇਜਪ੍ਰਤਾਪ ਨੂੰ ਗੱਲ ਜਚ ਗਈ ਤੇ ਅੱਧੀ ਰਾਤ ਨੂੰ ਹੀ ਉੱਠ ਕੇ ਤੇਜ ਨੇ ਆਪਣੇ ਛੋਟੇ ਭਰਾ ਦੇ ਕਮਰੇ ਦਾ ਬੂਹਾ ਖੜਕਾ ਦਿੱਤਾ। ਬੂਹਾ ਖੁੱਲ੍ਹਿਆ ਤਾਂ ਕਥਿਤ ਤੌਰ ’ਤੇ ਉਸ ’ਤੇ ਆਪਣੀ ‘ਦੇਸੀ’ ਤਾਣ ਦਿੱਤੀ। ਬੜੀ ਮੁਸ਼ਕਿਲ ਨਾਲ ਮਾਮਲਾ ਸ਼ਾਂਤ ਹੋਇਆ। ਅਗਲੀ ਸਵੇਰ ਨੂੰ ਤੇਜਸਵੀ ਭੱਜੇ-ਭੱਜੇ ਆਪਣੇ ਪਿਤਾ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਦੋ-ਟੁੱਕ ਕਿਹਾ, ‘‘ਤੁਸੀਂ ਤੈਅ ਕਰ ਦਿਓ ਕਿ ਤੁਹਾਡੀ ਵਿਰਾਸਤ ਅੱਗੇ ਕੌਣ ਲੈ ਕੇ ਜਾ ਸਕਦਾ ਹੈ?’’
ਹਾਲਾਂਕਿ ਤੇਜਪ੍ਰਤਾਪ ਆਪਣੇ ਪਿਤਾ ਦੇ ਬਹੁਤ ਨੇੜੇ ਹਨ ਪਰ ਸਿਆਸਤ ਦੇ ਘਾਗ ਨੇਤਾ ਮੰਨੇ ਜਾਂਦੇ ਲਾਲੂ ਯਾਦਵ ਨੂੰ ਪਤਾ ਹੈ ਕਿ ਉਨ੍ਹਾਂ ਦੀ ਵਿਰਾਸਤ ਨੂੰ ਸਹੀ ਮਾਇਨਿਅਾਂ ’ਚ ਕੌਣ ਅੱਗੇ ਲੈ ਜਾ ਸਕਦਾ ਹੈ। ਸੋ ਉਨ੍ਹਾਂ ਨੇ ਉਥੋਂ ਹੀ ਤੇਜਪ੍ਰਤਾਪ ਨੂੰ ਫੋਨ ਕਰ ਕੇ ਡਾਂਟ ਦਿੱਤਾ। ਲਾਲੂ ਪਰਿਵਾਰ ’ਚ ਇੰਨਾ ਤਣਾਅ ਸੀ ਕਿ ਲਾਲੂ ਯਾਦਵ ਦੀ ਧੀ ਮੀਸਾ ਭਾਰਤੀ ਦੀ ਜ਼ੁਬਾਨ ਫਿਸਲ ਗਈ ਤੇ ਫਿਰ ਮੀਡੀਆ ਸਾਹਮਣੇ ਉਸ ਨੇ ਖ਼ੁਦ ਨੂੰ ਸੁਧਾਰਦਿਅਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ’ਚ ਅਜਿਹੀ ਕੋਈ ਗੱਲ ਨਹੀਂ ਹੈ। 
ਕਾਂਗਰਸ ’ਤੇ ਹੋਵੇਗੀ ਧਨ ਦੀ ਬਰਸਾਤ 
ਧਨ ਦੀ ਕਮੀ ਨਾਲ ਜੂਝ ਰਹੀ ਕਾਂਗਰਸ ਲਈ ਚੰਗੀ ਖ਼ਬਰ ਹੈ ਕਿ ਦੇਸ਼ ਦੇ ਉਦਯੋਗਪਤੀਅਾਂ ਦਾ ਇਕ ਵੱਡਾ ਤਬਕਾ ਅਗਲੀਅਾਂ ਚੋਣਾਂ, ਖਾਸ ਕਰ ਕੇ 2019 ਦੀਅਾਂ ਆਮ ਚੋਣਾਂ ’ਚ ਆਪਣੀਅਾਂ ਥੈਲੀਅਾਂ ਦਾ ਮੂੰਹ ਕਾਂਗਰਸ ਲਈ ਖੋਲ੍ਹਣ ਵਾਸਤੇ ਉਤਾਵਲਾ ਹੈ। ਸੂਤਰਾਂ ਦੀ ਮੰਨੀਏ ਤਾਂ ਦੇਸ਼ ਦੇ ਉਦਯੋਗਪਤੀਅਾਂ ’ਚ ਹਾਲ ਹੀ ਦੇ ਦਿਨਾਂ ’ਚ ਭਾਜਪਾ ਨੂੰ ਲੈ ਕੇ ਨਾਰਾਜ਼ਗੀ ਵਧੀ ਹੈ ਤੇ ਉਨ੍ਹਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਮੋਦੀ ਰਾਜ ਦੀਅਾਂ ਨੀਤੀਅਾਂ ਕਾਰਨ ਉਦਯੋਗ-ਧੰਦੇ ਠੰਡੇ ਪਏ ਹਨ ਤੇ ਸਿਰਫ ਦੋ-ਚਾਰ ਗਿਣੇ-ਚੁਣੇ ਉਦਯੋਗਪਤੀਅਾਂ ’ਤੇ ਹੀ ਮੋਦੀ ਰਾਜ ’ਚ ਕ੍ਰਿਪਾ ਹੋਈ ਹੈ। 
ਸੂਤਰਾਂ ਮੁਤਾਬਿਕ ਪਿਛਲੇ ਦਿਨੀਂ ਆਨੰਦ ਮਹਿੰਦਰਾ ਦੀ ਅਗਵਾਈ ਹੇਠ 8 ਉਦਯੋਗਪਤੀਅਾਂ ਦਾ ਇਕ ਵਫ਼ਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਿਆ। ਇਸ ਵਫਦ ’ਚ ਅਜ਼ੀਮ ਪ੍ਰੇਮਜੀ, ਸੰਜੀਵ ਗੋਇਨਕਾ ਤੇ ਰਾਜੀਵ ਬਜਾਜ ਵਰਗੇ ਦੇਸ਼ ਦੇ ਪ੍ਰਮੁੱਖ ਉਦਯੋਗਪਤੀ ਸ਼ਾਮਿਲ ਦੱਸੇ ਜਾ ਰਹੇ ਹਨ। ਰਾਹੁਲ ਨਾਲ ਮੁਲਾਕਾਤ ਦੌਰਾਨ ਇਨ੍ਹਾਂ ਉਦਯੋਗਪਤੀਅਾਂ ਨੇ ਜਾਣਨਾ ਚਾਹਿਆ ਕਿ ਕੀ ਰਾਹੁਲ ਗਾਂਧੀ ਕੋਲ 2019 ਦੀਅਾਂ ਚੋਣਾਂ ਦਾ ਰੋਡਮੈਪ ਤਿਆਰ ਹੈ? ਅਤੇ ਉਹ ਕਿਹੜੇ ਮੁੱਦਿਅਾਂ ਨਾਲ ਚੋਣ ਮੈਦਾਨ ’ਚ ਉਤਰਨਾ ਚਾਹੁੰਦੇ ਹਨ, ਚੋਣ ਗੱਠਜੋੜ ਨੂੰ ਲੈ ਕੇ ਉਨ੍ਹਾਂ ਦੀਅਾਂ ਕੀ ਨੀਤੀਅਾਂ ਹੋਣਗੀਅਾਂ, ਵਗੈਰਾ-ਵਗੈਰਾ? 
ਰਾਹੁਲ ਨੇ ਸਪੱਸ਼ਟ ਕੀਤਾ ਕਿ 2019 ਨੂੰ ਲੈ ਕੇ ਉਨ੍ਹਾਂ ਦੀਅਾਂ ਨੀਤੀਅਾਂ ਬਿਲਕੁਲ ਤਿਆਰ ਹਨ ਪਰ ਉਹ ਇਸ ਦਾ ਖੁਲਾਸਾ ਅਜੇ ਨਹੀਂ ਕਰ ਸਕਦੇ। ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਇਸ ਵਫਦ ਦੇ ਉਤਸ਼ਾਹ ’ਚ ਕਾਂਗਰਸ ਨੂੰ ਲੈ ਕੇ ਥੋੜ੍ਹੀ ਕਮੀ ਜ਼ਰੂਰ ਆਈ ਹੈ ਤੇ ਹੁਣ ਇਨ੍ਹਾਂ ਉਦਯੋਗਪਤੀਅਾਂ ਨੇ ਤੈਅ ਕੀਤਾ ਹੈ ਕਿ ਕਾਂਗਰਸ ਦੇ ਨਾਲ-ਨਾਲ ਹੁਣ ਉਹ ਆਪਣਾ ਚੰਦਾ ਕੁਝ ਪ੍ਰਮੁੱਖ ਖੇਤਰੀ ਪਾਰਟੀਅਾਂ ਨੂੰ ਵੀ ਦੇਣਗੇ। ਭਾਜਪਾ ਨੂੰ ਕੁਝ ਨਾ ਕੁਝ ਦੇਣਾ ਤਾਂ ਉਨ੍ਹਾਂ ਦੀ ਮਜਬੂਰੀ ਹੈ ਹੀ। 
ਜਨਵਰੀ ’ਚ ਹੋਵੇਗਾ ਬਸਪਾ-ਸਪਾ ਦਾ ਗੱਠਜੋੜ 
ਬਹੁਤ ਲੰਮੇ ਸਮੇਂ ਬਾਅਦ ਪਿਛਲੇ ਦਿਨੀਂ ਅਖਿਲੇਸ਼ ਯਾਦਵ ਅਤੇ ਮਾਇਆਵਤੀ ਵਿਚਾਲੇ ਇਕ ਲੰਮੀ ਮੁਲਾਕਾਤ ਹੋਈ। ਮਾਇਆਵਤੀ ਨੇ ਇਸ ਵਾਰ ਨਾ ਸਿਰਫ ਅਖਿਲੇਸ਼ ਦਾ ਫੋਨ ਚੁੱਕਿਆ, ਸਗੋਂ ਉਨ੍ਹਾਂ ਦਾ ਮਾਣ ਵੀ ਵਧਾਇਆ ਤੇ ਕਿਹਾ ਕਿ ਯੂ. ਪੀ. ’ਚ ਬਸਪਾ-ਸਪਾ ਦਾ ਗੱਠਜੋੜ ਹੋ ਕੇ ਰਹੇਗਾ। ਕਾਂਗਰਸ ਇਸ ਗੱਠਜੋੜ ਦਾ ਹਿੱਸਾ ਹੋਵੇਗੀ ਜਾਂ ਨਹੀਂ, ਇਸ ਦਾ ਫੈਸਲਾ ਅਖਿਲੇਸ਼ ਕਰਨਗੇ ਕਿਉਂਕ ਕਾਂਗਰਸ ਲਈ ਉਨ੍ਹਾਂ ਨੇ ਜੋ ਸੀਟਾਂ ਛੱਡਣੀਅਾਂ ਹਨ, ਉਹ ਆਪਣੇ ਹਿੱਸੇ ਦੀਅਾਂ ਸੀਟਾਂ ’ਚੋਂ ਛੱਡਣੀਅਾਂ ਪੈਣਗੀਅਾਂ। 
ਸੂਤਰ ਦੱਸਦੇ ਹਨ ਕਿ ਮਾਇਆਵਤੀ ਨੇ ਅਖਿਲੇਸ਼ ਨੂੰ ਇਹ ਵੀ ਸਮਝਾਇਆ ਕਿ ਉਹ ਗੱਠਜੋੜ ਨੂੰ ਲੈ ਕੇ ਉਤਾਵਲਾਪਨ ਨਾ ਦਿਖਾਉਣ ਕਿਉਂਕਿ ਅਜੇ ਦੇਸ਼ ਦਾ ਮਾਹੌਲ ਠੀਕ ਨਹੀਂ ਹੈ, ਉਨ੍ਹਾਂ ਦੋਹਾਂ ’ਤੇ ਕੇਂਦਰ ਦੀ ਸਖ਼ਤੀ ਵਧ ਸਕਦੀ ਹੈ। ਸੂਤਰਾਂ ਮੁਤਾਬਿਕ ਮਾਇਆਵਤੀ ਨੇ ਅਖਿਲੇਸ਼ ਨੂੰ ਭਰੋਸਾ ਦਿੱਤਾ ਹੈ ਕਿ ਬਸਪਾ-ਸਪਾ ਵਿਚਾਲੇ ਗੱਠਜੋੜ ਜਨਵਰੀ ’ਚ ਹੋਵੇਗਾ ਅਤੇ ਇਸ ਗੱਠਜੋੜ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਅਖਿਲੇਸ਼ ਇਕ ਵੱਡਾ ਦਿਲ ਦਿਖਾਉਣ।
ਮਾਇਆਵਤੀ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਬਸਪਾ 40 ਤੋਂ ਜ਼ਿਆਦਾ ਸੀਟਾਂ ’ਤੇ ਚੋਣਾਂ ਲੜਨ ਦੀ ਚਾਹਵਾਨ ਹੈ। ਕਹਿੰਦੇ ਹਨ ਕਿ ਮਾਇਆਵਤੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਬਸਪਾ ਅਜਿਤ ਸਿੰਘ ਦੀ ਪਾਰਟੀ ਰਾਲੋਦ ਨਾਲ ਵੀ ਚੋਣ ਗੱਠਜੋੜ ਦੀ ਚਾਹਵਾਨ ਨਹੀਂ ਹੈ ਕਿਉਂਕਿ ਅਜਿਤ ਸਿੰਘ ਦਾ ਜਨਆਧਾਰ ਸਿਰਫ ਪੱਛਮੀ ਯੂ. ਪੀ. ’ਚ ਹੈ, ਜਿੱਥੇ ਦਲਿਤ ਅਤੇ ਮੁਸਲਮਾਨ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋ ਚੁੱਕੇ ਹਨ ਅਤੇ ਪੱਛਮੀ ਯੂ. ਪੀ. ਦਾ ਜਾਟ ਵੋਟਰ ਵੀ ਭਾਜਪਾ ਤੋਂ ਖੁਸ਼ ਨਹੀਂ ਹੈ। ਅਖਿਲੇਸ਼ ਯਾਦਵ ਨੇ ਮਾਇਆਵਤੀ ਦੀ ਹਾਂ ’ਚ ਹਾਂ ਮਿਲਾਈ ਹੈ ਕਿਉਂਕਿ ਉਨ੍ਹਾਂ ਨੂੰ  ਪਤਾ ਹੈ ਕਿ ਯੂ. ਪੀ. ’ਚ ਸਾਈਕਲ ਨੂੰ ਹਾਥੀ ਦੀ ਮਦਦ ਦੀ ਕਿੰਨੀ ਲੋੜ ਹੈ। 
ਦਿੱਗਵਿਜੇ ਦੇ ਘਰ ਮਚੀ ਤਰਥੱਲੀ
ਕਾਂਗਰਸ ਦੇ ਘਾਗ ਨੇਤਾ ਦਿੱਗਵਿਜੇ ਸਿੰਘ ਆਪਣੇ ਘਰੇਲੂ ਮੋਰਚੇ ’ਤੇ ਬੇਦਮ ਨਜ਼ਰ ਆ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਨਵੀਂ ਪਤਨੀ ਅੰਮ੍ਰਿਤਾ ਰਾਏ ਨੂੰ ਲੈ ਕੇ ਉਨ੍ਹਾਂ ਦੇ ਘਰ ’ਚ ਮਚੀ ਤਰਥੱਲੀ ਨੇ ਹੁਣ ਇਕ ਭਿਆਨਕ ਰੂਪ ਧਾਰ ਲਿਆ ਹੈ। ਕਹਿੰਦੇ ਹਨ ਕਿ ਦਿੱਗਵਿਜੇ ਸਿੰਘ ਤੋਂ ਉਨ੍ਹਾਂ ਦੀਅਾਂ ਧੀਅਾਂ ਇੰਨੀਅਾਂ ਨਾਰਾਜ਼ ਹਨ ਕਿ ਉਨ੍ਹਾਂ ਨੇ ਆਪਣੇ ਪਿਤਾ ਨਾਲ ਗੱਲ ਕਰਨੀ ਹੀ ਛੱਡ ਦਿੱਤੀ ਹੈ। 
ਉਨ੍ਹਾਂ ਦੇ ਬੇਟੇ ਨੇ ਸਾਫ ਤੌਰ ’ਤੇ ਕਹਿ ਦਿੱਤਾ ਹੈ ਕਿ ਅੰਮ੍ਰਿਤਾ ਰਾਏ ਪਰਿਵਾਰ ਦੇ ਜੱਦੀ ਘਰ ਰਾਘੋਗੜ੍ਹ ਕਿਲੇ ’ਚ ਕਦਮ ਨਹੀਂ ਰੱਖੇਗੀ। ਅੰਮ੍ਰਿਤਾ ਰਾਏ ਦੇ ਦਿੱਲੀ ’ਚ ਸਿਆਸੀ ਸਲਾਹਕਾਰਾਂ ਦੀ ਘਾਟ ਨਹੀਂ ਹੈ। ਰਾਜ ਸਭਾ ਟੀ. ਵੀ. ਦੇ ਸਾਬਕਾ ਸੀ. ਈ. ਓ. ਗੁਰਦੀਪ ਸੱਪਲ ਉਨ੍ਹਾਂ ਦੇ ਸਭ ਤੋਂ ਪ੍ਰਮੁੱਖ ਸਲਾਹਕਾਰਾਂ ’ਚ ਗਿਣੇ ਜਾਂਦੇ ਹਨ। 
ਸੂਤਰ ਦੱਸਦੇ ਹਨ ਕਿ ਸੱਪਲ ਦੀ ਸਲਾਹ ’ਤੇ ਹੀ ਅੰਮ੍ਰਿਤਾ  ਨੇ ਚੋਣਾਂ ਲੜਨ ਦਾ ਮਨ ਬਣਾਇਆ ਹੈ। ਉਹ ਮੱਧ ਪ੍ਰਦੇਸ਼ ਤੋਂ ਦਿੱਗਵਿਜੇ ਦੀ ਰਵਾਇਤੀ ਸੀਟ ਤੋਂ ਚੋਣ ਲੜਨਾ ਚਾਹੁੰਦੀ ਹੈ, ਜਦਕਿ ਦਿੱਗਵਿਜੇ ਇਸ ਸੀਟ ਤੋਂ ਆਪਣੇ ਬੇਟੇ ਨੂੰ ਖੜ੍ਹਾ ਕਰਨਾ ਚਾਹੁੰਦੇ ਹਨ। ਅੰਮ੍ਰਿਤਾ ਦਿੱਗਵਿਜੇ ਨੂੰ ਸਮਝਾ ਰਹੀ ਹੈ ਕਿ ਆਪਣੀ ਉਮਰ ਅਤੇ ਸੀਨੀਆਰਤਾ ਨੂੰ ਦੇਖਦਿਅਾਂ ਉਨ੍ਹਾਂ ਨੂੰ ਹੁਣ ਰਾਜ ਸਭਾ ’ਚ ਆ ਜਾਣਾ ਚਾਹੀਦਾ ਹੈ। ਦਿੱਗਵਿਜੇ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਤਿਆਰ ਦੱਸੇ ਜਾਂਦੇ ਹਨ ਪਰ ਅਸਲੀ ਘੁੰਢੀ ਤਾਂ ਉਨ੍ਹਾਂ ਦੇ ਸਿਆਸੀ ਉਤਰਾਧਿਕਾਰ ਨੂੰ ਲੈ ਕੇ ਫਸੀ ਹੋਈ ਹੈ। ਇਕ ਪਾਸੇ ਬੇਟਾ ਹੈ ਤਾਂ ਦੂਜੇ ਪਾਸੇ ਪਤਨੀ। 
ਮਾਇਆਵਤੀ ਨੂੰ ਮਮਤਾ ਦਾ ਫੋਨ
ਮਾਇਆਵਤੀ ਨੂੰ ਮਮਤਾ ਬੈਨਰਜੀ ਦਾ ਫੋਨ ਆਉਣਾ ਹੈਰਾਨੀਜਨਕ ਸੀ। ਗੱਲਾਂ-ਗੱਲਾਂ ’ਚ ਹੀ ਮਮਤਾ ਨੇ ਮਾਇਆਵਤੀ ਦੀ ਖੁੱਲ੍ਹ ਕੇ ਤਾਰੀਫ ਕੀਤੀ ਤੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਦਾ ਘੁਮੰਢ ਤੋੜ ਕੇ ਰੱਖ ਦਿੱਤਾ ਹੈ। ਮਾਇਆਵਤੀ ਨੇ ‘ਦੀਦੀ’ ਸਾਹਮਣੇ ਕਾਂਗਰਸ ’ਤੇ ਪਲਟਵਾਰ ਕਰਦਿਅਾਂ ਕਿਹਾ ਕਿ ‘‘ਲੋਕ ਕਹਿੰਦੇ ਹਨ ਕਿ ਕਾਂਗਰਸ ਉਦਾਰ ਹੈ, ਰਾਹੁਲ ਉਦਾਰ ਹੈ ਤਾਂ ਇਹ ਸਭ ਇਕ ਦਿਖਾਵਾ ਹੈ ਕਿਉਂਕਿ ਕਾਂਗਰਸ ਗੱਠਜੋੜ ਲਈ ਸਿਰਫ ਉਨ੍ਹਾਂ ਸੂਬਿਅਾਂ ਦੀ ਗੱਲ ਕਰਦੀ ਹੈ, ਜਿੱਥੇ ਉਹ ਹੈ ਹੀ ਨਹੀਂ ਅਤੇ ਜਿੱਥੇ ਉਹ ਹੈ, ਉਥੇ ਗੱਠਜੋੜ ਸਾਥੀਅਾਂ ਨੂੰ ਸੀਟ ਦੇਣ ਲਈ ਤਿਆਰ ਨਹੀਂ।’’
ਮਾਇਆਵਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ 6 ਸੂਬਿਅਾਂ ਲਈ ਕਾਂਗਰਸ ਨੂੰ ਪੇਸ਼ਕਸ਼ ਕੀਤੀ ਸੀ ਪਰ ਉਸ ਦਾ ਕੋਈ ਹਾਂ-ਪੱਖੀ ਜਵਾਬ ਨਹੀਂ ਆਇਆ। ਉਨ੍ਹਾਂ ਦਾ ਇਰਾਦਾ ਸਿਰਫ ਯੂ. ਪੀ. ’ਚ ਗੱਠਜੋੜ ਨੂੰ ਲੈ ਕੇ ਹੈ। ਫਿਰ ਗੱਲਾਂ ਹੀ ਗੱਲਾਂ ’ਚ ਮਮਤਾ ਨੇ ਮਾਇਆਵਤੀ ਨੂੰ ਦੱਸਿਆ ਕਿ ਬੰਗਾਲ ’ਚ ਕਾਂਗਰਸ ਦਾ ਪੱਤਾ ਸਾਫ ਹੋਣ ਵਾਲਾ ਹੈ, ਮਾਲਦਾ ਦੀ ਚਾਚਾ-ਭਤੀਜੀ ਵਾਲੀ ਜੋੜੀ ਉਨ੍ਹਾਂ ਦੀ ਪਾਰਟੀ ’ਚ ਆਉਣ ਵਾਲੀ ਹੈ ਅਤੇ ਅਧੀਰ ਰੰਜਨ ਚੌਧਰੀ ਭਾਜਪਾ ’ਚ ਜਾਣ ਵਾਲੇ ਹਨ। ਅਜਿਹੀ ਸਥਿਤੀ ’ਚ ਬੰਗਾਲ ’ਚ ਉਨ੍ਹਾਂ ਦਾ ਬਚਦਾ ਕੀ ਹੈ? 
ਫਿਰ ਮਾਇਆਵਤੀ ਨੇ ਮਮਤਾ ਨਾਲ ਇਕ ਅਧਿਆਤਮ ਦੀ ਗੱਲ ਸਾਂਝੀ ਕੀਤੀ ਤੇ ਕਿਹਾ ਕਿ ਜੇ 2019 ’ਚ  ਮੇਰੀ ਕਿਸਮਤ ’ਚ ਪੀ. ਐੱਮ. ਬਣਨਾ ਹੀ ਲਿਖਿਆ ਹੈ ਤਾਂ ਕੀ ਪਤਾ ਕਿ ਮੈਂ ਭਾਜਪਾ ਦੇ ਸਮਰਥਨ ਨਾਲ ਹੀ ਪੀ. ਐੱਮ. ਬਣ ਜਾਵਾਂ। ਭੈਣਜੀ ਦੀਅਾਂ ਗੱਲਾਂ ਸੁਣ ਕੇ ਇਕ ਪਲ ‘ਦੀਦੀ’ ਵੀ ਹੱਕੀ-ਬੱਕੀ ਰਹਿ ਗਈ ਤੇ ਸੋਚਣ ਲੱਗੀ ਕਿ ਸਿਆਸਤ ’ਚ ਮਾਇਆਵਤੀ ਦਾ ਹਾਥੀ ਵੀ ਢਾਈ ਘਰ ਚੱਲਦਾ ਹੈ। 
ਪੂਰਬ ’ਚ ਭਾਜਪਾ ਦਾ ਸੂਰਜ 
ਦੇਸ਼ ਦੇ ਵੋਟਰਾਂ ਦਾ ਮੂਡ ਤਾੜਨ ਲਈ ਭਾਜਪਾ  ਹਾਈਕਮਾਨ ਨੇ ਚਾਰ ਵੱਖ-ਵੱਖ ਸਰਵੇਖਣ ਏਜੰਸੀਅਾਂ ਤੋਂ ਦੇਸ਼ ਦੇ ਪੂਰਬੀ ਤੱਟ ਦਾ ਸਰਵੇਖਣ ਕਰਵਾਇਆ ਹੈ। ਇਸ ਸਰਵੇਖਣ ’ਚ ਪੱਛਮੀ ਬੰਗਾਲ, ਓਡਿਸ਼ਾ, ਤਾਮਿਲਨਾਡੂ ਤੇ ਅਾਂਧਰਾ ਪ੍ਰਦੇਸ਼ ਵਰਗੇ ਸੂਬੇ ਸ਼ਾਮਿਲ ਹਨ ਪਰ ਜੇ ਓਡਿਸ਼ਾ ਦੀ ਗੱਲ ਛੱਡ ਦਿੱਤੀ ਜਾਵੇ ਤਾਂ ਬਾਕੀ 3 ਸੂਬਿਅਾਂ ’ਚ ਭਾਜਪਾ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਸਰਵੇਖਣ ਦੀਅਾਂ ਸਾਰੀਅਾਂ ਰਿਪੋਰਟਾਂ ’ਚ ਇਕ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਇਕੱਲੇ ਓਡਿਸ਼ਾ ’ਚ ਭਾਜਪਾ ਦੀ ਕਾਰਗੁਜ਼ਾਰੀ ਵਧੀਆ ਰਹੇਗੀ ਅਤੇ ਉਥੋਂ ਦੀਅਾਂ 21 ’ਚੋਂ 6 ਸੀਟਾਂ ਜਿੱਤਣ ਦੀ ਸਥਿਤੀ ’ਚ ਹੈ। 2014 ਦੀਅਾਂ ਲੋਕ ਸਭਾ ਚੋਣਾਂ ’ਚ ਸਿਰਫ ਜੁਆਲ ਓਰਾਂਵ ਹੀ ਇਥੋਂ ਜਿੱਤ ਸਕੇ ਸਨ। 
ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ’ਚ ਧਰਮਿੰਦਰ ਪ੍ਰਧਾਨ ਪੱਛੜ ਕੇ ਤੀਜੇ ਨੰਬਰ ’ਤੇ ਆ ਗਏ ਹਨ, ਜੋ ਪਾਰਟੀ ਹਾਈਕਮਾਨ ਨੇ ਤੈਅ ਕੀਤਾ ਹੈ ਕਿ ਓਡਿਸ਼ਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਕਿਸੇ ਨੂੰ ਵੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਨਹੀਂ ਕਰੇਗੀ। ਇਥੋਂ ਤਕ ਕਿ ਅਮਿਤ ਸ਼ਾਹ ਦੇ ਸਭ ਤੋਂ ਦੁਲਾਰੇ ਧਰਮਿੰਦਰ ਪ੍ਰਧਾਨ ਨੂੰ ਵੀ ਵਿਧਾਨ ਸਭਾ ਦੀ ਬਜਾਏ ਲੋਕ ਸਭਾ ਚੋਣਾਂ ’ਚ ਉਤਾਰਿਆ ਜਾਵੇਗਾ।                                 


Related News