ਡਾ. ਅੰਬੇਡਕਰ ਵਰਗੇ ਮਹਾਪੁਰਸ਼ਾਂ ਨੂੰ ਸਿਰਫ ''ਪ੍ਰਤੀਕ'' ਬਣਾ ਦੇਣ ਨਾਲ ਕੰਮ ਨਹੀਂ ਚੱਲੇਗਾ

04/24/2018 2:29:31 AM

ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਤਿਵੇਂ-ਤਿਵੇਂ ਸਾਰੀਆਂ ਸਿਆਸੀ ਪਾਰਟੀਆਂ ਡਾ. ਅੰਬੇਡਕਰ 'ਤੇ ਆਪਣਾ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕਰਦੀਆਂ ਦਿਖਾਈ ਦੇ ਰਹੀਆਂ ਹਨ। ਇਹ ਬਦਕਿਸਮਤੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਮਹਾਪੁਰਸ਼ਾਂ ਦੇ ਆਦਰਸ਼ਾਂ ਨੂੰ ਨਾ ਅਪਣਾ ਕੇ ਉਨ੍ਹਾਂ ਨੂੰ ਸਿਰਫ ਪ੍ਰਤੀਕ ਵਜੋਂ ਇਸਤੇਮਾਲ ਕਰ ਕੇ ਵੋਟ ਬੈਂਕ ਦੀ ਸਿਆਸਤ ਕਰਨ ਲੱਗਦੀਆਂ ਹਨ। 
ਅੱਜ ਵੀ ਸਾਰੀਆਂ ਸਿਆਸੀ ਪਾਰਟੀਆਂ ਮਹਾਪੁਰਸ਼ਾਂ ਨੂੰ ਆਪਣੇ ਰੰਗ 'ਚ ਰੰਗਣ ਦੀ ਸ਼ਰਮਨਾਕ ਕੋਸ਼ਿਸ਼ ਕਰ ਰਹੀਆਂ ਹਨ। ਪਿਛਲੇ ਦਿਨੀਂ ਯੂ. ਪੀ. ਦੇ ਬਦਾਯੂੰ ਜ਼ਿਲੇ 'ਚ ਪੈਂਦੇ ਪਿੰਡ ਦੁਗਰੱਈਆ ਵਿਚ ਜਦੋਂ ਡਾ. ਅੰਬੇਡਕਰ ਦੇ ਬੁੱਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ ਤਾਂ ਪ੍ਰਸ਼ਾਸਨ ਨੇ ਉਸ ਦੀ ਜਗ੍ਹਾ ਨਵਾਂ ਬੁੱਤ ਲਾ ਦਿੱਤਾ ਪਰ ਉਸ ਬੁੱਤ ਦਾ ਰੰਗ ਭਗਵਾ ਹੋਣ ਕਰਕੇ ਕਾਫੀ ਚਰਚਾ ਹੋਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਇਸ ਬੁੱਤ ਨੂੰ ਨੀਲੇ ਰੰਗ ਨਾਲ ਰੰਗਿਆ ਗਿਆ। 
ਪਿਛਲੇ ਕੁਝ ਦਿਨਾਂ 'ਚ ਕਈ ਥਾਵਾਂ 'ਤੇ ਡਾ. ਅੰਬੇਡਕਰ ਦੇ ਬੁੱਤ ਤੋੜੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਤ੍ਰਾਸਦੀ ਇਹ ਹੈ ਕਿ ਇਸ ਦੌਰ ਵਿਚ ਜਿਸ ਤਰ੍ਹਾਂ ਪ੍ਰਤੀਕਾਂ ਦੀ ਸਿਆਸਤ ਹੋ ਰਹੀ ਹੈ, ਉਸ ਨੇ ਮਹਾਪੁਰਸ਼ਾਂ ਨੂੰ ਸਿਰਫ ਬੁੱਤਾਂ ਤਕ ਹੀ ਸੀਮਤ ਕਰ ਦਿੱਤਾ ਹੈ। ਇਸ ਨਵੇਂ ਮਾਹੌਲ ਵਿਚ ਨਾ ਤਾਂ ਸਿਆਸੀ ਪਾਰਟੀਆਂ ਨੂੰ ਮਹਾਪੁਰਸ਼ਾਂ ਦੇ ਆਦਰਸ਼ਾਂ ਦੀ ਚਿੰਤਾ ਹੈ ਅਤੇ ਨਾ ਹੀ ਇਨ੍ਹਾਂ ਪਾਰਟੀਆਂ ਪਿੱਛੇ ਚੱਲਣ ਵਾਲੀ ਭੀੜ 'ਚ ਮਹਾਪੁਰਸ਼ਾਂ ਵਲੋਂ ਦੱਸੇ ਰਾਹ 'ਤੇ ਚੱਲਣ ਦੀ ਹਿੰਮਤ ਹੈ। 
ਅਸਲ 'ਚ ਡਾ. ਅੰਬੇਡਕਰ ਨੇ ਇਸ ਸੱਚ ਨੂੰ ਬਹੁਤ ਪਹਿਲਾਂ ਸਮਝ ਲਿਆ ਸੀ ਕਿ ਜਦੋਂ ਤਕ ਦਲਿਤ ਵਰਗ ਆਪਣੀ ਤਾਕਤ ਨੂੰ ਪਛਾਣ ਕੇ ਸੱਤਾ ਦਾ ਹਿੱਸੇਦਾਰ ਨਹੀਂ ਬਣੇਗਾ, ਉਦੋਂ ਤਕ ਉਸ ਦੀ ਅਣਦੇਖੀ ਹੁੰਦੀ ਰਹੇਗੀ। ਇਹੋ ਵਜ੍ਹਾ ਸੀ ਕਿ ਉਨ੍ਹਾਂ ਨੇ ਦਲਿਤਾਂ ਦੇ ਰਾਖਵੇਂਕਰਨ ਦੀ ਵਕਾਲਤ ਕੀਤੀ ਪਰ ਸਵਾਲ ਇਹ ਹੈ ਕਿ ਕੀ ਇਸ ਦੌਰ 'ਚ ਸੱਤਾ ਦੇ ਭਾਈਵਾਲ ਬਣੇ ਦਲਿਤ ਆਗੂਆਂ ਨੂੰ ਡਾ. ਅੰਬੇਡਕਰ ਦੇ ਵਿਚਾਰਾਂ ਤੇ ਆਦਰਸ਼ਾਂ ਦੀ ਕੋਈ ਚਿੰਤਾ ਹੈ? 
ਅੱਜ ਹਰੇਕ ਸਿਆਸੀ ਪਾਰਟੀ ਆਪਣੇ ਸੁਆਰਥ ਲਈ ਡਾ. ਅੰਬੇਡਕਰ ਦੇ ਨਾਂ ਦਾ ਇਸਤੇਮਾਲ ਕਰ ਰਹੀ ਹੈ। ਇਹੋ ਵਜ੍ਹਾ ਹੈ ਕਿ ਅੱਜ ਵੀ ਆਮ ਦਲਿਤ ਨੂੰ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਡਾ. ਅੰਬੇਡਕਰ ਦੇ ਨਾਂ ਦੀ ਵਰਤੋਂ ਆਪਣਾ ਮਿਆਰ ਉਤਾਂਹ ਚੁੱਕਣ ਲਈ ਕਰ ਰਹੀਆਂ ਹਨ, ਨਾ ਕਿ ਦਲਿਤਾਂ ਦਾ।
ਸਵਾਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਰਾਜਨੇਤਾਵਾਂ ਨੇ 'ਅੰਬੇਡਕਰ-ਅੰਬੇਡਕਰ' ਚਿੱਲਾਉਣ ਤੇ ਉਨ੍ਹਾਂ ਦੇ ਨਾਂ 'ਤੇ ਵੱਖ-ਵੱਖ ਯੋਜਨਾਵਾਂ ਦੇ ਨਾਂ ਰੱਖਣ ਤੋਂ ਇਲਾਵਾ ਹੋਰ ਕੀਤਾ ਕੀ ਹੈ? ਕੀ ਆਜ਼ਾਦੀ ਤੋਂ ਬਾਅਦ ਸਾਡੇ ਰਾਜਨੇਤਾ ਡਾ. ਅੰਬੇਡਕਰ ਦੇ ਆਦਰਸ਼ਾਂ ਨੂੰ ਅਪਣਾ ਸਕੇ ਹਨ? 
ਕੀ ਡਾ. ਅੰਬੇਡਕਰ ਦੇ ਨਾਂ 'ਤੇ ਪਾਰਕ ਬਣਾ ਦੇਣ, ਉਨ੍ਹਾਂ ਦੇ ਬੁੱਤ ਲਾ ਦੇਣ ਜਾਂ ਉਨ੍ਹਾਂ ਦੇ ਵਿਚਾਰਾਂ ਨੂੰ ਗੋਸ਼ਟੀਆਂ, ਸੰਮੇਲਨਾਂ 'ਚ ਦੁਹਰਾਅ ਦੇਣ ਨਾਲ ਹੀ ਅਸੀਂ ਇਸ ਦੌਰ 'ਚ ਉਨ੍ਹਾਂ ਨੂੰ ਢੁੱਕਵੇਂ ਬਣਾ ਸਕਦੇ ਹਾਂ? ਸ਼ਾਇਦ ਨਹੀਂ। ਵੱਡੀਆਂ-ਵੱਡੀਆਂ ਰੈਲੀਆਂ ਆਯੋਜਿਤ ਕਰ ਕੇ ਪਾਣੀ ਵਾਂਗ ਪੈਸਾ ਰੋੜ੍ਹਨਾ ਡਾ. ਅੰਬੇਡਕਰ ਦਾ ਸੁਪਨਾ ਨਹੀਂ ਸੀ। ਕਰੋੜਾਂ ਰੁਪਏ ਦਾ ਹਾਰ ਪਹਿਨਾ ਕੇ ਵੱਡੇ ਪੰਡਾਲ 'ਚ ਦਲਿਤਾਂ ਅਤੇ ਆਪਣੇ ਸਮਰਥਕਾਂ ਲਈ ਮਹਾਭੋਜ ਆਯੋਜਿਤ ਕਰਨਾ ਵੀ ਬਾਬਾ ਸਾਹਿਬ ਦੀਆਂ ਤਰਜੀਹਾਂ 'ਚ ਨਹੀਂ ਸੀ। 
ਕੀ ਅਜਿਹੇ ਆਯੋਜਨਾਂ ਨਾਲ ਦਲਿਤਾਂ ਦਾ ਸਵੈਮਾਣ ਜਾਗ ਸਕਦਾ ਹੈ? ਸ਼ਾਇਦ ਸੁਆਦਲੇ ਭੋਜਨ ਦਾ ਆਨੰਦ ਲੈਂਦਿਆਂ ਕੁਝ ਸਮੇਂ ਲਈ ਉਨ੍ਹਾਂ ਦਾ ਸਵੈਮਾਣ ਜਾਗ ਜਾਵੇ ਪਰ ਪਿੰਡਾਂ 'ਚ ਬੈਠੇ ਉਨ੍ਹਾਂ ਦਲਿਤਾਂ ਦੇ ਸਵੈਮਾਣ ਦਾ ਕੀ ਹੋਵੇਗਾ, ਜਿਨ੍ਹਾਂ ਨੂੰ ਇਕ ਵੇਲੇ ਦੀ ਰੋਟੀ ਵੀ ਢੰਗ ਨਾਲ ਨਸੀਬ ਨਹੀਂ ਹੁੰਦੀ। 
ਸਾਡੇ ਰਾਜਨੇਤਾ ਕੁਝ ਹਜ਼ਾਰ ਜਾਂ ਲੱਖ ਲੋਕਾਂ ਨੂੰ ਮਹਾਭੋਜ ਕਰਵਾਉਣ ਦੀ ਬਜਾਏ ਪਿੰਡ ਦੇ ਆਖਰੀ ਆਦਮੀ ਤਕ ਨੂੰ ਦੋ ਵੇਲਿਆਂ ਦੀ ਰੋਟੀ ਦੇਣ ਬਾਰੇ ਕਦੋਂ ਸੋਚਣਗੇ? ਡਾ. ਅੰਬੇਡਕਰ ਨੇ ਦਲਿਤਾਂ ਦੇ ਜਿਸ ਸਵੈਮਾਣ ਦੀ ਗੱਲ ਕਹੀ ਸੀ, ਉਹ ਵੋਟ ਬੈਂਕ ਦੀ ਸਿਆਸਤ ਤੋਂ ਪ੍ਰੇਰਿਤ ਨਹੀਂ ਸੀ। 
ਅੱਜ ਵੋਟ ਬੈਂਕ ਦੀ ਸਿਆਸਤ ਦੇ ਤਹਿਤ ਦਲਿਤਾਂ ਦਾ ਸਵੈਮਾਣ ਜਗਾਉਣ ਦੀ ਗੱਲ ਹੋ ਰਹੀ ਹੈ। ਅੱਜ ਦੇ ਰਾਜਨੇਤਾ ਜਦੋਂ ਦਲਿਤਾਂ ਨਾਲ ਬੈਠ ਕੇ ਖਾਣਾ ਖਾਂਦੇ ਹਨ, ਉਨ੍ਹਾਂ ਦੇ ਘਰਾਂ ਵਿਚ ਰਾਤ ਗੁਜ਼ਾਰਦੇ ਹਨ ਤਾਂ ਦਲਿਤਾਂ ਦਾ ਸਵੈਮਾਣ ਜਾਗਣ ਲੱਗਦਾ ਹੈ ਪਰ ਜਿਵੇਂ ਹੀ ਰਾਜਨੇਤਾ ਆਪਣੇ ਬੰਗਲਿਆਂ 'ਚ ਵਾਪਿਸ ਚਲੇ ਜਾਂਦੇ ਹਨ, ਦਲਿਤਾਂ ਦੀ ਜ਼ਿੰਦਗੀ ਫਿਰ ਪੁਰਾਣੀ ਲੀਹ 'ਤੇ ਆਉਣ ਲੱਗਦੀ ਹੈ। 
ਕਈ ਭਰੋਸਿਆਂ ਤੋਂ ਬਾਅਦ ਜਦੋਂ ਦੁਬਾਰਾ ਦਲਿਤਾਂ ਨੂੰ ਪੁਰਾਣੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਖ਼ੁਦ ਮਹਿਸੂਸ ਹੋਣ ਲੱਗਦਾ ਹੈ ਕਿ ਇਹ ਵੋਟ ਬੈਂਕ ਦਾ ਛਲਾਵਾ ਹੈ। ਸਿਆਸਤਦਾਨਾਂ ਵਲੋਂ ਦਲਿਤਾਂ ਦਾ ਸਵੈਮਾਣ ਜਗਾਉਣ ਦੀ ਇਸ ਖੋਖਲੀ ਪ੍ਰਕਿਰਿਆ ਕਾਰਨ ਦਲਿਤ ਆਪਣਾ ਪੁਰਾਣਾ ਸਵੈਮਾਣ ਵੀ ਗੁਆ ਬੈਠਦੇ ਹਨ। 
ਅਸਲ 'ਚ ਇਹ ਦਲਿਤਾਂ ਨੂੰ ਉਪਰ ਚੁੱਕਣ ਦੀ ਨਹੀਂ, ਸਗੋਂ ਗਿਰਾਵਟ ਵੱਲ ਲਿਜਾਣ ਦੀ ਘਟੀਆ ਚਾਲ ਹੈ। ਜੋ ਦਲਿਤ ਸੱਤਾ ਦੇ ਪਿੱਛਲੱਗੂ ਬਣ ਕੇ ਸਿਆਸਤਦਾਨਾਂ ਦੀ ਇਸ ਚਾਲ ਦਾ ਹਿੱਸਾ ਬਣ ਜਾਂਦੇ ਹਨ, ਉਨ੍ਹਾਂ ਦਾ ਸਵੈਮਾਣ ਹੰਕਾਰ 'ਚ ਬਦਲ ਜਾਂਦਾ ਹੈ ਤੇ ਦੂਜੇ ਦਲਿਤਾਂ ਪ੍ਰਤੀ ਉਨ੍ਹਾਂ ਦਾ ਰਵੱਈਆ ਵੀ ਸ਼ੋਸ਼ਣਕਾਰੀ ਬਣ ਜਾਂਦਾ ਹੈ, ਜਦਕਿ ਆਮ ਦਲਿਤ ਦਾ ਸਵੈਮਾਣ ਆਪਣੇ ਪੁਰਾਣੇ ਪੱਧਰ ਤੋਂ ਵੀ ਹੇਠਾਂ ਡਿਗ ਜਾਂਦਾ ਹੈ। ਨਾਅਰਿਆਂ ਤੇ ਮੁਹਿੰਮਾਂ 'ਚ ਆਮ ਦਲਿਤ ਦੇ ਹੱਥ ਕੁਝ ਨਹੀਂ ਲੱਗਦਾ।
ਡਾ. ਅੰਬੇਡਕਰ ਨੇ ਦਲਿਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸ਼ੁਰੂ 'ਚ ਸਿਰਫ 10 ਸਾਲਾਂ ਤਕ ਲਈ ਰਾਖਵੇਂਕਰਨ ਦੀ ਵਿਵਸਥਾ ਕੀਤੀ ਸੀ ਪਰ ਇਹ ਬਦਕਿਸਮਤੀ ਹੈ ਕਿ ਸਾਡੇ ਰਾਜਨੇਤਾਵਾਂ ਨੇ ਰਾਖਵੇਂਕਰਨ ਦੀ ਇਸ ਵਿਵਸਥਾ ਨੂੰ ਵੀ ਵੋਟ ਬੈਂਕ ਦਾ ਹਥਿਆਰ ਬਣਾ ਲਿਆ ਹੈ। ਡਾ. ਅੰਬੇਡਕਰ ਨੇ ਜਾਤ ਪ੍ਰਥਾ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਸੀ। ਉਹ ਖ਼ੁਦ ਥੁੜ੍ਹਾਂ ਅਤੇ ਜਾਤ ਪ੍ਰਥਾ ਨਾਲ ਜੁੜੇ ਕਲੰਕ ਨਾਲ ਜੂਝਦੇ ਹੋਏ ਪਲ਼ੇ ਸਨ। ਇਸ ਬੇਇਨਸਾਫੀ ਭਰੀ ਸਮਾਜਿਕ ਬੁਰਾਈ ਵਿਰੁੱਧ ਉਨ੍ਹਾਂ ਨੇ ਬਗਾਵਤ ਕੀਤੀ ਤੇ ਪੂਰੀ ਤਾਕਤ ਨਾਲ ਇਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ।
ਸਵਾਲ ਇਹ ਹੈ ਕਿ ਅੱਜ ਹਰ ਖੇਤਰ 'ਚ ਜਾਗਰੂਕਤਾ ਆਉਣ ਤੋਂ ਬਾਅਦ ਵੀ ਕੀ ਜਾਤ ਪ੍ਰਥਾ ਮਿਟ ਸਕੀ ਹੈ? ਕੀ ਇਸ ਦੌਰ 'ਚ ਵੀ ਦਲਿਤਾਂ 'ਤੇ ਅੱਤਿਆਚਾਰ ਕਰ ਕੇ ਅਸੀਂ ਜਾਤ ਪ੍ਰਥਾ ਦੀ ਤੀਬਰਤਾ ਨੂੰ ਨਹੀਂ ਵਧਾ ਰਹੇ? ਰਾਜਨੇਤਾਵਾਂ ਨੇ ਇਸ ਬੁਰਾਈ ਨੂੰ ਹੋਰ ਵਧਾਇਆ ਹੈ।
ਕਿਸੇ ਸੰਸਦੀ ਹਲਕੇ 'ਚ ਕਿਸੇ ਜਾਤ ਵਿਸ਼ੇਸ਼ ਦੀਆਂ ਵਧੇਰੇ ਵੋਟਾਂ ਨੂੰ ਦੇਖ ਕੇ ਹੀ ਉਸ ਜਾਤ ਦੇ ਉਮੀਦਵਾਰ ਨੂੰ ਚੋਣਾਂ 'ਚ ਟਿਕਟ ਦਿੱਤੀ ਜਾਂਦੀ ਹੈ। ਜਾਤ ਪ੍ਰਥਾ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਰਿਆਣਾ 'ਚ ਖਾਪ ਪੰਚਾਇਤ ਦੇ ਹੁਕਮ 'ਤੇ ਹੀ ਦਲਿਤਾਂ ਦੇ ਘਰ ਸਾੜ ਦਿੱਤੇ ਜਾਂਦੇ ਹਨ। 
ਪਰ ਇਨ੍ਹਾਂ ਸਾਰੀਆਂ ਊਣਤਾਈਆਂ ਵੱਲ ਸਾਡੇ ਰਾਜਨੇਤਾਵਾਂ ਦਾ ਧਿਆਨ ਕਿਉਂ ਜਾਵੇਗਾ? ਦਲਿਤਾਂ ਦਾ ਮਿਆਰ ਉਤਾਂਹ ਚੁੱਕਣ ਬਾਰੇ ਸੋਚਣ ਦੀ ਫੁਰਸਤ ਤਾਂ ਉਨ੍ਹਾਂ ਨੂੰ ਉਦੋਂ ਮਿਲੇਗੀ, ਜਦੋਂ ਉਨ੍ਹਾਂ ਨੂੰ ਆਪਣਾ ਮਿਆਰ ਉਤਾਂਹ ਚੁੱਕਣ ਦੀਆਂ ਯੋਜਨਾਵਾਂ ਤੋਂ ਫੁਰਸਤ ਮਿਲੇ। ਡਾ. ਅੰਬੇਡਕਰ ਵਰਗੇ ਮਹਾਪੁਰਸ਼ਾਂ ਨੂੰ ਸਿਰਫ ਪ੍ਰਤੀਕ ਬਣਾ ਦੇਣ ਨਾਲ ਕੰਮ ਨਹੀਂ ਚੱਲੇਗਾ। ਉਨ੍ਹਾਂ ਦੇ ਬੁੱਤਾਂ 'ਤੇ ਸਿਆਸਤ ਕਰਨ ਨਾਲ ਅਸੀਂ ਉਨ੍ਹਾਂ ਦੇ ਆਦਰਸ਼ਾਂ ਦੀ ਸੁਰੱਖਿਆ ਨਹੀਂ ਕਰ ਸਕਦੇ। 
ਜੇ ਅੱਜ ਡਾ. ਅੰਬੇਡਕਰ ਜ਼ਿੰਦਾ ਹੁੰਦੇ ਤਾਂ ਸ਼ਾਇਦ ਭਾਰਤ ਦੀ ਇਹ ਦਸ਼ਾ ਦੇਖ ਕੇ ਦੁਖੀ ਹੁੰਦੇ। ਕੀ ਉਨ੍ਹਾਂ ਨੇ ਇਸੇ ਭਾਰਤ ਦਾ ਸੁਪਨਾ ਦੇਖਿਆ ਸੀ? ਕੀ ਡਾ. ਅੰਬੇਡਕਰ ਇਹੋ ਚਾਹੁੰਦੇ ਸਨ? ਆਪਣੇ ਸੁਆਰਥ ਲਈ ਡਾ. ਅੰਬੇਡਕਰ ਵਰਗੇ ਮਹਾਪੁਰਸ਼ਾਂ ਦੇ ਨਾਂ ਦਾ ਇਸਤੇਮਾਲ ਕਰ ਕੇ ਅਸੀਂ ਕਿਹੜੇ ਭਾਰਤ ਦਾ ਨਿਰਮਾਣ ਕਰ ਰਹੇ ਹਾਂ? 


Related News