ਸੂਬਾ ਸਰਕਾਰ ਕੋਲ ਝੂਠ ਤੇ ਲਾਰਿਆਂ ਸਿਵਾਏ ਕੁੱਝ ਵੀ ਨਹੀਂ : ਕਮਲਜੀਤ ਚੱਕ

Thursday, Dec 04, 2025 - 05:56 PM (IST)

ਸੂਬਾ ਸਰਕਾਰ ਕੋਲ ਝੂਠ ਤੇ ਲਾਰਿਆਂ ਸਿਵਾਏ ਕੁੱਝ ਵੀ ਨਹੀਂ : ਕਮਲਜੀਤ ਚੱਕ

ਮਹਿਲ ਕਲਾਂ (ਲਕਸ਼ਦੀਪ ਗਿੱਲ) : ਪੰਜਾਬ ਸਰਕਾਰ ਕੋਲ ਝੂਠ ਤੇ ਲਾਰਿਆਂ ਸਿਵਾਏ ਕੁੱਝ ਵੀ ਨਹੀਂ ਹੈ ਅਤੇ ਹੁਣ ਲੋਕ ਚਾਰ ਸਾਲ ਤੋਂ ਕੀਤੇ ਗਏ ਵਾਅਦਿਆਂ ਤੇ ਐਲਾਨਾਂ ਨੂੰ ਦੇਖਦੇ ਦੇਖਦੇ ਅੱਕ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਲੋਕ ਮਿਲਣੀਆਂ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਹੋ ਰਹੀਆਂ ਵੱਡੀਆਂ ਵਾਰਦਾਤਾਂ ਮਾੜੇ ਅਨਸਰਾਂ ਵੱਲੋਂ ਸ਼ਰੇਆਮ ਕੀਤੇ ਜਾ ਰਹੇ ਕਤਲ, ਡਕੈਤੀ,ਚੋਰੀ ਦੀਆਂ ਘਟਨਾਵਾਂ ਰੁਕਣ ਦੀ ਥਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੂਬੇ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਪੰਜਾਬ ਵਿਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ। 

ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਲੋਕਾਂ ਨੂੰ ਚੁਟਕਲੇ ਸੁਣਾ ਅਤੇ ਵਿਰੋਧੀ ਪਾਰਟੀਆਂ ਨੂੰ ਭੰਡ ਕੇ ਸਰਕਾਰ ਤਾਂ ਬਣਾ ਲਈ ਪਰ ਸ਼ਾਇਦ ਮੁੱਖ ਮੰਤਰੀ ਇਹ ਭੁੱਲ ਗਏ ਹਨ ਕਿ ਚੁਟਕਲਿਆਂ ਦੇ ਨਾਲ ਨਾ ਤਾਂ ਘਰਾਂ ਦੇ ਚੁੱਲੇ ਚੱਲਦੇ ਹਨ ਨਾ ਹੀ ਲੋਕਾਂ ਦੇ ਢਿੱਡ ਭਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਸ਼ਾਨ ਨਾਲ ਲੈ ਕੇ ਆਉਣਗੇ।


author

Gurminder Singh

Content Editor

Related News