ਪਿੰਡ ਭੱਟੀਵਾਲ ਕਲਾਂ ਵਿਖੇ ਸਰਪੰਚ ਦੇ ਖੇਤਾਂ ''ਚ ਲੱਗੀ ਅੱਗ, 9 ਤੋਂ 10 ਏਕੜ ਨਾੜ ਸੜ ਕੇ ਸੁਆਹ
Thursday, Apr 17, 2025 - 01:46 PM (IST)

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਭੱਟੀਵਾਲ ਕਲਾਂ ਵਿਖੇ ਅੱਜ ਸਵੇਰੇ ਪਿੰਡ ਦੇ ਮੌਜੂਦਾ ਸਰਪੰਚ ਦੇ ਖੇਤ ਵਿਚ ਕਣਕ ਦੀ ਤੂੜੀ ਬਣਾਉਣ ਯੋਗ ਨਾੜ ਨੂੰ ਅੱਗ ਲੱਗ ਜਾਣ ਕਾਰਨ 9 ਤੋਂ 10 ਏਕੜ ਨਾੜ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਮੌਜੂਦਾ ਸਰਪੰਚ ਬਿਕਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਕਰੀਬ ਪੌਣੇ ਪੰਜ ਵਜੇ ਉਨ੍ਹਾਂ ਦੇ ਖੇਤ ਵਿਚ ਤੂੜੀ ਬਣਾਉਣ ਯੋਗ ਨਾੜ ਨੂੰ ਅਚਾਨਕ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਇਹ ਅੱਗ ਪੂਰੇ ਖੇਤ ਵਿਚ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਸਦਾ ਭਰਾ ਖੇਤਾਂ ਵੱਲ ਸੈਰ ਕਰਨ ਲਈ ਗਿਆ ਤਾਂ ਉਸ ਨੇ ਆਪਣੇ ਖੇਤ ਵਿਚ ਅੱਗ ਲੱਗੀ ਦੇਖੀ ਤਾਂ ਉਸ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤੇ ਨਾਲ ਹੀ ਇਸ ਸਬੰਧੀ ਪਿੰਡ ਦੇ ਗੁਰੂ ਘਰ ਰਾਹੀਂ ਅਨਾਊਂਸਮੈਂਟ ਵੀ ਕਰਵਾਈ ਗਈ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਮੌਕੇ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਅੱਗ ਉੱਪਰ ਕਾਬੂ ਪਾਉਣ ਲਈ ਪੂਰੇ ਯਤਨ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ ਵਿਚ ਉਸਦੀ 9 ਤੋਂ 10 ਏਕੜ ਨਾੜ ਸੜ ਕੇ ਸੁਆਹ ਹੋ ਜਾਣ ਕਾਰਨ ਉਸਦਾ 70 ਤੋਂ 80 ਹਜ਼ਾਰ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਖੇਤ ਵਿਚੋਂ ਲੰਘਦੀ ਇਕ ਬਿਜਲੀ ਸਪਲਾਈ ਵਾਲੀ ਲਾਈਨ ਦੀ ਤਾਰ ਟੁੱਟ ਕੇ ਉਨ੍ਹਾਂ ਦੇ ਖੇਤ ਵਿਚ ਡਿੱਗ ਜਾਣ ਕਾਰਨ ਕਥਿਤ ਤੌਰ 'ਤੇ ਇਹ ਅੱਗ ਦੀ ਘਟਨਾ ਵਾਪਰੀ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਪਾਵਰਕਾਮ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ 'ਤੇ ਪਹੁੰਚੀ ਪਾਵਰਕਾਮ ਵਿਭਾਗ ਦੇ ਕਰਮਚਾਰੀਆਂ ਦੀ ਟੀਮ ਵੱਲੋਂ ਇਸ ਤਾਰ ਨੂੰ ਮੁੜ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਦੇ ਪਹੁੰਚਣ ਤੋਂ ਪਹਿਲਾਂ ਪਿੰਡ ਵਾਸੀਆਂ ਵੱਲੋਂ ਅੱਗ ਉੱਪਰ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਲਈ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।