ਪੁਲਸ ਮੁਲਾਜ਼ਮ ’ਤੇ ਫਾਇਰਿੰਗ ਕਰਨ ਦੇ ਮਾਮਲੇ ’ਚ 2 ਵਿਰੁੱਧ ਕੇਸ ਦਰਜ
Friday, Nov 16, 2018 - 02:52 PM (IST)

ਸੰਗਰੂਰ (ਬੇਦੀ, ਹਰਜਿੰਦਰ)- ਬੀਤੇ ਦਿਨ ਦੇਰ ਰਾਤ ਸਥਾਨਕ ਕਿਲਾ ਮਾਰਕੀਟ ’ਚ ਅਚਾਨਕ ਕੁਝ ਵਿਅਕਤੀਆਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ’ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਖਮੀ ਵਿਅਕਤੀ ਪੰਜਾਬ ਪੁਲਸ ਦਾ ਹੀ ਕਾਂਸਟੇਬਲ ਦੱਸਿਆ ਜਾ ਰਿਹਾ ਹੈ ਜੋ ਕਿ ਜ਼ਿਲਾ ਪ੍ਰੀਸ਼ਦ ’ਚ ਗਾਰਡ ਵਜੋਂ ਤਾਇਨਾਤ ਹੈ, ਜਿਸ ਦੇ ਬਿਆਨ ’ਤੇ ਸੰਦੀਪ ਉਰਫ਼ ਮੇਂਟਲ ਤੇ ਕਰਮ ਸੁਖਬੀਰ ਸਿੰਘ ਲਹਿਲ ਦੋ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਹਮਲੇ ਦਾ ਕਾਰਨ ਮਾਮੂਲੀ ਦੁਸ਼ਮਣੀ ਦੱਸਿਆ ਜਾ ਰਿਹਾ ਹੈ ਜੋ ਕਿ ਮਾਮੂਲੀ ਤਕਰਾਰ ਤੋਂ ਸ਼ੁਰੂ ਹੋ ਕਿ ਗੋਲੀਬਾਰੀ ’ਤੇ ਉਤਰ ਆਈ। ਪੁਲਸ ਅਨੁਸਾਰ ਸੰਦੀਪ ’ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਲਡ਼ਾਈ ਝਗਡ਼ਿਆਂ ਦੇ ਮਾਮਲੇ ਦਰਜ ਹਨ। ਜਦ ਕਿ ਦੂਸਰਾ ਦੋਸ਼ੀ ਕਰਮ ਸੁਖਬੀਰ ਸਿੰਘ ਲਹਿਲ ’ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਜ਼ਖਮੀ ਵਿਅਕਤੀ ਨੂੰ ਪਟਿਆਲਾ ਵਿਖੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ ਸੀ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕਿ ਸ਼ਹਿਰ ’ਚ ਸਹਿਮ ਦਾ ਮਾਹੌਲ ਹੈ ਕਿਉਂਕਿ ਘਟਨਾ ਥਾਣੇ ਤੋਂ ਕੁੱਝ ਮੀਟਰ ਦੀ ਦੂਰੀ ’ਤੇ ਹੋਈ ਹੈ।