ਰੂੜੇਕੇ ਕਲਾਂ ਪੁਲਸ ਵੱਲੋਂ ਭਾਰੀ ਮਾਤਰਾ ''ਚ ਦੇਸੀ ਸ਼ਰਾਬ ਬਰਾਮਦ, ਔਰਤ ਗ੍ਰਿਫ਼ਤਾਰ
Friday, May 02, 2025 - 06:21 PM (IST)

ਬਰਨਾਲਾ (ਵਿਵੇਕ ਸਿੰਧਵਾਨੀ) : ਸੀਆਈਏ ਬਰਨਾਲਾ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਇਕ ਔਰਤ ਨੂੰ ਭਾਰੀ ਮਾਤਰਾ ਵਿਚ ਦੇਸੀ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਥਾਣੇਦਾਰ ਸੁਖਚੈਨ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਹੰਡਿਆਇਆ ਤੋਂ ਗੁਰਦੁਆਰਾ ਅੜੀਸਰ ਸਾਹਿਬ ਵਾਲੇ ਰਸਤੇ ਪਿੰਡ ਧੋਲਾ ਵੱਲ ਜਾ ਰਹੀ ਸੀ। ਇਸ ਦੌਰਾਨ ਜਦੋਂ ਪੁਲਸ ਪਾਰਟੀ ਪੁੱਲ ਡਰੇਨ ਨੇੜੇ ਪਹੁੰਚੀ ਤਾਂ ਉਨ੍ਹਾਂ ਨੇ ਖੱਬੇ ਹੱਥ ਪਿੰਡ ਧੋਲਾ ਵਾਲੀ ਪੱਟੜੀ 'ਤੇ ਟ੍ਰਾਈਡੈਂਟ ਫੈਕਟਰੀ ਵਾਲੇ ਪਾਸੇ ਤੋਂ ਇਕ ਔਰਤ ਨੂੰ ਸਿਰ 'ਤੇ ਭਾਰੀ ਕੈਨੀ ਚੁੱਕੀ ਆਉਂਦੇ ਦੇਖਿਆ। ਪੁਲਸ ਦੀ ਗੱਡੀ ਦੇਖ ਕੇ ਔਰਤ ਘਬਰਾ ਗਈ, ਜਿਸ 'ਤੇ ਸ਼ੱਕ ਪੈਣ 'ਤੇ ਮਨ ASI ਨੇ ਸੀਨੀਅਰ ਮਹਿਲਾ ਸਿਪਾਹੀ ਦੀ ਮਦਦ ਨਾਲ ਉਕਤ ਔਰਤ ਨੂੰ ਕਾਬੂ ਕਰ ਲਿਆ।
ਪੁਲਸ ਨੇ ਜਦੋਂ ਔਰਤ ਦੇ ਸਿਰ 'ਤੇ ਚੁੱਕੀ ਕੈਨੀ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਦੇਸੀ ਸ਼ਰਾਬ ਬਰਾਮਦ ਹੋਈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਖਿਲਾਫ ਥਾਣਾ ਰੂੜੇਕੇ ਕਲਾਂ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਔਰਤ ਇਹ ਸ਼ਰਾਬ ਕਿੱਥੋਂ ਲੈ ਕੇ ਆ ਰਹੀ ਸੀ ਅਤੇ ਇਸ ਵਿਚ ਹੋਰ ਕੌਣ ਸ਼ਾਮਲ ਹੈ। ਗ੍ਰਿਫ਼ਤਾਰ ਕੀਤੀ ਗਈ ਔਰਤ ਤੋਂ ਪੁੱਛਗਿੱਛ ਜਾਰੀ ਹੈ।