ਸੜਕ ਹਾਦਸੇ ’ਚ 29 ਸਾਲਾ ਨੌਜਵਾਨ ਦੀ ਮੌਤ

Friday, Sep 04, 2026 - 04:22 PM (IST)

ਸੜਕ ਹਾਦਸੇ ’ਚ 29 ਸਾਲਾ ਨੌਜਵਾਨ ਦੀ ਮੌਤ

‎ਮਹਿਲ ਕਲਾਂ (ਹਮੀਦੀ) : ਪਿੰਡ ਮਨਾਲ ਤੋਂ ਕੁਰੜ ਨੂੰ ਜਾਂਦੀ ਸੜਕ ’ਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ ’ਚ ਕਾਰ ਸਵਾਰ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਹਾਦਸੇ ’ਚ ਗੰਭੀਰ ਜ਼ਖਮੀ ਹੋਏ 29 ਸਾਲਾ ਨੌਜਵਾਨ ਜਸਕਮਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਗੰਗੋਹਰ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦਕਿ ਉਸ ਦੇ ਨਾਲ ਸਵਾਰ ਪਰਮਜੀਤ ਸਿੰਘ ਵਾਸੀ ਗੰਗੋਹਰ ਦਾ ਰਾਏਕੋਟ ਦੇ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਠੁੱਲੀਵਾਲ ਦੇ ਤਫਤੀਸ਼ੀ ਅਫਸਰ ਗੁਰਨਾਮ ਸਿੰਘ ਚੌਹਾਨਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਕਮਲ ਸਿੰਘ ਤੇ ਪਰਮਜੀਤ ਸਿੰਘ ਬੀਤੀ ਰਾਤ ਕਰੀਬ ਸਾਢੇ 8 ਵਜੇ ਆਪਣੀ ਕਾਰ ’ਚ ਸਵਾਰ ਹੋ ਕੇ ਪਿੰਡ ਗੰਗੋਹਰ ਤੋਂ ਪਿੰਡ ਬਾਪਲਾ ਵਿਖੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ ਜਦੋਂ ਉਹ ਪਿੰਡ ਮਨਾਲ ਤੋਂ ਕੁਰੜ ਨੂੰ ਜਾਂਦੀ ਸੜਕ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਕਿਸੇ ਵਾਹਨ ਦੀਆਂ ਲਾਈਟਾਂ ਪੈਣ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਕੰਢੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਕਾਰ ’ਚ ਸਵਾਰ ਦੋਵੇਂ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਨੂੰ ਇਲਾਜ ਲਈ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ। ਜਸਕਮਲ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਤਫਤੀਸ਼ੀ ਅਫਸਰ ਨੇ ਦੱਸਿਆ ਕਿ ਮ੍ਰਿਤਕ ਜਸਕਮਲ ਸਿੰਘ ਦੇ ਪਿਤਾ ਕੁਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਠੁੱਲੀਵਾਲ ਵਿਖੇ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕੀਤੇ ਜਾਣ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News