ਮਜ਼ਦੂਰ ਔਰਤ ਨਾਲ ਜਬਰ-ਜ਼ਨਾਹ ਦਾ ਮਾਮਲਾ ਪੁੱਜਾ ਐੱਸ. ਸੀ. ਕਮਿਸ਼ਨ ਦੇ ਦਰਬਾਰ

Monday, Sep 12, 2022 - 04:59 PM (IST)

ਮਜ਼ਦੂਰ ਔਰਤ ਨਾਲ ਜਬਰ-ਜ਼ਨਾਹ ਦਾ ਮਾਮਲਾ ਪੁੱਜਾ ਐੱਸ. ਸੀ. ਕਮਿਸ਼ਨ ਦੇ ਦਰਬਾਰ

ਸੰਗਰੂਰ (ਸਿੰਗਲਾ) : ਬਠਿੰਡਾ - ਡੱਬਵਾਲੀ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਗਹਿਰੀ ਬੁੱਟਰ ਦੀ ਇੰਟਰ ਲਾਕਿੰਗ ਟਾਈਲਾਂ ਦੀ ਫੈਕਟਰੀ 'ਚ ਮਜ਼ਦੂਰੀ ਦਾ ਕੰਮ ਕਰਦੀ ਔਰਤ ਨਾਲ ਇੱਕ ਵਿਅਕਤੀ ਵੱਲੋਂ ਕਥਿਤ ਜ਼ਬਰ-ਜ਼ਿਨਾਹ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਰਬਾਰ ਪੁੱਜ ਗਿਆ ਹੈ । ਜਿਸ ਸੰਬੰਧੀ ਭਾਰਤੀ ਅੰਬੇਡਕਰ ਮਿਸ਼ਨ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਬੱਲੂਆਣਾ ਦੀ ਅਗਵਾਈ ਹੇਠ ਜ਼ਿਲ੍ਹਾ ਟੀਮ ਵੱਲੋਂ ਉਕਤ ਮਾਮਲੇ ਨੂੰ ਲੈ ਕਿ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦੇ ਕਿ ਵਿਅਕਤੀ ਅਤੇ ਕਥਿਤ ਗਰਭਪਾਤ ਕਰਨ ਵਾਲੇ ਬਠਿੰਡਾ ਦੇ ਇੱਕ ਬੱਚਿਆਂ ਦੇ ਨਿੱਜੀ ਹਸਪਤਾਲ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਜਾਣਕਾਰੀ ਦਿੰਦਿਆਂ ਜਰਨੈਲ ਸਿੰਘ ਬੱਲੂਆਣਾ ਤੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਰੁਪਿੰਦਰ ਸਿੰਘ ਕੋਟਫੱਤਾ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕਿ ਭਾਰਤੀਆਂ ਅੰਬੇਡਕਰ ਮਿਸ਼ਨ ਦੀ ਜ਼ਿਲ੍ਹਾ ਟੀਮ ਵੱਲੋਂ ਪੀੜਤ ਮਜ਼ਦੂਰ ਔਰਤ ਨੂੰ ਇੰਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੀੜਤ ਮਜ਼ਦੂਰ ਔਰਤ ਨਾਲ ਚਟਾਨ ਵਾਂਗ ਖੜੇ ਹਨ ਕੋਈ ਵੀ ਸੰਘਰਸ਼ ਕਰਨ ਤੋ ਪਿੱਛੇ ਨਹੀਂ ਹਟਣਗੇ। ਇਸ ਸਬੰਧੀ ਗੱਲ ਕਰਦਿਆਂ ਐੱਸ.ਸੀ. ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ ਨੇ ਕਿਹਾ ਕਿ ਪਿੰਡ ਗਹਿਰੀ ਬੁੱਟਰ ਦੀ ਇੰਟਰ ਲਾਕਿੰਗ ਟਾਈਲਾਂ ਦੀ ਫੈਕਟਰੀ ਵਿੱਚ ਕੰਮ ਕਰਨ ਵਾਲੀ ਮਜ਼ਦੂਰ ਔਰਤ ਨਾਲ ਹੋਏ ਕਥਿਤ ਜ਼ਬਰ ਜ਼ਿਨਾਹ ਸਬੰਧੀ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ। ਜਿਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਉਨ੍ਹਾਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ । ਸ਼ਿਕਾਇਤ ਵਿੱਚ ਵਿਅਕਤੀ ਦੇ ਨਾਲ-ਨਾਲ ਪੀੜਤ ਮਜ਼ਦੂਰ ਔਰਤ ਦੀ ਮਨਾਹੀ ਦੇ ਬਾਵਜੂਦ ਬਠਿੰਡਾ ਵਿਖੇ ਇੱਕ ਬੱਚਿਆਂ ਦੇ ਨਿੱਜੀ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਕਥਿਤ ਗਰਭਪਾਤ ਕਰਨ ਦਾ ਜੋ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ । ਜੇਕਰ ਇਸ ਵਿੱਚ ਕਿਸੇ ਵੀ ਅਧਿਕਾਰੀ ਨੇ ਪੀੜਤ ਔਰਤ ਨੂੰ ਇੰਨਸਾਫ਼ ਦੇਣ ਵਿੱਚ ਕੋਈ ਕੁਤਾਹੀ ਵਰਤੀ ਤਾਂ ਉਸ ਵਿਰੁੱਧ ਵੀ ਐਸ ਸੀ/ਐਸ ਟੀ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News