ਬਰਨਾਲਾ ''ਚ PRTC ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਕੀਤਾ ਚੱਕਾ ਜਾਮ, ਖੱਜਲ-ਖੁਆਰ ਹੋਈਆਂ ਔਰਤਾਂ

06/17/2023 2:03:03 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਬੱਸ ਸਟੈਂਡ ’ਚ ਬੀਤੇ ਦਿਨ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਪੀ.ਆਰ.ਟੀ.ਸੀ. ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਬੱਸ ਸਟੈਂਡ ਦਾ ਗੇਟ ਲਾ ਕੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ ਕਰ ਕੇ ਧਰਨਾ ਲਾ ਦਿੱਤਾ। ਡਰਾਈਵਰ ਅਤੇ ਕੰਡਕਟਰਾਂ ਵੱਲੋਂ ਧਰਨਾ ਲਾਉਣ ’ਤੇ ਥਾਣਾ ਸਿਟੀ ਵਨ ਦੇ ਇੰਚਾਰਜ ਬਲਜੀਤ ਸਿੰਘ, ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਅਤੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਭਾਰੀ ਫੋਰਸ ਲੈ ਕੇ ਬੱਸ ਸਟੈਂਡ ਪਹੁੰਚ ਗਏ। ਥਾਣਾ ਸਿਟੀ ਵਨ ਦੇ ਇੰਚਾਰਜ ਬਲਜੀਤ ਸਿੰਘ ਨੇ ਅਨਾਊਂਸਮੈਂਟ ਕਰ ਕੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਚਿਤਾਵਨੀ ਦਿੱਤੀ ਕਿ ਤੁਹਾਡਾ ਧਰਨਾ ਕਾਨੂੰਨ ਦੇ ਵਿਰੁੱਧ ਹੈ, ਤੁਸੀਂ ਦੋ ਮਿੰਟਾਂ ਦੇ ਅੰਦਰ-ਅੰਦਰ ਆਪਣਾ ਧਰਨਾ ਚੁੱਕ ਲਵੋ, ਨਹੀਂ ਤਾਂ ਸਾਡੇ ਵੱਲੋਂ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਉਪਰੰਤ ਪੁਲਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਅਤੇ ਬੱਸ ਸਟੈਂਡ ਦਾ ਗੇਟ ਖੋਲ੍ਹ ਦਿੱਤਾ। ਗੇਟ ਖੋਲ੍ਹਣ ਤੋਂ ਬਾਅਦ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਤਾਂ ਸ਼ੁਰੂ ਹੋ ਗਈ ਪਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ ਪਰ ਪੁਲਸ ਨੇ ਹਿਰਾਸਤ ਲੈਣ ਦੇ ਮਾਮਲੇ ਦੇ ਸਵਾਲ ’ਚ ਗੋਲਮੋਲ ਜਵਾਬ ਦਿੱਤਾ ਅਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। 

ਇਹ ਵੀ ਪੜ੍ਹੋ- ਵਿਦੇਸ਼ ਜਾਣ ਲਈ ਲੱਖਾਂ ਰੁਪਏ ਲੈ ਕੇ ਮੁੱਕਰੀ ਕੁੜੀ, ਮੁੰਡੇ ਨੇ ਕੀਤਾ ਉਹ ਜੋ ਕਿਸੇ ਸੋਚਿਆ ਨਾ ਸੀ

ਇਸ ਮੌਕੇ ਗੱਲਬਾਤ ਕਰਦਿਆਂ ਪੀ. ਆਰ. ਟੀ. ਸੀ. ਦੇ ਆਗੂਆਂ ਨੇ ਕਿਹਾ ਕਿ ਸਾਡੀ ਬੱਸ ਅਤੇ ਕੰਡਕਟਰਾਂ ਦੀ ਕੋਈ ਵੀ ਸੁਰੱਖਿਆ ਨਹੀਂ। ਬੀਤੇ ਦਿਨੀਂ ਸ਼ਰਾਰਤੀ ਅਨਸਰਾਂ ਨੇ ਸਾਡੇ ਦੋ ਕਰਮਚਾਰੀਆਂ ਨੂੰ ਕੁੱਟ ਦਿੱਤਾ, ਜੋ ਜ਼ੇਰੇ ਇਲਾਜ ਸਿਵਲ ਹਸਪਤਾਲ ’ਚ ਪਏ ਹਨ। ਇਸ ਦੇ ਬਾਵਜੂਦ ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਰੋਸ ਵਜੋਂ ਸਾਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ। ਜਦੋਂ ਇਸ ਸਬੰਧ ’ਚ ਥਾਣਾ ਸਿਟੀ ਵਨ ਦੇ ਇੰਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਡਾਕਟਰਾਂ ਦੀ ਰਿਪੋਰਟ ਸਾਡੇ ਕੋਲ ਨਹੀਂ ਪਹੁੰਚੀ। ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਸਾਡੇ ਵੱਲੋਂ ਜਾਂਚ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਫਿਰ ਵੀ ਅਸੀਂ ਇਸ ਮਾਮਲੇ ’ਚ ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਸਾਰੀ ਰਾਤ ਕੂੜਾ ਫਰੋਲਣ ਮਗਰੋਂ ਹੱਥ ਲੱਗਾ ਇਕ ਕਰੋੜ, ਪਲਾਂ 'ਚ ਬਦਲੀ ਮਾਨਸਾ ਦੇ ਇਸ ਸ਼ਖ਼ਸ ਦੀ ਕਿਸਮਤ

ਹੜਤਾਲ ਕਾਰਨ ਔਰਤਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਿਲਾਂ ਦਾ ਸਾਹਮਣਾ

ਪੀ. ਆਰ. ਟੀ. ਸੀ. ਦੀਆਂ ਬੱਸਾਂ ਦੀ ਹੜਤਾਲ ਕਾਰਨ ਹਜ਼ਾਰਾਂ ਸਵਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰ ਕੇ ਔਰਤਾਂ ਨੂੰ ਕਿਉਂਕਿ ਪੀ. ਆਰ. ਟੀ. ਸੀ. ਦੀਆਂ ਬੱਸਾਂ ’ਚ ਫਰੀ ਸਫ਼ਰ ਹੈ। ਜ਼ਿਆਦਾਤਰ ਔਰਤਾਂ ਪੀ. ਆਰ. ਟੀ. ਸੀ. ਦੀਆਂ ਬੱਸਾਂ ’ਚ ਹੀ ਸਫ਼ਰ ਕਰਦੀਆਂ ਹਨ। ਔਰਤਾਂ ਨੂੰ ਭਿਆਨਕ ਗਰਮੀ ’ਚ ਬੱਸ ਸਟੈਂਡ ’ਚ ਖੜ੍ਹਣ ਲਈ ਮਜਬੂਰ ਹੋਣਾ ਪਿਆ। ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਫਿਰ ਦੁਪਹਿਰ ਬਾਅਦ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਨੇ ਆਪਣੀ ਹੜਤਾਲ ਵਾਪਸ ਲਈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News