ਹੁਣ ਬਰਨਾਲਾ ਏਅਰ ਫ਼ੋਰਸ ਸਟੇਸ਼ਨ ਨੇੜੇ ਹੋਇਆ ਧਮਾਕਾ, ਦੂਰ-ਦੂਰ ਤੱਕ ਸੁਣੀ ਆਵਾਜ਼
Saturday, May 10, 2025 - 09:01 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਭਾਰਤ ਪਾਕਿ ਵਿਚਾਲੇ ਬਣੀ ਜੰਗ ਵਾਲੀ ਸਥਿਤੀ ਦਰਮਿਆਨ ਭਾਰਤ ਦੇ ਕਈ ਸ਼ਹਿਰ ਪਾਕਿਸਤਾਨੀ ਡਰੋਨਾਂ ਦੇ ਨਿਸ਼ਾਨੇ 'ਤੇ ਬਣੇ ਹੋਏ ਹਨ। ਪਿਛਲੇ 3 ਦਿਨਾਂ ਤੋਂ ਪਾਕਿਸਤਾਨ ਵੱਲੋਂ ਲਗਾਤਾਰ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਭਾਰਤੀ ਫ਼ੌਜ ਵੱਲੋਂ ਬੁਰੀ ਤਰ੍ਹਾਂ ਨਾਕਾਮ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਅੱਜ ਸਵੇਰੇ ਕਰੀਬ 8 ਵਜੇ ਬਰਨਾਲਾ ਸ਼ਹਿਰ ਵਿੱਚ ਇੱਕ ਵੱਡੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਸ਼ਹਿਰ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਸੋਸ਼ਲ ਮੀਡੀਆ 'ਤੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ। ਸੂਤਰਾਂ ਅਨੁਸਾਰ ਇਹ ਧਮਾਕਾ ਏਅਰ ਫੋਰਸ ਸਟੇਸ਼ਨ ਡਿਗਰੀ ਦੇ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ।
ਕੁਝ ਲੋਕ ਇਸ ਨੂੰ ਮੌਕ ਡਰਿੱਲ ਦੱਸ ਰਹੇ ਹਨ ਅਤੇ ਕੁਝ ਅਸਲ ਵਿੱਚ ਹੋਇਆ ਧਮਾਕਾ ਦੱਸ ਰਹੇ ਹਨ। ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਅਤੇ ਐੱਸ.ਐੱਸ.ਪੀ. ਮੁਹੰਮਦ ਸਰਫਰਾਜ਼ ਆਲਮ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਘਟਨਾ ਦੀ ਜਾਣਕਾਰੀ ਲੈ ਰਿਹਾ ਹੈ ਅਤੇ ਜਲਦੀ ਹੀ ਵੇਰਵੇ ਦੱਸੇ ਜਾਣਗੇ। ਠੀਕਰੀਵਾਲ ਅਤੇ ਨੇੜੇ ਦੇ ਪਿੰਡਾਂ ਵਿੱਚ ਧਮਾਕੇ ਦੀ ਬਹੁਤ ਜ਼ਬਰਦਸਤ ਆਵਾਜ਼ ਸੁਣਾਈ ਦਿੱਤੀ ਹੈ।
ਦੂਜੇ ਪਾਸੇ ਏਅਰ ਫੋਰਸ ਸਟੇਸ਼ਨ ਤੋਂ ਪ੍ਰਾਈਵੇਟ ਹਸਪਤਾਲਾਂ ਅਤੇ ਸਿਵਲ ਹਸਪਤਾਲਾਂ ਦੀਆਂ ਐਂਬੂਲੈਂਸਾਂ ਨੂੰ ਫੌਰੀ ਤੌਰ 'ਤੇ ਏਅਰਫੋਰਸ ਵਿਖੇ ਪਹੁੰਚਣ ਲਈ ਕਿਹਾ ਗਿਆ ਹੈ। ਐੱਸ.ਐੱਮ.ਓ. ਬਰਨਾਲਾ ਡਾਕਟਰ ਜੋਤੀ ਕੌਸ਼ਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਐਂਬੂਲੈਂਸਾਂ ਤੁਰੰਤ ਏਅਰਫੋਰਸ ਵਿਖੇ ਬੁਲਾਈਆਂ ਗਈਆਂ ਹਨ।
ਇਹ ਵੀ ਪੜ੍ਹੋ- 'ਹਰ ਐਮਰਜੈਂਸੀ ਲਈ ਰਹੋ ਤਿਆਰ...' ; ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਜਾਰੀ ਕਰ'ਤੇ ਨਿਰਦੇਸ਼
ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਇੱਕ ਦੂਜੇ ਤੋਂ ਜਾਣਕਾਰੀ ਲੈਣ ਲੱਗੇ। ਸੋਸ਼ਲ ਮੀਡੀਆ 'ਤੇ ਵੀ ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੁਝ ਲੋਕ ਇਸ ਨੂੰ ਕਿਸੇ ਤਰ੍ਹਾਂ ਦਾ ਹਾਦਸਾ ਦੱਸ ਰਹੇ ਹਨ, ਜਦਕਿ ਕੁਝ ਇਸ ਨੂੰ ਸੁਰੱਖਿਆ ਨਾਲ ਜੁੜਿਆ ਮਾਮਲਾ ਮੰਨ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਲਦੀ ਹੀ ਇਸ ਘਟਨਾ ਸਬੰਧੀ ਸਹੀ ਜਾਣਕਾਰੀ ਸਾਂਝੀ ਕਰੇਗਾ। ਇਸ ਘਟਨਾ ਤੋਂ ਬਾਅਦ ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਕਿਸੇ ਨੂੰ ਵੀ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਧਮਾਕੇ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਹੈ। ਸਾਰੇ ਹੀ ਇਸ ਘਟਨਾ ਦੀ ਅਸਲ ਵਜ੍ਹਾ ਜਾਣਨਾ ਚਾਹੁੰਦੇ ਹਨ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਧਿਕਾਰਤ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਜ਼ੋਰਦਾਰ ਆਵਾਜ਼ ਸੁਣੀ ਅਤੇ ਕੁਝ ਸਮੇਂ ਲਈ ਧਰਤੀ ਵੀ ਕੰਬਦੀ ਮਹਿਸੂਸ ਹੋਈ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਆਵਾਜ਼ ਏਅਰ ਫੋਰਸ ਸਟੇਸ਼ਨ ਵੱਲੋਂ ਆਈ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਏਅਰ ਫੋਰਸ ਸਟੇਸ਼ਨ ਤੋਂ ਆਉਣ ਵਾਲੀ ਅਧਿਕਾਰਤ ਜਾਣਕਾਰੀ 'ਤੇ ਟਿਕੀਆਂ ਹੋਈਆਂ ਹਨ। ਇਹ ਦੇਖਣਾ ਹੋਵੇਗਾ ਕਿ ਇਹ ਧਮਾਕਾ ਕਿਸ ਕਾਰਨ ਹੋਇਆ।
ਇਹ ਵੀ ਪੜ੍ਹੋ- ਭਾਰਤ ਦਾ ਪਾਕਿਸਤਾਨ ਨੂੰ ਮੂੰਹਤੋੜ ਜਵਾਬ, ਏਅਰਬੇਸ ਮਗਰੋਂ ਡਰੋਨ ਲਾਂਚਪੈਡ ਵੀ ਕੀਤਾ ਤਬਾਹ, ਵੀਡੀਓ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e