ਦਵਾਈਆਂ ਦੀ ਘਾਟ ਕਾਰਨ ਐੱਚ.ਆਈ.ਵੀ. ਪੀੜਤ ਮਰੀਜ਼ ਹੋ ਰਹੇ ਹਨ ਖੱਜਲ-ਖੁਆਰ

08/27/2022 1:56:43 PM

ਧੂਰੀ (ਜੈਨ) : ਇਕ ਪਾਸੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਐੱਚ.ਆਈ.ਵੀ./ਏਡਜ਼ ਜਿਹੀ ਗੰਭੀਰ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਏ.ਆਰ.ਟੀ. ਸੈਂਟਰਾਂ ਤੋਂ ਤਿੰਨ ਮਹੀਨੇ ਦੀ ਬਜਾਏ ਸਿਰਫ਼ ਇਕ ਮਹੀਨੇ ਦੀ ਦਵਾਈ ਮਿਲਣ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਬੀਮਾਰੀ ਤੋਂ ਪੀੜਤ ਇਕ ਮਰੀਜ਼ ਨੇ ਦੱਸਿਆ ਕਿ ਉਹ ਇਸ ਬੀਮਾਰੀ ਤੋਂ ਪਿਛਲੇ ਕਾਫ਼ੀ ਸਮੇਂ ਤੋਂ ਪ੍ਰਭਾਵਿਤ ਹੈ ਅਤੇ ਉਸਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਸਥਿਤ ਐਂਟੀ ਰੈਟਰੋਵਾਈਰਲ ਥੈਰੇਪੀ ਸੈਂਟਰ (ਏ.ਆਰ.ਟੀ ਸੈਂਟਰ) ’ਚ ਚੱਲ ਰਿਹਾ ਹੈ।

ਉਸਨੇ ਦੱਸਿਆ ਕਿ ਮਰੀਜ਼ ਨੂੰ ਇਲਾਜ ਦੇ ਸ਼ੁਰੂਆਤੀ ਸਮੇਂ ਦੌਰਾਨ ਹਰੇਕ ਮਹੀਨੇ ਏ.ਆਰ.ਟੀ. ਸੈਂਟਰ ਤੋਂ ਦਵਾਈ ਲੈਣ ਜਾਣਾ ਪੈਂਦਾ ਹੈ, ਤਾਂ ਜੋ ਸਮੇਂ-ਸਮੇਂ ਸਿਰ ਸਿਹਤ ਜਾਂਚ ਅਤੇ ਦਿੱਤੀਆਂ ਜਾ ਰਹੀਆਂ ਦਵਾਈਆਂ ਦੇ ਪ੍ਰਭਾਵ ਬਾਰੇ ਮਾਹਿਰਾਂ ਦੀ ਰਾਏ ਲਈ ਜਾ ਸਕੇ ਪਰ ਇਕ ਸਾਲ ਬਾਅਦ ਸਿਹਤ ਵਿਭਾਗ ਵੱਲੋਂ ਸਿਹਤ ਜਾਂਚ ਲਈ ਕੀਤੇ ਗਏ ਵੱਖ-ਵੱਖ ਟੈਂਸਟਾਂ ਦੀ ਰਿਪੋਰਟ ਸਹੀ ਆਉਣ ’ਤੇ ਮਰੀਜ਼ ਨੂੰ ਤਿੰਨ ਮਹੀਨੇ ਦੀ ਦਵਾਈ ਦਿੱਤੀ ਜਾਂਦੀ ਸੀ। ਹੁਣ ਪਿਛਲੇ ਦੋ ਮਹੀਨਿਆਂ ਤੋਂ ਏ.ਆਰ.ਟੀ. ਸੈਂਟਰ ’ਤੇ ਮੌਜੂਦ ਸਿਹਤ ਮੁਲਾਜ਼ਮਾਂ ਵੱਲੋਂ ਦਵਾਈ ਦੀ ਘਾਟ ਦਾ ਹਵਾਲਾ ਦਿੰਦਿਆਂ ਤਿੰਨ ਮਹੀਨੇ ਦੀ ਬਜਾਏ ਸਿਰਫ਼ ਇਕ ਮਹੀਨੇ ਦੀ ਹੀ ਦਵਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਦਵਾਈ ਲੈਣ ਲਈ ਹਰੇਕ ਮਹੀਨੇ ਪਟਿਆਲਾ ਜਾ ਕੇ ਖੱਜਲ-ਖੁਆਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਸ ਸਬੰਧੀ ਜਦੋਂ ਰਜਿੰਦਰਾ ਹਸਪਤਾਲ ਪਟਿਆਲਾ ਦੇ ਏ.ਆਰ.ਟੀ. ਸੈਂਟਰ ਦੇ ਨੋਡਲ ਅਫ਼ਸਰ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਜਦੋਂ ਇਸ ਬਾਰੇ ਸੰਗਰੂਰ ’ਚ ਕੁਝ ਹੀ ਸਮੇਂ ਪਹਿਲਾਂ ਖੁੱਲ੍ਹੇ ਏ.ਆਰ.ਟੀ. ਸੈਂਟਰ ਦੇ ਡਾ. ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਮਰੀਜ਼ ਦੀ ਰਜਿਸਟ੍ਰੇਸ਼ਨ ਸੰਗਰੂਰ ਸੈਂਟਰ ’ਚ ਹੋ ਜਾਵੇਗੀ ਅਤੇ ਮਰੀਜ਼ ਨੂੰ ਜ਼ਿਆਦਾ ਦੂਰ ਨਹੀਂ ਜਾਣਾ ਪਵੇਗਾ। ਜਦ ਉਨ੍ਹਾਂ ਤੋਂ ਤਿੰਨ ਮਹੀਨੇ ਦੀ ਬਜਾਏ ਇਕ ਮਹੀਨੇ ਦੀ ਦਵਾਈ ਦੇਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦਵਾਈ ਦੇ ਸਟਾਕ ਦੀ ਕਿੱਲਤ ਨੂੰ ਦੇਖਦੇ ਹੋਏ ਮਰੀਜ਼ ਨੂੰ ਤਿੰਨ ਦੀ ਬਜਾਏ ਇਕ ਮਹੀਨੇ ਦੀ ਦਵਾਈ ਦਿੱਤੀ ਜਾ ਰਹੀ ਹੈ।

ਇਸ ਸਬੰਧੀ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਾਰੇ ਤੱਥਾਂ ਦੀ ਜਾਣਕਾਰੀ ਲੈਣਗੇ ਅਤੇ ਉਸ ਤੋਂ ਉਪਰੰਤ ਸਾਰੀ ਸਥਿਤੀ ਦੀ ਸਮੀਖਿਆ ਕਰਨਗੇ।


Anuradha

Content Editor

Related News