ਕਿਸਾਨਾਂ ਵੱਲੋਂ ਐਕਸੀਅਨ ਨਹਿਰੀ ਵਿਭਾਗ ਦੇ ਦਫ਼ਤਰ ਦਾ ਘਿਰਾਓ, ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ

05/02/2022 3:19:33 PM

ਸੰਗਰੂਰ, 2 ਮਈ (ਵਿਜੈ ਕੁਮਾਰ ਸਿੰਗਲਾ): ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਕਿਸਾਨਾਂ ਵੱਲੋਂ ਸੰਗਰੂਰ ਦੇ ਐਕਸੀਅਨ ਨਹਿਰੀ ਵਿਭਾਗ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਧਰਨਾ ਦਿੱਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਐਕਸੀਅਨ ਸੰਗਰੂਰ ਨੂੰ ਮੰਗ ਪੱਤਰ ਸੌਂਪਿਆ ਗਿਆ। 

ਇਹ ਵੀ ਪੜ੍ਹੋ: ਮੁੜ ਚਰਚਾ 'ਚ ਮਾਈਨਿੰਗ ਦਾ ਮੁੱਦਾ, ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

ਅੱਜ ਦੇ ਰੋਸ ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਆਗੂ ਮੰਗਤ ਰਾਮ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟਰਿਆਣਾ ਨੇ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਕਣਕ ਦਾ ਝਾੜ ਘਟਣ ਕਾਰਨ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ ਉੱਪਰੋਂ ਬਿਜਲੀ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਦੀ ਮੱਕੀ ਦੀ ਫ਼ਸਲ, ਸਬਜ਼ੀਆਂ ਤੇ ਹਰਾ ਚਾਰਾ ਸੁੱਕ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਦੂਹਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ। ਪੰਜਾਬ ਸਰਕਾਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਤੇ ਧਿਆਨ ਨਹੀਂ ਦੇ ਰਹੀ ਇਸ ਕਰਕੇ ਕਿਸਾਨਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: 21 ਸਾਲਾ ਮੁੰਡੇ ਨਾਲ ਪ੍ਰੇਮ ਸੰਬੰਧਾਂ ਨੇ ਪਾਇਆ ਕਲੇਸ਼, 4 ਬੱਚਿਆਂ ਦੀ ਮਾਂ ਨੇ ਚੁੱਕਿਆ ਹੈਰਾਨ ਕਰਦਾ ਕਦਮ

ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਸੂਬਾ ਆਗੂ ਮੰਗਤ ਰਾਮ ਲੌਂਗੋਵਾਲ ਨੇ ਕਿਹਾ ਕਿ ਸਾਮਰਾਜੀ ਨਿਰਦੇਸ਼ਤ ਨੀਤੀਆਂ ਰਾਹੀਂ ਸਰਕਾਰਾਂ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀਆਂ ਹਨ ਅਤੇ ਬਹੁਕੌਮੀ ਕੰਪਨੀਆਂ ਨੂੰ ਖੁੱਲ੍ਹੀ ਛੁੱਟੀ ਦੇ ਰਹੀਆਂ ਹਨ। ਆਏ ਦਿਨ ਕਿਸਾਨਾਂ ਦੇ ਲਾਗਤ ਖ਼ਰਚੇ ਵਧ ਰਹੇ ਹਨ ਪਰ ਉਨ੍ਹਾਂ ਦੀਆਂ ਫ਼ਸਲਾਂ ਦੇ ਸਹੀ ਭਾਅ ਨਹੀਂ ਮਿਲ ਰਹੇ। ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਵੱਲੋਂ ਨਿਰਮਲ ਸਿੰਘ ਬਟਰਿਆਣਾ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕ ਦੇ ਘਟੇ ਝਾੜ ਕਾਰਨ ਸਰਕਾਰ ਫੌਰੀ ਮੁਆਵਜ਼ੇ ਦਾ ਐਲਾਨ ਕਰੇ। ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੈਮ ਸੇਫਟੀ ਐਕਟ 2021 ਬਣਾ ਕੇ ਸੂਬਿਆਂ ਦੇ ਅਧਿਕਾਰਾਂ 'ਤੇ ਡਾਕਾ ਮਾਰਿਆ ਹੈ ਅਤੇ ਸਾਰੇ ਦੇਸ਼ ਦੇ ਦਰਿਆਈ ਪਾਣੀਆਂ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦਾ ਹੈ। ਸਾਨੂੰ ਸਾਡੇ ਪਾਣੀਆਂ ਨੂੰ ਬਚਾਉਣ ਲਈ ਵੀ ਲੜਾਈ ਲੜਨੀ ਪਵੇਗੀ। ਮੌਜੂਦਾ ਸਮੇਂ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਪੂਰੀ ਲੈਣ ਲਈ ਨਹਿਰੀ ਵਿਭਾਗ ਦੇ ਗ਼ੈਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਜੱਦੋ ਜਹਿਦ ਕਰਨ ਦਾ ਸੱਦਾ ਦਿੱਤਾ ਅਤੇ ਮੰਗ ਕੀਤੀ ਕਿ ਲੌਂਗੋਵਾਲ ਮਾਈਨਰ ਅਤੇ ਸ਼ੇਰੋਂ ਰਜਵਾਹੇ ਨਾਲ ਸੰਬੰਧਤ ਮੋਘਿਆਂ ਵਿਚ ਪਾਣੀ ਨਹੀਂ ਆ ਰਿਹਾ ਕਿਉਂਕਿ ਇਨ੍ਹਾਂ ਰਜਵਾਹਿਆਂ ਵਿੱਚ ਪਾਣੀ ਬਹੁਤ ਘੱਟ ਮਾਤਰਾ ਵਿੱਚ ਛੱਡਿਆ ਗਿਆ ਹੈ। ਅਧਿਕਾਰੀ ਫੌਰੀ ਇਨ੍ਹਾਂ ਰਜਬਾਹਿਆਂ ਵਿੱਚ ਪਾਣੀ ਪੂਰਾ ਕਰਨ ਨਹੀਂ ਤਾਂ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਅਖੀਰ ਵਿੱਚ ਮੁੱਖ ਮੰਤਰੀ ਦੇ ਨਾਂ ਐਕਸੀਅਨ ਸੰਗਰੂਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਨਹਿਰੀ ਪਾਣੀ ਦੀ ਪੂਰੀ ਵਿਵਸਥਾ ਕੀਤੀ ਜਾਵੇ, ਕੱਸੀਆਂ ਅਤੇ ਨਹਿਰੀ ਖਾਲਾਂ ਦੀ ਫੌਰੀ ਸਫ਼ਾਈ ਕਰਵਾ ਕੇ ਟੇਲਾਂ ਤੱਕ ਪਾਣੀ ਪਹੁੰਚਦਾ ਕੀਤਾ ਜਾਵੇ। 


Harnek Seechewal

Content Editor

Related News