ਮਾਂ-ਧੀ ਨੇ ਔਰਤਾਂ 'ਤੇ ਚੜ੍ਹਾ ਦਿੱਤੀ ਕਾਰ, ਇਕ ਔਰਤ ਨੂੰ 100 ਮੀਟਰ ਤੱਕ ਘੜੀਸਿਆ (ਤਸਵੀਰਾਂ)
Wednesday, Mar 01, 2023 - 11:58 AM (IST)
ਜ਼ੀਰਕਪੁਰ (ਗੁਰਪ੍ਰੀਤ) : ਬਲਟਾਣਾ ਖੇਤਰ ਦੀ ਏਕਤਾ ਵਿਹਾਰ ਕਾਲੋਨੀ 'ਚ ਪਿਛਲੇ ਡੇਢ ਸਾਲ ਤੋਂ ਪਲਾਟ ਨੂੰ ਲੈ ਕੇ ਚੱਲ ਰਹੇ ਝਗੜੇ ਦੌਰਾਨ ਮੰਗਲਵਾਰ ਨੂੰ ਕਾਲੋਨੀ ਵਾਸੀਆਂ ਅਤੇ ਉਕਤ ਪਲਾਟ ਦੇ ਮਾਲਕ ਵਿਚਕਾਰ ਹੱਥੋਪਾਈ ਹੋ ਗਈ। ਇਸ ਦੌਰਾਨ ਦੋਹਾਂ ਧਿਰਾਂ 'ਚ ਬਹਿਸ ਅਤੇ ਮਾਰਕੁੱਟ ਹੋਈ। ਵਿਰੋਧ ਕਰ ਰਹੀਆਂ ਔਰਤਾਂ ’ਤੇ ਪਲਾਟ ਮਾਲਕ ਦੀ ਪਤਨੀ ਅਤੇ ਧੀ ਨੇ ਕਾਰ ਚੜ੍ਹਾ ਦਿੱਤੀ। ਇਸ ਦੌਰਾਨ ਉਹ ਇਕ ਔਰਤ ਨੂੰ ਕਰੀਬ 100 ਮੀਟਰ ਤੱਕ ਘੜੀਸਦੀ ਹੋਈ ਲੈ ਗਈ, ਜਿਸ ਨਾਲ ਔਰਤ ਗੰਭੀਰ ਜ਼ਖ਼ਮੀ ਹੋ ਗਈ। ਇਹ ਪੂਰੀ ਘਟਨਾ ਕਾਲੋਨੀ 'ਚ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ, ਜੋ ਸੋਸ਼ਲ ਮੀਡਿਆ ’ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਏਕਤਾ ਵਿਹਾਰ ਕਾਲੋਨੀ 'ਚ ਇਕ ਵਿਅਕਤੀ ਵਲੋਂ 200-200 ਗਜ਼ ਦੇ 2 ਪਲਾਟਾਂ ਨੂੰ ਤਿੰਨ ਪਲਾਟਾਂ 'ਚ ਵੰਡ ਕੇ ਉੱਥੇ ਮਕਾਨ ਬਣਾਏ ਜਾ ਰਹੇ ਹਨ। ਕਾਲੋਨੀ ਵਾਸੀ ਇਸ ਦਾ ਵਿਰੋਧ ਕਰ ਰਹੇ ਹਨ, ਜਦੋਂ ਕਿ ਨਿਰਮਾਣ ਕਰਨ ਵਾਲਿਆਂ ਨੇ ਬਕਾਇਦਾ ਨਕਸ਼ਾ ਪਾਸ ਕਰਵਾਇਆ ਹੋਇਆ ਹੈ। ਕਾਲੋਨੀ ਵਾਸੀ ਉਕਤ ਲੋਕਾਂ ਨੂੰ ਮਕਾਨ ਬਣਾਉਣ ਤੋਂ ਰੋਕ ਰਹੇ ਹਨ, ਜਦੋਂ ਕਿ ਇਹ ਕੰਮ ਸਬੰਧਿਤ ਵਿਭਾਗ ਦਾ ਹੈ।
ਇਹ ਵੀ ਪੜ੍ਹੋ : ਮਰ ਗਈ ਲੋਕਾਂ 'ਚ ਇਨਸਾਨੀਅਤ, ਨਹੀਂ ਯਕੀਨ ਤਾਂ ਲੂ-ਕੰਡੇ ਖੜ੍ਹੇ ਕਰ ਦੇਵੇਗੀ ਇਹ ਖ਼ਬਰ (ਵੀਡੀਓ)
ਜਾਂਚ ਤੋਂ ਬਾਅਦ ਹੋਵੇਗੀ ਸਖ਼ਤ ਕਾਰਵਾਈ : ਥਾਣਾ ਮੁਖੀ
ਪਲਾਟ ਮਾਲਕ ਦੀ ਪਤਨੀ ਦੀ ਕਾਰ ਅੱਗੇ ਜਾ ਕੇ ਗਲੀ 'ਚ ਖੜ੍ਹੀ ਦੂਜੀ ਕਾਰ ਨਾਲ ਟਕਰਾ ਗਈ, ਜਿਸ ਨਾਲ ਔਰਤ ਦੇ ਪੈਰ ਬੁਰੀ ਤਰ੍ਹਾਂ ਕੁਚਲੇ ਗਏ। ਇਸ ਦੌਰਾਨ ਵਿਰੋਧ ਕਰ ਰਹੇ ਲੋਕਾਂ ਨੇ ਕਾਰ ’ਤੇ ਹਮਲਾ ਕਰ ਕੇ ਸ਼ੀਸ਼ਾ ਤੋੜ ਦਿੱਤਾ। ਜ਼ਖ਼ਮੀ ਔਰਤਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਪਲਾਟ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਨਕਸ਼ਾ ਪਾਸ ਕਰਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਕਾਲੋਨੀ ਨਿਵਾਸੀ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪਲਾਟ ’ਤੇ ਉਸਾਰੀ ਨਹੀਂ ਕਰਨ ਦੇ ਰਹੇ ਹਨ।
ਜਦੋਂ ਉਨ੍ਹਾਂ ਦੀ ਪਤਨੀ ਅਤੇ ਧੀ ਗੱਲ ਕਰਨ ਮੌਕੇ ’ਤੇ ਗਏ ਤਾਂ ਭੀੜ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਥਾਣਾ ਮੁਖੀ ਸਿਮਰਜੀਤ ਸਿੰਘ ਸ਼ੇਰਗਿਲ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ