ਜ਼ੀਰਾ ''ਚ ਗੁੰਡਾਗਰਦੀ ਦਾ ਨੰਗਾ ਨਾਚ, ਬੇਸਬਾਲ ਮਾਰ ਕੀਤਾ ਨੌਜਵਾਨ ਦਾ ਕਤਲ
Thursday, Jun 13, 2019 - 12:08 PM (IST)
ਜ਼ੀਰਾ (ਸਤੀਸ਼) - ਤਹਿਸੀਲ ਜ਼ੀਰਾ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਕਰੀਬ 10-11 ਅਣਪਛਾਤੇ ਵਿਅਕਤੀਆਂ ਵਲੋਂ ਇਕ ਨੌਜਵਾਨ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਸੱਤਪਾਲ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਦਫਤਰ ਅਤੇ ਥਾਣਾ ਸਦਰ ਜ਼ੀਰਾ ਦੇ ਸ਼ਾਹਵਾਲਾ ਰੋਡ 'ਤੇ ਅਣਪਛਾਤੇ ਨੌਜਵਾਨਾਂ ਨੇ ਸੁਨੀਲ ਕੁਮਾਰ ਦੇ ਸਿਰ 'ਤੇ ਬੇਸਬਾਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ। ਸਿਰ 'ਤੇ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਘਟਨਾ ਦੇ ਸਮੇਂ ਨਾ ਕੋਈ ਪੁਲਸ ਮੁਲਾਜ਼ਮ ਡੀ. ਐੱਸ. ਪੀ. ਦਫਤਰ 'ਚੋਂ ਬਾਹਰ ਆਇਆ ਅਤੇ ਨਾ ਹੀ ਥਾਣਾ ਸਦਰ 'ਚੋਂ। ਲੋਕਾਂ ਵਲੋਂ ਘਟਨਾ ਦੀ ਸੂਚਨਾ ਦੇਣ 'ਤੇ ਪਹੁੰਚੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਦੇ 7 ਦੋਸ਼ੀਆਂ 'ਤੇ ਬਾਈਨੇਮ ਅਤੇ 4 ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।