ਜ਼ਾਕਿਰ ਮੂਸਾ ਦੀ ਭਾਲ 'ਚ ਪੁਲਸ ਨੇ ਇਸ ਤਰ੍ਹਾਂ ਕੀਤੇ ਪ੍ਰਬੰਧ
Saturday, Dec 08, 2018 - 10:25 AM (IST)
ਜਲੰਧਰ (ਸੁਧੀਰ)— ਪੰਜਾਬ ਵਿਚ ਅੱਤਵਾਦੀ ਮੂਸਾ ਦੇ ਭੇਸ ਬਦਲ ਕੇ ਰਹਿਣ ਦੇ ਖੁਫੀਆ ਏਜੰਸੀਆਂ ਵਲੋਂ ਮਿਲੇ ਇਨਪੁੱਟ ਕਾਰਨ ਸ਼ਹਿਰ ਵਿਚ ਕਮਿਸ਼ਨਰੇਟ ਪੁਲਸ ਨੇ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰ ਲਏ ਹਨ। ਇਕ ਵਾਰ ਫਿਰ ਸ਼ਹਿਰ ਵਿਚ ਕਈ ਥਾਵਾਂ 'ਤੇ ਖਾਸ ਤੌਰ 'ਤੇ ਨਾਕਾਬੰਦੀ ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਇਕ ਵਾਰ ਫਿਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਐੱਸ. ਓ. ਜੀ. ਦੇ ਜਵਾਨਾਂ ਨਾਲ ਵਿਸ਼ੇਸ਼ ਤੌਰ 'ਤੇ ਸਰਚ ਮੁਹਿੰਮ ਚਲਾਈ।
ਸ਼ਹਿਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ, ਲੋਕੇਸ਼ਨਾਂ ਬਦਲ ਕੇ ਲਾਏ ਜਾ ਰਹੇ ਹਨ ਨਾਕੇ :ਪੁਲਸ ਕਮਿਸ਼ਨਰ
ਅੰਮ੍ਰਿਤਸਰ ਵਿਚ ਹੋਏ ਅੱਤਵਾਦੀ ਹਮਲੇ ਤੇ ਪੰਜਾਬ ਵਿਚ ਖੁਫੀਆ ਏਜੰਸੀਆਂ ਵਲੋਂ ਕਈ ਇਨਪੁੱਟ ਮਿਲਣ ਦੇ ਮਾਮਲੇ ਵਿਚ ਚੱਲ ਰਹੇ ਹਾਈ ਅਲਰਟ ਦੌਰਾਨ ਸ਼ਹਿਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਵਿਚ ਕਮਿਸ਼ਨਰੇਟ ਪੁਲਸ ਵਲੋਂ 24 ਘੰਟੇ ਥਾਂ ਬਦਲ ਕੇ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਸ਼ਹਿਰ ਦੇ ਮੁੱਖ ਚੌਰਾਹਿਆਂ ਵਿਚ ਪੀ. ਸੀ. ਆਰ. ਦੀਆਂ ਜੂਲੋ ਗੱਡੀਆਂ ਦੀ ਤਾਇਨਾਤੀ ਕੀਤੀ ਗਈ ਤੇ ਸ਼ਹਿਰ ਵਿਚ ਦਿਨ ਰਾਤ ਪੀ. ਸੀ. ਆਰ. ਮੁਲਾਜ਼ਮ ਮੋਟਰਸਾਈਕਲਾਂ 'ਤੇ ਪੈਟਰੋਲਿੰਗ ਕਰ ਰਹੇ ਹਨ। ਇਸਦੇ ਨਾਲ ਹੀ ਏ. ਡੀ. ਸੀ. ਪੀ. ਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀ ਖੁਦ ਨਾਕਿਆਂ ਦੀ ਸੁਪਰਵੀਜ਼ਨ ਕਰ ਰਹੇ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਹ ਖੁਦ ਵੀ ਰਾਤ ਨੂੰ ਫੀਲਡ ਵਿਚ ਨਿਕਲ ਕੇ ਮੁਲਾਜ਼ਮਾਂ ਕੋਲੋਂ ਫੀਡ ਬੈਕ ਲੈ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਐੈੱਸ. ਓ. ਜੀ. ਦੇ 40 ਜਵਾਨਾਂ ਨੂੰ ਸ਼ਹਿਰ ਵਿਚ ਤਾਇਨਾਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਸ਼ਹਿਰ ਦੇ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। 20 ਜਵਾਨਾਂ ਨੂੰ ਏ. ਡੀ. ਸੀ. ਪੀ. ਸਿਟੀ -1 ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਵਿਚ ਸ਼ਹਿਰ ਵਿਚ ਥਾਂ ਬਦਲ-ਬਦਲ ਕੇ ਨਾਕਾਬੰਦੀ ਤੇ ਸਰਚ ਮੁਹਿੰਮ ਚਲਾ ਰਹੇ ਹਨ ਤੇ 20 ਜਵਾਨ ਏ. ਡੀ. ਸੀ. ਪੀ. -2 ਸੂਡਰਵਿਜੀ ਦੀ ਅਗਵਾਈ 'ਚ ਚੈਕਿੰਗ ਤੇ ਨਾਕੇਬੰਦੀ ਕਰ ਰਹੇ ਹਨ।
ਸ਼ਰਾਬ ਠੇਕੇਦਾਰਾਂ, ਅਹਾਤਾ ਮਾਲਕਾਂ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਰਾਤ 11 ਵਜੇ ਬੰਦ ਕਰਨ ਦੇ ਹੁਕਮ
ਇਸਦੇ ਨਾਲ ਹੀ ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਰੇਲਵੇ ਸਟੇਸ਼ਨ ਦੇ ਬਾਹਰ ਸ਼ਰਾਬ ਦੇ ਠੇਕੇ ਤੇ ਅਹਾਤੇ ਮਾਲਕਾਂ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਰਾਤ 11 ਵਜੇ ਬੰਦ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰਾਤ 11 ਵਜੇ ਤੋਂ ਬਾਅਦ ਵੀ ਦੁਕਾਨ ਖੋਲ੍ਹਦਾ ਜਾਂ ਸ਼ਰਾਬ ਵੇਚਦਾ ਫੜਿਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਗੈਸਟ ਹਾਊਸਾਂ ਤੇ ਹੋਟਲ ਮਾਲਕਾਂ ਨੂੰ ਬਿਨਾਂ ਆਈ-ਡੀ ਪਰੂਫ ਕਮਰਾ ਨਾ ਦੇਣ ਦੇ ਹੁਕਮ
ਖੁਫੀਆ ਏਜੰਸੀਆਂ ਤੋਂ ਇਨਪੁੱਟ ਮਿਲਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਰੇਲਵੇ ਸਟੇਸ਼ਨ ਤੋਂ ਬਾਅਦ ਰੇਲਵੇ ਰੋਡ 'ਤੇ ਕਈ ਗੈਸਟ ਹਾਊਸਾਂ ਤੇ ਕਈ ਹੋਟਲਾਂ ਵਿਚ ਵੀ ਸਰਚ ਮੁਹਿੰਮ ਚਲਾਈ। ਇਸਦੇ ਨਾਲ ਹੀ ਪੁਲਸ ਪਾਰਟੀ ਨੇ ਗੈਸਟ ਹਾਊਸ ਤੇ ਹੋਟਲ ਮਾਲਕਾਂ ਨੂੰ ਬਿਨਾਂ ਆਈ. ਡੀ. ਪਰੂਫ ਦੇ ਕਮਰਾ ਨਾ ਦੇਣ ਦੇ ਹੁਕਮ ਦਿੱਤੇ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਆਮ ਤੌਰ ਤੇ ਕਈ ਲੋਕ ਕੁਝ ਸਮੇਂ ਲਈ ਰਹਿਣ ਦਾ ਕਹਿ ਕੇ ਕੁਝ ਪੈਸੇ ਦੇ ਕੇ ਗੈਸਟ ਹਾਊਸ ਤੇ ਹੋਟਲਾਂ ਵਿਚ ਬਿਨਾਂ ਆਈ. ਡੀ. ਪਰੂਫ ਦਿੱਤਿਆਂ ਕਮਰਾ ਲੈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਆਈ. ਡੀ. ਪਰੂਫ ਕਿਸੇ ਨੇ ਵੀ ਕਮਰਾ ਕਿਰਾਏ 'ਤੇ ਦਿੱਤਾ ਤਾਂ ਪੁਲਸ ਉਸ 'ਤੇ ਬਣਦੀ ਕਾਰਵਾਈ ਜ਼ਰੂਰ ਕਰੇਗੀ।
