ਦੋਸਤ ਨਾਲ ਨਸ਼ਾ ਕਰਨ ਦੇ ਗਏ ਨੌਜਵਾਨ ਦੀ ਓਵਰਡੋਜ ਨਾਲ ਹੋਈ ਮੌਤ
Saturday, Apr 26, 2025 - 01:57 AM (IST)

ਲੁਧਿਆਣਾ (ਰਾਜ/ਬੇਰੀ) - ਸਿਵਲ ਹਸਪਤਾਲ ਵਿਚ ਨਸ਼ਾ ਛੁਡਾਉਣ ਦੀ ਦਵਾ ਲੈਣ ਘਰ ਤੋਂ ਨਿਕਲਿਆ ਨੌਜਵਾਨ ਹਸਪਤਾਲ ਜਾਣ ਦੀ ਬਜਾਏ ਦੋਸਤ ਦੇ ਨਾਲ ਨਸ਼ਾ ਕਰਨ ਚਲਾ ਗਿਆ। ਪਰ, ਉਸਨੂੰ ਕੀ ਪਤਾ ਸੀ ਕਿ ਇਹ ਦਿਨ ਉਸਦਾ ਆਖ਼ਰੀ ਦਿਨ ਹੋਵੇਗਾ। ਉਸਨੇ ਦੋਸਤ ਦੇ ਨਾਲ ਨਸ਼ਾ ਕੀਤਾ ਅਤੇ ਓਵਰਡੋਜ਼ ਨਾਲ ਉਸਦੀ ਮੌਤ ਹੋ ਗਈ । ਮ੍ਰਿਤਕ ਦਾ ਨਾਮ ਧੀਰਜ ਹੈ। ਉਸਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਦੋਸਤ ਨੇ ਹੀ ਉਸਦੇ ਬੇਟੇ ਨੂੰ ਨਸ਼ਾ ਦਿੱਤਾ ਸੀ। ਜਿਸ ਕਾਰਣ ਉਸਦੀ ਮੌਤ ਹੋਈ । ਸੂਚਨਾ ਦੇ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਮੌਕੇ ਤੇ ਪਹੁੰਚੀ । ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਮਾਂ ਰਾਜ ਰਾਨੀ ਦੇ ਬਿਆਨੇ ’ਤੇ ਮ੍ਰਿਤਕ ਦੇ ਦੋਸਤ ਰਿੰਕੂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਰਾਜਰਾਨੀ ਨੇ ਦੱਸਿਆ ਕਿ ਉਸਦਾ ਬੇਟਾ ਧੀਰਜ ਕਾਫ਼ੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ। ਉਸਦੀ ਨਸ਼ਾ ਛੁੜਾਓ ਕੇਂਦਰ ਵਿਚ ਦਵਾ ਵੀ ਚਲ ਰਹੀ ਸੀ। ਉਹ ਘਰ ਤੋਂ ਉਸੇ ਜਚਾ ਬਚਾ ਹਸਪਤਾਲ ਸਥਿਤ ਨਸ਼ਾ ਛੁੜਾਓ ਕੇਂਦਰ ਵਿਚ ਦਵਾ ਲੈਣ ਦੇ ਲਈ ਗਿਆ ਸੀ। ਫ਼ਿਰ ਕੁਝ ਦੇਰ ਬਾਅਦ ਉਸਨੂੰ ਕਿਸੇ ਰਾਹਗੀਰ ਦਾ ਫੋਨ ਆਇਆ ਸੀ ਕਿ ਉਸਦੇ ਬੇਟੇ ਦੀ ਲਾਸ਼ ਮੁਹੱਲਾ ਇੰਦਰਾਪੁਰੀ ਗਲੀ ਨੰਬਰ 2 ਤਾਜਪੁਰ ਰੋਡ ਤੇ ਪਈ ਹੈ। ਜੋਕਿ ਪੁਲਸ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲੈ ਕੇ ਜਾ ਰਹੀ ਹੈ। ਇਸਦੇ ਬਾਅਦ ਉਹ ਸਿਵਲ ਹਸਪਤਾਲ ਪਹੁੰਚੀ, ਜਿੱਥੇ ਉਸਨੇ ਮੋਰਚਰੀ ਵਿਚ ਆਪਣੇ ਬੇਟੇ ਦੀ ਪਛਾਣ ਕੀਤੀ । ਉਸਨੂੰ ਪਤਾ ਲੱਗਿਆ ਕਿ ਉਸਦਾ ਬੇਟਾ ਜਦ ਦਵਾ ਲੈਣ ਦੇ ਲਈ ਜਾ ਰਿਹਾ ਸੀ, ਤਾਂ ਰਸਤੇ ਵਿਚ ਉਸਦਾ ਦੋਸਤ ਰਿੰਕੂ ਉਸਨੂੰ ਮਿਲ ਗਿਆ, ਜੋਕਿ ਖੁਦ ਨਸ਼ਾ ਕਰਨ ਦਾ ਆਦੀ ਹੈ ਅਤੇ ਉਸਦੇ ਬੇਟੇ ਨੂੰ ਆਪਣੇ ਨਾਲ ਲੈ ਗਿਆ। ਉਸਨੇ ਉਸਦੇ ਬੇਟੇ ਨੂੰ ਨਸ਼ਾ ਕਰਵਾਇਆ। ਜਿਸਦੀ ਓਵਰਡੋਜ ਨਾਲ ਧੀਰਜ ਦੀ ਮੌਤ ਹੋ ਗਈ । ਉਸਦਾ ਦੋਸ਼ ਹੈ ਕਿ ਰਿੰਕੂ ਨੂੰ ਕਈ ਵਾਰ ਰੋਕਿਆ ਕਿ ਧੀਰਜ ਨਾਲ ਨਾ ਮਿਲੇ ਪਰ ਉਹ ਅਕਸਰ ਉਸਨੂੰ ਨਸ਼ਾ ਕਰਨ ਦੇ ਲਈ ਉਕਸਾਉਂਦਾ ਸੀ। ਉਧਰ, ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਮੁਲਜ਼ਮ ਰਿੰਕੂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਸੀ ਅਤੇ ਮੁਲਜ਼ਮ ਰਿੰਕੂ ਨੂੰ ਕਾਬੂ ਕਰ ਲਿਆ ਹੈ।