ਗੁੰਡਾ-ਗਰਦੀ ਤੇ ਨਸ਼ਿਆਂ ਦੇ ਮਾਮਲਿਆਂ ''ਚ ਪੁਲਸ ਕਰ ਰਹੀ ਸਖ਼ਤ ਕਾਰਵਾਈ : DSP ਗਿੱਲ

Tuesday, Aug 04, 2026 - 06:05 PM (IST)

ਗੁੰਡਾ-ਗਰਦੀ ਤੇ ਨਸ਼ਿਆਂ ਦੇ ਮਾਮਲਿਆਂ ''ਚ ਪੁਲਸ ਕਰ ਰਹੀ ਸਖ਼ਤ ਕਾਰਵਾਈ : DSP ਗਿੱਲ

ਮਾਨਸਾ : ਜ਼ਿਲ੍ਹਾ ਮਾਨਸਾ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਨੀਅਰ ਪੁਲਸ ਕਪਤਾਨ ਬਗੀਰਥ ਸਿੰਘ ਮੀਨਾ (ਆਈ.ਪੀ.ਐਸ.) ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਜੋਗਾ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਕਥਿਤ ਚਿੱਟੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਸਬ-ਡਵੀਜ਼ਨ ਦੇ ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਜੋਗਾ ਦੇ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਪਿੰਡ ਅਕਲੀਆਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਕਥਿਤ ਚਿੱਟਾ ਬਰਾਮਦ ਹੋਇਆ।

ਡੀ.ਐਸ.ਪੀ. ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਹੀ ਤਿੰਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਮੋਟਰਸਾਈਕਲ ਸਮੇਤ ਥਾਣਾ ਜੋਗਾ ਲਿਆਂਦਾ, ਜਿੱਥੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪੰਕਜ ਕੁਮਾਰ ਅਤੇ ਸ਼ਿਵ ਕੁਮਾਰ, ਵਾਸੀ ਜ਼ਿਲ੍ਹਾ ਫਤਿਹਾਬਾਦ (ਹਰਿਆਣਾ), ਅਤੇ ਅਵਤਾਰ ਸਿੰਘ, ਵਾਸੀ ਜ਼ਿਲ੍ਹਾ ਸਿਰਸਾ (ਹਰਿਆਣਾ), ਵਜੋਂ ਹੋਈ ਹੈ। ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਉਂਦੇ ਸਨ, ਕਿੱਥੇ ਸਪਲਾਈ ਕਰਦੇ ਸਨ ਅਤੇ ਇਸ ਗੈਰ-ਕਾਨੂੰਨੀ ਧੰਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਹਰ ਵਿਅਕਤੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News