ਭਾਬੀ ਕਮਲ ਕੌਰ ਮਾਮਲੇ ''ਚ ਵੱਡੀ ਅਪਡੇਟ! ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਰਣਜੀਤ ਸਿੰਘ...
Monday, Aug 10, 2026 - 06:58 PM (IST)
ਬਠਿੰਡਾ (ਵਿਜੇ ਵਰਮਾ): ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ‘ਕਮਲ ਕੌਰ ਭਾਬੀ’ ਦੇ ਕਤਲ ਨਾਲ ਜੁੜੇ ਬਹੁਚਰਚਿਤ ਮਾਮਲੇ ਵਿਚ ਅੱਜ ਅਦਾਲਤ ਵੱਲੋਂ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਰਣਜੀਤ ਸਿੰਘ ਖ਼ਿਲਾਫ਼ ਵੀ ਦੋਸ਼ ਤੈਅ ਕਰ ਦਿੱਤੇ ਗਏ ਹਨ। ਅਦਾਲਤ ਵੱਲੋਂ ਦੋਵਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 103 ਤਹਿਤ ਦੋਸ਼ ਤੈਅ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ 2026 ਨੂੰ ਹੋਵੇਗੀ।
ਮੁਲਜ਼ਮਾਂ ਦੇ ਵਕੀਲ ਐਡਵੋਕੇਟ ਹਰਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਪੁਲਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਖ਼ਿਲਾਫ਼ ਅਦਾਲਤ ਵਿਚ ਪਹਿਲਾਂ ਹੀ ਚਾਰਜ ਲੱਗ ਚੁੱਕੇ ਹਨ। ਅੰਮ੍ਰਿਤਪਾਲ ਮਹਿਰੋਂ ਅਤੇ ਰਣਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਅਦ ਵਿਚ ਹੋਣ ਕਾਰਨ ਇਨ੍ਹਾਂ ਦੋਵਾਂ ਖ਼ਿਲਾਫ਼ ਚਾਰਜ ਤੈਅ ਕਰਨ ਦੀ ਕਾਰਵਾਈ ਹੁਣ ਹੋਈ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਦੋਵਾਂ ਖ਼ਿਲਾਫ਼ ਧਾਰਾ 103 ਤਹਿਤ ਦੋਸ਼ ਤੈਅ ਕੀਤੇ ਜਾਣ ਤੋਂ ਬਾਅਦ ਹੁਣ ਕੇਸ ਗਵਾਹੀਆਂ ਦੇ ਪੜਾਅ ਵਿਚ ਦਾਖ਼ਲ ਹੋ ਗਿਆ ਹੈ।
ਜੂਨ 2025 ਵਿਚ ਹੋਇਆ ਸੀ ਕਤਲ
ਜ਼ਿਕਰਯੋਗ ਹੈ ਕਿ ਕੰਚਨ ਕੁਮਾਰੀ, ਜੋ ਸੋਸ਼ਲ ਮੀਡੀਆ ’ਤੇ ‘ਕਮਲ ਕੌਰ ਭਾਬੀ’ ਦੇ ਨਾਮ ਨਾਲ ਮਸ਼ਹੂਰ ਸੀ, ਦੀ ਲਾਸ਼ ਜੂਨ 2025 ਵਿਚ ਬਠਿੰਡਾ ਦੇ ਅਦੇਸ਼ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਇਕ ਕਾਰ ਵਿਚੋਂ ਮਿਲੀ ਸੀ। ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ਗਲਾ ਘੁੱਟਣ ਕਾਰਨ ਸਾਹ ਰੁਕਣਾ ਦੱਸਿਆ ਗਿਆ ਸੀ। ਪੁਲਸ ਜਾਂਚ ਦੌਰਾਨ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਨਾਂ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਸੀ। ਪੁਲਸ ਨੇ ਉਸ ਸਮੇਂ ਦੱਸਿਆ ਸੀ ਕਿ ਕਤਲ ਮਾਮਲੇ ਵਿਚ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਮਹਿਰੋਂ ਫਰਾਰ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਕਤਲ ਤੋਂ ਬਾਅਦ ਮਹਿਰੋਂ ਵਿਦੇਸ਼ ਚਲਾ ਗਿਆ ਸੀ।
ਜਾਂਚ ਵਿਚ ਰਣਜੀਤ ਸਿੰਘ ਦੀ ਭੂਮਿਕਾ ਵੀ ਆਈ ਸਾਹਮਣੇ
ਮਾਮਲੇ ਦੀ ਜਾਂਚ ਅੱਗੇ ਵਧਣ ’ਤੇ ਰਣਜੀਤ ਸਿੰਘ ਦਾ ਨਾਂ ਵੀ ਸਾਹਮਣੇ ਆਇਆ। ਪੁਲਸ ਅਨੁਸਾਰ ਉਸ ’ਤੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਮਹਿਰੋਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੱਕ ਪਹੁੰਚਣ ਵਿਚ ਮਦਦ ਕਰਨ ਦਾ ਦੋਸ਼ ਲੱਗਾ। ਫਰਵਰੀ 2026 ਵਿਚ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਉਸ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਸੀ।
ਦੂਜੇ ਪਾਸੇ ਅੰਮ੍ਰਿਤਪਾਲ ਮਹਿਰੋਂ ਦੀ ਗ੍ਰਿਫ਼ਤਾਰੀ ਵੀ ਬਾਅਦ ਵਿਚ ਹੋਈ। ਰਿਪੋਰਟਾਂ ਮੁਤਾਬਕ ਉਸ ਨੂੰ ਯੂ.ਏ.ਈ. ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਤੇ ਬਠਿੰਡਾ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਹੁਣ ਗਵਾਹੀਆਂ ਦੇ ਆਧਾਰ ’ਤੇ ਅੱਗੇ ਵਧੇਗਾ ਕੇਸ
ਐਡਵੋਕੇਟ ਹਰਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੀ ਕਾਰਵਾਈ ਤੋਂ ਬਾਅਦ ਮਾਮਲਾ ਹੁਣ ਗਵਾਹੀਆਂ ਦੇ ਪੜਾਅ ਵਿਚ ਚਲਾ ਗਿਆ ਹੈ। ਆਉਣ ਵਾਲੀਆਂ ਸੁਣਵਾਈਆਂ ਦੌਰਾਨ ਇਸ ਕੇਸ ਨਾਲ ਸਬੰਧਤ ਗਵਾਹਾਂ ਦੇ ਬਿਆਨ ਦਰਜ ਹੋਣਗੇ ਅਤੇ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ਦੇ ਆਧਾਰ ’ਤੇ ਅਦਾਲਤੀ ਕਾਰਵਾਈ ਅੱਗੇ ਵਧੇਗੀ। ਮਾਮਲੇ ਦੀ ਅਗਲੀ ਸੁਣਵਾਈ ਹੁਣ 22 ਸਤੰਬਰ 2026 ਨੂੰ ਹੋਵੇਗੀ। ਹਾਲਾਂਕਿ ਅਦਾਲਤ ਵੱਲੋਂ ਦੋਸ਼ ਤੈਅ ਕੀਤੇ ਜਾਣ ਦਾ ਮਤਲਬ ਇਹ ਨਹੀਂ ਕਿ ਮੁਲਜ਼ਮ ਦੋਸ਼ੀ ਸਾਬਤ ਹੋ ਚੁੱਕੇ ਹਨ। ਉਨ੍ਹਾਂ ਖ਼ਿਲਾਫ਼ ਲੱਗੇ ਦੋਸ਼ਾਂ ’ਤੇ ਅੰਤਿਮ ਫੈਸਲਾ ਗਵਾਹੀਆਂ, ਸਬੂਤਾਂ ਅਤੇ ਪੂਰੀ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਹੋਵੇਗਾ।
