'ਸੱਪ' ਹੱਥ 'ਚ ਫੜ੍ਹ ਹਸਪਤਾਲ ਪੁੱਜਿਆ ਮੁੰਡਾ, ਡਾਕਟਰਾਂ ਨੂੰ ਬੋਲਿਆ-ਇਸ ਨੇ ਹੀ ਮੈਨੂੰ ਡੰਗ ਮਾਰਿਆ
Saturday, Jul 15, 2023 - 03:35 PM (IST)
ਲੁਧਿਆਣਾ : ਲੁਧਿਆਣਾ ਦੇ ਸਿਵਲ ਹਸਪਤਾਲ 'ਚ ਡਾਕਟਰਾਂ ਨੂੰ ਉਸ ਵੇਲੇ ਘਬਰਾਹਟ ਦੇ ਮਾਰੇ ਤਰੇਲੀਆਂ ਆ ਗਈਆਂ, ਜਦੋਂ ਹਸਪਤਾਲ 'ਚ ਇਲਾਜ ਕਰਾਉਣ ਆਇਆ ਨੌਜਵਾਨ ਸੱਪ ਨੂੰ ਵੀ ਨਾਲ ਹੀ ਲੈ ਆਇਆ। ਇਸ ਸੱਪ ਨੂੰ ਨੌਜਵਾਨ ਨੇ ਡੱਬੇ 'ਚ ਬੰਦ ਕੀਤਾ ਹੋਇਆ ਸੀ। ਉਸ ਨੇ ਡਾਕਟਰ ਨੂੰ ਦੱਸਿਆ ਕਿ ਇਸੇ ਸੱਪ ਨੂੰ ਉਸ ਨੂੰ ਡੰਗ ਮਾਰਿਆ ਹੈ। ਇਸ ਦੇ ਤੁਰੰਤ ਬਾਅਦ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਉਸ ਦੀ ਜਾਨ ਬਚ ਗਈ। ਬੀਤੇ ਦਿਨ ਨੌਜਵਾਨ ਛੁੱਟੀ ਲੈ ਕੇ ਘਰ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਸੱਪ ਨੂੰ ਦੁੱਧ ਪਿਲਾਇਆ ਅਤੇ ਫਿਰ ਜਗਰਾਓਂ 'ਚ ਆਬਾਦੀ ਤੋਂ ਦੂਰ ਛੱਡ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਸਵਾਰੀ ਪਿੱਛੇ ਕਰ ਦਿੱਤਾ ਖ਼ੌਫ਼ਨਾਕ ਕਾਰਾ
ਜਾਣਕਾਰੀ ਮੁਤਾਬਕ ਬਿਜਲੀ ਮਕੈਨਿਕ ਕੁਲਦੀਪ ਸਿੰਘ (20) ਗੁਰਦੁਆਰਾ ਨਾਨਕਸਰ ਵਿਖੇ ਸੇਵਾ ਕਰਦਾ ਹੈ। ਉਸ ਦੇ ਮੁਤਾਬਕ ਉਨ੍ਹਾਂ ਦੇ ਇਲਾਕੇ 'ਚ ਬਰਸਾਤ ਦੇ ਮੌਸਮ ਦੌਰਾਨ ਅਕਸਰ ਸੱਪ ਨਿਕਲਦੇ ਰਹਿੰਦੇ ਹਨ, ਜਿਨ੍ਹਾਂ ਨੂੰ ਫੜ੍ਹ ਕੇ ਉਹ ਆਬਾਦੀ ਤੋਂ ਦੂਰ ਛੱਡ ਦਿੰਦੇ ਹਨ। ਵੀਰਵਾਰ ਨੂੰ ਵੀ ਉਨ੍ਹਾਂ ਦੇ ਇਲਾਕੇ 'ਚ ਇਕ ਸੱਪ ਆ ਗਿਆ। ਉਨ੍ਹਾਂ ਨੇ ਸੱਪ ਨੂੰ ਫੜ੍ਹਿਆ ਅਤੇ ਛੱਡਣ ਲਈ ਜਾ ਰਹੇ ਸੀ ਕਿ ਇਕ ਦੋਸਤ ਨੇ ਸੱਪ ਨੂੰ ਛੇੜ ਦਿੱਤਾ, ਜਿਸ ਤੋਂ ਬਾਅਦ ਸੱਪ ਨੇ ਕੁਲਦੀਪ ਸਿੰਘ ਦੇ ਹੱਥ 'ਤੇ ਡੰਗ ਮਾਰ ਦਿੱਤਾ। ਇਸ ਮਗਰੋਂ ਕੁਲਦੀਪ ਨੂੰ ਜਗਰਾਓਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਉੱਥੋਂ ਸਿਵਲ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।
ਕੁਲਦੀਪ ਸਿੰਘ ਸੱਪ ਨੂੰ ਪਲਾਸਟਿਕ ਦੇ ਡੱਬੇ 'ਚ ਬੰਦ ਕਰਕੇ ਸਿਵਲ ਹਸਪਤਾਲ ਨਾਲ ਹੀ ਲੈ ਗਿਆ। ਉਸ ਨੇ ਡਾਕਟਰਾਂ ਨੂੰ ਉਹ ਸੱਪ ਦਿਖਾਇਆ। ਇਸ ਮਗਰੋਂ ਸੱਪ ਵਾਲਾ ਡੱਬਾ ਵਾਰਡ 'ਚ ਹੀ ਉਸ ਦੇ ਨੇੜੇ ਪਿਆ ਰਿਹਾ। ਹਸਪਤਾਲ ਤੋਂ ਵਾਪਸ ਆਉਂਦੇ ਸਮੇਂ ਉਹ ਸੱਪ ਨੂੰ ਨਾਲ ਲੈ ਆਇਆ ਅਤੇ ਉਸ ਨੂੰ ਜਗਰਾਓਂ 'ਚ ਆਬਾਦੀ ਤੋਂ ਦੂਰ ਛੱਡ ਦਿੱਤਾ। ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸੱਪ ਨੂੰ ਇਸ ਲਈ ਨਾਲ ਲੈ ਗਿਆ ਸੀ ਤਾਂ ਜੋ ਡਾਕਟਰਾਂ ਨੂੰ ਇਹ ਪਛਾਨਣ 'ਚ ਸੌਖ ਰਹੇ ਕਿ ਉਸ ਨੂੰ ਕਿਸ ਸੱਪ ਨੇ ਡੰਗ ਮਾਰਿਆ ਹੈ ਅਤੇ ਉਸ ਦਾ ਇਲਾਜ ਆਸਾਨੀ ਨਾਲ ਹੋ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ