ਰੇਲਵੇ ਕੁਆਰਟਰ ''ਚੋਂ ਨਗਨ ਹਾਲਤ ''ਚ ਮਿਲੀ ਨੌਜਵਾਨ ਦੀ ਲਾਸ਼, ਬਲੇਡ ਨਾਲ ਵੱਢੇ ਮਿਲੇ ਕਈ ਅੰਗ
Sunday, Sep 13, 2020 - 10:25 AM (IST)
ਲੁਧਿਆਣਾ (ਗੌਤਮ) : ਸ਼ਨੀਵਾਰ ਨੂੰ ਦੇਰ ਸ਼ਾਮ ਰੇਲਵੇ ਕਾਲੋਨੀ ਨੰਬਰ-4 ਦੇ ਇਕ ਕੁਆਰਟਰ ਤੋਂ ਨੌਜਵਾਨ ਦੀ ਨਗਨ ਹਾਲਤ 'ਚ ਖੂਨ ਨਾਲ ਲੱਥਪਥ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਜ਼ਿਕਰਯੋਗ ਹੈ ਕਿ ਰੇਲ ਮਹਿਕਮੇ ਵੱਲੋਂ ਇਸ ਕਾਲੋਨੀ ਦੇ ਕਈ ਕੁਆਰਟਰਾਂ ਨੂੰ ਕੰਡਮ ਐਲਾਨਿਆ ਹੋਇਆ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਇਨ੍ਹਾਂ 'ਚੋਂ ਕਈ ਕੁਆਰਟਰਾਂ ਨੂੰ ਡੇਗ ਦਿੱਤਾ ਗਿਆ ਸੀ। ਲਾਸ਼ ਕਰੀਬ 2 ਦਿਨ ਪੁਰਾਣੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : 'ਸਿੱਖਸ ਫਾਰ ਜਸਟਿਸ' ਵੱਲੋਂ 13 ਨੂੰ ਰੇਲਾਂ ਰੋਕਣ ਦਾ ਸੱਦਾ, ਹਾਈ ਅਲਰਟ 'ਤੇ 'ਪੰਜਾਬ'
ਜਦੋਂ ਲੋਕਾਂ ਨੂੰ ਬਦਬੂ ਆਈ ਤਾਂ ਉਨ੍ਹਾਂ ਨੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਪਤਾ ਲਗਦੇ ਹੀ ਏ. ਡੀ. ਸੀ. ਪੀ. ਦੀਪਕ ਪਾਰਿਕ, ਫੋਰੈਂਸਿਕ ਟੀਮ ਦੇ ਇੰਸਪੈਕਟਰ ਜਤਿੰਦਰ ਸਿੰਘ, ਜੀ. ਆਰ. ਪੀ. ਦੇ ਡੀ. ਐੱਸ. ਪੀ. ਪ੍ਰਦੀਪ ਸੰਧੂ, ਇੰਸਪੈਕਟਰ ਬਲਵੀਰ ਸਿੰਘ ਘੁੰਮਣ ਟੀਮ ਦੇ ਨਾਲ ਮੌਕੇ ’ਤੇ ਪੁੱਜ ਗਏ। ਪੁਲਸ ਨੇ ਮੌਕੇ ਦਾ ਮੁਆਇਨਾ ਕਰਦੇ ਹੋਏ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਰਨ ਵਾਲੇ ਦੀ ਪਛਾਣ ਪੁਲਸ ਨੇ ਨੰਦੂ (35) ਸਾਲ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਕੇਂਦਰ ਨੂੰ ਅਪੀਲ, ਕਿਸਾਨਾਂ ਦੇ ਸ਼ੰਕੇ ਦੂਰ ਹੋਣ ਤੱਕ 'ਆਰਡੀਨੈਂਸ' ਰੋਕੇ ਜਾਣ
ਪੁਲਸ ਉਸ ਦੇ ਵਾਰਸਾਂ ਦੀ ਭਾਲ ਕਰ ਰਹੀ ਹੈ। ਪੁਲਸ ਨੇ ਮੁਲਜ਼ਮਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਕੁਆਰਟਰ ਮਹਿਕਮੇ ਵੱਲੋਂ ਖਾਲੀ ਕਰਵਾਇਆ ਗਿਆ ਸੀ। ਇਕ ਕਮਰੇ 'ਚ ਨੌਜਵਾਨ ਦੀ ਲਾਸ਼ ਨਗਨ ਹਾਲਤ 'ਚ ਪਈ ਸੀ। ਉਸ ਦੇ ਗੁਪਤ ਅੰਗ 'ਤੇ ਬਲੇਡ ਨਾਲ ਵੱਢੇ ਜਾਣ ਦੇ ਨਿਸ਼ਾਨ ਸਨ। ਉਸ ਦੇ ਚਿਹਰੇ ਅਤੇ ਸਿਰ ਦੇ ਆਲੇ-ਦੁਆਲੇ ਵੀ ਬਲੇਡ ਨਾਲ ਵੱਢੇ ਜਾਣ ਦੇ ਜ਼ਖਮ ਸਨ, ਜਦੋਂ ਕਿ ਆਲੇ-ਦੁਆਲੇ ਖੂਨ ਖਿੱਲਰਿਆ ਹੋਇਆ ਸੀ ਅਤੇ ਸਰੀਰ ਦੇ ਮਾਸ ਦਾ ਟੁਕੜਾ ਵੀ ਪਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'NEET' ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਰੇਲਵੇ ਦਾ ਵੱਡਾ ਤੋਹਫ਼ਾ
ਉਸ ਦੇ ਨੱਕ ਤੋਂ ਖੂਨ ਵਹਿ ਰਿਹਾ ਸੀ। ਇੰਸਪੈਕਟਰ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਨੰਦੂ ਤਾਲਾਬੰਦੀ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੇ ਬਾਹਰ ਲੱਗਣ ਵਾਲੀ ਚਾਹ ਦੀ ਰੇਹੜੀ ’ਤੇ ਕੰਮ ਕਰਦਾ ਸੀ। ਮੌਕੇ ’ਤੇ ਪਹੁੰਚ ਕੇ ਫੋਰੈਂਸਿਕ ਟੀਮ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਜਾਂਚ ਸ਼ੁਰੂ ਕੀਤੀ। ਇਸ ਬਾਰੇ ਡੀ. ਐਸ. ਪੀ. ਰੇਲਵੇ, ਪਰਦੀਪ ਸੰਧੂ ਨੇ ਦੱਸਿਆ ਕਿ ਕਾਰਵਾਈ ਦੌਰਾਨ ਪੁਲਸ ਨੇ ਮੌਕੇ ਤੋਂ ਬਲੇਡ, ਖੂਨ ਦੇ ਨਮੂਨੇ ਅਤੇ ਹੋਰ ਸਾਮਾਨ ਆਪਣੇ ਕਬਜ਼ੇ 'ਚ ਲਿਆ ਹੈ। ਨੌਜਵਾਨ ਦੀ ਪਛਾਣ ਹੋ ਗਈ ਪਰ ਉਸ ਦੇ ਪਰਿਵਾਰ ਦੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਕਤਲ ਦੇ ਦੋਸ਼ ਦਾ ਪਰਚਾ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।