ਐਮਰਜੈਂਸੀ 'ਚ ਨੌਜਵਾਨ ਦੇ ਕਤਲ ਦਾ ਮਾਮਲਾ : ਸੁਮਿਤ ਨੂੰ ਮਾਰਨ ਆਏ ਸੀ ਹਮਲਾਵਰ, 'ਸਵਨ' ਚੜ੍ਹ ਗਿਆ ਹੱਥੇ
Saturday, Jul 16, 2022 - 03:30 PM (IST)
ਲੁਧਿਆਣਾ (ਰਾਜ) : ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਬੀਤੇ ਦਿਨ ਹਮਲਾਵਰਾਂ ਵੱਲੋਂ ਬੇਰਹਿਮੀ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਅਸਲ 'ਚ ਹਮਲਾਵਰ ਸੁਮਿਤ ਨੂੰ ਮਾਰਨ ਲਈ ਆਏ ਸਨ ਪਰ ਉਨ੍ਹਾਂ ਦੇ ਹੱਥੇ ਸਵਨ ਚੜ੍ਹ ਗਿਆ, ਜਿਸ ਨੂੰ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਮਾਮਲੇ 'ਚ 2 ਮੁਲਜ਼ਮਾਂ ਸਾਹਿਲ ਬਿਰਲਾ ਅਤੇ ਅਭਿਸ਼ੇਕ ਵਿਡਲਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਵਿਸ਼ਾਲ, ਸਾਹਿਲ ਸੋਰਪੀ, ਅੰਕੁਰ, ਮਨੂ ਅਤੇ ਵਿਕਾਸ ਅਜੇ ਫ਼ਰਾਰ ਚੱਲ ਰਹੇ ਹਨ। ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਉਕਤ ਮੁਲਜ਼ਮਾਂ ਦੀ ਸਵਨ ਦੇ ਭਰਾ ਸੁਮਿਤ ਨਾਲ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋਈ। ਇਸ ਤੋਂ ਬਾਅਦ ਸਾਹਿਲ ਨੇ ਸੁਮਿਤ ਦੇ ਬੋਤਲ ਮਾਰ ਦਿੱਤੀ ਸੀ। ਸੁਮਿਤ ਆਪਣੇ ਭਰਾ ਸਵਨ ਅਤੇ ਜੀਜੇ ਨਾਲ ਸਿਵਲ ਹਸਪਤਾਲ 'ਚ ਰਾਤ ਵੇਲੇ ਮੈਡੀਕਲ ਕਰਵਾਉਣ ਲਈ ਆਇਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਸ਼ਿਆਰਪੁਰ 'ਚ ਫਿਰ ਪਲਟੀ ਸਕੂਲੀ ਬੱਸ, ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ (ਵੀਡੀਓ)
ਸਵਨ ਅਤੇ ਸੁਮਿਤ ਐਮਰਜੈਂਸੀ ਦੇ ਬਾਹਰ ਬੈਠੇ ਹੋਏ ਸਨ, ਜਦੋਂ ਕਿ ਉਨ੍ਹਾਂ ਦੇ ਬਾਕੀ ਪਰਿਵਾਰ ਦੇ ਲੋਕ ਬਾਹਰ ਸਾਈਡ ’ਤੇ ਖੜ੍ਹੇ ਸਨ। ਇਸ ਦੌਰਾਨ ਉਕਤ ਸਾਰੇ ਮੁਲਜ਼ਮ ਤੇਜ਼ਧਾਰ ਹਥਿਆਰ ਲੈ ਕੇ ਆਏ। ਸਵਨ ਅਤੇ ਸੁਮਿਤ ਨੇ ਉਨ੍ਹਾਂ ਨੂੰ ਦੇਖ ਲਿਆ ਸੀ। ਸੁਮਿਤ ਐਮਰਜੈਂਸੀ ’ਚੋਂ ਬਾਹਰ ਵੱਲ ਭੱਜ ਗਿਆ, ਜਦੋਂ ਕਿ ਸਵਨ ਐਮਰਜੈਂਸੀ ਦੇ ਅੰਦਰ ਚਲਾ ਗਿਆ, ਜੋ ਕਿ ਮੁਲਜ਼ਮਾਂ ਨੇ ਦੇਖ ਲਿਆ ਅਤੇ ਉਸ ਦੇ ਪਿੱਛੇ ਹਥਿਆਰ ਲੈ ਕੇ ਐਮਰਜੈਂਸੀ ’ਚ ਆ ਵੜ ਗਏ। ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਹਮਲਾਵਰਾਂ ਨੇ ਬੁਰੀ ਤਰ੍ਹਾਂ ਸਵਨ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਨੂੰ ਮਿਲੀ ਹੈ, ਜਿਸ ’ਚ ਮੁਲਜ਼ਮ ਸਵਨ ਨੂੰ ਮਾਰਦੇ ਨਜ਼ਰ ਆ ਰਹੇ ਹਨ, ਜੋ ਕਿ ਪੁਲਸ ਨੇ ਫੁਟੇਜ ਕਬਜ਼ੇ 'ਚ ਲੈ ਲਈ ਹੈ।
ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਮੁਲਜ਼ਮਾਂ ਦੀ ਲੜਾਈ ਸੁਮਿਤ ਨਾਲ ਹੋਈ ਸੀ। ਜਦੋਂ ਸੁਮਿਤ ਮੈਡੀਕਲ ਕਰਵਾਉਣ ਆਇਆ ਸੀ ਤਾਂ ਉਸ ਦੇ ਸਾਥੀਆਂ ਨੇ ਸਾਹਿਲ ਉਰਫ਼ ਸੋਰਪੀ ’ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਾਹਿਲ ਬਾਕੀ ਮੁਲਜ਼ਮਾਂ ਨਾਲ ਸੁਮਿਤ ਨੂੰ ਮਾਰਨ ਲਈ ਆਇਆ ਸੀ ਪਰ ਸੁਮਿਤ ਮੌਕੇ ਤੋਂ ਭੱਜ ਗਿਆ ਸੀ ਤਾਂ ਸਵਨ ਮੁਲਜ਼ਮਾਂ ਦੇ ਹੱਥੇ ਚੜ੍ਹ ਗਿਆ ਅਤੇ ਪੁਰਾਣੀ ਰੰਜਿਸ਼ ਵੀ ਸੀ, ਇਸ ਲਈ ਮੁਲਜ਼ਮਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੋਸਟਮਾਰਟਮ ਨਾਲ ਖ਼ੁਲਾਸਾ, ਸਿਰ ਦੀ ਹੱਡੀ ਟੁੱਟਣ ਨਾਲ ਹੋਈ ਮੌਤ
ਸ਼ੁੱਕਰਵਾਰ ਬਾਅਦ ਦੁਪਹਿਰ ਮ੍ਰਿਤਕ ਸਵਨ ਕੁਮਾਰ ਦੀ ਲਾਸ਼ ਦਾ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ। ਪੋਸਟਮਾਰਟਮ ’ਚ ਪਤਾ ਲੱਗਾ ਕਿ ਸਵਨ ਦੇ ਸਿਰ ’ਤੇ ਚਾਰ ਡੂੰਘੇ ਜ਼ਖਮ ਸਨ, ਜਿਸ ’ਚ ਇਕ ਜ਼ਖਮ ਹੱਡੀ ਤੱਕ ਪੁੱਜਾ ਹੋਇਆ ਸੀ, ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ। ਇਸ ਤੋਂ ਇਲਾਵਾ ਉਸ ਦੇ ਹੱਥਾਂ ਅਤੇ ਲੱਤਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਦੇ ਨਿਸ਼ਾਨ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ