ਕਾਰ ਦੀ ਟੱਕਰ ਨਾਲ ਖੰਭੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਵੈਨ, ਨੌਜਵਾਨ ਦੀ ਮੌਤ

Sunday, Oct 25, 2026 - 09:46 AM (IST)

ਕਾਰ ਦੀ ਟੱਕਰ ਨਾਲ ਖੰਭੇ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਵੈਨ, ਨੌਜਵਾਨ ਦੀ ਮੌਤ

ਲਾਲੜੂ (ਗੁਰਜੀਤ) : ਚੰਡੀਗੜ੍ਹ-ਅੰਬਾਲਾ ਹਾਈਵੇ ’ਤੇ ਘੋਲੂਮਾਜਰਾ ਪਿੰਡ ਨੇੜੇ ਤੇਜ਼ ਰਫ਼ਤਾਰ ਕਾਰ ਵੱਲੋਂ ਪਿੱਛਿਓਂ ਟੱਕਰ ਮਾਰਨ ਕਾਰਨ ਸਵਾਰੀਆਂ ਨਾਲ ਭਰੀ ਵੈਨ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ’ਚ ਗੰਭੀਰ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਵੈਨ ਚਾਲਕ ਸਮੇਤ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਆਲਟੋ ਕਾਰ ਦਾ ਅਣਪਛਾਤਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਮੁਹੰਮਦ ਨਾਜ਼ਿਮ ਵਾਸੀ ਪਿੰਡ ਇਸਾਪੁਰ ਥਾਣਾ ਭੋਰੀਪੁਰਾ ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।
ਕੰਮ ਤੋਂ ਵਾਪਸ ਪਰਤ ਰਹੇ ਸਨ ਦੋਵੇਂ ਸਾਢੂ
ਪੁਲਸ ਨੂੰ ਦਿੱਤੇ ਬਿਆਨਾਂ ’ਚ ਛੋਟੂ ਵਾਸੀ ਪਿੰਡ ਬਹਜੂਈਆ ਬਰੇਲੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 8 ਵਜੇ ਉਹ ਆਪਣੇ ਸਾਂਢੂ ਮੁਹੰਮਦ ਨਾਜ਼ਿਮ ਨਾਲ ਕੰਮ ਖ਼ਤਮ ਕਰਨ ਤੋਂ ਬਾਅਦ ਵੈਨ ’ਚ ਸਵਾਰ ਹੋ ਕੇ ਮੁਬਾਰਕਪੁਰ ਤੋਂ ਅੰਬਾਲਾ ਵੱਲ ਜਾ ਰਹੇ ਸਨ। ਵੈਨ ’ਚ ਹੋਰ ਸਵਾਰੀਆਂ ਵੀ ਸਨ। ਨਾਜ਼ਿਮ ਵੈਨ ਚਾਲਕ ਦੇ ਨਾਲ ਅਗਲੀ ਸੀਟ ’ਤੇ ਬੈਠਾ ਸੀ ਜਦਕਿ ਛੋਟੂ ਪਿੱਛੇ ਬੈਠਾ ਹੋਇਆ ਸੀ। ਛੋਟੂ ਮੁਤਾਬਕ ਜਦੋਂ ਵੈਨ ਘੋਲੂਮਾਜਰਾ ਪਿੰਡ ਨੇੜੇ ਪਹੁੰਚੀ ਤਾਂ ਪਿੱਛਿਓਂ ਤੇਜ਼ ਰਫ਼ਤਾਰ ਨਾਲ ਆ ਰਹੀ ਆਲਟੋ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਵੈਨ ਨੂੰ ਟੱਕਰ ਮਾਰ ਦਿੱਤੀ, ਜੋ ਇੰਨੀ ਜ਼ੋਰਦਾਰ ਸੀ ਕਿ ਵੈਨ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਖੰਭੇ ਨਾਲ ਜਾ ਟਕਰਾਈ। ਇਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਤੋੜਿਆ ਦਮ
ਹਾਦਸੇ ਦੌਰਾਨ ਮੁਹੰਮਦ ਨਾਜ਼ਿਮ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਵੈਨ ਚਾਲਕ ਤੇ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਆਈਆਂ। ਗੰਭੀਰ ਹਾਲਤ ’ਚ ਨਾਜ਼ਿਮ ਨੂੰ ਚੰਡੀਗੜ੍ਹ ਸੈਕਟਰ-32 ਸਥਿਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਛੋਟੂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫ਼ਰਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News