ਇੰਸਟਾਗ੍ਰਾਮ ’ਤੇ ਕੁੱਟਮਾਰ ਦੀ ਵੀਡੀਓ ਪਾਉਣ ਦੀ ਰੰਜਿਸ਼ ’ਚ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ
Friday, Oct 23, 2026 - 08:12 AM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-22 ’ਚ ਸਨਾਤਨ ਧਰਮ ਮੰਦਰ ਸਾਹਮਣੇ ਵੀਰਵਾਰ ਦੇਰ ਰਾਤ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਆਟੋ ’ਚ ਸਵਾਰ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਫਾਇਰਿੰਗ ’ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਆਟੋ ਚਾਲਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਮੁੱਢਲੀ ਜਾਂਚ ’ਚ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲਸ ਜਾਂਚ ਮੁਤਾਬਕ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਹੀ ਮ੍ਰਿਤਕ ਤੇ ਮੁਲਜ਼ਮ ਧਿਰ ਦੇ ਨੌਜਵਾਨਾਂ ਵਿਚਾਲੇ ਕੁੱਟਮਾਰ ਹੋਈ ਸੀ। ਇਸ ਦੌਰਾਨ ਹੋਈ ਕੁੱਟਮਾਰ ਦੀ ਵੀਡੀਓ ਇੰਸਟਾਗ੍ਰਾਮ ’ਤੇ ਪੋਸਟ ਕੀਤੇ ਜਾਣ ਤੋਂ ਬਾਅਦ ਵਿਵਾਦ ਹੋਰ ਵਧ ਗਿਆ ਸੀ। ਪੁਲਸ ਮੁਤਾਬਕ ਇਸੇ ਬੇਇੱਜ਼ਤੀ ਦਾ ਬਦਲਾ ਲੈਣ ਲਈ ਗੋਲੀਬਾਰੀ ਕੀਤੀ ਗਈ। ਮ੍ਰਿਤਕ ਦੀ ਪਛਾਣ ਸੈਕਟਰ-22 ਦੇ ਰਹਿਣ ਵਾਲੇ ਨੈਤਿਕ (19) ਵਜੋਂ ਹੋਈ ਹੈ। ਉਹ ਸੈਕਟਰ-32 ਦੇ ਐੱਸ.ਡੀ. ਸਕੂਲ ’ਚ ਪੜ੍ਹਦਾ ਸੀ। ਜਾਣਕਾਰੀ ਮੁਤਾਬਕ ਨੈਤਿਕ ਆਪਣੇ ਦੋਸਤ ਨਾਲ ਆਟੋ ’ਚ ਬੈਠ ਕੇ ਪੀ.ਜੀ. ਵੱਲ ਜਾ ਰਿਹਾ ਸੀ। ਜਦੋਂ ਆਟੋ ਸੈਕਟਰ-22 ਸਥਿਤ ਸਨਾਤਨ ਧਰਮ ਮੰਦਰ ਨੇੜੇ ਪਹੁੰਚਿਆ ਤਾਂ ਬੁਲੇਟ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਉੱਥੇ ਆ ਗਏ। ਉਨ੍ਹਾਂ ਆਟੋ ’ਤੇ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਨੈਤਿਕ ਤੇ ਆਟੋ ਚਾਲਕ ਨੂੰ ਲੱਗੀ ਜਦਕਿ ਆਟੋ ’ਚ ਸਵਾਰ ਉਸ ਦਾ ਦੋਸਤ ਵਾਲ-ਵਾਲ ਬਚ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਨਾ ਕਿਸੇ ਦੀ ਜਾਨ ਸੁਰੱਖਿਅਤ ਹੈ, ਨਾ ਕਾਰੋਬਾਰ: ਅਨਿਲ ਸਰੀਨ
ਹਸਪਤਾਲ ’ਚ ਵਿਦਿਆਰਥੀ ਨੂੰ ਮ੍ਰਿਤਕ ਐਲਾਨਿਆ
ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਸੈਕਟਰ-16 ਸਰਕਾਰੀ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਨੈਤਿਕ ਨੂੰ ਮ੍ਰਿਤਕ ਐਲਾਨ ਦਿੱਤਾ। ਆਟੋ ਚਾਲਕ ਦੇ ਮੋਢੇ ’ਚ ਗੋਲੀ ਲੱਗੀ ਹੈ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਐੱਸ.ਪੀ.ਐੱਸ. ਸੌਂਧੀ ਸਮੇਤ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਜਾਂਚ ਲਈ ਫਾਰੈਂਸਿਕ ਟੀਮ ਨੂੰ ਵੀ ਬੁਲਾਇਆ। ਵਾਰਦਾਤ ਵਾਲੀ ਥਾਂ ਨੂੰ ਘੇਰ ਕੇ ਸਬੂਤ ਇਕੱਠੇ ਕੀਤੇ ਗਏ। ਆਟੋ ਅੰਦਰ ਖ਼ੂਨ ਫੈਲਿਆ ਹੋਇਆ ਸੀ, ਜਿਸ ਤੋਂ ਵਾਰਦਾਤ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪੁਲਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਲਈ ਮੰਦਰ ਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
#WATCH | Chandigarh | SHO Sudesh Kumar says, "Two boys and the auto-rickshaw driver were struck by gunfire. The auto-rickshaw driver has been admitted to the hospital. One person has lost his life. It appears there was a long-standing grudge between these boys, dating back to their school days. We have learned that a dispute broke out among a group of friends in Sector 44 today...The boy who died was a minor and the perpetrator is also of a similar age...The CFSL team has arrived, so it would be premature to comment further; the investigation is still in its initial stages"
— ANI (@ANI) October 22, 2026
ਬੇਇੱਜ਼ਤੀ ਦਾ ਬਦਲਾ ਲੈਣ ਲਈ ਨੈਤਿਕ ਨੂੰ ਨਿਸ਼ਾਨਾ ਬਣਾਉਣ ਦਾ ਸ਼ੱਕ
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵੀਰਵਾਰ ਦੁਪਹਿਰ ਕਰੀਬ ਤਿੰਨ ਵਜੇ ਨੈਤਿਕ ਤੇ ਉਸ ਦੇ ਦੋਸਤਾਂ ਦੀ ਸੈਕਟਰ-44 ਦੇ ਨੌਜਵਾਨ ਨਾਲ ਕੁੱਟਮਾਰ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਵੀਡੀਓ ਨੈਤਿਕ ਤੇ ਉਸ ਦੇ ਦੋਸਤਾਂ ਨੇ ਇੰਸਟਾਗ੍ਰਾਮ ’ਤੇ ਪੋਸਟ ਕਰ ਦਿੱਤੀ ਸੀ। ਪੁਲਸ ਨੂੰ ਸ਼ੱਕ ਹੈ ਕਿ ਵੀਡੀਓ ਕਾਰਨ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਨੈਤਿਕ ਨੂੰ ਨਿਸ਼ਾਨਾ ਬਣਾਇਆ ਗਿਆ।
ਚਾਚੇ ਦੀ ਪਿਸਤੌਲ ਲਿਆ ਕੇ ਕੀਤੀ ਫਾਇਰਿੰਗ
ਜਾਂਚ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਵਾਰਦਾਤ ’ਚ ਸ਼ਾਮਲ ਦੱਸੇ ਜਾ ਰਹੇ ਨੌਜਵਾਨ ਨੇ ਆਪਣੇ ਚਾਚੇ ਦੀ ਪਿਸਤੌਲ ਲਿਆਂਦੀ ਸੀ। ਉਹ ਆਪਣੇ ਦੋ ਸਾਥੀਆਂ ਨਾਲ ਬਾਈਕ ’ਤੇ ਮੌਕੇ ’ਤੇ ਪਹੁੰਚਿਆ ਤੇ ਆਟੋ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਿਆ। ਹਾਲਾਂਕਿ ਇਸ ਸਬੰਧੀ ਪੁਲਸ ਦੀ ਜਾਂਚ ਜਾਰੀ ਹੈ। ਥਾਣਾ ਸੈਕਟਰ-17 ਦੀ ਪੁਲਸ ਨੇ ਕਤਲ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ, ਫਾਰੈਂਸਿਕ ਸਬੂਤਾਂ ਤੇ ਹੋਰ ਤੱਥਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
