ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

Sunday, Nov 01, 2026 - 07:17 PM (IST)

ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ

ਚੰਡੀਗੜ੍ਹ (ਵੈੱਬ ਡੈਸਕ, ਸ਼ੀਨਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਚੰਡੀਗੜ੍ਹ ਪੁਲਸ ਦੇ 60ਵੇਂ ਸਥਾਪਨਾ ਦਿਵਸ ਮੌਕੇ ਸੈਕਟਰ-26 ਸਥਿਤ ਪੁਲਸ ਲਾਈਨ 'ਚ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਚੰਡੀਗੜ੍ਹ ਪੁਲਸ ਨੂੰ ਰਾਸ਼ਟਰਪਤੀ ਪੁਲਸ ਸਨਮਾਨ (ਪ੍ਰੈਜ਼ੀਡੈਂਟਸ ਪੁਲਸ ਕਲਰ) ਪ੍ਰਦਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪੁਲਸ ਦੀ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਇਸ ਦੇ ਨਾਲ ਹੀ ਪੁਲਸ ਦੇ ਬੇੜੇ 'ਚ 141 ਨਵੇਂ ਵਾਹਨ ਸ਼ਾਮਲ ਕਰਨ ਲਈ ਹਰੀ ਝੰਡੀ ਦਿਖਾਈ। ਚੰਡੀਗੜ੍ਹ ਪੁਲਸ ਨੂੰ ਮਿਲਿਆ ਇਹ ਸਨਮਾਨ ਉਸ ਦੀ ਸੇਵਾ, ਅਨੁਸ਼ਾਸਨ, ਸਮਰਪਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਨਿਭਾਈ ਭੂਮਿਕਾ ਦੀ ਮਾਨਤਾ ਹੈ। ਇਸ ਤੋਂ ਬਾਅਦ ਸੈਕਟਰ-17 ਸਥਿਤ ਤਿਰੰਗਾ ਪਾਰਕ 'ਚ ਵਿਕਾਸ ਪ੍ਰਾਜੈਕਟਾਂ ਨਾਲ ਸਬੰਧਿਤ ਸਮਾਗਮ ਰੱਖਿਆ ਗਿਆ, ਜਿਸ 'ਚ ਗ੍ਰਹਿ ਮੰਤਰੀ ਵੱਲੋਂ ਸ਼ਹਿਰ ਨੂੰ 258 ਕਰੋੜ ਰੁਪਏ ਦੇ 9 ਵਿਕਾਸ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ ਗਈ। ਇਨ੍ਹਾਂ 'ਚ 80 ਕਰੋੜ ਰੁਪਏ ਦੇ ਦੋ ਪ੍ਰਾਜੈਕਟਾਂ ਦਾ ਉਦਘਾਟਨ ਅਤੇ 178 ਕਰੋੜ ਰੁਪਏ ਦੇ 7 ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਸ਼ਾਮਲ ਹੈ।

ਇਹ ਵੀ ਪੜ੍ਹੋ : 32 ਡਿਗਰੀ ਤੱਕ ਪੁੱਜੇਗਾ ਪਾਰਾ! ਅਜੇ ਨਹੀਂ ਪਵੇਗੀ ਕੜਾਕੇ ਦੀ ਠੰਡ, ਪੜ੍ਹੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
ਦੋ ਪ੍ਰਾਜੈਕਟਾਂ ਦਾ ਉਦਘਾਟਨ
ਅਮਿਤ ਸ਼ਾਹ ਵੱਲੋਂ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸਾਰੰਗਪੁਰ ਦੇ ਸਰਕਾਰੀ ਹਾਈ ਸਕੂਲ ਅਤੇ 68 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰਾਏਪੁਰ ਕਲਾਂ ਦੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਬੱਸ ਡਿਪੂ ਦਾ ਉਦਘਾਟਨ ਕੀਤਾ ਜਾਣਾ ਹੈ।
ਸੱਤ ਪ੍ਰਾਜੈਕਟਾਂ ਦਾ ਰੱਖਿਆ ਜਾਵੇਗਾ ਨੀਂਹ ਪੱਥਰ
ਨਵੇਂ ਪ੍ਰਾਜੈਕਟਾਂ ਵਿੱਚ ਧਨਾਸ ਵਿਖੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਲਈ 84 ਕਰੋੜ ਰੁਪਏ ਦੀ ਲਾਗਤ ਨਾਲ 192 ਟਾਈਪ-3 ਰਿਹਾਇਸ਼ੀ ਮਕਾਨ ਬਣਾਉਣ ਦੀ ਯੋਜਨਾ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈ ਨੂੰ ਜੋੜਨ ਲਈ ਮੱਧ ਮਾਰਗ 'ਤੇ 12 ਕਰੋੜ ਰੁਪਏ ਦੀ ਲਾਗਤ ਨਾਲ ਪੈਦਲ ਅੰਡਰਪਾਸ ਬਣਾਇਆ ਜਾਵੇਗਾ। ਸੈਕਟਰ-49 ਵਿੱਚ 21 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲਿਸ ਸਟੇਸ਼ਨ ਅਤੇ ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਲੜਕਿਆਂ ਦਾ ਹੋਸਟਲ ਬਣਾਉਣ ਦੀ ਯੋਜਨਾ ਹੈ। ਖੇਡਾਂ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੈਕਟਰ-46 ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਵਿੱਚ 11 ਕਰੋੜ ਰੁਪਏ ਦੀ ਲਾਗਤ ਨਾਲ ਜਿਮਨੇਜ਼ੀਅਮ ਹਾਲ ਬਣਾਇਆ ਜਾਵੇਗਾ, ਜਦਕਿ ਸੈਕਟਰ-7 ਦੇ ਸਪੋਰਟਸ ਕੰਪਲੈਕਸ ਨੂੰ 20 ਕਰੋੜ ਰੁਪਏ ਨਾਲ ਅਪਗ੍ਰੇਡ ਕੀਤਾ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟਾਂ 'ਤੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ 15 ਸੁਰੱਖਿਆ ਚੈੱਕਪੋਸਟਾਂ ਬਣਾਉਣ ਦੀ ਯੋਜਨਾ ਵੀ ਇਸ ਵਿੱਚ ਸ਼ਾਮਲ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਨੂੰ ਅਮਿਤ ਸ਼ਾਹ ਦੇਣਗੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਤੋਹਫ਼ਾ, ਅੱਜ ਕਰਨਗੇ ਉਦਘਾਟਨ
ਰਿਸਪਾਂਸ ਟਾਈਮ ਘਟਾਉਣ 'ਤੇ ਜ਼ੋਰ
ਚੰਡੀਗੜ੍ਹ ਪੁਲਿਸ ਦਾ ਮੌਜੂਦਾ ਐਮਰਜੈਂਸੀ ਰਿਸਪਾਂਸ ਟਾਈਮ 4 ਮਿੰਟ 33 ਸਕਿੰਟ ਹੈ। ਪੁਲਿਸ ਦਾ ਟੀਚਾ ਇਸ ਸਮੇਂ ਨੂੰ ਹੋਰ ਘਟਾ ਕੇ ਦੇਸ਼ ਵਿੱਚ ਸਭ ਤੋਂ ਤੇਜ਼ ਰਿਸਪਾਂਸ ਟਾਈਮ ਹਾਸਲ ਕਰਨਾ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਲੋਕਾਂ ਤੱਕ ਪੁਲਿਸ ਦੀ ਮਦਦ ਜਲਦੀ ਪਹੁੰਚ ਸਕੇ। ਪੁਲਿਸ ਵੱਲੋਂ ਤਕਨਾਲੋਜੀ, ਸੀਸੀਟੀਵੀ ਨਿਗਰਾਨੀ ਅਤੇ ਆਧੁਨਿਕ ਵਾਹਨਾਂ ਰਾਹੀਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
 


author

Babita

Content Editor

Related News