ਝੁੱਗੀ ''ਚ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਦੋਸਤ ਵੀ ਖੂਨ ਨਾਲ ਲੱਥਪਥ ਮਿਲਿਆ

Wednesday, Aug 05, 2020 - 01:30 PM (IST)

ਝੁੱਗੀ ''ਚ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਦੋਸਤ ਵੀ ਖੂਨ ਨਾਲ ਲੱਥਪਥ ਮਿਲਿਆ

ਲੁਧਿਆਣਾ : ਟਿੱਬਾ ਦੇ ਪ੍ਰੀਤ ਨਗਰ ਇਲਾਕੇ ’ਚ ਮੰਗਲਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਖਾਲੀ ਪਲਾਟ ’ਚ ਬਣੀ ਝੁੱਗੀ ’ਚੋਂ ਇਕ ਨੌਜਵਾਨ ਦੀ ਲਾਸ਼ ਲਟਕਦੀ ਮਿਲੀ, ਜਦੋਂ ਕਿ ਉਸ ਦਾ ਦੋਸਤ ਖੂਨ ’ਚ ਲੱਥਪਥ ਹਾਲਤ ’ਚ ਸੜਕ ’ਤੇ ਪਿਆ ਮਿਲਿਆ। ਪੁਲਸ ਨੇ ਤੁਰੰਤ ਉਸ ਨੂੰ ਈ. ਐੱਸ. ਆਈ. ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : 'ਮੈਥਾਨਾਲ' ਬਣਦਾ ਹੈ ਸ਼ਰਾਬੀਆਂ ਦੀ ਮੌਤ ਦਾ ਅਸਲ ਕਾਰਣ

ਉਧਰ ਮ੍ਰਿਤਕ ਦੀ ਪਛਾਣ ਮੂਲ ਰੂਪ 'ਚ ਯੂ. ਪੀ. ਦੇ ਰਹਿਣ ਵਾਲੇ 32 ਸਾਲਾ ਰਾਜੂ ਦੇ ਰੂਪ 'ਚ ਹੋਈ ਹੈ, ਜੋ ਕਿ ਪਲਾਟ ਦੇ ਬਾਹਰ ਚਾਹ ਦਾ ਖੋਖਾ ਲਗਾਉਂਦਾ ਸੀ ਅਤੇ ਸੋਨੂੰ ਨਾਲ ਉਸ ਦੀ ਕਾਫ਼ੀ ਯਾਰੀ ਸੀ। ਸੋਨੂ ਮੂਲ ਰੂਪ 'ਚ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਪੱਲੇਦਾਰੀ ਦਾ ਕੰਮ ਕਰਦਾ ਹੈ। ਏ. ਸੀ. ਪੀ. ਦਵਿੰਦਰ ਚੌਧਰੀ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਗੁਆਂਢ ’ਚ ਬੇਕਰੀ ਮਾਲਕ ਨੇ ਲਹੂ-ਲੁਹਾਨ ਹਾਲਤ 'ਚ ਸੋਨੂ ਨੂੰ ਪਲਾਟ ਦੇ ਬਾਹਰ ਸੜਕ ’ਤੇ ਪਿਆ ਅਤੇ ਝੁੱਗੀ 'ਚ ਰਾਜੂ ਦੀ ਲਾਸ਼ ਲਟਕਦੀ ਦੇਖੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਡਾਕਟਰ, ਪੁਲਸ ਤੇ ਆਸ਼ਾ ਵਰਕਰਾਂ ਦੀ ਕਰਤੂਤ 'ਤੇ ਯਕੀਨ ਨਹੀਂ ਹੋਵੇਗਾ, ਇੰਝ ਤੋਰ ਰੱਖਿਆ ਸੀ 'ਧੰਦਾ'

ਉਧਰ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਰਾਤ ਨੂੰ ਖਾਣ-ਪੀਣ ਦੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵੇਂ ਦੋਸਤਾਂ ਵਿਚਕਾਰ ਝਗੜਾ ਹੋ ਗਿਆ ਹੋਵੇਗਾ ਅਤੇ ਤੈਸ਼ ’ਚ ਰਾਜੂ ਨੇ ਸੋਨੂੰ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੋਵੇਗਾ। ਇਸ ਤੋਂ ਬਾਅਦ ਸੋਨੂੰ ਨੂੰ ਮਰਿਆ ਹੋਇਆ ਸਮਝ ਕੇ ਉਸ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੋਵੇਗੀ। ਚੌਧਰੀ ਦਾ ਕਹਿਣਾ ਹੈ ਕਿ ਸੋਨੂ ਦੇ ਬਿਆਨਾਂ ਤੋਂ ਬਾਅਦ ਹੀ ਸਾਫ ਹੋਵੇਗਾ, ਅਜੇ ਕੁੱਝ ਵੀ ਕਹਿਣਾ ਵੀ ਜਲਦਬਾਜ਼ੀ ਹੋਵੇਗੀ। ਫਿਲਹਾਲ ਇਸ ਮਾਮਲੇ ਦੀ ਛਾਣਬੀਣ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮਹੀਨਿਆਂ ਤੋਂ ਬੰਦ ਪਏ 'ਜਿੰਮ' ਤੇ 'ਯੋਗਾ ਕੇਂਦਰ' ਖੁੱਲ੍ਹੇ, ਨੌਜਵਾਨਾਂ 'ਚ ਭਾਰੀ ਉਤਸ਼ਾਹ


author

Babita

Content Editor

Related News