ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ''ਤੇ ਕੀਤੀ ਫਾਇਰਿੰਗ

09/18/2017 7:24:07 AM

ਮਲਸੀਆਂ/ਸ਼ਾਹਕੋਟ,(ਤ੍ਰੇਹਨ, ਮਰਵਾਹਾ)- ਅੱਜ ਸ਼ਾਮ ਮਲਸੀਆਂ-ਸ਼ਾਹਕੋਟ ਰੋਡ 'ਤੇ  ਮੋਟਰਸਾਈਕਲ ਸਵਾਰ 2 ਨੌਜਵਾਨਾਂ ਵੱਲੋਂ ਨਾਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ 'ਤੇ ਫਾਇਰਿੰਗ ਕਰਨ ਦੀ ਖਬਰ ਹੈ। ਫਾਇਰਿੰਗ ਦੌਰਾਨ ਪੁਲਸ ਮੁਲਾਜ਼ਮਾਂ ਵੱਲੋਂ ਵਰਤੀ ਗਈ ਚੌਕਸੀ ਕਾਰਨ ਉਹ ਵਾਲ-ਵਾਲ ਬਚ ਗਏ। ਪੁਲਸ ਵੱਲੋਂ ਮੌਕੇ 'ਤੇ ਹੀ ਉਕਤ ਨੌਜਵਾਨਾਂ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕਰ ਲਿਆ ਗਿਆ ਜਦਕਿ ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਫਾਇਰਿੰਗ ਕਰਨ ਵਾਲੇ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਸ ਨੇ ਸ਼ਾਹਕੋਟ ਮਲਸੀਆਂ ਰੇਲਵੇ ਫਾਟਕ ਨੇੜੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਹੀ ਪੁਲਸ ਨੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਕੋਲ ਮੌਜੂਦ ਬੈਗ ਦੀ ਤਲਾਸ਼ੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤੇ ਉਹ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਲੱਗ ਪਏ। ਇਸੇ ਦੌਰਾਨ ਉਕਤ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਪੁਲਸ ਮੁਲਾਜ਼ਮਾਂ 'ਤੇ ਫਾਇਰਿੰਗ ਕਰ ਦਿੱਤੀ। ਚੌਕਸੀ ਕਾਰਨ ਮੁਲਾਜ਼ਮ ਵਾਲ-ਵਾਲ ਬਚ ਗਏ। ਪੁਲਸ ਨੇ ਇਕ ਨੌਜਵਾਨ ਨੂੰ ਮੌਕੇ 'ਤੇ ਕਾਬੂ ਕਰ ਲਿਆ ਜਦੋਂ ਕਿ ਇਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਚੌਕੀ ਮਲਸੀਆਂ ਅਤੇ ਥਾਣਾ ਸ਼ਾਹਕੋਟ ਤੋਂ ਹੋਰ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਵੀ ਘਟਨਾ ਵਾਲੀ ਥਾਂ 'ਤੇ ਪੁੱਜ ਗਏ ਅਤੇ ਉਨ੍ਹਾਂ ਦੂਜੇ ਨੌਜਵਾਨ ਨੂੰ ਵੀ ਕਾਬੂ ਕਰ ਲਿਆ। ਕਾਬੂ ਕੀਤੇ ਨੌਜਵਾਨਾਂ ਨੂੰ ਪੁਲਸ ਮਲਸੀਆਂ ਚੌਕੀ ਵਿਖੇ ਲੈ ਆਈ, ਜਿੱਥੇ ਡੀ. ਐੱਸ. ਪੀ. ਸ਼ਾਹਕੋਟ ਦਿਲਬਾਗ ਸਿੰਘ ਅਤੇ ਐੱਸ. ਐੱਚ. ਓ. ਇੰਸ. ਰੁਪਿੰਦਰ ਸਿੰਘ ਨੇ ਉਕਤ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜੋ ਦੇਰ ਰਾਤ ਤੱਕ ਜਾਰੀ ਸੀ। ਇਸੇ ਦੌਰਾਨ ਪੁਲਸ ਨੇ ਸ਼ਾਹਕੋਟ ਥਾਣੇ ਤੋਂ ਪੰਜਾਬ ਦੇ ਨਾਮੀ ਗੈਂਗਸਟਰਾਂ ਦੀਆਂ ਫੋਟੋਆਂ ਮੰਗਵਾ ਕੇ ਕਾਬੂ ਕੀਤੇ ਗਏ ਨੌਜਵਾਨਾਂ ਨਾਲ ਮਿਲਾਈਆਂ। ਸੂਚਨਾ ਅਨੁਸਾਰ ਕਾਬੂ ਕੀਤੇ ਨੌਜਵਾਨਾਂ ਦਾ ਸਬੰਧ ਮਾਲਵੇ ਦੇ ਬਠਿੰਡਾ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ। ਪੁਲਸ ਉਨ੍ਹਾਂ ਤੋਂ ਬਰਾਮਦ ਮੋਬਾਇਲ ਫੋਨਾਂ ਦੇ ਆਧਾਰ 'ਤੇ ਵੀ ਜਾਂਚ ਪੜਤਾਲ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਸ ਜ਼ਿਲਾ ਜਲੰਧਰ ਦੇ ਉਚ ਅਧਿਕਾਰੀਆਂ ਅਤੇ ਕਾਬੂ ਕੀਤੇ ਗਏ ਨੌਜਵਾਨਾਂ ਦੇ ਜ਼ਿਲੇ ਦੀ ਪੁਲਸ ਨਾਲ ਸੰਪਰਕ 'ਚ ਹੈ। 


Related News