ਫੌਜ ਦੀ ਭਰਤੀ ਲਈ ਟ੍ਰੇਨਿੰਗ ਦੌਰਾਨ ਕੋਚ ਸਮੇਤ ਨਹਿਰ ''ਚ ਡੁੱਬਾ ਨੌਜਵਾਨ

Friday, Jun 03, 2022 - 01:38 AM (IST)

ਫੌਜ ਦੀ ਭਰਤੀ ਲਈ ਟ੍ਰੇਨਿੰਗ ਦੌਰਾਨ ਕੋਚ ਸਮੇਤ ਨਹਿਰ ''ਚ ਡੁੱਬਾ ਨੌਜਵਾਨ

ਫਰੀਦਕੋਟ (ਜਗਤਾਰ ਦੁਸਾਂਝ) : ਵੀਰਵਾਰ ਸਵੇਰੇ ਕਰੀਬ 10 ਕੁ ਵਜੇ ਸਾਦਿਕ ਨੇੜੇ ਪਿੰਡ ਦੀਪ ਸਿੰਘ ਵਾਲਾ ਕੋਲੋਂ ਲੰਘਦੀ ਗੰਗ ਕੈਨਾਲ 'ਚ ਤੈਰਨ ਦੀ ਟ੍ਰੇਨਿੰਗ ਲੈਂਦੇ 2 ਨੌਜਵਾਨਾਂ ਦੇ ਤੇਜ਼ ਪਾਣੀ ਵਿੱਚ ਰੁੜ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਦੀਪ ਸਿੰਘ ਵਾਲਾ ਵਿਖੇ ਫੌਜ ਦੀ ਭਰਤੀ ਲਈ ਟ੍ਰੇਨਿੰਗ ਕੈਂਪ ਲੱਗਾ ਹੋਇਆ ਸੀ ਤੇ ਮਨਿੰਦਰ ਸਿੰਘ ਟ੍ਰੇਨਰ ਪੀ.ਟੀ. ਇੰਸਟਰੱਕਟਰ ਵਾਸੀ ਕੋਟਕਪੂਰਾ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀ। ਇਸ ਸਬੰਧੀ ਡੁੱਬਣੋਂ ਬਚੇ ਸੰਗਰਾਹੂਰ ਦੇ ਨੌਜਵਾਨ ਜਗਮਨਜੋਤ ਸਿੰਘ, ਜਸਕਰਨ ਸਿੰਘ ਦੀਪ ਸਿੰਘ ਵਾਲਾ ਅਤੇ ਪਿੰਡ ਦੇ ਸਰਪੰਚ ਸ਼ਾਮ ਲਾਲ ਬਜਾਜ ਨੇ ਦੱਸਿਆ ਕਿ ਅੱਜ ਸਵੇਰੇ 7-8 ਨੌਜਵਾਨਾਂ ਨੂੰ ਨਾਲ ਲੈ ਕੇ ਕੋਚ ਵੱਡੀ ਨਹਿਰ ਗੰਗ ਕੈਨਾਲ 'ਤੇ ਪੁੱਜਾ ਤੇ ਤੈਰਨ ਦੀ ਟ੍ਰੇਨਿੰਗ ਦੇਣ ਲੱਗਾ।

ਇਹ ਵੀ ਪੜ੍ਹੋ : ਆਪਣੀ ਜਾਨ ਗੁਆ ਕੇ ਦਾਦੇ ਨੇ ਪੋਤੀ ਨੂੰ ਇੰਝ ਦਿੱਤੀ ਨਵੀਂ ਜ਼ਿੰਦਗੀ

ਕੁਝ ਲੜਕਿਆਂ ਨੇ ਨਹਿਰ ਵਿੱਚ ਛਾਲਾਂ ਮਾਰੀਆਂ ਤੇ ਤੈਰਨ ਲੱਗੇ ਤਾਂ ਅਰਸ਼ ਉਰਫ ਲਾਡੀ ਪੁੱਤਰ ਗੁਰਮੇਲ ਸਿੰਘ ਵਾਸੀ ਦੀਪ ਸਿੰਘ ਵਾਲਾ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕਈ ਲੜਕੇ ਘਬਰਾ ਗਏ ਤਾਂ ਕੋਚ ਮਨਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ। ਬਾਕੀ ਲੜਕਿਆਂ ਨੂੰ ਟਾਹਲੀ ਨਾਲ ਬੰਨ੍ਹੀ ਰੱਸੀ ਤੇ ਟਿਊਬ ਦੇ ਆਸਰੇ ਕਿਨਾਰੇ ਲਿਆਂਦਾ ਗਿਆ, ਜਦੋਂ ਕਿ ਲਾਡੀ ਨੇ ਘਬਰਾ ਕੇ ਕੋਚ ਨੂੰ ਕਲਾਵੇ ਵਿੱਚ ਲੈ ਲਿਆ, ਜਿਥੇ ਕੋਚ ਨੇ ਬਹੁਤ ਯਤਨ ਕੀਤਾ ਪਰ ਉਹ ਕਿਨਾਰੇ ਤੱਕ ਨਾ ਲਿਆ ਸਕਿਆ ਅਤੇ ਆਖਿਰ ਦੋਨੋਂ ਪਾਣੀ ਵਿੱਚ ਡੁੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਮੌਕੇ 'ਤੇ ਪੁੱਜੀ ਤੇ ਸਾਰੀ ਜਾਣਕਾਰੀ ਇਕੱਤਰ ਕੀਤੀ ਤੇ ਗੋਤਾਖੋਰਾਂ ਨੂੰ ਬੁਲਾਉਣ ਲਈ ਕਿਹਾ। ਨਹਿਰ ਦੇ ਪੁਲ 'ਤੇ ਬੈਠੇ ਪਰਿਵਾਰਕ ਮੈਂਬਰ ਅਤੇ ਨਗਰ ਨਿਵਾਸੀਆਂ ਵੱਲੋਂ ਪਾਣੀ ਵਿੱਚ ਡੁੱਬੇ ਨੌਜਵਾਨਾਂ ਨੂੰ ਲੱਭਣ ਲਈ ਯਤਨ ਕੀਤੇ ਜਾ ਰਹੇ ਸਨ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਸੀ।

ਇਹ ਵੀ ਪੜ੍ਹੋ : ਸ਼ਮਸ਼ਾਨਘਾਟ ਤੋਂ ਹੱਡੀਆਂ ਚੋਰੀ ਕਰਕੇ ਤਾਂਤਰਿਕਾਂ ਨੂੰ ਵੇਚਣ ਵਾਲਾ ਗਿਰੋਹ ਬੇਨਕਾਬ, 2 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News